ਜੇਤਲੀ ਦਾ ਬੁੱਤ ਲਾਉਣ ਤੋਂ ਖਫ਼ਾ ਬੇਦੀ ਨੇ ਡੀਡੀਸੀਏ ਮੈਂਬਰਸ਼ਿਪ ਛੱਡੀ

ਨਵੀਂ ਦਿੱਲੀ : ਸਥਾਨਕ ਫਿਰੋਜ਼ ਸ਼ਾਹ ਕੋਟਲਾ ਮੈਦਾਨ ਵਿੱਚ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਸਾਬਕਾ ਪ੍ਰਧਾਨ ਮਰਹੂਮ ਅਰੁਣ ਜੇਤਲੀ ਦਾ ਬੁੱਤ ਲਾਉਣ ਦੇ ਫ਼ੈਸਲੇ ਤੋਂ ਖ਼ਫਾ ਸਾਬਕਾ ਮਹਾਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ ਕ੍ਰਿਕਟ ਅਥਾਰਿਟੀ ਨੂੰ ‘ਦਰਸ਼ਕ ਗੈਲਰੀ’ ’ਚੋਂ ਆਪਣਾ ਨਾਮ ਹਟਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਸਾਲ 2017 ਵਿੱਚ ਬੇਦੀ ਦੇ ਨਾਂ ’ਤੇ ਇਸ ਗੈਲਰੀ ਦਾ ਨਾਮ ਰੱਖਿਆ ਗਿਆ ਸੀ। ਸਾਬਕਾ ਖਿਡਾਰੀ ਨੇ ਅੱਜ ਅਥਾਰਟੀ ’ਚੋਂ ਆਪਣੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਦਿਆਂ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ’ਤੇ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਬੰਧਕਾਂ ਨੂੰ ਖਿਡਾਰੀਆਂ ਤੋਂ ਵੱਧ ਤਵੱਜੋ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਨੇ ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਮੈਂ ਕਾਫੀ ਸਹਿਣਸ਼ੀਲ ਇਨਸਾਨ ਹਾਂ ਪਰ ਹੁਣ ਮੇਰੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਅਸਲ ਵਿੱਚ ਡੀਡੀਸੀਏ ਨੇ ਮੇਰੇ ਸਬਰ ਦਾ ਇਮਤਿਹਾਨ ਲਿਆ ਹੈ ਅਤੇ ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।’’ ਬੇਦੀ ਨੇ ਕਿਹਾ, ‘‘ਸ੍ਰੀਮਾਨ ਮੈਂ ਤੁਹਾਨੂੰ ਆਪਣਾ ਨਾਂ ਉਸ ਸਟੈਂਡ ਤੋਂ ਹਟਾਉਣ ਦੀ ਬੇਨਤੀ ਕਰਦਾ ਹਾਂ ਜੋ ਮੇਰੇ ਨਾਂ ’ਤੇ ਰੱਖਿਆ ਗਿਆ ਹੈ। ਇਹ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮੈਂ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ।’’ ਜਦੋਂ ਇਸ ਬਾਰੇ ਡੀਡੀਸੀਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ। ਬੇਦੀ ਨੇ ਕਿਹਾ, ‘‘ਮੈਂ ਕਾਫੀ ਸੋਚ ਸਮਝ ਕੇ ਇਹ ਫ਼ੈਸਲਾ ਲਿਆ ਹੈ। ਮੈਂ ਸਨਮਾਨ ਦਾ ਅਪਮਾਨ ਕਰਨ ਵਾਲਿਆਂ ’ਚੋਂ ਨਹੀਂ ਹਾਂ ਪਰ ਮੈਨੂੰ ਪਤਾ ਹੈ ਕਿ ਸਨਮਾਨ ਨਾਲ ਜ਼ਿੰਮੇਵਾਰੀ ਵੀ ਜੁੜਦੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਸਨਮਾਨ ਵਾਪਸ ਕਰ ਰਿਹਾ ਹਾਂ ਕਿ ਜਿਹੜੀਆਂ ਕਦਰਾਂ-ਕੀਮਤਾਂ ਨਾਲ ਮੈਂ ਕ੍ਰਿਕਟ ਖੇਡੀ ਹੈ, ਉਹ ਮੇਰੇ ਸੰਨਿਆਸ ਲੈਣ ਦੇ ਚਾਰ ਦਹਾਕਿਆਂ ਬਾਅਦ ਵੀ ਬਰਕਰਾਰ ਹਨ।’’ ਜਾਣਕਾਰੀ ਅਨੁਸਾਰ ਜੇਤਲੀ 1999 ਤੋਂ 2013 ਤੱਕ 14 ਸਾਲ ਡੀਡੀਸੀਏ ਦੇ ਮੁਖੀ ਰਖੇ। ਕ੍ਰਿਕਟ ਐਸੋਸੀਏਸ਼ਨ ਉਨ੍ਹਾਂ ਨੂੰ ਸਮਰਪਿਤ ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਚ ਉਨ੍ਹਾਂ ਦਾ ਬੁੱਤ ਲਾਉਣ ਬਾਰੇ ਸੋਚ ਰਹੀ ਹੈ।

Leave a Reply

Your email address will not be published. Required fields are marked *