ਟੂਲਕਿੱਟ ਮਾਮਲਾ: ਟਵਿੱਟਰ ਦੇ ਦਫ਼ਤਰ ਨੋਟਿਸ ਦੇਣ ਪੁੱਜੀ ਦਿੱਲੀ ਪੁਲੀਸ

ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਅੱਜ ਦਿੱਲੀ ਤੇ ਗੁਰੂਗ੍ਰਾਮ ਸਥਿਤ ‘ਟਵਿੱਟਰ ਇੰਡੀਆ’ ਦੇ ਦਫ਼ਤਰ ਗਈ ਤੇ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਨੋਟਿਸ ਸੌਂਪਿਆ। ਟੀਮ ਸੋਮਵਾਰ ਸ਼ਾਮ ‘ਟੂਲਕਿੱਟ’ ਮਾਮਲੇ ਵਿਚ ਟਵਿੱਟਰ ਨੂੰ ਨੋਟਿਸ ਦੇਣ ਪੁੱਜੀ। ਵਿਸ਼ੇਸ਼ ਸੈੱਲ ਦੀਆਂ ਦੋ ਟੀਮਾਂ ਟਵਿੱਟਰ ਦੇ ਲਾਡੋ ਸਰਾਏ ਤੇ ਗੁੜਗਾਓਂ ਸਥਿਤ ਦਫ਼ਤਰ ਪਹੁੰਚੀਆਂ ਤੇ ਨੋਟਿਸ ਸੌਂਪਿਆ। ਪੁਲੀਸ ਨੇ ਕਿਹਾ ਕਿ ਇਹ ਰੁਟੀਨ ਪ੍ਰਕਿਰਿਆ ਹੈ। ਇਹ ਜ਼ਰੂਰੀ ਸੀ ਕਿਉਂਕਿ ‘ਅਸੀਂ ਜਾਣਨਾ ਚਾਹੁੰਦੇ ਸੀ ਕਿ ਨੋਟਿਸ ਸੌਂਪਣ ਲਈ ਸਹੀ ਵਿਅਕਤੀ ਕੌਣ ਹੈ ਕਿਉਂਕਿ ਟਵਿੱਟਰ ਇੰਡੀਆ ਦੇ ਐਮਡੀ ਵੱਲੋਂ ਦਿੱਤੇ ਗਏ ਜਵਾਬ ਬਹੁਤ ਅਸਪੱਸ਼ਟ ਸਨ।’ ਇਸ ਤੋਂ ਪਹਿਲਾਂ ਸਰਕਾਰੀ ਸੂਤਰਾਂ ਨੇ ਕਿਹਾ ਸੀ ਕਿ ਸਪੈਸ਼ਲ ਸੈੱਲ ਨੇ ਟਵਿੱਟਰ ਦੇ ਦਫ਼ਤਰਾਂ ’ਤੇ ਛਾਪੇ ਮਾਰੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਸੰਬਿਤ ਪਾਤਰਾ ਵੱਲੋਂ ‘ਟੂਲਕਿੱਟ’ ਬਾਰੇ ਕੀਤੇ ਗਏ ਇਕ ਟਵੀਟ ’ਤੇ ਟਵਿੱਟਰ ਨੇ ‘ਮੈਨੀਪੁਲੇਟਿਡ’ (ਹੇਰ-ਫੇਰ) ਟੈਗ ਲਾ ਦਿੱਤਾ ਸੀ। ਪੁਲੀਸ ਨੇ ਟਵਿੱਟਰ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਦਿੱਲੀ ਪੁਲੀਸ ਦੇ ਲੋਕ ਸੰਪਰਕ ਅਫ਼ਸਰ ਚਿਨਮੋਏ ਬਿਸਵਾਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਟਵਿੱਟਰ ਕੋਲ ਕੁਝ ਸੂਚਨਾ ਹੈ ਜੋ ਪੁਲੀਸ ਨੂੰ ਨਹੀਂ ਪਤਾ। ਇਹ ਜਾਣਕਾਰੀ ਜਾਂਚ ਵਿਚ ਸਹਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ਵਿਚ ਬਦਨਾਮ ਕਰਨ ਲਈ ‘ਟੂਲਕਿੱਟ’ ਤਿਆਰ ਕੀਤੀ ਹੈ। ਕਾਂਗਰਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਤੇ ਇਸੇ ਸਬੰਧ ’ਚ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *