ਚੋਕਸੀ ਨੂੰ ਸਿੱਧਾ ਭਾਰਤ ਹਵਾਲੇ ਕਰੇ ਡੋਮੀਨਿਕਾ: ਬ੍ਰਾਊਨ

ਨਵੀਂ ਦਿੱਲੀ: ਐਂਟੀਗਾ ਤੇ ਬਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਗੁਆਂਢੀ ਮੁਲਕ ਡੋਮੀਨਿਕਾ ਨੂੰ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਸਿੱਧਾ ਭਾਰਤ ਹਵਾਲੇ ਕਰਨ ਲਈ ਕਿਹਾ ਹੈ। ਉੱਧਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮੇਹੁਲ ਚੋਕਸੀ ਦੀ ਕੈਰੇਬਿਆਈ ਇਲਾਕੇ ਤੋਂ ਵਾਪਸੀ ਲਈ ਉਹ ਡੋਮੀਨਿਕਾ, ਐਟੀਗਾ ਤੇ ਬਰਬੂਡਾ ਦੀ ਸਰਕਾਰ ਦੇ ਸੰਪਰਕ ’ਚ ਹੈ। ਸਥਾਨਕ ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਹੀਰਾ ਕਾਰੋਬਾਰੀ ਚੋਕਸੀ ਡੋਮੀਨਿਕਾ ’ਚ ਫੜਿਆ ਗਿਆ ਹੈ।

ਲੰਘੀ ਰਾਤ ਡੋਮੀਨਿਕਾ ’ਚ ਚੋਕਸੀ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਤੋਂ ਬਾਅਦ ਬ੍ਰਾਊਨੇ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਡੋਮਿਨਿਕਾ ਦੀਆਂ ਅਥਾਰਿਟੀਆਂ ਨੂੰ ਚੋਕਸੀ ਨੂੰ ਭਾਰਤ ਹਵਾਲੇ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਇੱਕ ਮੀਡੀਆ ਗਰੁੱਪ ਐਂਟੀਗਾ ਨਿਊਜ਼ ਰੂਮ ਨੇ ਪੱਤਰਕਾਰਾਂ ਨਾਲ ਬ੍ਰਾਊਨ ਦੀ ਗੱਲਬਾਤ ਦੇ ਹਵਾਲੇ ਨਾਲ ਕਿਹਾ, ‘ਅਸੀਂ ਕਿਹਾ ਹੈ ਕਿ ਉਹ ਉਸ ਐਂਟੀਗਾ ਦੇ ਸਪੁਰਦ ਨਾ ਕਰਨ। ਉਸ ਨੂੰ ਭਾਰਤ ਹਵਾਲੇ ਕਰਨ ਦੀ ਲੋੜ ਹੈ ਜਿੱਥੇ ਉਹ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਦਾ ਸਾਹਮਣਾ ਕਰ ਸਕੇ।’ ਬ੍ਰਾਊਨ ਨੇ ਸੰਕੇਤ ਦਿੱਤਾ ਕਿ ਚੋਕਸੀ ਕੋਲ ਡੋਮੀਨਿਕਾ ’ਚ ਉਸ ਤਰ੍ਹਾਂ ਦੇ ਅਧਿਕਾਰ ਨਹੀਂ ਹੋਣਗੇ ਜਿਹੋ ਜਿਹੇ ਉਸ ਕੋਲ ਐਂਟੀਗਾ ਤੇ ਬਰਬੂਡਾ ’ਚ ਸੀ। ਚੋਕਸੀ ਪੰਜਾਬ ਨੈਸ਼ਨਲ ਬੈਂਕ ’ਚ 13500 ਕਰੋੜ ਰੁਪਏ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ’ਚ ਲੋੜੀਂਦਾ ਹੈ। ਉੱਧਰ ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਕਿਹਾ ਕਿ ਮੇਹੁਲ ਚੋਕਸੀ, ਜੋ ਕਿ ਗੀਤਾਂਜਲੀ ਗਰੁੱਪ ਦਾ ਚੇਅਰਮੈਨ ਵੀ ਹੈ, ਕੋਲ ਐਂਟੀਗਾ ਦੀ ਨਾਗਰਿਕਤਾ ਹੈ ਅਤੇ ਇਮੀਗਰੇਸ਼ਨ ਤੇ ਪਾਸਪੋਰਟ ਐਕਟ ਤਹਿਤ ਉਸ ਨੂੰ ਸਿਰਫ਼ ਐਂਟੀਗਾ ਦੇ ਹਵਾਲੇ ਹੀ ਕੀਤਾ ਜਾ ਸਕਦਾ ਹੈ।

ਉੱਧਰ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਇਸ ਮਾਮਲੇ ’ਚ ਐਂਟੀਗਾ ਤੇ ਬਰਬੂਡਾ ਦੇ ਸੰਪਰਕ ’ਚ ਸੀ ਅਤੇ ਹੁਣ ਉਸ ਨੇ ਡੋਮੀਨਿਕਾ ਸਰਕਾਰ ਨਾਲ ਸੰਪਰਕ ਕੀਤਾ ਹੈ। ਸੂਤਰ ਨੇ ਦੱਸਿਆ, ‘ਅਸੀਂ ਉਨ੍ਹਾਂ ਦੇ ਸੰਪਰਕ ’ਚ ਹਾਂ। ਚੋਕਸੀ ਤੇ ਹੋਰ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਅਸੀ ਦ੍ਰਿੜ੍ਹ ਹਾਂ। ਸਾਡਾ ਧਿਆਨ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਦੇਸ਼ ਵਾਪਸ ਲਿਆਉਣ ਵੱਲ ਹੈ।’

Leave a Reply

Your email address will not be published. Required fields are marked *