ਤਿਲੰਗਾਨਾ, ਆਂਧਰਾ ਤੇ ਮਹਾਰਾਸ਼ਟਰ ’ਚ ਭਾਰੀ ਮੀਂਹ ਕਾਰਨ 31 ਮੌਤਾਂ

ਹੈਦਰਾਬਾਦ : ਤਿੰਲਗਾਨਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਅੱਜ ਭਾਰੀ ਮੀਂਹ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਜਦਕਿ ਕਰਨਾਟਕ ਵਿੱਚ ਵੀ ਮੀਂਹ ਨੇ ਨੁਕਸਾਨ ਕੀਤਾ ਹੈ। ਤਿਲੰਗਾਨਾ ’ਚ 15, ਆਂਧਰਾ ਪ੍ਰਦੇਸ਼ ’ਚ 10 ਅਤੇ ਮਹਾਰਾਸ਼ਟਰ ’ਚ 6 ਲੋਕਾਂ ਦੀ ਜਾਨ ਗਈ ਹੈ।

ਤਿਲੰਗਾਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸਥਾਨਕ ਸ਼ਹਿਰ ’ਚ ਭਾਰੀ ਮੀਂਹ ਕਰਕੇ ਵਾਪਰੀਆਂ ਘਟਨਾਵਾਂ ਕਾਰਨ ਹੈਦਰਾਬਾਦ ’ਚ 15 ਲੋਕਾਂ ਦੀ ਮੌਤ ਹੋ ਗਈ। ਸੜਕਾਂ ਅਤੇ ਕੁਝ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਬਿਜਲੀ ਅਤੇ ਆਵਾਜਾਈ ਆਦਿ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਦੋ ਦਿਨ ਘਰਾਂ ’ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਸੇ ਦੌਰਾਨ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ’ਚ ਕੰਧ ਡਿੱਗਣ ਕਾਰਨ ਵਾਪਰੀ ਘਟਨਾ ’ਚ ਇੱਕੋ ਪਰਿਵਾਰ ਦੇ 4 ਜੀਆਂ ਸਣੇ 6 ਜਣਿਆਂ ਦੀ ਮੌਤ ਹੋ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੋਂ ਹੋ ਰਹੀ ਬਾਰਿਸ਼ ਨਾਲ ਕੰਧਾਂ ਡਿੱਗਣ ਅਤੇ ਘਰ ਢਹਿਣ ਕਾਰਨ ਮੌਤਾਂ ਹੋਈਆਂ ਹਨ। ਪੁਲੀਸ ਅਤੇ ਆਫ਼ਤ ਪ੍ਰਬੰਧਨ ਬਲ ਦੀਆਂ ਟੀਮਾਂ ਵੱਲੋਂ ਅਨੇਕਾਂ ਪਰਿਵਾਰਾਂ ਨੂੰ ਹੜ੍ਹ ਮਾਰੇ ਇਲਾਕਿਆਂ ’ਚੋਂ ਬਾਹਰ ਕੱਢਿਆ ਹੈ। ਸੂਬਾ ਸਰਕਾਰ ਵੱਲੋਂ ਮੀਂਹ ਦੇ ਮੱਦੇਨਜ਼ਰ ਬਾਹਰੀ ਰਿੰਗ ਰੋਡ ਦੇ ਅੰਦਰ ਸਾਰੀਆਂ ਨਿੱਜੀ ਸੰਸਥਾਵਾਂ, ਦਫ਼ਤਰਾਂ, ਗ਼ੈਰ-ਜ਼ਰੂਰੀ ਸੇਵਾਵਾਂ ’ਚ ਬੁੱਧਵਾਰ ਤੇ ਵੀਰਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।

Leave a Reply

Your email address will not be published. Required fields are marked *