ਮਹਾਨ ਵਿਦਵਾਨ ਭਾਈ ਗੁਰਦਾਸ ਜੀ

ਰਮੇਸ਼ ਬੱਗਾ ਚੋਹਲਾ

ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾ ਸਿਰਫ ਸਿੱਖੀ ਸਿਧਾਂਤਾਂ ਮੁਤਾਬਕ ਢਾਲਿਆ ਹੀ ਸਗੋਂ ਉਨ੍ਹਾਂ ਸਿਧਾਂਤਾਂ ਦੀ ਰੌਸ਼ਨੀ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਲਈ ਵੀ ਆਪਣਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗੁਰੂ ਘਰ ਦੇ ਪਿਆਰਿਆਂ ਦੇ ਯੋਗਦਾਨ ਬਦਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਇਨ੍ਹਾਂ ਨੂੰ ਵੀ ਓਨਾ ਹੀ ਮਾਣ-ਸਤਿਕਾਰ ਦਿੰਦੀ ਹੈ, ਜਿੰਨਾ ਸਿੱਖ ਧਰਮ ਦੇ ਰਹਿਬਰਾਂ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਮਾਣ ਸਤਿਕਾਰ ਦੇ ਪਾਤਰ ਬਣਦੇ ਹਨ ਸਿੱਖ ਧਰਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ।

ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦਾ ਚਚੇਰਾ ਭਾਈ) ਦੇ ਪਰਿਵਾਰ ਵਿੱਚ 1559 ਈ. ਨੂੰ ਹੋਇਆ। ਕੁੱਝ ਲੇਖਕਾਂ ਦੀ ਵੱਖਰੀ ਰਾਇ ਮੁਤਾਬਕ ਭਾਈ ਸਾਹਿਬ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ 1553 ਈ. ਨੂੰ ਹੋਇਆ ਵੀ ਸਵੀਕਾਰਿਆ ਜਾਂਦਾ ਹੈ। ਆਪਣੇ ਬਚਪਨ ਦਾ ਵਧੇਰੇ ਸਮਾਂ ਭਾਈ ਗੁਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਬਿਤਾਇਆ ਅਤੇ ਪ੍ਰਾਇਮਰੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਇਸ ਤੋਂ ਅਗਲੇਰੀ ਅਤੇ ਉਚੇਰੀ ਸਿੱਖਿਆ ਉਨ੍ਹਾਂ ਨੇ ਉਸ ਵੇਲੇ ਦੇ ਪ੍ਰਸਿੱਧ ਇਸਲਾਮੀ ਅਤੇ ਭਾਰਤੀ ਵਿਦਿਆ ਕੇਂਦਰਾਂ ’ਤੇ ਜਾ ਕੇ ਗ੍ਰਹਿਣ ਕੀਤੀ। ਗੁਰੂੁ ਸਾਹਿਬਾਨ ਦੀ ਸੇਵਾ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਗੁਰਮਤਿ ਦੇ ਵਿਸ਼ਿਆਂ ’ਤੇ ਆਪਣੀ ਪਕੜ ਮਜ਼ਬੂਤ ਬਣਾ ਲਈ। ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ’ ਦੀ ਧਾਰਨਾ ਮੁਤਾਬਕ ਭਾਈ ਗੁਰਦਾਸ ਜੀ ਵੀ ਗ੍ਰਹਿਸਥ ਮਾਰਗ ਨੂੰ ਤਰਜੀਹ ਦਿੰਦੇ ਹਨ। ਇਸ ਦੀ ਪੁਸ਼ਟੀ ਹੇਠ ਲਿਖੇ ਤੋਂ ਭਲੀਭਾਂਤ ਹੋ ਜਾਂਦੀ ਹੈ:

ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ

ਸਕਲ ਧਰਮ ਮੈ ਗ੍ਰਹਿਸਤੁ ਪ੍ਰਧਾਨ ਹੈ।

ਬਾਬੇਕਿਆਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਭਾਈ ਗੁਰਦਾਸ ਜੀ ਲਾਹੌਰ, ਆਗਰਾ, ਕਾਂਸ਼ੀ ਅਤੇ ਹੋਰ ਕਈ ਇਲਾਕਿਆਂ ਵਿੱਚ ਗਏ। ਇਹ ਸਿਲਸਿਲਾ ਗੁਰੂ ਹਰਗੋਬਿੰਦ ਜੀ ਤੱਕ ਚੱਲਦਾ ਰਿਹਾ। ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਫ਼ਤਹਿਪੁਰ ਸੀਕਰੀ, ਗਵਾਲੀਅਰ, ਉਜੈਨ, ਬਰੁਹਾਨਪੁਰ, ਲਖਨਊ ਅਤੇ ਜੋਨਪੁਰ ਆਦਿ ਥਾਵਾਂ ’ਤੇ ਸਿੱਖ ਸੰਗਤ ਵੀ ਸਥਾਪਤ ਕੀਤੀ।

ਗੁਰੂੁ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਕਈ ਅੰਦਰੂਨੀ ਅਤੇ ਬਾਹਰੀ     ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਪਛਾੜਨ ਲਈ ਵੀ ਭਾਈ ਗੁਰਦਾਸ ਜੀ ਦਾ ਅਹਿਮ ਰੋਲ ਰਿਹਾ ਹੈ। ਇਸ ਰੋਲ ਸਦਕਾ ਹੀ ਗੁਰੂ ਘਰ ਦੀ ਆਰਥਿਕ ਵਿਵਸਥਾ ਮੁੜ ਲੀਹ ’ਤੇ ਆਈ ਅਤੇ ਉਸਾਰੀ ਦੇ ਕੰਮਾਂ ਦੀ ਰਫਤਾਰ  ਤੇਜ਼ ਹੋ ਗਈ। ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ    ਆਰੰਭਿਆ ਤਾਂ ਉਸ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਗੁਰੂ ਆਸ਼ੇ ਦੀ ਵਿਆਖਿਆ ਕਰਨ ਹਿੱਤ ਭਾਈ ਸਾਹਿਬ ਨਾਲ-ਨਾਲ ਆਪਣੀ ਬਾਣੀ ਦੀ ਸਿਰਜਣਾ ਵੀ ਕਰਦੇ ਰਹੇ। ਇਸ ਬਾਣੀ ਨੂੰ ਜਦੋਂ ਪੰਚਮ ਪਾਤਸ਼ਾਹ ਨੇ (ਗੁਰੂ) ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਚਾਹਿਆ ਤਾਂ ਨਿਮਰਤਾ ਦਾ ਸਬੂਤ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸੇਵਕ, ਸਾਹਿਬ ਦੇ ਬਰਾਬਰ ਬੈਠਾ ਸ਼ੋਭਦਾ ਨਹੀਂ। ਇਹ ਨਿਮਰਤਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਭਾਈ ਸਾਹਿਬ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ’ ਕਹਿ ਕੇ ਸਤਿਕਾਰ ਦਿੱਤਾ। ਇਹ ਪਾਵਨ ਪੰਕਤੀਆਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ:

ਭਾਈ ਜੀ ਸੁਨੀਏ ਨਿਰਾਧਾਰ।।

ਤੁਮਰੀ ਬਾਣੀ ਅਪਰ ਅਪਾਰ।।

ਮਨਹੁ ਗ੍ਰੰਥ ਦਾ ਟੀਕਾ ਭਯੋ।।

ਯਾਹਿ ਪੜ੍ਹੇ ਸਗਲ ਦੁਖ ਗਯੋ।।

ਭਾਈ ਗੁਰਦਾਸ ਜੀ ਨੇ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਆਰੰਭਲੇ ਸਮੇਂ ਉਸਾਰੀ ਦੇ ਕੰਮਕਾਜ ਦੀ ਨਿਗਰਾਨੀ ਵੀ ਕੀਤੀ। ਜਦੋਂ 1609 ਈ. ਨੂੰ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਈ ਸਾਹਿਬ ਨੇ ਬਾਖੂਬੀ ਨਿਭਾਈ। ਜਦੋਂ ਗੁਰੂ ਸਾਹਿਬ ਗੁਰਸਿੱਖੀ ਦੇ ਪ੍ਰਚਾਰ ਲਈ ਕਿਤੇ ਦੂਰ ਨੇੜੇ ਜਾਂਦੇ ਤਾਂ ਸ੍ਰੀ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਅਤੇ ਸੇਵਾ ਦਾ ਕੰਮ ਵੀ ਭਾਈ ਗੁਰਦਾਸ ਜੀ (ਬਾਬਾ ਬੁੱਢਾ ਜੀ ਨਾਲ ਮਿਲ ਕੇ) ਵੱਲੋਂ ਬੜੇ ਉਤਸ਼ਾਹ ਨਾਲ ਕੀਤਾ ਜਾਂਦਾ।

ਗੁਰੂ ਘਰ ਦੇ ਈਰਖਾਲੂਆਂ ਵੱਲੋਂ ਜਦੋਂ ਕਦੇ ਬਾਬੇ ਨਾਨਕ ਦੇ ਨਿਰਮਲ ਪੰਥ ਬਾਬਤ ਸੰਗਤ ਵਿੱਚ ਕੋਈ ਭਰਮ ਭੁਲੇਖਾ ਪਾਇਆ ਜਾਂਦਾ ਤਾਂ ਉਸ ਨੂੰ ਨਵਿਰਤ ਕਰਨ ਦੀ ਡਿਊਟੀ ਵੀ ਭਾਈ ਗੁਰਦਾਸ ਜੀ ਵੱਲੋਂ ਹੀ ਨਿਭਾਈ ਜਾਂਦੀ। ਗੁਰੂ ਘਰ ਦੇ ਲੋਹ-ਲੰਗਰ ਅਤੇ ਹੋਰ ਲੋੜਾਂ ਦੀ ਪੂਰਤੀ ਲਈ ਆਪਣੀ ਕਿਰਤ ਕਮਾਈ ’ਚੋਂ ਦਸਵੰਧ     ਕੱਢਣ ਦੀ ਪਿਰਤ ਪਾਉਣ ਦਾ ਸਿਹਰਾ ਵੀ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ। ਸਿੱਖ ਸਮਾਜ ਅਤੇ ਗੁਰੂ ਘਰ ਦੇ ਹੋਰ ਪ੍ਰੀਤਵਾਨਾਂ ਵਿੱਚ ਇਹ ਪਿਰਤ ਅਜੇ ਤੱਕ ਵੀ ਕਾਇਮ ਹੈ।

1605 ਈ. (ਸੰਮਤ 1662) ਵਿੱਚ ਜਦੋਂ ਅਕਬਰ ਬਾਦਸ਼ਾਹ ਬਟਾਲੇ ਆਇਆ ਤਾਂ ਕਿਸੇ ਨੇ ਉਸ ਦੇ ਕੰਨ ਇਹ   ਕਹਿ ਕੇ ਭਰ ਦਿੱਤੇ ਕਿ ਗੁਰੂ ਸਾਹਿਬ ਵੱਲੋਂ ਰਚਿਤ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ  ਮੁਹੰਮਦ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਲਿਖਤ ਲਿਖੀ ਗਈ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਅਕਬਰ ਬਾਦਸ਼ਾਹ ਦੇ ਸ਼ੰਕਿਆਂ ਨੂੰ ਸੰਤੁਸ਼ਟ ਕਰਨ ਦੇ ਕਾਬਲ ਵੀ ਭਾਈ ਗੁਰਦਾਸ ਜੀ ਨੂੰ ਹੀ ਸਮਝਿਆ ਗਿਆ। ਗੁਰੂ ਸਾਹਿਬ ਦੇ ਹੁਕਮ ਨੂੰ ਖਿੜੇ  ਮੱਥੇ ਪ੍ਰਵਾਨ ਕਰ ਕੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ (ਗੁਰੂ) ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਬਟਾਲੇ ਪਹੁੰਚ ਗਏ। ਜਦੋਂ ਅਕਬਰ ਨੇ ਬਾਣੀ ਸੁਣਾਉਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਪਾਠ ਕਰਨਾ ਆਰੰਭ ਕਰ ਦਿੱਤਾ। ਪਾਠ ਦੀ ਅਰੰਭਤਾ ਵਿੱਚ ਜੋ ਸ਼ਬਦ ਆਇਆ ਉਹ ਸੀ:

ਖਾਕ ਨੂਰ ਕਰਦੰ ਆਲਮ ਦੁਨੀਆਇ।।

ਇਸ ਸ਼ਬਦ ਦੇ ਨਾਲ ਹੀ ਅਕਬਰ ਬਾਦਸ਼ਾਹ ਦੀ ਕਾਫੀ ਹੱਦ ਤੱਕ ਤਸੱਲੀ ਹੋ ਗਈ। ਇਸ ਤੋਂ ਇਲਾਵਾ ਭਾਈ     ਸਾਹਿਬ ਨੇ ਕੁੱਝ ਹੋਰ ਸ਼ਬਦ ਵੀ ਪੜ੍ਹੇ, ਜਿਨ੍ਹਾਂ ਨੂੰ ਸੁਣ ਕੇ ਅਕਬਰ ਨੇ 51 ਮੋਹਰਾਂ  (ਗੁਰੂ) ਗ੍ਰੰਥ ਸਾਹਿਬ ਅੱਗੇ ਰੱਖ ਕੇ ਆਪਣਾ ਸੀਸ ਝੁਕਾਇਆ। ਇੱਥੇ ਹੀ ਬੱਸ ਨਹੀਂ ਉਸ ਨੇ ਭਾਈ ਗੁਰਦਾਸ ਜੀ ਨੂੰ ਇੱਕ ਸੁੰਦਰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਗੁਰੂ ਘਰ ਦੇ ਅਨਿਨ ਸੇਵਕ ਅਤੇ ਸਰਵਸ੍ਰੇਸ਼ਟ ਬੁੱਧੀ ਦੇ ਮਾਲਕ ਭਾਈ ਗੁਰਦਾਸ ਜੀ ਦੀ ਤਿੰਨ ਪ੍ਰਕਾਰ ਦੀ ਲਿਖਤ ਮਿਲਦੀ ਹੈ। ਇਸ ਲਿਖਤ ਵਿੱਚ 40 ਅਧਿਆਤਮਿਕ ਵਾਰਾਂ (ਪੰਜਾਬੀ) 675 ਬਰਿਜ ਅਤੇ ਕੁੱਝ ਸਲੋਕ (ਸੰਸਕ੍ਰਿਤ) ਵਿੱਚ ਮਿਲਦੇ ਹਨ। ਗੁਰਮਤਿ ਦੀ ਲਾਭਦਾਇਕਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਰਚਨਾਵਾਂ ਦਾ ਨਿੱਠ ਕੇ ਅਧਿਐਨ ਕਰਨਾ ਪੈਂਦਾ ਹੈ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਅੰਤਲੇ ਸਵਾਸ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ ਲਏ ਅਤੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ 25 ਅਗਸਤ ਭਾਦੋਂ ਸੁਦੀ ਪੰਜਵੀਂ  1637 ਈ. ਨੂੰ ਸਰੀਰਕ ਚੋਲਾ ਤਿਆਗ ਗਏ।

Leave a Reply

Your email address will not be published. Required fields are marked *