ਯੈੱਸ ਬੈਂਕ ਦਾ ਬਾਨੀ ਗ੍ਰਿਫ਼ਤਾਰ

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ (62) ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਹੇਠ ਅੱਜ ਤੜਕੇ ਤਿੰਨ ਵਜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 20 ਘੰਟਿਆਂ ਤੋਂ ਵੱਧ ਸਮੇਂ ਤਕ ਪੁੱਛ-ਗਿੱਛ ਕਰਨ ਮਗਰੋਂ ਇਹ ਗ੍ਰਿਫ਼ਤਾਰੀ ਹੋਈ ਹੈ। ਉਸ ਨੂੰ ਮੁੰਬਈ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 11 ਮਾਰਚ ਤਕ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਈਡੀ ਵੱਲੋਂ ਉਸ ਦੀ ਪਤਨੀ ਅਤੇ ਧੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਸੀਬੀਆਈ ਨੇ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀਐੱਚਐਫਐੱਲ) ਦੇ ਸਾਬਕਾ ਐੱਮਡੀ, ਕੰਪਨੀ ਦੇ ਸੀਈਓ ਅਤੇ ਪ੍ਰਮੋਟਰ ਕਪਿਲ ਵਧਾਵਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸੀਬੀਆਈ ਦੀ ਐੱਫਆਈਆਰ ’ਚ ਡੀਓਆਈਟ ਅਰਬਲ ਵੈਂਚਰਜ਼ ਲਿਮਟਿਡ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਖ਼ਿਲਾਫ਼ ਅਪਰਾਧਕ ਸਾਜ਼ਿਸ਼ ਘੜਨ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਸੀਬੀਆਈ ਵੱਲੋਂ ਛੇਤੀ ਹੀ ਮੁੰਬਈ ’ਚ ਛਾਪੇ ਮਾਰੇ ਜਾ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦੋ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼, 44 ਮਹਿੰਗੀਆਂ ਪੇਂਟਿੰਗਾਂ ਅਤੇ 12 ਫਰਜ਼ੀ ਕੰਪਨੀਆਂ ਉਨ੍ਹਾਂ ਦੇ ਰਾਡਾਰ ’ਤੇ ਹਨ। ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਕਪੂਰ ਪਰਿਵਾਰ ਦੀ ਲੰਡਨ ’ਚ ਵੀ ਸੰਪਤੀ ਹੈ। ਸੰਪਤੀ ਖ਼ਰੀਦਣ ਲਈ ਵਰਤੇ ਗਏ ਫੰਡਾਂ ਦੇ ਵਸੀਲਿਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ 600 ਕਰੋੜ ਰੁਪਏ ਦੇ ਮਾਮਲੇ ’ਚ ਰਾਣਾ ਕਪੂਰ, ਉਸ ਦੀ ਪਤਨੀ ਅਤੇ ਤਿੰਨ ਧੀਆਂ ਤੋਂ ਸ਼ੁੱਕਰਵਾਰ ਤੋਂ ਪੜਤਾਲ ਚੱਲ ਰਹੀ ਸੀ।

ਸੂਤਰਾਂ ਮੁਤਾਬਕ ਡੀਐੱਚਐੱਫਐੱਲ ਤੋਂ ਇਹ ਪੈਸਾ ਰਿਸ਼ਵਤ ਵਜੋਂ ਕਪੂਰ ਪਰਿਵਾਰ ਨਾਲ ਜੁੜੀ ਕੰਪਨੀ ਡੀਓਆਈਟੀ ਅਰਬਨ ਵੈਂਚਰਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਮਿਲਿਆ ਸੀ। ਈਡੀ ਯੈੱਸ ਬੈਂਕ ਵੱਲੋਂ ਡੀਐੱਚਐੱਫਐੱਲ ਨੂੰ ਦਿੱਤੇ ਗਏ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵਧ ਕਰਜ਼ੇ ਬਾਰੇ ਵੀ ਜਾਂਚ ਕਰ ਰਹੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਬੈਂਕ ਨੇ ਡੁੱਬੇ ਹੋਏ ਕਰਜ਼ੇ (ਐੱਨਪੀਏ) ਨੂੰ ਵਸੂਲਣ ਲਈ ਕੋਈ ਕਾਰਵਾਈ ਨਹੀਂ ਆਰੰਭੀ ਅਤੇ ਇਸ ਦੇ ਏਵਜ਼ ’ਚ 600 ਕਰੋੜ ਰੁਪਏ ਦੇ ਫੰਡ ਲਏ।

ਇੰਡੀਆਬੁਲਜ਼ ਹਾਊਸਿੰਗ ਦੇ ਬਾਂਡ ਵਜੋਂ 662 ਕਰੋੜ ਰੁਪਏ ਫਸੇ
ਨਵੀਂ ਦਿੱਲੀ: ਇੰਡੀਆਬੁਲਜ਼ ਹਾਊਸਿੰਗ ਫਾਇਨਾਂਸ ਨੇ ਕਿਹਾ ਹੈ ਕਿ ਯੈੱਸ ਬੈਂਕ ਕੋਲ ਬਾਂਡ ਦੇ ਰੂਪ ’ਚ ਕੰਪਨੀ ਦੇ 662 ਕਰੋੜ ਰੁਪਏ ਹਨ ਅਤੇ ਉਸ ’ਤੇ ਬੈਂਕ ਦਾ ਕੋਈ ਵੀ ਟਰਮ ਲੋਨ ਬਕਾਇਆ ਨਹੀਂ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇੰਡੀਆਬੁਲਜ਼ ਨੇ ਦੱਸਿਆ ਕਿ 20 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਨਕਦ ਖਜ਼ਾਨਾ ਪ੍ਰਬੰਧਨ ਤਹਿਤ ਉਸ ਨੇ 2017 ’ਚ ਯੈੱਸ ਬੈਂਕ ਦੇ ਐਡੀਸ਼ਨਲ ਟੀਅਰ 1 ਬਾਂਡ ’ਚ ਨਿਵੇਸ਼ ਕੀਤਾ ਸੀ ਜਦੋਂ ਬੈਂਕ ਦੀ ਬਾਜ਼ਾਰ ’ਚ 10 ਅਰਬ ਡਾਲਰ ਦੀ ਹੈਸੀਅਤ ਸੀ। ਗੈਰ-ਬੈਂਕਿੰਗ ਵਿੱਤੀ ਕੰਪਨੀ ਨੇ ਕਿਹਾ ਹੈ ਕਿ ਇੰਡੀਆਬੁਲਜ਼ ਹਾਊਸਿੰਗ ਫਾਇਨਾਂਸ ਦੇ ਪ੍ਰਮੋਟਰ ਸਮੀਰ ਗਹਿਲੋਤ ਜਾਂ ਉਸ ਦੀ ਕਿਸੇ ਕੰਪਨੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕਿਸੇ ਕੰਪਨੀ ’ਤੇ ਯੈੱਸ ਬੈਂਕ ਦਾ ਕੋਈ ਵੀ ਕਰਜ਼ਾ ਬਕਾਇਆ ਨਹੀਂ ਹੈ।

ਰੌਸ਼ਨੀ ਨੂੰ ‘ਉਡਣੋਂ’ ਰੋਕਿਆ
ਮੁੰਬਈ: ਈਡੀ ਨੇ ਰਾਣਾ ਕਪੂਰ ਦੀ ਧੀ ਰੌਸ਼ਨੀ ਕਪੂਰ ਨੂੰ ਲੰਡਨ ਦਾ ਜਹਾਜ਼ ਫੜਨ ਤੋਂ ਰੋਕ ਦਿੱਤਾ। ਇਹ ਕਾਰਵਾਈ ਉਸ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੁਲਰ ਦੇ ਆਧਾਰ ’ਤੇ ਕੀਤੀ ਹੈ। ਰੌਸ਼ਨੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *