ਰਾਮ ਮਾਧਵ ਦੀ ਭਾਜਪਾ ਜਨਰਲ ਸਕੱਤਰ ਦੇ ਅਹੁਦੇ ਤੋਂ ਛੁੱਟੀ

ਨਵੀਂ ਦਿੱਲੀ : ਭਾਜਪਾ ਨੇ ਅੱਜ ਪਾਰਟੀ ਦੇ ਸੰਸਥਾਗਤ ਢਾਂਚੇ ਵਿੱਚ ਵੱਡਾ ਫੇਰਬਦਲ ਕਰਦਿਆਂ ਰਾਮ ਮਾਧਵ ਸਮੇਤ ਕੁਝ ਹੋਰਨਾਂ ਸੀਨੀਅਰ ਆਗੂਆਂ ਨੂੰ ਜਨਰਲ ਸਕੱਤਰ ਸਮੇਤ ਕੁਝ ਹੋਰਨਾਂ ਅਹਿਮ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਐਲਾਨੀ ਟੀਮ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੇ ਪੂਰੇ ਸਮਰਪਣ ਤੇ ਬਿਨਾਂ ਕਿਸੇ ਸੁਆਰਥ ਦੇ ਦੇਸ਼ ਵਾਸੀਆਂ ਦੀ ਸੇਵਾ ਕਰਨ ਦੀ ‘ਸ਼ਾਨਦਾਰ ਰਵਾਇਤ’ ਨੂੰ ਬਰਕਰਾਰ ਰੱਖਣਗੇ। ਨਵੀਂ ਟੀਮ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਨੇ ਅੱਠ ਜਨਰਲ ਸਕੱਤਰਾਂ ਨੂੰ ਸ਼ਾਮਲ ਕੀਤਾ ਹੈ, ਜੋ ਸੂਬੇ ਤੇ ਕੇਂਦਰੀ ਲੀਡਰਸ਼ਿਪ ਦਰਮਿਆਨ ਕੜੀ ਦਾ ਕੰਮ ਕਰਨਗੇ। ਭੁਪਿੰਦਰ ਯਾਦਵ, ਅਰੁਣ ਸਿੰਘ ਤੇ ਕੈਲਾਸ਼ ਵਿਜੈਵਰਗੀਆ ਨੂੰ ਜਿੱਥੇ ਪੁਰਾਣੇ ਚਿਹਰਿਆਂ ਵਜੋਂ ਬਹਾਲ ਰੱਖਿਆ ਗਿਆ ਹੈ, ਉਥੇ ਰਾਮ ਮਾਧਵ, ਪੀ.ਮੁਰਲੀਧਰ ਰਾਓ, ਸਰੋਜ ਪਾਂਡੇ ਤੇ ਅਨਿਲ ਜੈਨ ਦੀ ਛੁੱਟੀ ਕਰ ਦਿੱਤੀ ਗਈ ਹੈ। ਟੀਮ ਵਿੱਚ ਸ਼ਾਮਲ ਕੀਤੇ ਨਵੇਂ ਮੈਂਬਰਾਂ ’ਚ ਦੁਸ਼ਯੰਤ ਕੁਮਾਰ ਗੌਤਮ, ਡੀ.ਪੂਰਨਦਰੇਸ਼ਵਾਈ, ਸੀ.ਟੀ.ਰਵੀ, ਤਰੁਣ ਚੁੱਘ ਤੇ ਦਿਲੀਪ ਸਾਇਕੀਆ ਸ਼ਾਮਲ ਹਨ। ਸੰਸਦ ਮੈਂਬਰ ਤੇ ਤੇਜ਼ ਤਰਾਰ ਬੁਲਾਰੇ ਤੇਜਸਵੀ ਸੂਰਿਆ ਨੂੰ ਪੂਨਮ ਮਹਾਜਨ ਦੀ ਥਾਂ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ। ਇਹੀ ਨਹੀਂ ਪਾਰਟੀ ਨੇ ਆਪਣੇ ਅਧਿਕਾਰਤ ਬੁਲਾਰਿਆਂ ਦੀ ਸੂਚੀ ਵਧਾ ਕੇ 23 ਕਰ ਦਿੱਤੀ ਹੈ। ਸੰਸਦ ਮੈਂਬਰ ਅਨਿਲ ਬਲੂਨੀ ਨੂੰ ਮੁੱਖ ਤਰਜਮਾਨ ਥਾਪਿਆ ਗਿਆ ਹੈ, ਉਹ ਪਾਰਟੀ ਦੇ ਮੀਡੀਆ ਹੈੱਡ ਵੀ ਰਹਿਣਗੇ। ਨਵੇਂ ਤਰਜਮਾਨਾਂ ਵਿੱਚ ਰਾਜਵਰਧਨ ਸਿੰਘ ਰਾਠੌੜ, ਰਾਜੀਵ ਚੰਦਰਸ਼ੇਖਰ, ਟੌਮ ਵਡੱਕਨ ਤੇ ਨੌਜਵਾਨ ਦਲਿਤ ਆਗੂ ਗੁਰੂ ਪ੍ਰਕਾਸ਼ ਸ਼ਾਮਲ ਹਨ। ਪੱਛਮੀ ਬੰਗਾਲ ਤੋਂ ਆਗੂ ਮੁਕੁਲ ਰੌਏ ਅਤੇ ਮਹਾਰਾਸ਼ਟਰ ਤੋਂ ਵਿਨੋਦ ਤਾਵੜੇ ਤੇ ਪੰਕਜ ਮੁੰਡੇ ਵੀ ਨਵੀਂ ਟੀਮ ਦਾ ਹਿੱਸਾ ਹੋਣਗੇ। ਰੌਏ ਨੂੰ ਜਿੱਥੇ ਪਾਰਟੀ ’ਚ ਉਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ, ਉਥੇ ਮਹਾਰਾਸ਼ਟਰ ਦੇ ਆਗੂਆਂ ਨੂੰ ਸਕੱਤਰ ਬਣਾਇਆ ਗਿਆ ਹੈ। ਉਮਾ ਭਾਰਤੀ, ਸੰਸਦ ਮੈਂਬਰ ਵਿਨੈ ਸਹਿਸਤਰਬੁੱਧੇ, ਪ੍ਰਭਾਤ ਝਾਅ, ਓਮ ਪ੍ਰਕਾਸ਼ ਮਾਥੁਰ ਤੇ ਸ਼ਿਆਮ ਜਾਜੂ ਨੂੰ ਉਪ ਪ੍ਰਧਾਨ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਗਿਆ ਹੈ। ਰਾਜੇਸ਼ ਅਗਰਵਾਲ ਪਾਰਟੀ ਦੇ ਨਵੇਂ ਖ਼ਜ਼ਾਨਚੀ ਹੋਣਗੇ। ਪਾਰਟੀ ਢਾਂਚੇ ’ਚ ਫੇਰਬਦਲ ਨਾਲ ਕੌਮੀ ਅਹੁਦੇਦਾਰਾਂ ਦੀ ਸੂਚੀ ਵਿੱਚ ਹੁਣ ਅੱਠ ਦੀ ਥਾਂ 13 ਮਹਿਲਾ ਅਹੁਦੇਦਾਰ ਹੋਣਗੀਆਂ। ਉਂਜ ਪਾਰਟੀ ਨੇ ਅਜੇ ਮਹਿਲਾ ਵਿੰਗ ਦੀ ਪ੍ਰਧਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ। 

Leave a Reply

Your email address will not be published. Required fields are marked *