ਹੁਣ ਸਰਕਾਰ ਕੇਂਦਰ ਵਲੋਂ ਸੰਘਰਸ਼ਸ਼ੀਲ ਕਿਸਾਨ ਯੂਨੀਅਨ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਤੇਜ਼

ਚੰਡੀਗੜ੍ਹ : ਦਿੱਲੀ ਦੀਆਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦਾਂ ‘ਤੇ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ.ਪੀ. ਨੂੰ ਕਾਨੂੰਨ ਬਣਾ ਕੇ ਕਾਨੂੰਨੀ ਅਧਿਕਾਰ ਬਣਾਉੋਣ ਦੀ ਮੰਗ ਤੋਂ ਪਿਛੋਂ ਨਾ ਹਟਣ ਬਾਅਦ ਹੁਣ ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਯੂਨੀਅਨਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਗਈਆਂ ਹਨ।
ਬੀਤੇ ਦਿਨ ਇਸ ਵਿਚ ਕੇਂਦਰ ਨੂੰ ਭਾਵੇਂ ਜ਼ਿਆਦਾ ਨਹੀਂ ਪਰ ਥੋੜ੍ਹੀ ਜਿਹੀ ਕਾਮਯਾਬੀ ਵੀ ਮਿਲੀ ਹੈ ਜਿਸ ਦੀ ਬਦੌਲਤ ਦਿੱਲੀ-ਨੋਇਡਾ ਵਾਲਾ ਚਿੱਲਾ ਬਾਰਡਰ ਕਿਸਾਨਾਂ ਦੇ ਹਟ ਜਾਣ ਬਾਅਦ ਖੁਲ੍ਹ ਗਿਆ ਸੀ। ਉਤਰ ਪ੍ਰਦੇਸ਼ ਵਿਚ ਭਾਰਤੀ ਕਿਸਾਨ ਯੂਨੀਅਨ (ਭਾਨੂੰ) ਅਤੇ ਹਰਿਆਣਾ ਵਿਚ ਗੁਣੀ ਪ੍ਰਕਾਸ਼ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਕੇਂਦਰ ਦੇ ਕਾਨੂੰਨਾਂ ਦੀ ਹਮਾਇਤ ‘ਤੇ  ਆ ਗਈਆਂ ਹਨ ਭਾਵੇਂ ਕਿ ਇਨ੍ਹਾਂ ਯੂਨੀਅਨਾਂ ਦਾ ਕਿਸਾਨਾਂ ਵਿਚ ਜ਼ਿਆਦਾ ਆਧਾਰ ਨਹੀਂ। ਇਸੇ ਤਰ੍ਹਾਂ ਉਤਰਾਖੰਡ ਤੇ ਆਂਧਰਾ ਪ੍ਰਦੇਸ਼ ਤੋਂ ਵੀ ਕੁੱਝ ਅਜਿਹੇ ਛੋਟੇ ਛੋਟੇ ਕਿਸਾਨ ਗਰੁਪਾਂ ਨੂੰ ਕੇਂਦਰ ਅਪਣੇ ਹੱਥ ਵਿਚ ਲੈ ਕੇ ਅਪਣਾ ਪ੍ਰਾਪੇਗੰਡਾ ਤੇਜ਼ ਕਰ ਰਿਹਾ ਹੈ ਅਤੇ ਕੇਂਦਰ ਪੱਖੀ ਕੁੱਝ ਨੈਸ਼ਨਲ ਚੈਨਲ ਵੀ ਇਨ੍ਹਾਂ ਛੋਟੇ ਛੋਟੇ ਕਿਸਾਨ ਗਰੁਪਾਂ ਨੂੰ ਹਵਾ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਕਨਵੀਨਰ ਵੀ.ਐਮ. ਸਿੰਘ ਨੂੰ ਵੀ ਬੀਤੇ ਦਿਨੀਂ ਅਹੁਦੇ ਤੋਂ ਹਟਾ ਦਿਤਾ ਹੈ। ਇਸ ਤੋਂ ਬਾਅਦ ਵੀ.ਐਮ.ਸਿੰਘ ਵੀ ਕਮੇਟੀ ਨਾਲ ਸਬੰਧਤ ਵੱਖ ਵੱਖ ਰਾਜਾਂ ਦੇ ਕੁੱਝ  ਛੋਟੇ ਛੋਟੇ ਕਿਸਾਨ ਯੂਨੀਅਨਾਂ ਦੇ ਗਰੁਪਾਂ ਨੂੰ ਕੇਂਦਰ ਦੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਹੈ। ਭਾਵੇਂ ਕਿ ਸੰਯੁਕਤ ਮੋਰਚੇ ਤੇ ਤਾਲਮੇਲ ਕਮੇਟੀ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੀ ਗਿਣਤੀ ਦੇਸ਼ ਭਰ ਵਿਚ 500 ਤੋਂ ਉਪਰ ਹੇ। ਜਿਸ ਕਰ ਕੇ 2-4 ਛੋਟੇ ਗਰੁਪਾਂ ਦੇ ਇਧਰ ਉਧਰ ਜਾਣ ਨਾਲ ਚਲ ਰਹੇ ਕਿਸਾਨ ਮੋਰਚੇ ਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪੈਣ ਵਾਲਾ। ਮੋਰਚੇ ਦੀ ਮੁੱਖ ਤੌਰ ‘ਤੇ ਅਗਵਾਈ ਕਰ ਰਹੀਆਂ ਸਾਰੀਆਂ 32 ਜਥੇਬੰਦੀਆਂ ਹਾਲੇ ਤਕ ਪੂਰੀ ਤਰ੍ਹਾਂ ਇਕਜੁਟ ਹਨ। ਬੀ.ਕੇ.ਯੂ. ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਇਨ੍ਹਾਂ ਨਾਲ ਮੋਰਚੇ ਵਿਚ ਤਿੰਨੇ ਕਾਨੂੰ ਰੱਦ ਕਰਵਾਉਣ ਲਈ ਪੂਰੀ ਮਜ਼ਬੂਤੀ ਨਾਲ ਖੜੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਹੁਣ ਤਾਂ ਚਿੱਲਾ ਬਾਰਡਰ ਖੋਲ੍ਹੇ ਜਾਣ ਦੇ ਫ਼ੈਸਲੇ ਬਾਅਦ ਭਾਰਤੀ ਕਿਸਾਨ ਯੂਨੀਅਨ (ਭਾਨੂੰ) ਵਿਚ ਵੀ ਫੁੱਟ ਪੈ ਗਈ ਹੈ। ਬਾਰਡਰ ਖੋਲ੍ਹੇ ਜਾਣ ਤੋਂ ਨਰਾਜ਼ ਯੂਨੀਅਨ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਚਮਰੋਲੀ, ਬੁਲਾਰੇ ਸਤੀਸ਼ ਚੌਧਰੀ ਨੇ ਪ੍ਰਧਾਨ ਠਾਕੁਰ ਭਾਨੂੰ ਪ੍ਰਤਾਪ ਸਿੰਘ ਦੇ ਫ਼ੈਸਲੇ ਵਿਰੋਧ ਵਿਚ ਯੂਨੀਅਨ ਵਿਚੋਂ ਅਸਤੀਫ਼ੇ ਦੇ ਕੇ ਮੁੜ ਨੋਇਡਾ ਵਾਲੇ ਬਾਰਡਰ ਨੇੜੇ ਧਰਨਾ ਸ਼ੁਰੂ ਕਰ ਦਿਤਾ ਹੈ।

Leave a Reply

Your email address will not be published. Required fields are marked *