ਖੱਟਰ ਦਾ ਘਿਰਾਓ ਕਰਨ ਗਏ ਕਿਸਾਨਾਂ ’ਤੇ ਲਾਠੀਚਾਰਜ

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਰੋਹਤਕ ਵਿੱਚ ਘਿਰਾਓ ਕਰਨ ਦਾ ਯਤਨ ਕੀਤਾ। ਇਸੇ ਦੌਰਾਨ ਕਿਸਾਨਾਂ ਤੇ ਪੁਲੀਸ ਦੀ ਝੜਪ ਹੋ ਗਈ। ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਵਿਚ ਤਿੰਨ ਕਿਸਾਨ ਫੱਟੜ ਹੋ ਗਏ। ਵੇਰਵਿਆਂ ਮੁਤਾਬਕ ਖੱਟਰ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਬਰਸੀ ਮੌਕੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣਾ ਸੀ। ਉਨ੍ਹਾਂ ਦਾ ਹੈਲੀਕੌਪਟਰ ਬਾਬਾ ਮਸਤਨਾਥ ਮੱਠ ਵਿੱਚ ਉਤਰਨਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਹਰਿਆਣਾ ਦੇ ਵੱਡੀ ਗਿਣਤੀ ਕਿਸਾਨ ਮੁੱਖ ਮੰਤਰੀ ਦਾ ਘਿਰਾਓ ਕਰਨ ਲਈ ਪਹੁੰਚ ਗਏ। ਜ਼ਖ਼ਮੀ ਕਿਸਾਨਾਂ ਵਿੱਚ 80 ਸਾਲਾਂ ਦਾ ਬਜ਼ੁਰਗ ਵੀ ਸ਼ਾਮਲ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲੀਸ ਨੇ ਮੁੱਖ ਮੰਤਰੀ ਦਾ ਹੈਲੀਕੌਪਟਰ ਰੋਹਤਕ ਪੁਲੀਸ ਲਾਈਨ ਏਰੀਆ ਵਿੱਚ ਉਤਾਰਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰੋਹਤਕ ਵਿੱਚ ਆਮਦ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਹੈਲੀਪੈਡ ਵਾਲੀ ਥਾਂ ਦਾ ਘਿਰਾਓ ਕਰਨ ਪਹੁੰਚ ਗਏ। ਉਨ੍ਹਾਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਏ ਸਨ ਪਰ ਪੁਲੀਸ ਵੱਲੋਂ ਲਾਠੀਚਾਰਜ ਕਰਨ ’ਤੇ ਕਿਸਾਨਾਂ ਨੇ ਵੀ ਵਿਰੋਧ ਵਿੱਚ ਪਥਰਾਅ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਸੀ। ਪਰ ਪੁਲੀਸ ਨੇ ਧੱਕੇਸ਼ਾਹੀ ਕੀਤੀ ਅਤੇ ਬਾਅਦ ਵਿੱਚ ਲਾਠੀਚਾਰਜ ਕੀਤਾ। ਇਲਾਕੇ ਵਿਚ ਵੱਡੀ ਗਿਣਤੀ ਪੁਲੀਸ ਬਲ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲੀਸ ਨੇ ਸਮਾਗਮ ਤੋਂ ਪਹਿਲਾਂ ਕੁਝ ਕਿਸਾਨ ਸਮਰਥਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਉਚਾਣਾ ਅਤੇ ਹਿਸਾਰ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਵੀ ਭਾਜਪਾ ਦੇ ਹੋਰਨਾਂ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਬਿਰਧ ਔਰਤ ਪੁਲੀਸ ਬੱਸ ’ਤੇ ਚੜ੍ਹੀ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਦਿਆਂ ਇਕ ਬਜ਼ੁਰਗ ਔਰਤ ਰੋਸ ਦਰਜ ਕਰਾਉਂਦਿਆਂ ਪੁਲੀਸ ਦੀ ਬੱਸ ’ਤੇ ਚੜ੍ਹ ਗਈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ। ਪੁਲੀਸ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਔਰਤ ਨੂੰ ਬੱਸ ਤੋਂ ਹੇਠਾਂ ਉਤਾਰਿਆਂ। ਇਸ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਕਾਰਨ ਡੇਢ ਘੰਟੇ ਵਿੱਚ ਦੋ ਵਾਰ ਹੈਲੀਕੌਪਟਰ ਦੀ ਲੈਂਡਿੰਗ ਦਾ ਫ਼ੈਸਲਾ ਬਦਲਣਾ ਪਿਆ। ਅਖ਼ੀਰ ਪੁਲੀਸ ਲਾਈਨ ਵਿੱਚ ਲੈਂਡਿੰਗ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ. ਧਨਖੜ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *