ਕਰੋਨਾ ਦੀ ਦੂਜੀ ਲਹਿਰ ‘ਹੋਰ ਜ਼ਿਆਦਾ ਅਨਿਸ਼ਚਿਤਤਾ’ ਦਾ ਮਾਹੌਲ ਬਣਾਏਗੀ: ਨੀਤੀ ਆਯੋਗ

ਨਵੀਂ ਦਿੱਲੀ : ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮੁਲਕ ਨੂੰ ਖ਼ਪਤਕਾਰ ਅਤੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਦੇ ਪੱਖਾਂ ਤੋਂ ‘ਵਧੇਰੇ ਅਨਿਸ਼ਚਿਤਤਾ’ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਵੇਗੀ ਤਾਂ ਸਰਕਾਰ ਅਰਥਵਿਵਸਥਾ ਨਾਲ ਜੁੜੇ ਕਦਮ ਚੁੱਕ ਸਕਦੀ ਹੈ। ਉਪ ਚੇਅਰਮੈਨ ਨੇ ਕਿਹਾ ਕਿ ਜਦ ਵੀ ਜਿੰਨੀ ਵੀ ਲੋੜ ਪਏਗੀ, ਕਦਮ ਚੁੱਕੇੇ ਜਾਣਗੇ। ਰਾਜੀਵ ਕੁਮਾਰ ਨੇ ਇਹ ਗੱਲ ਮੰਨੀ ਕਿ ਮੌਜੂਦਾ ਸਥਿਤੀ ਪਿਛਲੇ ਸਾਲ ਨਾਲੋਂ ਵੱਧ ਮੁਸ਼ਕਲ ਬਣ ਗਈ ਹੈ। ਕੁਮਾਰ ਨੇ ਆਸ ਜਤਾਈ ਕਿ ਮੌਜੂਦਾ ਵਿੱਤੀ ਵਰ੍ਹੇ (31 ਮਾਰਚ, 2022 ਤੱਕ) ਦੇਸ਼ ਦੀ ਅਰਥਵਿਵਸਥਾ 11 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਤੇ ਕਈ ਸੂਬਿਆਂ ਨੂੰ ਲੋਕਾਂ ਦੀ ਆਵਾਜਾਈ ਉਤੇ ਪਾਬੰਦੀ ਲਾਉਣੀ ਪਈ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤ ਕੋਵਿਡ-19 ਨੂੰ ਖ਼ਤਮ ਕਰਨ ਦੇ ਨੇੜੇ ਪਹੁੰਚ ਚੁੱਕਾ ਸੀ ਪਰ ਯੂਕੇ ਅਤੇ ਹੋਰ ਮੁਲਕਾਂ ਤੋਂ ਫੈਲੇ ਵਾਇਰਸ ਦੇ ਨਵੇਂ ਸਰੂਪ ਨੇ ਸਥਿਤੀ ਬਹੁਤ ਮੁਸ਼ਕਲ ਬਣਾ ਦਿੱਤੀ ਹੈ। ਉਪ ਚੇਅਰਮੈਨ ਨੇ ਕਿਹਾ ਕਿ ਸੇਵਾ ਸੈਕਟਰ ਉਤੇ ਇਸ ਦਾ ਸਿੱਧਾ ਅਸਰ ਪਵੇਗਾ, ਕਰੋਨਾ ਦੀ ਦੂਜੀ ਲਹਿਰ ਆਰਥਿਕ ਸਰਗਰਮੀ ਉਤੇ ਅਸਿੱਧੇ ਅਸਰ ਵੀ ਪਾਵੇਗੀ। ਰਾਜੀਵ ਨੇ ਕਿਹਾ ਕਿ ਵਿੱਤ ਮੰਤਰਾਲਾ ਕੋਵਿਡ ਦੀ ਦੂਜੀ ਲਹਿਰ ਦੇ ਸਿੱਧੇ ਅਤੇ ਅਸਿੱਧੇ ਅਸਰਾਂ ਦਾ ਪਹਿਲਾਂ ਅਧਿਐਨ ਕਰੇਗਾ, ਉਸ ਤੋਂ ਬਾਅਦ ਹੀ ਆਰਥਿਕ ਪੈਕੇਜ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।

Leave a Reply

Your email address will not be published. Required fields are marked *