ਗੁਜਰਾਤ ’ਚ ਸ਼ਮਸ਼ਾਨਘਾਟਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ

ਸੂਰਤ ਵਿੱਚ ਬੁੱਧਵਾਰ ਨੂੰ ਇਕ ਵਲੰਟੀਅਰ ਕਰੋਨਾ ਕਰ ਕੇ ਫੌਤ ਹੋਏ ਲੋਕਾਂ ਦੀਆਂ ਅਸਥੀਆਂ ਵਾਲੇ ਕਲਸ਼ਾਂ ਨੂੰ ਹਰਿਦੁਆਰ ਦੀ ਅੰਤਿਮ ਯਾਤਰਾਂ ਲਈ ਤਿਆਰ ਕਰਦਾ ਹੋਇਆ।

ਅਹਿਮਦਾਬਾਦ: ਪਿਛਲੇ ਇਕ ਹਫਤੇ ਦੌਰਾਨ ਕਰੋਨਾਵਾਇਰਸ ਕਰ ਕੇ ਹੋਈਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧਣ ਦਰਮਿਆਨ ਗੁਜਰਾਤ ਦੇ ਕਈ ਸ਼ਮਸ਼ਾਨਘਾਟਾਂ ਵਿੱਚ ਲੋਕਾਂ ਨੂੰ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਉਡੀਕ ਕਰਨੀ ਪੈ ਰਹੀ ਹੈ। ਦੱਸਣਾ ਬਣਦਾ ਹੈ ਕਿ ਹਿੰਦੂ ਆਮ ਕਰਕੇ ਸੂਰਜ ਛਿਪਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਦੇ, ਲਿਹਾਜ਼ਾ ਬਹੁਤਿਆਂ ਕੋਲ ਕੋਈ ਬਦਲ ਨਾ ਹੋਣ ਕਰਕੇ ਉਹ ਰਾਤ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਸੂਰਤ ਸ਼ਹਿਰ ਦੇ ਉਮਰਾ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਰਾਤ ਨੂੰ ਇਕ ਵੇਲੇ 25 ਦੇ ਕਰੀਬ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ। ਵਡੋਦਰਾ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹਿਤੇਂਦਰ ਪਟੇਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਪਈ ਭੀੜ ਕਰਕੇ ਲੋਕਾਂ ਨੂੰ ਰਾਤ ਸਮੇਂ ਦਾਹ ਸਸਕਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦੀ ਉਡੀਕ ਨੂੰ ਘਟਾਉਣ ਲਈ ਕੁਝ ਥਾਵਾਂ ’ਤੇ ਬੰਦ ਪਏ ਬਿਜਲਈ ਸ਼ਮਸ਼ਾਨਘਾਟਾਂ ਨੂੰ ਮੁਰੰਮਤ ਮਗਰੋਂ ਮੁੜ ਚਾਲੂ ਕੀਤਾ ਹੈ। ਉਧਰ ਅਹਿਮਦਾਬਾਦ ਸ਼ਹਿਰ ਵਿੱਚ ਪੀੜਤਾਂ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਕਾਰ ਲਈ ਅੱਠ ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ।

Leave a Reply

Your email address will not be published. Required fields are marked *