ਖੇਤਾਂ ਦੇ ਜਾਇਆਂ ਨੇ ਕੌਮੀ ਰਾਜਧਾਨੀ ਜਾਮ ਕੀਤੀ

ਨਵੀਂ ਦਿੱਲੀ : ਕਿਸਾਨਾਂ ਵੱਲੋਂ ਸਿੰਘੂ ਬਾਰਡਰ ਉਪਰ ਦਿੱਤੇ ਜਾ ਰਹੇ ਧਰਨੇ ਕਰ ਕੇ ਦਿੱਲੀ ਟਰੈਫਿਕ ਪੁਲੀਸ ਦੇ ਸਾਰਾ ਦਿਨ ਸਾਹ ਫੁੱਲੇ ਰਹੇ ਤੇ ਕਰਨਾਲ ਬਾਈਪਾਸ ਉਪਰ ਭਾਰੀ ਜਾਮ ਲੱਗ ਗਿਆ, ਜਿਸ ਦਾ ਅਸਰ ਆਜ਼ਾਦਪੁਰ ਤੱਕ ਪਿਆ। ਦਰਅਸਲ ਦਿੱਲੀ ਪੁਲੀਸ ਵੱਲੋਂ ਹਜ਼ਾਰਾਂ ਕਿਸਾਨਾਂ ਦੇ ਟੀਕਰੀ ਤੇ ਸਿੰਘੂ ਵਿੱਚ ਧਰਨਾ ਲਾ ਕੇ ਬੈਠ ਜਾਣ ਮਗਰੋਂ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਰੋਹਿਣੀ ਤੋਂ ਆਉਣ ਵਾਲੇ ਵਾਹਨਾਂ ਤੇ ਉਧਰ ਜਾਣ ਵਾਲੀਆਂ ਗੱਡੀਆਂ ਦੀ ਸਖ਼ਤ ਨਿਗਰਾਨੀ ਕੀਤੀ ਗਈ। ਮੁਕਬਰਾ ਚੌਕ ਤੋਂ ਸੋਨੀਪਤ ਵੱਲ ਨੂੰ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਇਸੇ ਕਰ ਕੇ ਜਾਮ ਵਾਲੀ ਹਾਲਤ ਬਣ ਗਈ ਤੇ ਲੋਕਾਂ ਦੀਆਂ ਗੱਡੀਆਂ ਲੰਮੀਆਂ ਕਤਾਰਾਂ ਵਿੱਚ ਖੜ੍ਹ ਗਈਆਂ।

ਦਿੱਲੀ ਟਰੈਫਿਕ ਪੁਲੀਸ ਨੇ ਟਵੀਟ ਕੀਤਾ ਕਿ ਆਜ਼ਾਦਪੁਰ ਅਤੇ ਬਾਹਰੀ ਰਿੰਗ ਰੋਡ ਤੋਂ ਸਿੰਘੂ ਬਾਰਡਰ ਤੱਕ ਟਰੈਫਿਕ ਦੀ ਆਗਿਆ ਨਹੀਂ ਹੈ। ਸੰਯੁਕਤ ਪੁਲੀਸ ਕਮਿਸ਼ਨਰ (ਟਰੈਫਿਕ) ਮੀਨੂੰ ਚੌਧਰੀ ਨੇ ਕਿਹਾ, ‘ਅਸੀਂ ਯਾਤਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੰਘੂ ਬੋਰਡਰ ਅਤੇ ਟਕਰੀ ਬਾਰਡਰ, ਮੁਕਾਰਬਾ ਚੌਕ, ਐੱਨਐੱਚ 44, ਜੀਟੀ ਕਰਨਾਲ ਰੋਡ ਵੱਲ ਜਾਣ ਤੋਂ ਗੁਰੇਜ਼ ਕਰਨ।

ਸਿੰਘੂ ਬਾਰਡਰ ਨੇੜੇ ਕੌਮੀਸ਼ਾਹ ਰਾਹ ਦੇ ਦੋਨੋਂ ਪਾਸੇ ਬਣੇ ਅਦਾਰੇ, ਸੰਸਥਾਵਾਂ, ਦੁਕਾਨਾਂ ਦੇ ਸ਼ੋਅ ਰੂਮ ਬੰਦ ਰਹੇ ਤੇ ਸਿਰਫ਼ ਖਾਣ-ਪੀਣ ਵਾਲੇ ਢਾਬੇ ਹੀ ਖੁੱਲ੍ਹੇ। ਦੁਕਾਨਦਾਰਾਂ ਨੇ ਇਹ ਦੁਕਾਨਾਂ ਤੇ ਸ਼ੋਅ ਰੂਮ ਬੰਦ ਕਰ ਦਿੱਤੇ ਕਿ ਕਿਤੇ ਕੋਈ ਹੰਗਾਮਾ ਨਾ ਹੋ ਜਾਵੇ ਹਾਲਾਂਕਿ ਦੁਕਾਨਾਂ/ਸ਼ੋਅਰੂਮਾਂ ਦੇ ਮਾਲਕ/ਪ੍ਰਬੰਧਕ ਬੰਦ ਅਦਾਰਿਆਂ ਦੇ ਕੋਲ ਸ਼ਟਰ ਸੁੱਟਣ ਮਗਰੋਂ ਨਿਗਰਾਨੀ ਲਈ ਆਸ-ਪਾਸ ਬੈਠੇ ਰਹੇ।

ਯਮੁਨਾਨਗਰ (ਦਵਿੰਦਰ ਸਿੰਘ):ਕਿਸਾਨਾਂ ਦੇ ਪ੍ਰਤੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖ਼ਿਲਾਫ਼ ਸਰਵ ਕਰਮਚਾਰੀ ਸੰਘ, ਸੀਟੂ, ਰਿਟਾਇਰਡ ਕਰਮਚਾਰੀ ਸੰਘ, ਹਰਿਆਣਾ ਕਰਮਚਾਰੀ ਸੰਘ ਦੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੋਡੇ ਅਤੇ ਮਤਲੂਬ ਹੁਸੈਨ ਦੀ ਅਗਵਾਈ ’ਚ ਡੀਸੀ ਦਫ਼ਤਰ ਸਾਹਮਣੇ ਅਨਾਜ ਮੰਡੀ ਦੇ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਨੇ ਦਿੱਲੀ ਕੂਚ ਦੇ ਦੌਰਾਨ ਹੋਏ ਸ਼ਹੀਦ ਕਿਸਾਨ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਕਿਸਾਨ ਜਰਨੈਲ ਸਿੰਘ ਸਾਂਗਵਾਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀ ਭਾਜਪਾ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਕਿ ਜਿਵੇਂ ਉਹ ਦੇਸ਼ ਦੇ ਅੰਨਦਾਤਾ ਨਹੀਂ ਬਲਕਿ ਲੁਟੇਰੇ ਹੋਣ। ਉਨ੍ਹਾਂ ਨੇ ਕਿਹਾ ਕਿ ਜਿੱਥੇ ਨਿਹੱਥੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਲਾਠੀਚਾਰਜ ਕੀਤਾ ਗਿਆ, ਉੱਥੇ ਉਨ੍ਹਾਂ ਦੇ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਜਿਹਾ ਮਾਹੌਲ ਬਣਾਵੇ ਕਿ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ‘ਮਨ ਕੀ ਬਾਤ’ ਕਰ ਸਕਣ।

ਬੁਰਾੜੀ ਮੈਦਾਨ ’ਚ ਜਮ੍ਹਾਂ ਹੋਏ ਕਿਸਾਨ ਭੋਜਨ ਤਿਆਰ ਕਰਦੇ ਹੋਏ।

ਸਿਹਤ ਮੰਤਰੀ ਵੱਲੋਂ ਕਿਸਾਨਾਂ ਦਾ ਸਮਰਥਨ

ਕਿਸਾਨ ਲਹਿਰ ਦਾ ਸਮਰਥਨ ਕਰਦਿਆਂ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਇਹ ਕਿਸਾਨਾਂ ਦੀ ਸ਼ਾਂਤਮਈ ਲਹਿਰ ਹੈ ਅਤੇ ਇਸ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਸਤਿੰਦਰ ਜੈਨ ਨੇ ਕਿਹਾ ਕਿ ਇਹ ਕਿਸਾਨਾਂ ਦੀ ਜਾਇਜ਼ ਮੰਗ ਹੈ ਅਤੇ ਇਹ ਉਨ੍ਹਾਂ ਦੇ ਹੱਕਾਂ ਦੀ ਲੜਾਈ ਹੈ। ਕੇਂਦਰ ਸਰਕਾਰ ਨੂੰ ਇਸ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਜੇ ਉਹ ਦਿੱਲੀ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੇ ਦਾਨੀ ਹਨ, ਇਹ ਲੋਕ ਸਾਡੇ ਲਈ ਸਬਜ਼ੀਆਂ ਉਗਾਉਂਦੇ ਹਨ, ਅਨਾਜ ਪੈਦਾ ਕਰਦੇ ਹਨ, ਉਨ੍ਹਾਂ ਨੂੰ ਆਉਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।

ਬੁਰਾੜੀ ਦੇ ਨਿਰੰਕਾਰੀ ਮੈਦਾਨ ਨੂੰ ਕਿਸਾਨਾਂ ਦੀ ਉਡੀਕ

ਉੱਤਰੀ ਦਿੱਲੀ ਦੇ ਬੁਰਾੜੀ ਨੇੜੇ ਨਿਰੰਕਾਰੀ ਮੈਦਾਨ ਨੂੰ ਕਿਸਾਨਾਂ ਦੀ ਉਡੀਕ ਹੈ, ਜਿੱਥੇ ਕੇਂਦਰ ਸਰਕਾਰ ਵੱਲੋਂ ‘ਦਿੱਲੀ ਚੱਲੋ’ ਅੰਦੋਲਨ ਤਹਿਤ ਧਰਨਾ ਦੇਣ ਦੀ ਮਨਜ਼ੂਰੀ ਦਿੱਤੀ ਹੋਈ ਹੈ ਪਰ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਟੀਕਰੀ ਬਾਰਡਰ ਉਪਰ ਹੀ ਧਰਨਾ ਲਾ ਰੱਖਿਆ ਹੈ। ਅੰਦੋਲਨਕਾਰੀ ਕਿਸਾਨਾਂ ਵੱਲੋਂ ਫ਼ਿਲਹਾਲ ਬੁਰਾੜੀ ਨਾ ਜਾਣ ਦਾ ਫ਼ੈਸਲਾ 29 ਨਵੰਬਰ 11 ਵਜੇ ਤੱਕ ਲਈ ਕੀਤਾ ਹੈ। ਸਵੇਰੇ 11 ਵਜੇ ਮੁੜ ਬੈਠਕ ਹੋਵੇਗੀ। ਨੌਜਵਾਨਾਂ ਵੱਲੋਂ ਵੀ ਯੂਨੀਅਨ ਆਗੂਆਂ ਉਪਰ ਦਬਾਅ ਪਾਇਆ ਗਿਆ ਹੈ ਕਿ ਉਹ ਬੁਰਾੜੀ ਨਾ ਜਾਣ।

ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ ਕੇਜਰੀਵਾਲ ਸਰਕਾਰ: ਰਾਘਵ ਚੱਢਾ

‘ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀ ਸਰਕਾਰ ਹਰ ਸੰਭਵ ਮਦਦ ਕਰੇਗੀ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

Leave a Reply

Your email address will not be published. Required fields are marked *