ਰਾਹੁਲ ਗਾਂਧੀ ਦੇ ਸਮਾਗਮਾਂ ਤੋਂ ਹਰਿਆਣਾ ਸਰਕਾਰ ਨੂੰ ਕੋਈ ਇਤਰਾਜ ਨਹੀਂ : ਖੱਟਰ

ਹਰਿਆਣਾ : ਰਾਹੁਲ ਗਾਂਧੀ ਦੀ ਪੰਜਾਬ ‘ਚ ਟਰੈਕਟਰ ਰੈਲੀਆਂ ਤੋਂ ਬਾਅਦ ਰਾਹੁਲ ਗਾਂਧੀ ਮੰਗਲਵਾਰ ਨੂੰ ਹਰਿਆਣਾ ਦਾ ਰੁਖ ਕਰਨਗੇ। ਇਸੇ ਦੇ ਸਬੰਧ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਹਰਿਆਣਾ ਵਿਖੇ ਸਮਾਗਮਾਂ ਤੋਂ ਕੋਈ ਇਤਰਾਜ ਨਹੀਂ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਅਪਣੀ ਟਰੈਕਟਰ ਰੈਲੀਆਂ ਲਈ ਸੀਮਤ ਲੋਕਾਂ ਨਾਲ ਮੰਗਲਵਾਰ ਅਤੇ ਬੁਧਵਾਰ ਨੂੰ ਸੂਬੇ ‘ਚ ਦਾਖ਼ਲ ਹੁੰਦੇ ਹਨ ਤਾਂ ਹਰਿਆਣਾ ਸਰਕਾਰ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿ ਰਾਹੁਲ ਗਾਂਧੀ ਨੂੰ ਹਰਿਆਣਾ ਦਾ ਮਾਹੌਲ ਨੂੰ ਖਰਾਬ ਕਰਨ ਲਈ ਵੱਡੀ ਭੀੜ ਜੁਟਾਉਣ ਦੀ ਆਗਿਆ ਰਾਹੁਲ ਗਾਂਧੀ ਨੂੰ ਕਤਈ ਨਹੀਂ ਦਿਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਵਿਰੁਧ ਟਰੈਕਟਰ ਰੈਲੀਆਂ ਰਾਹੀਂ ਮੰਗਲਵਾਰ ਨੂੰ ਅਪਣੇ ਸਮਰਥਕਾਂ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਸ਼ਹਿਰ ਪਹੁੰਚਣਗੇ ਅਤੇ ਇਕ ਸਭਾ ਨੂੰ ਸੰਬੋਧਨ ਕਰਨਗੇ। ਉਹ ਕਰਨਾਲ ‘ਚ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਵਿਜ ਨੇ ਕਿਹਾ ਕਿ ਜੇਕਰ ਉਹ ਇਕੱਲੇ ਜਾਂ ਕੁਝ ਲੋਕਾਂ ਨਾਲ ਆਉਣਾ ਚਾਹੁੰਦੇ ਹਨ ਤਾਂ ਕੋਈ ਮੁਸ਼ਕਲ ਨਹੀਂ ਹੈ। ਉਹ 100 ਵਾਰ ਆ ਸਕਦੇ ਹਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਉਹ ਹਰਿਆਣਾ ਦਾ ਮਾਹੌਲ ਖਰਾਬ ਕਰਨ ਲਈ ਪੰਜਾਬ ਤੋਂ ਵੱਡੀ ਭੀੜ ਲੈ ਕੇ ਆਉਂਦੇ ਹਨ ਤਾਂ ਇਹ ਸਾਡੀ ਕਾਨੂੰਨ ਅਤੇ ਵਿਵਸਥਾ ਨਾਲ ਜੁੜਿਆ ਮੁੱਦਾ ਹੈ। ਜਿਸ ਦੀ ਅਸੀਂ ਇਜਾਜ਼ਤ ਨਹੀਂ ਦੇਵਾਂਗੇ।

ਵਿਜ ਨੇ ਦੋਸ਼ ਲਾਇਆ ਕਿ ਕਾਂਗਰਸ ਹਰਿਆਣਾ ਵਿਚ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੂਬਾ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਵਿਚ ਸਫ਼ਲ ਨਹੀਂ ਹੋਣ ਦੇਵੇਗੀ। ਵਿਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ, ਉਹ ਉਨ੍ਹਾਂ ਦੇ ਨਾਂ ‘ਤੇ ਸਿਰਫ ਰਾਜਨੀਤੀ ਕਰ ਰਹੇ ਹਨ। ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ‘ਮੋਡੀਫ਼ਾਈਡ ਟਰੈਕਟਰ’ ਤੇ ਸਵਾਰ ਹੋਏ। ਉਹ ਅਪਣੇ ਪ੍ਰਦਰਸ਼ਨ ਦੌਰਾਨ ਵੀ ਆਰਾਮ ਨੂੰ ਛੱਡਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਕਿ ਕਿਸਾਨ ਅਪਣੇ ਖੇਤਾਂ ਵਿਚ ਕਿੰਨੀ ਮਿਹਨਤ ਕਰਦਾ ਹੈ। ਵਿਜ ਨੇ ਕਿਹਾ ਕਿ ਕਾਂਗਰਸ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।

ਕਾਬਲੇਗੌਰ ਹੈ ਕਿ ਬੀਤੇ ਦਿਨ ਰਾਹੂਲ ਗਾਂਧੀ ਦੀ ਹਰਿਆਣਾ ਫੇਰੀ ਨੂੰ ਲੈ ਕੇ ਕੁਝ ਤੌਖਲੇ ਭਰੀਆਂ ਖ਼ਬਰਾਂ ਮੀਡੀਆ ਦੇ ਇਕ ਹਿੱਸੇ ‘ਚ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਰਾਹੂਲ ਗਾਂਧੀ ਦੀ ਹਰਿਆਣਾ ਫੇਰੀ ਦੌਰਾਨ ਕੁਝ ਤਲਖੀ ਹੋਣ ਦੇ ਅੰਦਾਜ਼ੇ ਲੱਗਣ ਲੱਗੇ ਸਨ। ਅੱਜ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਬਾਅਦ ਅਜਿਹੀਆਂ ਕਿਆਸ-ਅਰਾਈਆਂ ‘ਤੇ ਵਿਰਾਮ ਲੱਗ ਗਿਆ ਹੈ।

Leave a Reply

Your email address will not be published. Required fields are marked *