ਕਰੋਨਾ ਟੀਕਾਕਰਨ ਮੁਹਿੰਮ ਲਈ ਸੂਬਿਆਂ ਨੂੰ ਕਮੇਟੀਆਂ ਬਣਾਊਣ ਲਈ ਕਿਹਾ

ਨਵੀਂ ਦਿੱਲੀ : ਕੇਂਦਰ ਨੇ ਕੋਵਿਡ-19 ਟੀਕਾਕਰਨ ਮੁਹਿੰਮ ’ਤੇ ਨਜ਼ਰ ਰੱਖਣ ਅਤੇ ਤਾਲਮੇਲ ਬਣਾਊਣ ਲਈ ਸੂਬਿਆਂ ਨੂੰ ਕਮੇਟੀਆਂ ਬਣਾਊਣ ਲਈ ਕਿਹਾ ਹੈ। ਸੂਬਿਆਂ ਨੂੰ ਕਿਹਾ ਗਿਆ ਹੈ ਕਿ ਊਹ ਰੁਟੀਨ ਦੀਆਂ ਸਿਹਤ ਸੰਭਾਲ ਸੇਵਾਵਾਂ ’ਚ ਕੋਈ ਅੜਿੱਕਾ ਨਾ ਪੈਦਾ ਹੋਣ ਦੇਣ ਅਤੇ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸੋਸ਼ਲ ਮੀਡੀਆ ’ਤੇ ਨਜ਼ਰ ਰੱਖੀ ਜਾਵੇ। ਕੇਂਦਰ ਨੇ ਕਿਹਾ ਹੈ ਕਿ ਕੋਵਿਡ-19 ਟੀਕੇ ਲਗਾਊਣ ’ਚ ਕਰੀਬ ਇਕ ਸਾਲ ਦਾ ਸਮਾਂ ਲੱਗੇਗਾ ਅਤੇ ਇਸ ’ਚ ਵੱਖ ਵੱਖ ਗਰੁੱਪਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਸਿਹਤ ਕਾਮਿਆਂ ਤੋਂ ਹੋਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 26 ਅਕਤੂਬਰ ਨੂੰ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ’ਚ ਸੁਝਾਅ ਦਿੱਤਾ ਹੈ ਕਿ ਮੁੱਖ ਸਕੱਤਰ ਦੀ ਅਗਵਾਈ ਹੇਠ ਸਟੇਟ ਸਟੀਰਿੰਗ ਕਮੇਟੀ (ਐੱਸਐੱਸਸੀ), ਵਧੀਕ ਮੁੱਖ ਸਕੱਤਰ ਜਾਂ ਪ੍ਰਧਾਨ ਸਕੱਤਰ (ਸਿਹਤ) ਦੀ ਅਗਵਾਈ ਹੇਠ ਪ੍ਰਦੇਸ਼ ਟਾਸਕ ਫੋਰਸ (ਐੱਸਟੀਐੱਫ) ਅਤੇ ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ (ਡੀਟੀਐੱਫ) ਦਾ ਗਠਨ ਕੀਤਾ ਜਾਵੇ। ਐੱਸਐੱਸਸੀ ਜ਼ਿਲ੍ਹਾ, ਬਲਾਕ ਜਾਂ ਵਾਰਡ ਪੱਧਰ ’ਤੇ ਬਿਹਤਰ ਕਾਰਗੁਜ਼ਾਰੀ ਦਿਖਾਊਣ ਵਾਲਿਆਂ ਲਈ ਪੁਰਸਕਾਰ ਆਦਿ ਦਾ ਗਠਨ ਵੀ ਕਰੇਗੀ। ਐੱਸਐੱਸਸੀ ਦੀ ਮਹੀਨੇ ’ਚ ਘੱਟੋ ਘੱਟ ਇਕ ਵਾਰ, ਐੱਸਟੀਐੱਫ ਦੀ 15 ਦਿਨਾਂ ’ਚ ਇਕ ਵਾਰ ਅਤੇ ਡੀਟੀਐੱਫ ਦੀ ਹਫ਼ਤੇ ’ਚ ਇਕ ਵਾਰ ਮੀਟਿੰਗ ਹੋਵੇਗੀ। -ਪੀਟੀਆਈ 

ਦੇਸ਼ ’ਚ ਸਰਗਰਮ ਕੇਸ ਛੇ ਲੱਖ ਤੋਂ ਹੇਠਾਂ

ਨਵੀਂ ਦਿੱਲੀ: ਭਾਰਤ ਵਿੱਚ ਲੰਘੇ ਇੱਕ ਦਿਨ ਅੰਦਰ ਕਰੋਨਾਵਾਇਰਸ ਦੇ 48,648 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਦੇ ਕੁੱਲ ਮਾਮਲੇ 80,88,851 ਹੋ ਗਏ ਹਨ। ਦੇਸ਼ ’ਚ ਇਸ ਸਮੇਂ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 6 ਲੱਖ ਤੋਂ ਹੇਠਾਂ ਰਹਿ ਗਈ ਹੈ ਤੇ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਕੌਮੀ ਦਰ 91 ਫੀਸਦ ਤੋਂ ਵੱਧ ਹੋ ਗਈ ਹੈ। ਕਰੋਨਾ ਕਾਰਨ 563 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,21,090 ਹੋ ਗਈ ਹੈ।  -ਪੀਟੀਆਈ 

ਪੰਜਾਬ ’ਚ ਕਰੋਨਾ ਕਾਰਨ 19 ਹੋਰ ਮੌਤਾਂ

ਚੰਡੀਗੜ੍ਹ :ਪੰਜਾਬ ਵਿਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ 19 ਹੋਰ ਮੌਤਾਂ ਹੋ ਗਈਆਂ ਹਨ ਜਦਕਿ 433 ਨਵੇਂ ਕੇਸ ਵੀ ਸਾਹਮਣੇ ਆੲੇ ਹਨ। ਪੰਜਾਬ ਵਿਚ ਕਰੋਨਾ ਦੇ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1,33,158 ਹੋ ਗਈ ਹੈ। ਪੰਜਾਬ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਮੌਤਾਂ ਦੀ ਗਿਣਤੀ 4187 ਹੋ ਗਈ ਹੈ। 

Leave a Reply

Your email address will not be published. Required fields are marked *