ਅਕਾਲੀ ਦਲ ਅਤੇ ਚੋਣਾਂ

ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਤੋਂ ਲਗਭੱਗ ਪੰਜ ਮਹੀਨੇ ਪਹਿਲਾਂ 64 ਉਮੀਦਵਾਰਾਂ ਦਾ ਐਲਾਨ ਕਰਕੇ 2022 ਦੀਆਂ ਚੋਣਾਂ ਬਾਰੇ ਕਈ ਸੰਕੇਤ ਦਿੱਤੇ ਹਨ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਚੋਣਾਂ ਲੜ ਰਿਹਾ ਹੈ ਜਿਸ ਵਿਚ 20 ਸੀਟਾਂ ਬਸਪਾ ਲਈ ਛੱਡੀਆਂ ਗਈਆਂ ਹਨ। ਅਕਾਲੀ ਦਲ ਨੇ ਖੱਬੇ-ਪੱਖੀਆਂ ਨਾਲ ਗੱਲਬਾਤ ਦੇ ਵੀ ਸੰਕੇਤ ਦਿੱਤੇ ਸਨ ਪਰ ਖੱਬੇ-ਪੱਖੀ ਧਿਰਾਂ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਕਾਰਨ ਕੋਈ ਹੁੰਗਾਰਾ ਨਹੀਂ ਭਰ ਪਾਈਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੌ ਹਲਕਿਆਂ ਵਿਚ ਜਨਤਕ ਮੀਟਿੰਗਾਂ ਕਰਨ ਅਤੇ ਲੋਕਾਂ ਨੂੰ ਮਿਲਣ ਦੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਅਤੇ ਮੁਹਿੰਮ ਦੌਰਾਨ 23 ਉਮੀਦਵਾਰ ਐਲਾਨੇ ਗਏ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਬਾਕੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦੇ ਸੱਦੇ ਦੇ ਕਾਰਨ ਕਈ ਜਗ੍ਹਾ ਅਕਾਲੀ ਆਗੂਆਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਵਾਂ ਉੱਤੇ ਟਕਰਾਅ ਵਾਲੇ ਹਾਲਾਤ ਵੀ ਪੈਦਾ ਹੋਏ।

ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਸਿਆਸੀ ਧਿਰਾਂ ਨੂੰ ਚੋਣ ਮੁਹਿੰਮ ਵਾਸਤੇ ਵੱਡੀਆਂ ਰੈਲੀਆਂ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਅਕਾਲੀ ਦਲ ਨੇ 17 ਸਤੰਬਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਚੋਣ ਮੁਹਿੰਮ ਜਾਰੀ ਰੱਖਣ ਲਈ ਰਣਨੀਤੀ ਵਿਚ ਤਬਦੀਲੀ ਕਰ ਲਈ ਹੈ। ਪਾਰਟੀ ਨੇ ਬਹੁਤ ਸਾਰੇ ਪੁਰਾਣੇ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਉਮੀਵਦਾਰ ਐਲਾਨ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਮੀਦਵਾਰ ਆਪੋ-ਆਪਣੀ ਜਨ ਸੰਪਰਕ ਮੁਹਿੰਮ ਰਾਹੀਂ ਪਾਰਟੀ ਕਾਡਰ ਨੂੰ ਸਰਗਰਮ ਕਰਨ। ਇਸ ਤਰ੍ਹਾਂ ਉਮੀਦਵਾਰਾਂ ਨੂੰ ਆਪੋ-ਆਪਣੇ ਹਲਕੇ ਤੋਂ ਚੋਣ ਜਿੱਤਣ ਲਈ ਜ਼ਿੰਮੇਵਾਰ ਵੀ ਬਣਾਇਆ ਜਾ ਰਿਹਾ ਹੈ।

ਕਾਂਗਰਸ, ਆਮ ਆਦਮੀ ਪਾਰਟੀ ਅਤੇ ਕਈ ਹੋਰ ਪਾਰਟੀਆਂ ਵੀ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ। ਕਿਸਾਨ ਅੰਦੋਲਨ ਕਾਰਨ ਸਿਆਸੀ ਆਗੂ ਉਲਝਣ ਵਿਚ ਹਨ। ਅਜਿਹੀ ਹਾਲਤ ਵਿਚ ਚੋਣਾਂ ਦਾ ਬਿਹਤਰ ਪ੍ਰਬੰਧ ਕਰਨ ਅਤੇ ਆਪਣੇ ਸਥਾਈ ਵੋਟ ਬੈਂਕ ਨੂੰ ਇਕੱਠਾ ਕਰਕੇ ਭੁਗਤਾਉਣ ਵਾਲੀ ਧਿਰ ਨੂੰ ਫ਼ਾਇਦਾ ਮਿਲ ਸਕਦਾ ਹੈ। ਬਿਨਾ ਸ਼ੱਕ ਹੁਣ ਤੱਕ ਜਨਤਕ ਮੂਡ ਅਕਾਲੀ ਦਲ ਦੇ ਪੱਖ ਵਿਚ ਨਹੀਂ ਪਰ ਕਾਡਰ ਦੇ ਪੱਖ ਤੋਂ ਅਕਾਲੀ ਦਲ ਦੂਸਰੀਆਂ ਪਾਰਟੀਆਂ ਨਾਲੋਂ ਮਜ਼ਬੂਤ ਸਥਿਤੀ ਵਿਚ ਹੈ। ਇਕ ਵਿਚਾਰ ਇਹ ਵੀ ਹੈ ਕਿ ਚੋਣਾਂ ਬੇਹੱਦ ਖ਼ਰਚੀਲੀਆਂ ਹੋ ਜਾਣ ਕਾਰਨ ਇੰਨੇ ਲੰਮੇ ਸਮੇਂ ਦੌਰਾਨ ਸਬੰਧਿਤ ਉਮੀਦਵਾਰ ਅਤੇ ਪਾਰਟੀ ਕਾਰਕੁਨਾਂ ਨੂੰ ਮੁਹਿੰਮ ਚਲਾਉਣੀ ਆਸਾਨ ਨਹੀਂ ਹੋਵੇਗੀ। ਇਸ ਵਾਸਤੇ ਵਿਆਪਕ ਆਰਥਿਕ ਸਾਧਨਾਂ ਦੀ ਲੋੜ ਹੁੰਦੀ ਹੈ। ਇਹ ਐਲਾਨ ਇਹ ਪ੍ਰਭਾਵ ਵੀ ਦਿੰਦਾ ਹੈ ਕਿ ਅਕਾਲੀ ਦਲ ਇਸ ਚੋਣ ਨੂੰ ਹੋਂਦ ਦੀ ਲੜਾਈ ਵਾਂਗ ਲੜਨ ਦੀ ਮਾਨਸਿਕਤਾ ਬਣਾ ਚੁੱਕਾ ਹੈ। ਪਾਰਟੀ ਬਾਕੀ ਰਵਾਇਤੀ ਧਿਰਾਂ ਨਾਲੋਂ ਪ੍ਰਚਾਰ ਦੇ ਮਾਮਲੇ ਵਿਚ ਪਹਿਲਕਦਮੀ ਕਰ ਚੁੱਕੀ ਹੈ। ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਇਹ ਦਲੀਲ ਘਰ ਕਰ ਚੁੱਕੀ ਹੈ ਕਿ ਕਿਸਾਨ ਅੰਦੋਲਨ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰੇਗਾ।

Leave a Reply

Your email address will not be published. Required fields are marked *