ਹੰਝੂ

ਵੀਰ ਸਿੰਘ ਥਿੰਦ

ਗੁਰਵਿੰਦਰ ਨੇ ਆਵਾਜ਼ ਮਾਰੀ, ਪਰ ਪ੍ਰਗਟ ਨੂੰ ਨਾ ਸੁਣੀ ਕਿਉਂਕਿ ਕਾਰ ਦੇ ਸ਼ੀਸ਼ੇ ਬੰਦ ਸਨ। ਪ੍ਰਗਟ ਮੋਟਰਸਾਈਕਲ ’ਤੇ ਬੈਠ ਕੇ ਕਿੱਕ ਮਾਰਨ ਤੋਂ ਪਹਿਲਾਂ ਸਾਫੇ ਨਾਲ ਆਪਣੀਆਂ ਅੱਖਾਂ ਪੂੰਝਣ ਲੱਗਾ। ਗੁਰਵਿੰਦਰ ਕਾਹਲੀ ਨਾਲ ਕਾਰ ਰੋਕ ਕੇ ਬਾਹਰ ਆਇਆ ਅਤੇ ਪ੍ਰਗਟ ਕੋਲ ਜਾ ਕੇ ਉਸ ਦੇ ਧੱਫਾ ਮਾਰਿਆ। ਗੁਰਵਿੰਦਰ ਦੀ ਕੁਝ ਮਹੀਨੇ ਪਹਿਲਾਂ ਪ੍ਰਗਟ ਦੀ ਭੈਣ ਨਾਲ ਮੰਗਣੀ ਹੋਈ ਸੀ ਅਤੇ ਵਿਆਹ ਨੇੜੇ ਹੀ ਸੀ। ਦੋਵੇਂ ਧਿਰਾਂ ਦੇ ਪਿੰਡ ਇਸੇ ਸ਼ਹਿਰ ਦੇ ਨੇੜੇ ਹੋਣ ਕਾਰਨ ਆਉਣਾ ਜਾਣਾ ਵੀ ਇਸੇ ਸ਼ਹਿਰ ਬਣਿਆ ਰਹਿੰਦਾ ਸੀ। ਮੰਡੀ ਵਿਚ ਆੜਤ ਦੀਆਂ ਦੁਕਾਨਾਂ ਵੀ ਕੋਈ ਜ਼ਿਆਦਾ ਦੂਰ ਨਹੀਂ ਸਨ। ਗੁਰਵਿੰਦਰ ਨੇ ਪ੍ਰਗਟ ਨੂੰ ਵੇਖਦਿਆਂ ਬੜੀ ਉਤਸੁਕਤਾ ਨਾਲ ਆਵਾਜ਼ ਮਾਰੀ ਸੀ। ਪ੍ਰਗਟ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ।

ਪ੍ਰਗਟ ਬੋਲਿਆ, ‘‘ਉਹ! ਭਾ’ਜੀ ਤੁਸੀਂ? ਸਤਿ ਸ੍ਰੀ ਅਕਾਲ ਭਾ’ਜੀ।’’

‘‘ਸਤਿ ਸ੍ਰੀ ਅਕਾਲ। ਹੋਰ ਪ੍ਰਗਟ ਕੀ ਹਾਲ ਨੇ, ਆਹ ਅੱਖਾਂ ਕਿਵੇਂ ਪੂੰਝੀ ਜਾਨੈਂ?’’

‘‘ਬੱਸ ਵੈਸੇ ਹੀ ਕੁਝ ਉੱਡ ਕੇ ਪੈ ਗਿਆ ਸੀ, ਤਾਂ ਕਰਕੇ।’’ ਪ੍ਰਗਟ ਨੇ ਅੱਖਾਂ ਚੰਗੀ ਤਰ੍ਹਾਂ ਸਾਫੇ ਨਾਲ ਸੁਕਾਈਆਂ ਅਤੇ ਆਖਿਆ।

‘‘ਦੋਹਾਂ ਅੱਖਾਂ ’ਚ, ਕਮਾਲ ਐ? ਰਿਸ਼ਤੇਦਾਰੀ ਤਾਂ ਆਪਣੀ ਹਾਲੇ ਕੱਚੀ ਹੀ ਐ, ਪਰ ਫਿਰ ਵੀ ਮੈਂ ਪੁੱਛਣਾ ਚਾਹੁੰਨਾ ਕਿ ਕੀ ਗੱਲ ਐ?’’

‘‘ਨਹੀਂ ਕੋਈ ਗੱਲ ਨਹੀਂ ਭਾ’ਜੀ। ਚਾਹ ਪਾਣੀ ਦੀ ਦੱਸੋ।’’

‘‘ਚਾਹ ਵੀ ਪੀਵਾਂਗੇ ਪਰ ਪਹਿਲਾਂ ਗੱਲ ਤਾਂ ਦੱਸ।’’

‘‘ਨਹੀਂ ਭਾ’ਜੀ ਕੁਝ ਨਹੀਂ, ਤੁਸੀਂ ਚਾਹ ਦੀ ਦੱਸੋ।’’

‘‘ਚਲ ਫਿਰ ਮੈਂ ਆੜਤੀਏ ਨਾਲ ਗੱਲ ਕਰਦਾਂ।’’ ਇੰਨਾ ਕਹਿ ਕੇ ਗੁਰਵਿੰਦਰ ਅੰਦਰ ਵੱਲ ਹੋਇਆ।

‘‘ਗੱਲ ਤਾਂ ਸੁਣੋ ਭਾ’ਜੀ, ਕੋਈ ਗੱਲ ਨਹੀਂ।’’ ਪ੍ਰਗਟ ਨੇ ਉਸ ਨੂੰ ਬਾਂਹ ਤੋਂ ਫੜਿਆ।

‘‘ਤਾਂ ਫਿਰ ਗੱਲ ਦੱਸ। ਘਬਰਾ ਨਾ।’’ ਗੁਰਵਿੰਦਰ ਨੂੰ ਜਿਵੇਂ ਕੋਈ ਗਹਿਰਾ ਸ਼ੱਕ ਹੋ ਗਿਆ ਸੀ।

‘‘ਭਾ’ਜੀ ਤੁਸੀਂ ਮੈਨੂੰ ਮਜਬੂਰ ਨਾ ਕਰੋ।’’ ਪ੍ਰਗਟ ਨੇ ਮੂੰਹ ਥੱਲੇ ਨੂੰ ਕਰਦਿਆਂ ਆਖਿਆ।

‘‘ਓ ਤੂੰ ਚਿੰਤਾ ਕਿਉਂ ਕਰਦਾ ਏਂ। ਤੇਰੀ ਸਮੱਸਿਆ ਦਾ ਹੱਲ ਮੈਂ ਆਪੇ ਕਰੂੰ, ਪਰ ਦੱਸੀਂ ਗੱਲ ਸੱਚੀ।’’ ਗੁਰਵਿੰਦਰ ਨੇ ਹੌਸਲਾ ਦਿੱਤਾ।

‘‘ਭਾ’ਜੀ ਕਿਵੇਂ ਦੱਸਾਂ, ਡਰ ਲਗਦੈ।’’ ਪ੍ਰਗਟ ਰਿਸ਼ਤੇ ਟੁੱਟਣ ਤੋਂ ਡਰ ਗਿਆ ਸੀ।

‘‘ਜੇ ਆਪਣੇ ਹੀ ਆਪਣਿਆਂ ਤੋਂ ਡਰਨ ਲੱਗੇ ਤਾਂ ਫਿਰ ਕੰਮ ਕਿਵੇਂ ਚੱਲੂ। ਮੰਨਿਆ ਕਿ ਅੱਜ ਦੀ ਦੁਨੀਆਂ ਵਿਚ ਜਿੱਥੇ ਬੇਗਾਨੇ ਤਾਂ ਬੇਗਾਨੇ, ਆਪਣੇ ਵੀ ਜ਼ਖ਼ਮ ਦਿੰਦੇ ਨੇ, ਪਰ ਇੱਕ ਗੱਲ ਯਾਦ ਰੱਖੀਂ ਪ੍ਰਗਟ, ਮਲ੍ਹਮ ਵੀ ਆਪਣੇ ਹੀ ਲਾਉਂਦੇ ਨੇ। ਤੂੰ ਡਰ ਨਾ।’’

‘‘ਭਾ’ਜੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਈ ਐ ਕਿ ਤੁਹਾਡਾ ਵਿਆਹ ਨੇੜੇ  ਹੈ। ਤੁਹਾਡਾ ਰਿਸ਼ਤਾ ਕਰਨ ਤੋਂ ਪਹਿਲਾਂ ਭਾਪਾ ਜੀ ਢਿੱਲੇ ਰਹੇ, ਪੈਸਾ ਕਾਫ਼ੀ ਲੱਗ ਗਿਆ। ਉਦੋਂ ਤਾਂ ਆੜਤੀਆਂ ਨੇ ਦੇ ਦਿੱਤਾ, ਪਰ ਸਾਥੋਂ ਚਾਹ ਕੇ ਵੀ ਨਹੀਂ ਮੁੜਿਆ। ਹੁਣ ਵਿਆਹ ਲਈ ਪੁੱਛਿਆ ਤਾਂ ਉਨ੍ਹਾਂ ਨੇ ਸਾਫ਼ ਜਵਾਬ ਦੇ ਦਿੱਤਾ।’’

‘‘ਅੱਛਾ! ਆਹ ਗੱਲ ਐ। ਫਿਰ ਤਾਂ ਤੇਰੀਆਂ ਅੱਖਾਂ ਵਿਚੋਂ ਹੰਝੂ ਆਉਣੇ ਬਣਦੇ ਨੇ ਪ੍ਰਗਟ। ਆਖਰ ਗੁਰਵਿੰਦਰ ਨੂੰ ਵੱਡੀ ਗੱਡੀ ਵੀ ਚਾਹੀਦੀ ਐ। ਦਾਜ ਵੀ ਖ਼ੂਬ ਚਾਹੀਦੈ। ਜੰਝ ਦੀ ਵੀ ਸੇਵਾ ਖ਼ੂਬ ਹੋਵੇ ਤਾਂ ਹੀ ਦੋਹਾਂ ਧਿਰਾਂ ਦਾ ਨੱਕ ਰਹੂ। ਹੈਂ ਨਾ ਪ੍ਰਗਟ।’’ ਗੁਰਵਿੰਦਰ ਨੇ ਹੱਸਦਿਆਂ ਆਖਿਆ।

‘‘ਭਾ’ਜੀ ਵਿਆਹ ਤਾਂ ਵਿਆਹ ਈ ਹੈ। ਆਖਰ ਕਿੱਲੇ ਵੀ ਤਾਂ ਪੰਦਰਾਂ ਆਉਂਦੇ ਨੇ ਤੁਹਾਨੂੰ। ਬਾਕੀ ਵਿਚੋਲੇ ਨੇ ਵੀ ਤਾਂ ਗੱਲ ਪਹਿਲਾਂ ਮੁਕਾਈ ਸੀ।’’

‘‘ਜੇ ਵਿਚੋਲੇ ਨੇ ਗੱਲ ਪਹਿਲਾਂ ਮੁਕਾਈ ਸੀ ਤਾਂ ਪ੍ਰਾਹੁਣਾ ਗੱਲ ਅਖੀਰ ’ਤੇ ਮੁਕਾ ਦਿੰਦੈ ਪ੍ਰਗਟਾ, (ਪ੍ਰਗਟ ਘਬਰਾ ਗਿਆ)। ਬੰਦੇ ਗਿਆਰਾਂ ਲੈ ਕੇ ਆਊਂਗਾ ਮੈਂ ਅਤੇ ਜੇ ਹੋਰ ਵੀ ਘੱਟ ਕਹੇਂ ਤਾਂ ਘੱਟ ਲੈ ਆਊਂ। ਘਰੇ ਚਾਹ ਪੀਵਾਂਗੇ ਅਤੇ ਆਨੰਦ ਕਾਰਜ ਗੁਰਦੁਆਰੇ ਹੋਣਗੇ। ਆਵਦੀ ਭੈਣਨੂੰ ਇੱਕ ਸੂਟ ਸਵਾਂਦੀ। ਬਾਕੀ ਬੱਸ।’’

‘‘ਨਹੀਂ ਭਾ’ਜੀ, ਸ਼ਰਮਿੰਦਾ ਨਾ ਕਰੋ, ਇਉਂ ਕਿਵੇਂ ਹੋ ਸਕਦਾ ਏ। ਲੋਕ ਕੀ ਆਖਣਗੇ?’’ ਪ੍ਰਗਟ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਵਹਿ ਤੁਰਿਆ।

‘‘ਵਿਆਹ ਮੇਰਾ ਹੋਣੈ ਅਤੇ ਮੇਰੇ ਵਿਆਹ ’ਤੇ ਮੇਰੀ ਜਾਂ ਮੇਰੇ ਬੇਬੇ-ਬਾਪੂ ਦੀ ਚੱਲੂ, ਨਾ ਕਿ ਲੋਕਾਂ ਦੀ। ਜਿੱਥੋਂ ਤੱਕ ਬੇਬੇ-ਬਾਪੂ ਦਾ ਸਵਾਲ ਐ, ਮੈਂ ਆਪੇ ਮਨਾ ਲੂੰ।’’ ਗੁਰਵਿੰਦਰ ਨੇ ਪ੍ਰਗਟ ਦੇ ਮੋਢੇ ’ਤੇ ਹੱਥ ਰੱਖਿਆ।

‘‘ਭਾ’ਜੀ, ਤੁਸੀਂ… ਕਿੰਨੇ ਮਹਾਨ ਓ…’’ ਪ੍ਰਗਟ ਦੇ ਮੂੰਹੋਂ ਮਸਾਂ ਹੀ ਸ਼ਬਦ ਨਿਕਲੇ ਅਤੇ ਉਹ ਗੁਰਵਿੰਦਰ ਦੇ ਗਲ ਲੱਗ ਰੋ ਪਿਆ।

‘‘ਮਹਾਨ ਮਹੂਨ ਕਾਹਦੇ ਪ੍ਰਗਟ। ਜੇਕਰ ਬੰਦਾ ਕਿਸੇ ਦੇ ਹੰਝੂ ਪੂੰਝ ਨਹੀਂ ਨਾ ਸਕਦਾ ਤਾਂ ਹੰਝੂ ਦੇਣ ਦਾ ਵੀ ਹੱਕ ਨਹੀਂ ਬਣਦਾ। ਵੈਸੇ ਇਹ ਹੰਝੂ ਵੀ ਕਮਾਲ ਦੀ ਚੀਜ਼ ਐ ਪ੍ਰਗਟ। ਬੰਦੇ ਦਾ ਅੰਦਰ ਪਤਾ ਲਾ ਦਿੰਦੇ ਨੇ। ਬੜੀ ਤਕੜੀ ਚੀਜ਼ ਨੇ ਹੰਝੂ।’’ ਗੁਰਵਿੰਦਰ ਨੇ ਪ੍ਰਗਟ ਨੂੰ ਪਲੋਸਦਿਆਂ ਆਖਿਆ।

‘‘ਸਹੀ ਗੱਲ ਐ ਭਾ’ਜੀ, ਹੰਝੂ ਬਦਲਦਿਆਂ ਵੀ ਦੇਰ ਨਹੀਂ ਲੱਗਦੀ। ਹੁਣੇ-ਹੁਣੇ ਦਰਦਾਂ ਦੇ ਹੰਝੂ ਵਗ ਰਹੇ ਸਨ, ਹੁਣ ਖ਼ੁਸ਼ੀਆਂ ਵਿੱਚ ਬਦਲ ਗਏ।’’ ਉਸ ਦਾ ਹਰ ਸਾਹ ਸ਼ੁਕਰਾਨਾ ਕਰਦਿਆਂ ਨਿਕਲ ਰਿਹਾ ਸੀ।

‘‘ਲੈ ਹੁਣ ਤੂੰ ਇਨ੍ਹਾਂ ਖ਼ੁਸ਼ੀ ਦੇ ਹੰਝੂਆਂ ਨਾਲ ਮੋਟਰ ਸਾਈਕਲ ’ਤੇ ਬੈਠ ਅਤੇ ਸਿੱਧਾ ਘਰ ਨੂੰ ਤੁਰ ਜਾ। ਮੈਂ ਵੀ ਚੱਲਾਂ।’’ ਉਸ ਨੇ ਪ੍ਰਗਟ ਨੂੰ ਮੋਟਰ ਸਾਈਕਲ ਵੱਲ ਤੋਰਿਆ।

‘‘ਭਾ’ਜੀ…!’’ ਪ੍ਰਗਟ ਦੇ ਹੱਥ ਜੁੜੇ ਰਹਿ ਗਏ।

‘‘ਮਿੰਟ ਮਾਰ ਘਰ ਨੂੰ ਤੁਰ ਜਾ। ਨਾਲੇ ਭੈਣ ਤੇਰੀ ਨੂੰ ਕਹਿ ਦੀਂ, ਬਈ ਗੁਰਵਿੰਦਰ ਮਿਲਿਆ ਸੀ।’’ ਉਸ ਨੇ ਹੱਸਦਿਆਂ ਮਖੌਲ ਕੀਤਾ ਅਤੇ ਕਾਰ ਲੈ ਕੇ ਚਲਾ ਗਿਆ।

ਪ੍ਰਗਟ ਨੂੰ ਦੂਰ ਜਾਂਦੀ ਕਾਰ ਦੀ ਧੂੜ ਚੰਗੀ-ਚੰਗੀ ਲੱਗ ਰਹੀ ਸੀ।

Leave a Reply

Your email address will not be published. Required fields are marked *