ਹਾਥਰਸ ਕੇਸ: ਯੂਪੀ ਸਰਕਾਰ ਨੇ ਸਿਟ ਨੂੰ ਜਾਂਚ ਲਈ ਹੋਰ 10 ਦਿਨ ਦਿੱਤੇ

ਲਖਨਊ : ਹਾਥਰਸ ਵਿੱਚ 19 ਵਰ੍ਹਿਆਂ ਦੀ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ (ਸਿਟ) ਨੂੰ ਊੱਤਰ ਪ੍ਰਦੇਸ਼ ਸਰਕਾਰ ਨੇ 10 ਦਿਨਾਂ ਦਾ ਵਾਧੂ ਸਮਾਂ ਦਿੱਤਾ ਹੈ ਕਿਉਂਕਿ ‘ਜਾਂਚ ਅਜੇ ਤੱਕ ਮੁਕੰਮਲ ਨਹੀਂ ਹੋਈ ਹੈ।’ ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ ਹੇਠ ਬੀਤੀ 30 ਸਤੰਬਰ ਨੂੰ ਗਠਿਤ ਕੀਤੀ ਸਿਟ ਨੂੰ ਪਹਿਲਾਂ ਜਾਂਚ ਰਿਪੋਰਟ ਸੌਂਪਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ, ‘‘ਸਿੱਟ ਦੀ ਰਿਪੋਰਟ ਸੌਂਪਣ ਦਾ ਸਮਾਂ 10 ਦਿਨ ਹੋਰ ਵਧਾ ਦਿੱਤਾ ਗਿਆ ਹੈ। ਇਸ ਦਾ ਇੱਕ ਹੀ ਕਾਰਨ ਹੈ। ਜਾਂਚ ਮੁਕੰਮਲ ਨਹੀਂ ਹੋਈ ਹੈ।’’ ਦੱਸਣਯੋਗ ਹੈ ਕਿ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਇਸ ਕੇਸ ਨਾਲ ਨਜਿੱਠਣ ਦੇ ਮਾਮਲੇ ਵਿੱਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸਥਾਨਕ ਪੁਲੀਸ ਵਲੋਂ ਪੀੜਤ ਪਰਿਵਾਰ ਦੀ ਮਰਜ਼ੀ ਬਿਨਾਂ ਰਾਤ ਵੇਲੇ ਲੜਕੀ ਦਾ ਸਸਕਾਰ ਕਰ ਦੇਣ ਮਗਰੋਂ ਮਾਮਲਾ ਹੋਰ ਭਖ ਗਿਆ।

‘ਆਪ’ ਵਿਧਾਇਕ ਖ਼ਿਲਾਫ਼ ਕੇਸ

ਹਾਥਰਸ (ਯੂਪੀ):ਹਾਥਰਸ ਕਾਂਡ ਦੇ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਕਰੋਨਾ ਪਾਜ਼ੇਟਿਵ ਵਿਧਾਇਕ ਕੁਲਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਇਹ ਕੇਸ ਚੰਦਪਾ ਪੁਲੀਸ ਥਾਣੇ ਵਿੱਚ ਕੁੰਡਲੀ ਤੋਂ ‘ਆਪ’ ਵਿਧਾਇਕ ਖ਼ਿਲਾਫ਼ ਕੋਵਿਡ-19 ਪ੍ਰੋਟੋਕੋਲ ਦੀ ਊਲੰਘਣਾ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਟਵਿੱਟਰ ਖਾਤੇ ਅਨੁਸਾਰ ਊਹ 29 ਸਤੰਬਰ ਨੂੰ ਕਰੋਨਾ ਪਾਜ਼ੇਟਿਵ ਪਾਏ ਗੲੇ ਸਨ ਅਤੇ ਊਨ੍ਹਾਂ 4 ਅਕਤੂਬਰ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।

ਮਹਿਲਾ ਕਮਿਸ਼ਨ ਵਲੋਂ ਭਾਜਪਾ ਆਗੂ ਤਲਬ

ਨਵੀਂ ਦਿੱਲੀ:ਕੌਮੀ ਮਹਿਲਾ ਕਮਿਸ਼ਨ ਨੇ ਭਾਜਪਾ ਆਗੂ ਰਣਜੀਤ ਸ੍ਰੀਵਾਸਤਵ ਨੂੰ ਹਾਥਰਸ ਕਾਂਡ ਦੀ ਪੀੜਤ ਲੜਕੀ ਦੇ ਚਰਿੱਤਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ’ਤੇ ਤਲਬ ਕੀਤਾ ਹੈ। ਸ੍ਰੀਵਾਸਤਵ ਨੂੰ 26 ਅਕਤੂਬਰ ਨੂੰ ਸਵੇਰੇ 11 ਵਜੇ ਜਵਾਬ ਦੇਣ ਲਈ ਨੋਟਿਸ ਭੇਜਿਆ ਗਿਆ ਹੈ। ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਯੂਪੀ ਪੁਲੀਸ ਵਲੋਂ ਪੱਤਰਕਾਰ ਸਣੇ 4 ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਲਖਨਊ/ਮਥੁਰਾ:ਦੋ ਦਿਨ ਪਹਿਲਾਂ ਹਾਥਰਸ ਦੇ ਰਸਤੇ ਤੋਂ ਹਿਰਾਸਤ ਵਿੱਚ ਲਏ ਕੇਰਲਾ ਦੇ ਪੱਤਰਕਾਰ ਸਿੱਦੀਕੀ ਕਾਪਨ ਸਣੇ ਚਾਰ ਵਿਅਕਤੀਆਂ ਵਿਰੁਧ ਅੱਜ ਊੱਤਰ ਪ੍ਰਦੇਸ਼ ਪੁਲੀਸ ਨੇ ਦੇਸ਼ਧ੍ਰੋਹ ਅਤੇ ਹੋਰ ਦੋਸ਼ਾਂ ਹੇਠ ਮਥੁਰਾ ਦੇ ਮਾਂਟ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਹੈ। ਐੱਫਆਈਆਰ ਮੁਤਾਬਕ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਆਈਟੀ ਐਕਟ ਤਹਿਤ ਚਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਬਾ ਪੁਲੀਸ ਨੇ ਮੁਲਜ਼ਮਾਂ ’ਤੇ ਕਥਿਤ ਬਾਗੀ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨਾਲ ਸਬੰਧਾਂ ਦੇ ਦੋਸ਼ ਲਾਏ ਹਨ। ਮੁਲਜ਼ਮਾਂ ਦੀ ਪਛਾਣ ਮਲਾਪੁਰਮ (ਕੇਰਲਾ) ਦੇ ਪੱਤਰਕਾਰ ਕਾਪਨ, ਮੁਜ਼ੱਫਰਨਗਰ ਵਾਸੀ ਅਤੀਕ-ਉਰ-ਰਹਿਮਾਨ, ਬਾਹਰਾਈਚ ਵਾਸੀ ਮਸੂਦ ਅਹਿਮਦ ਅਤੇ ਰਾਮਪੁਰ ਵਾਸੀ ਆਲਮ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 124ੲੇ, 153ੲੇ ਅਤੇ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀਐੱਫਆਈ ’ਤੇ ਦੇਸ਼ ਭਰ ਵਿੱਚ ਹੋਏ ਸੀਏਏ ਵਿਰੋਧੀ ਪ੍ਰਦਰਸ਼ਨਾਂ ਲਈ ਫੰਡਿੰਗ ਦੇ ਦੋਸ਼ ਹਨ ਅਤੇ ਯੂਪੀ ਸਰਕਾਰ ਨੇ ਇਸ ਜਥੇਬੰਦੀ ’ਤੇ ਪਾਬੰਦੀ ਦੀ ਮੰਗ ਕੀਤੀ ਹੈ।

ਪ੍ਰੈੱਸ ਐਸੋਸੀਏਸ਼ਨ ਤੇ ਆਈਡਬਲਿਊਪੀਸੀ ਵੱਲੋਂ ਗ੍ਰਿਫ਼ਤਾਰੀ ਦੀ ਨਿੰਦਾ

ਨਵੀਂ ਦਿੱਲੀ:ਪ੍ਰੈੱਸ ਐਸੋਸੀਏਸ਼ਨ ਤੇ ਭਾਰਤੀ ਮਹਿਲਾ ਪ੍ਰੈੱਸ ਕੋਰ (ਆਈਡਬਲਿਊਪੀਸੀ) ਨੇ ਹਾਥਰਸ ਜਾ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਮੀਡੀਆ ਨੂੰ ‘ਚੁੱਪ’ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੱਤਰਕਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਦੋਵਾਂ ਜਥੇਬੰਦੀਆਂ ਨੇ ਕਿਹਾ ਹੈ ਕਿ ਯੂਪੀ ਸਰਕਾਰ ਨੇ ਪੱਤਰਕਾਰ ਦੇ ਕੁਝ ਸਮੂਹਾਂ ਨਾਲ ਤਾਲਮੇਲ ਹੋਣ ਦਾ ਦਾਅਵਾ ਤਾਂ ਕੀਤਾ ਹੈ ਪਰ ਇਸ ਮਾਮਲੇ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤਾ।

#ਹਾਥਰਸ ਕੇਸ #ਯੂਪੀ ਸਰਕਾਰ #ਦਲਿਤ# ਯੋਗੀ ਅਦਿੱਤਿਆਨਾਥ #ਗੈਂਗਰੇਪ #ਕਤਲ #ਸਿਟ #ਵਿਸ਼ੇਸ਼ ਜਾਂਚ ਟੀਮ #ਜਾਂਚ

Leave a Reply

Your email address will not be published. Required fields are marked *