ਪੈਦਲ ਯਾਤਰਾ ਕਰਨ ਜਾ ਰਹੇ ਕਾਂਗਰਸ ਵਰਕਰ ਹਿਰਾਸਤ ’ਚ ਲਏ

ਅਹਿਮਦਾਬਾਦ : ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਬਿਨਾਂ ਅਗਾਊਂ ਪ੍ਰਵਾਨਗੀ ਦੇ ਰੋਸ ਮਾਰਚ ਕਰਨ ਦੇ ਦੋਸ਼ ਹੇਠ ਗੁਜਰਾਤ ਕਾਂਗਰਸ ਦੀ ਸੂਬਾਈ ਇਕਾਈ ਦੇ ਪ੍ਰਧਾਨ ਅਮਿਤ ਚਾਵੜਾ ਸਮੇਤ 45 ਦੇ ਕਰੀਬ ਪਾਰਟੀ ਵਰਕਰਾਂ ਨੂੰ ਅੱਜ ਹਿਰਾਸਤ ’ਚ ਲੈ ਲਿਆ ਗਿਆ। ਕਾਂਗਰਸ ਆਗੂਆਂ ਨੇ ਅੱਜ ਸਾਬਰਮਤੀ ਆਸ਼ਰਮ ਦੇ ਬਾਹਰ ਇਕੱਠੇ ਹੋਣ ਤੋਂ ਬਾਅਦ ਕੋਚਰਾਬ ਆਸ਼ਰਮ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਸੀ। ਇਹ ਦੋਵੇਂ ਆਸ਼ਰਮ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਮਹਾਤਮਾ ਗਾਂਧੀ ਦੇ ਘਰ ਰਹੇ ਸਨ। ਅਸਿਸਟੈਂਟ ਪੁਲੀਸ ਕਮਿਸ਼ਨਰ ਵੀਜੀ ਪਟੇਲ ਨੇ ਦੱਸਿਆ, ‘ਕਾਂਗਰਸ ਆਗੂ ਚਾਵੜਾ ਪਾਰਟੀ ਵਰਕਰਾਂ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪਰੇਸ਼ ਧਨਾਨੀ ਨਾਲ ਕਾਂਗਰਸ ਦੇ ਸੂਬਾ ਹੈੱਡ ਕੁਆਰਟਰ ’ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।’ ਉਨ੍ਹਾਂ ਦੱਸਿਆ ਕਿ ਸਾਬਰਮਤੀ ਆਸ਼ਰਮ ਤੋਂ ਕੋਚਰਾਬ ਆਸ਼ਰਮ ਤੱਕ ਪੈਦਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਕਾਂਗਰਸ ਆਗੂਆਂ ਤੇ ਵਰਕਰਾਂ ਸਮੇਤ 45 ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਰੋਸ ਮਾਰਚ ਲਈ ਅਗਾਊਂ ਪ੍ਰਵਾਨਗੀ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ। ਸਾਬਰਮਤੀ ਆਸ਼ਰਮ ’ਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਉਦਘਾਟਨ ਕਰਕੇ ਪ੍ਰਧਾਨ ਮੰਤਰੀ ਦੇ ਇੱਥੋਂ ਜਾਣ ਤੋਂ ਕੁਝ ਘੰਟਿਆਂ ਬਾਅਦ ਕਾਂਗਰਸ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਕਾਂਗਰਸ ਦੇ ਸੂਬਾਈ ਬੁਲਾਰੇ ਮਨੀਸ਼ ਦੋਸ਼ੀ ਨੇ ਉਨ੍ਹਾਂ ਨੂੰ ਰੋਕਣ ਲਈ ਪੁਲੀਸ ’ਤੇ ਹਾਕਮ ਧਿਰ ਭਾਜਪਾ ਦੇ ਇਸ਼ਾਰਿਆਂ ’ਤੇ ਕੰਮ ਕਰਨ ਦਾ ਦੋਸ਼ ਲਾਇਆ।

Leave a Reply

Your email address will not be published. Required fields are marked *