ਨੋਇਡਾ ਦੇ ਗੁਰਦੁਆਰੇ ਵੱਲੋਂ ਕਰੋਨਾ ਪੀੜਤਾਂ ਲਈ ਲੰਗਰ ਸੇਵਾ

ਨੋਇਡਾ/ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-18 ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਰੋਨਾ ਪੀੜਤ ਮਰੀਜ਼ਾਂ ਨੂੰ ਦਿਨ ਵਿਚ ਦੋ ਵਾਰ ਲੰਗਰ ਪਹੁੰਚਾਉਣ ਦੀ ਸੇਵਾ ਨਿਭਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਕੇਸ ਵਧਣ ਤੇ ਇਸ ਦੇ ਨਾਲ ਹਸਪਤਾਲਾਂ ਵਿਚ ਪੈਦਾ ਹੋਈ ਬਿਸਤਰਿਆਂ ਤੇ ਆਕਸੀਜਨ ਦੀ ਘਾਟ ਕਾਰਨ ਕਈ ਮਰੀਜ਼ਾਂ ਨੇ ਖ਼ੁਦ ਨੂੰ ਘਰਾਂ ਤੱਕ ਹੀ ਸੀਮਤ ਕਰ ਲਿਆ ਹੈ। ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਸਤੰਬਰ ਤੋਂ ਇਹ ਸੇਵਾ ਕਰ ਰਹੇ ਹਨ। ਹਾਲਾਂਕਿ ਬਾਅਦ ਵਿਚ ਸਥਿਤੀ ਸੁਧਰਨ ’ਤੇ ਕੁਝ ਦੇਰ ਲਈ ਇਸ ਨੂੰ ਰੋਕਿਆ ਗਿਆ ਸੀ। ਹੁਣ 8 ਅਪਰੈਲ ਤੋਂ ਬਾਅਦ ਮੁੜ ਲੰਗਰ ਸੇਵਾ ਆਰੰਭੀ ਗਈ ਹੈ ਤੇ ਇਹ ਪੀੜਤਾਂ ਦੇ ਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਇਡਾ ਦੇ ਵੱਖ-ਵੱਖ ਸੈਕਟਰਾਂ ਦੇ ਲੋਕ ਮਦਦ ਕਰ ਰਹੇ ਹਨ ਤੇ ਲੰਗਰ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ। ਹੈੱਡ ਗ੍ਰੰਥੀ ਨੇ ਦੱਸਿਆ ਕਿ ਨੋਇਡਾ ਤੋਂ ਇਲਾਵਾ ਹੋਰ ਥਾਂਵਾਂ ਤੋਂ ਵੀ ਫੋਨ ਆ ਰਹੇ ਹਨ। ਪਰ ਉਹ ਹਰ ਇਕ ਲੋੜਵੰਦ ਦੀ ਮਦਦ ਕਰਨ ਦੇ ਸਮਰੱਥ ਨਹੀਂ ਹਨ ਕਿਉਂਕਿ ਐਨੇ ਵਿਅਕਤੀ ਨਹੀਂ ਹਨ। ਹਰ ਰੋਜ਼ 100-150 ਪੀੜਤਾਂ ਤੱਕ ਲੰਗਰ ਪੁੱਜਦਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੌਮੀ ਰਾਜਧਾਨੀ ਵਿਚ ਕਰੋਨਾਵਾਇਰਸ ਦੇ ਕੇਸ ਤੇਜ਼ੀ ਨਾਲ ਵਧਣ ਤੇ ਲੌਕਡਾਊਨ ਲੱਗਣ ਦੇ ਮੱਦੇਨਜ਼ਰ ਲੰਗਰ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਸੇਵਾ ਮੁੜ ਸ਼ੁਰੂ ਕਰਨ ਬਾਰੇ ਦੱਸਦਿਆਂ ਕਿਹਾ ਕਿ ਕਈ ਕਰੋਨਾ ਪੀੜਤ ਪਰਿਵਾਰ ਜਿਹੜੇ ਆਪ ਖਾਣਾ ਨਹੀਂ ਬਣਾ ਸਕਦੇ ਜਾਂ ਖਾਣੇ ਦਾ ਇੰਤਜ਼ਾਮ ਨਹੀਂ ਕਰ ਸਕਦੇ, ਉਨ੍ਹਾਂ ਦੇ ਘਰਾਂ ਤੱਕ ਪੈਕ ਕੀਤੇ ਲੰਗਰ ਦੇ ਪੈਕੇਟ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਸਬੰਧੀ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਜਿਹੜੇ ਪਰਿਵਾਰਾਂ ਨੂੰ ਆਪਣੇ ਘਰਾਂ ਵਿਚ ਲੰਗਰ ਚਾਹੀਦਾ ਹੈ, ਉਹ ਇਨ੍ਹਾਂ ਫੋਨ ਲਾਈਨਾਂ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਤੇ ਕਮੇਟੀ ਯਕੀਨੀ ਬਣਾਏਗੀ ਕਿ ਇਨ੍ਹਾਂ ਦੇ ਘਰਾਂ ਤੱਕ ਲੰਗਰ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਜ ਲੰਗਰ ਸੇਵਾ ਮੁੜ ਸ਼ੁਰੂ ਕਰਨ ਦੇ ਪਹਿਲੇ ਦਿਨ ਟੀਮਾਂ ਨੇ ਸੰਪਰਕ ਕਰਨ ਵਾਲੇ ਪਰਿਵਾਰਾਂ ਤੱਕ ਲੰਗਰ ਪਹੁੰਚਾਇਆ। ਸਿਰਸਾ ਨੇ ਦੱਸਿਆ ਕਿ ਪੌਸ਼ਟਿਕ, ਸਿਹਤਮੰਦ ਤੇ ਸੁਆਦ ਲੰਗਰ ਟੀਮਾਂ ਪੀਪੀਈ ਕਿੱਟਾਂ ਤੇ ਹੋਰ ਸਾਵਧਾਨੀਆਂ ਵਰਤ ਕੇ ਪਹੁੰਚਾ ਰਹੀਆਂ ਹਨ। ਸ੍ਰੀ ਸਿਰਸਾ ਨੇ ਦੱਸਿਆ ਕਿ ਘਰਾਂ ਤੱਕ ਲੰਗਰ ਦੀ ਹੋਮ ਡਲਿਵਰੀ ਤੋਂ ਇਲਾਵਾ ਕੌਮੀ ਰਾਜਧਾਨੀ ਵਿਚ ਗਰੀਬ ਤੇ ਲੋੜਵੰਦ ਲੋਕਾਂ ਲਈ ਵੀ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਟੀਮਾਂ ਨਾਲ ਲੰਗਰ ਲਈ ਸੰਪਰਕ ਕੀਤਾ ਸੀ ਤੇ ਇਹ ਟੀਮਾਂ ਅਜਿਹੇ ਲੋੜਵੰਦਾਂ ਨੂੰ ਲੰਗਰ ਵਰਤਾ ਰਹੀਆਂ ਹਨ।

Leave a Reply

Your email address will not be published. Required fields are marked *