ਮਿਲਖਾ ਸਿੰਘ ਦੀ ਕਰੋਨਾ ਕਾਰਨ ਮੌਤ

ਚੰਡੀਗੜ੍ਹ/ਸਰੀ (ਬਿਊਰੋ/ਹਰਦਮ ਮਾਨ): ਭਾਰਤੀ ਅਥਲੀਟ ਤੇ ‘ਉਡਣੇ ਸਿੱਖ’ ਵਜੋਂ ਮਕਬੂਲ ਮਿਲਖਾ ਸਿੰਘ ਦੀ ਅੱਜ ਦੇਰ ਰਾਤ ਕਰੋਨਾਵਾਇਰਸ ਕਰਕੇ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀ ਲਾਗ ਨਾਲ ਜੂਝ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ। ਉਹ 91 ਸਾਲ ਦੇ ਸਨ। ਦੱਸਣਾ ਬਣਦਾ ਹੈ ਕਿ ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਵੀ ਲੰਘੇ ਐਤਵਾਰ ਨੂੰ ਕਰੋਨਾ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਹੁਣ ਗੌਲਫ਼ਰ ਪੁੱਤ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਹਨ। ਮਿਲਖਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਇਥੇ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ ਤੇ ਅੱਜ ਸ਼ਾਮੀਂ ਉਨ੍ਹਾਂ ਨੂੰ ਬੁਖਾਰ ਤੇ ਆਕਸਜੀਨ ਦਾ ਪੱਧਰ ਡਿੱਗਣ ਸਮੇਤ ਹੋਰ ਕਈ ਉਲਝਣਾਂ ਨਾਲ ਦੋ ਚਾਰ ਹੋਣਾ ਪਿਆ। ਉਨ੍ਹਾਂ ਨੂੰ ਪਿਛਲੇ ਮਹੀਨੇ ਕਰੋਨਾ ਦੀ ਲਾਗ ਚਿੰਬੜ ਗਈ ਸੀ ਤੇ ਬੁੱਧਵਾਰ ਨੂੰ ਕਰੋਨਾ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਜਨਰਲ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਤੱਕ ਉਨ੍ਹਾਂ ਦੀ ਹਾਲਤ ‘ਸਥਿਰ’ ਸੀ। ਮਿਲਖਾ ਸਿੰਘ ਨੂੰ ਆਕਸਜੀਨ ਦਾ ਪੱਧਰ ਘਟਣ ਮਗਰੋਂ 3 ਜੂਨ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਇਕ ਹਫ਼ਤੇ ਲਈ ਫੋਰਟਿਸ ਹਸਪਤਾਲ ਵਿੱਚ ਵੀ ਦਾਖ਼ਲ ਰਹੇ। ਉੱਡਣੇ ਸਿੱਖ ਨੇ ਏਸ਼ਿਆਈ ਖੇਡਾਂ ਵਿੱਚ ਚਾਰ ਵਾਰ ਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ 1956 ਤੇ 1964 ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ ਸਾਲ 1959 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ।

Leave a Reply

Your email address will not be published. Required fields are marked *