ਵੰਡ ਦੇ ਦੁੱਖੜੇ: ਦਿਲਦਾਰ ਮੰਜ਼ਿਲ (-ਸਾਂਵਲ ਧਾਮੀ)

ਰਹਿਬਰਾਂ ਨੇ ਲੋਕਾਈ ਦਾ ਫ਼ੈਸਲਾ ਕਰ ਦਿੱਤਾ। ਬਿਨਾਂ ਕੋਈ ਖ਼ਾਸ ਪ੍ਰਬੰਧ ਕੀਤਿਆਂ ਲੋਕਾਂ ਦੀ ਹਿਜਰਤ ਦਾ ਆਗਾਜ਼ ਹੋਇਆ। ਰੀਝਾਂ ਨਾਲ ਬਣਾਏ ਘਰਾਂ ਨੂੰ ਅਲਵਿਦਾ ਆਖ, ਉਹ ਅਣਚਾਹੀਆਂ ਮੰਜ਼ਿਲਾਂ ਵਾਸਤੇ, ਅਣਵੇਖੇ ਰਾਹਵਾਂ ’ਤੇ ਤੁਰ ਪਏ। ਇਹ ਸਫ਼ਰ, ਮੌਤ ਦਾ ਸਫ਼ਰ ਸੀ। ਇਸ ਸਫ਼ਰ ’ਚ ਲੱਖਾਂ ਲੋਕ ਮਾਰੇ ਗਏ ਅਤੇ ਅਣਗਿਣਤ ਔਰਤਾਂ ਦੀ ਬੇਪਤੀ ਹੋਈ।

ਇਹ ਲੋਕ ਏਧਰ-ਓਧਰ ‘ਮਹਾਜਰ’, ‘ਪਨਾਹਗੀਰ’ ਤੇ ‘ਰਿਫਿਊਜ਼ੀ’ ਅਖਵਾਏ। ਆਪਣੀ ਰਾਖ਼ ’ਚੋਂ ਉੱਗਣਾ, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦਾ। ਜ਼ਿੰਦਗੀ ਨੂੰ ਥਾਂ-ਸਿਰ ਕਰਦਿਆਂ, ਉੱਜੜੇ ਲੋਕਾਂ ਨੂੰ ਕਈ ਵਰ੍ਹੇ ਲੱਗ ਗਏ। ਪਹਿਲਾਂ ਕੱਚੀਆਂ ਅਲਾਟਮੈਂਟਾਂ ਹੋਈਆਂ ਤੇ ਫਿਰ ਜ਼ਮੀਨ ਦੇ ਰਿਕਾਰਡ ਦੇ ਤਬਾਦਲੇ ਮਗਰੋਂ ਪੱਕੀਆਂ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪਹਿਲੇ ਤਿੰਨ-ਚਾਰ ਵਰ੍ਹਿਆਂ ’ਚ ਬਹੁਤੇ ਪਰਿਵਾਰਾਂ ਨੂੰ ਕਈ-ਕਈ ਪਿੰਡ ਬਦਲਣੇ ਪਏ। ਜ਼ਿੰਦਗੀ ਦੇ ਸਫ਼ਰ ਨੂੰ ਸਿਫ਼ਰ ਤੋਂ ਸ਼ੁਰੂ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਰੱਜ ਕੇ ਮਿਹਨਤ ਕੀਤੀ। ਬਹੁਤ ਥਾਂ ‘ਉੱਜੜਿਆਂ’ ਨੇ ‘ਵੱਸਦਿਆਂ’ ਨਾਲੋਂ ਵੱਡੇ ਘਰ ਉਸਾਰ ਲਏ, ਵੱਧ ਜ਼ਮੀਨਾਂ ਬਣਾ ਲਈਆਂ ਤੇ ਕਾਰੋਬਾਰ ਵੀ ਵਧਾ ਲਏ।

ਉੱਜੜੇ-ਪੁੱਜੜੇ ਲੋਕਾਂ ਨੇ ਭਰੇ ਭਰਾਏ ਘਰ ਛੱਡੇ ਤੇ ‘ਨਵੇਂ ਦੇਸ਼ਾਂ’ ’ਚ ਉਨ੍ਹਾਂ ਨੂੰ ਖਾਲੀ ਘਰ ਮਿਲੇ। ਓਸ ਵਕਤ ਬਹੁਤੇ ਘਰ ਕੱਚੇ ਸਨ ਜੋ ਸਤੰਬਰ ਸੰਤਾਲੀ ਦੀਆਂ ਬਰਸਾਤਾਂ ’ਚ ਢੱਠ ਗਏ ਸਨ। ਕੇਡੀ ਅਨੋਖੀ ਗੱਲ ਹੈ ਕਿ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਦੁਕਾਨ ’ਚ ਉਹ ‘ਅੱਜ’ ਬੈਠੇ ਨੇ, ਉਹਦਾ ‘ਕੱਲ੍ਹ’ ਤੱਕ ਮਾਲਕ ਕੌਣ ਸੀ। ਉਨ੍ਹਾਂ ਨੂੰ ਅਲਾਟ ਹੋਈ ਜ਼ਮੀਨ ਉੱਤੇ ਕੁਝ ਦਿਨ ਪਹਿਲਾਂ ਤੱਕ ਕੌਣ ਹਲ਼ ਵਾਹੁੰਦਾ ਸੀ। ਉਸ ਦੇ ਹਿੱਸੇ ਆਏ ਘਰ ’ਚ ਕੁਝ ਦਿਨ ਪਹਿਲਾਂ ਤੱਕ ਕੌਣ ਵੱਸ ਰਿਹਾ ਸੀ।

ਵਕਤ ਨਿਰੰਤਰ ਬੀਤਦਾ ਅਤੇ ਬਦਲਦਾ ਗਿਆ। ਉੱਜੜ ਕੇ ਆਏ ਲੋਕ ਕੁਝ ਪੈਰਾਂ ’ਤੇ ਹੋਏ ਤਾਂ ਉਨ੍ਹਾਂ ਪੁਰਾਣੇ ਘਰ ਢਾਹ ਕੇ ਨਵੇਂ ਬਣਾ ਲਏ। ਬਹੁਤੇ ਲੋਕਾਂ ਨੇ ਅਲਾਟ ਹੋਏ ਘਰਾਂ ਦੀ ਸ਼ਾਨ ਨੂੰ ਉਵੇਂ ਬਰਕਰਾਰ ਰੱਖਿਆ। ਬਹੁਤੇ ਲੋਕਾਂ ਦੀ ਮਜਬੂਰੀ ਸੀ, ਪਰ ਇਨ੍ਹਾਂ ’ਚੋਂ ਕੁਝ ਅਜਿਹੇ ਸੰਵੇਦਨਸ਼ੀਲ ਪੰਜਾਬੀ ਵੀ ਸਨ ਜਿਨ੍ਹਾਂ ਨੇ ਅਲਾਟ ਹੋਏ ਘਰਾਂ ਦੇ ਅਣਜਾਣ ਮਾਲਕਾਂ ਦੀ ਮਿਹਨਤ ਅਤੇ ਮੁਹੱਬਤ ਨੂੰ ਯਾਦ ਰੱਖਣ ਲਈ ਇਹ ਘਰ ਕਾਇਮ ਰੱਖੇ।

ਅਜਿਹੇ ਪੰਜਾਬੀਆਂ ’ਚੋਂ ਇਕ ਡਿਜ਼ਕੋਟ ਤੋਂ ਆਇਆ ਢਿੱਲੋਂ ਪਰਿਵਾਰ ਹੈ। ਜਦੋਂ ਆਦਮਪੁਰ ਵਾਲਾ ਹਵਾਈ ਅੱਡਾ ਬਣਿਆ ਤਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਾਣਕੋ ਦੀ ਬਹੁਤੀ ਜ਼ਮੀਨ ਅੰਗਰੇਜ਼ ਸਰਕਾਰ ਨੇ ਹਾਸਲ ਕਰ ਲਈ ਸੀ। ਇਸ ਵੱਟੇ ਮਾਣਕੀਆਂ ਨੂੰ ਲਾਇਲਪੁਰ ਦੇ ਵੱਡੇ ਅਤੇ ਪੁਰਾਣੇ ਪਿੰਡ ਡਿਜ਼ਕੋਟ ’ਚ ਜ਼ਮੀਨਾਂ ਅਲਾਟ ਹੋਈਆਂ।

ਇੱਕ ਪਿੰਡ ’ਚੋਂ ਉੱਠ ਕੇ ਗਏ ਅਤੇ ਓਧਰ ਇੱਕ ਚੱਕ ’ਚ ਵੱਸਦੇ ਇਨ੍ਹਾਂ ਮਾਣਕੀਆਂ ਨੂੰ ਸੰਤਾਲੀ ਨੇ ਖਿਲਾਰ ਦਿੱਤਾ। ਜਲੰਧਰ ਸ਼ਹਿਰ ਦੀ ਉੱਤਰ-ਪੂਰਬ ਦਿਸ਼ਾ ’ਚ, ਆਦਮਪੁਰ ਅਤੇ ਭੋਗਪੁਰ ਦੇ ਆਲੇ-ਦੁਆਲੇ, ਇਹ ਡਿਜ਼ਕੋਟੀਏ ਕੋਈ ਤੀਹ-ਪੈਂਤੀ ਪਿੰਡਾਂ ’ਚ ਵੱਸਦੇ ਨੇ। ਇਨ੍ਹਾਂ ’ਚੋਂ ਲੰਬੜਦਾਰ ਜਵੰਦ ਸਿੰਘ ਢਿੱਲੋਂ ਹੋਰਾਂ ਨੂੰ ਪਿੰਡ ਬਹਿਰਾਮ ਸ਼ਰਿਸ਼ਤਾ ਮਿਲਿਆ ਸੀ। ਇਹ ਪਿੰਡ ਭੋਗਪੁਰ ਤੋਂ ਚੜ੍ਹਦੇ ਪਾਸੇ ਬੁੱਲੋਵਾਲ ਨੂੰ ਜਾਂਦੀ ਸੜਕ ’ਤੇ ਸਥਿਤ ਹੈ। ਸੰਤਾਲੀ ਤੱਕ ਇਹ ਨਾਰੂ ਗੋਤ ਦੇ ਮੁਸਲਮਾਨ ਰਾਜਪੂਤਾਂ ਦਾ ਵੱਡਾ ਪਿੰਡ ਹੁੰਦਾ ਸੀ।

ਸਰਦਾਰ ਜਵੰਦ ਸਿੰਘ ਹੋਰੀਂ ਬਹੁਤ ਦੇਰ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦਾ ਪੁੱਤਰ ਵੀ ਜਹਾਨੋਂ ਕੂਚ ਕਰ ਗਿਆ। ਉਨ੍ਹਾਂ ਦਾ ਪੋਤਰਾ ਅੱਜਕੱਲ੍ਹ ਮੁਹਾਲੀ ’ਚ ਵੱਸਦਾ ਹੈ। ਇੱਕ ਦਿਨ ਮੇਰੀ ਉਸ ਨਾਲ ਫੋਨ ’ਤੇ ਗੱਲ ਹੋਈ।

ਉਸ ਆਖਿਆ,“ਇਸ ਘਰ ਦਾ ਇੱਕ ਹਿੱਸਾ ਕੱਚਾ ਤੇ ਬਾਕੀ ਸਾਰਾ ਪੱਕਾ ਸੀ। ਇਹਦਾ ਦਲਾਨ ਹੋਵੇਗਾ ਕੋਈ ਚਾਲੀ-ਪੰਜਤਾਲੀ ਫੁੱਟ। ਜਿਹੜਾ ਹਿੱਸਾ ਪੱਕਾ ਏ, ਉਹ ਬਹੁਤ ਖ਼ੂਬਸੂਰਤ ਏ। ਦਲਾਨ ’ਚ ਬੜੇ ਮੋਟੇ-ਮੋਟੇ ਯੂਰਪੀਅਨ ਸਟਾਈਲ ਦੇ ਛੇ ਪਿਲਰਸ ਨੇ। ਇਹ ਜੋੜੇ-ਜੋੜੇ ਬਣਾ ਕੇ ਖੜ੍ਹੇ ਕੀਤੇ ਹੋਏ ਨੇ। ਇਨ੍ਹਾਂ ਦਾ ਸਰਕਲ ਤਕਰੀਬਨ ਚਾਰ-ਪੰਜ ਫੁੱਟ ਹੋਣਾ। ਜਿੱਥੇ ਇਹ ਦਲਾਨ ਦੀ ਛੱਤ ਨੂੰ ਛੂੰਹਦੇ ਨੇ, ਓਥੇ ਕਮਾਲ ਦੀ ਨੱਕਾਸ਼ੀ ਹੋਈ ਪਈ ਆ। ਛੱਤ ਦੇ ਉੱਤੇ ਜਿਹੜੀ ਰੇਲਿੰਗ ਬਣਾਈ ਆ ਉਹਦੇ ’ਚ ਮੁਸਲਿਮ, ਰੋਮਨ, ਗਰੀਕ: ਸਭ ਤਰ੍ਹਾਂ ਦੇ ਆਰਕੀਟੈਕਚਰ ਦਾ ਪ੍ਰਭਾਵ ਏ। ਬਿਨਾਂ ਸ਼ੱਕ ਓਸ ਵਕਤ ਇਸ ਤਰ੍ਹਾਂ ਦੇ ਘਰ ਬਹੁਤ ਘੱਟ ਹੋਣਗੇ! ਛੱਤ ਦੀ ਰੇਲਿੰਗ ’ਤੇ ਲੋਟਸ-ਸ਼ੇਪ ’ਚ ਗਮਲੇ ਬਣੇ ਹੋਏ ਨੇ।

ਉੱਨੀ ਸੌ ਪੰਜਤਾਲੀ ’ਚ ਬਣੇ ਇਸ ਘਰ ਉੱਤੇ ‘ਦਿਲਦਾਰ ਮੰਜ਼ਿਲ’ ਲਿਖਿਆ ਹੋਇਆ। ਬਿਨਾਂ ਸ਼ੱਕ ਕੋਈ ਦਿਲਦਾਰ ਖਾਂ ਇਸ ਘਰ ਦਾ ਮਾਲਕ ਹੋਵੇਗਾ। ਇਸ ਘਰ ਦੇ ਖੱਬੇ ਹੱਥ ਕਲਮਾ ਵੀ ਉਕਰਿਆ ਹੋਇਆ। ਅਫ਼ਸੋਸ ਦੀ ਗੱਲ ਇਹ ਹੈ ਕਿ ਦਿਲਦਾਰ ਹੋਰਾਂ ਨੂੰ ਰੀਝਾਂ ਨਾਲ ਬਣਾਏ ਇਸ ਘਰ ’ਚ ਦੋ ਸਾਲ ਵੀ ਰਹਿਣ ਦਾ ਮੌਕਾ ਨਾ ਮਿਲਿਆ।

ਕਲਮੇ ਦੇ ਥੱਲੇ ਜਿਹੜਾ ਕਮਰਾ ਹੈ, ਮੈ ਓਥੇ ਪੈਦਾ ਹੋਇਆ ਸਾਂ।

ਸਾਡੇ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ। ਬਿਨਾਂ ਸ਼ੱਕ ਉਨ੍ਹਾਂ ਵੱਢ-ਟੁੱਕ ਵੀ ਵੇਖੀ ਸੀ। ਸੰਤਾਲੀ ਨਾਲ ਜੁੜਿਆ ਚੰਗਾ-ਮਾੜਾ ਵੀ ਭੋਗਿਆ ਹੋਵੇਗਾ। ਇਸ ਸਭ ਕੁਝ ਦੇ ਬਾਵਜੂਦ, ਮੇਰੇ ਬਾਬੇ ਨੇ ਆਖਿਆ ਸੀ -ਇਹ ਕਲਮਾ ਤਾਂ ਇੱਦਾਂ ਈ ਰਹੂਗਾ। ਮੇਰੇ ਪਿਤਾ ਜੀ ਪੜ੍ਹੇ-ਲਿਖੇ ਇਨਸਾਨ ਸਨ। ਉਨ੍ਹਾਂ ਵੀ ਆਪਣੇ ਬਾਪ ਵਾਲੀ ਗੱਲ ਦੁਹਰਾਈ ਸੀ।

ਇਸ ਮੁਕੱਦਸ ਥਾਂ ਦਾ ਸ਼ਾਇਦ ਕੋਈ ਅਸਰ ਹੋਊ ਕਿ ਮੈਂ ਜ਼ਿੰਦਗੀ ’ਚ ਕਈ ਬੁਲੰਦੀਆਂ ਨੂੰ ਛੋਹਿਆ। ਮਕਾਨ ਦਾ ਉਹ ਪੱਕਾ ਹਿੱਸਾ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ। ਕਈ ਲੋਕਾਂ ਨੂੰ ਇਸ ਘਰ ’ਚੋਂ ਸ਼ਤੀਰੀਆਂ, ਬਾਲੇ, ਗਾਡਰ ਤੇ ਇੱਟਾਂ ਦਿਸਦੀਆਂ ਨੇ, ਪਰ ਮੇਰੇ ਲਈ ਇਹ ਘਰ ਉਹਦੇ ਮਾਲਕ ਦੀ ਅਮਾਨਤ ਹੈ। ਮੈਂ ਕਦੇ ਇਸ ਉੱਤੇ ਪੰਜਾਹ ਹਜ਼ਾਰ ਰੁਪਈਆ ਲਗਾ ਦਿੰਦਾਂ ਤੇ ਕਦੇ ਲੱਖ। ਕੁਝ ਵਰ੍ਹੇ ਪਹਿਲਾਂ ਮੈਂ ਇਸ ਨੂੰ ਸੰਵਾਰਨ ਲਈ ਚਾਰ ਲੱਖ ਰੁਪਈਆ ਲਗਾਇਆ ਸੀ। ਹੁਣ ਮੈਂ ਇਸ ਘਰ ਦੇ ਸਾਹਵੇਂ ਇੱਕ ਨਵਾਂ ਘਰ ਵੀ ਬਣਾ ਲਿਆ ਹੈ, ਪਰ ਇਸ ਘਰ ਦੀ ਇੱਕ ਇੱਟ ਵੀ ਨਹੀਂ ਹਿੱਲਣ ਦਿੱਤੀ। ਨਵੇਂ ਘਰ ’ਚ ਮੇਰੀ ਭੂਆ ਦਾ ਪੁੱਤ ਰਹਿੰਦਾ ਏ। ਮੈਂ ਫੋਨ ਕਰਕੇ ਇਸ ਘਰ ਬਾਰੇ ਪੁੱਛਦਾ ਰਹਿੰਦਾਂ। ਮੇਰੀ ਖ਼ਾਹਸ਼ ਹੈ ਕਿ ਦਿਲਦਾਰ ਖਾਂ ਦੇ ਵਾਰਸਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਪਿਓ-ਦਾਦੇ ਦੀ ਬਣਾਈ ‘ਦਿਲਦਾਰ ਮੰਜ਼ਿਲ’ ਅੱਜ ਵੀ ਉਵੇਂ ਕਾਇਮ ਹੈ। ਉਹ ਮੰਜ਼ਿਲ ਕਦੇ ਵੀ ‘ਜਵੰਦ ਸਿੰਘ ਢਿੱਲੋਂ ਮੰਜ਼ਿਲ’ ਨਹੀਂ ਬਣੀ। ਉਨ੍ਹਾਂ ਦਾ ਉਕਰਿਆ ਪਾਕ ਕਲਮਾ ਵੀ ਉਵੇਂ ਕਾਇਮ ਹੈ। ਉਨ੍ਹਾਂ ਨੂੰ ਪਤਾ ਲੱਗੇ ਕਿ ਅਸੀਂ ਇਹਨੂੰ ਨਾ ਸਿਰਫ਼ ਸੰਭਾਲਿਆ ਹੈ, ਸਗੋਂ ਇਹਦਾ ਇਹਤਿਰਾਮ ਵੀ ਕੀਤਾ ਹੈ। ਇਹਨੂੰ ਹਰ ਤਰ੍ਹਾਂ ਨਾਲ ਮੇਨਟੇਨ ਕੀਤਾ ਹੈ।

ਮੈਂ ਜਦੋਂ ਹੋਸ਼ ਸੰਭਾਲੀ ਤਾਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਆਹ ਕੀ ਲਿਖਿਆ? ਉਹ ਉਰਦੂ-ਫ਼ਾਰਸੀ ਪੜ੍ਹੇ ਹੋਏ ਸਨ। ਉਨ੍ਹਾਂ ਮੈਨੂੰ ਦੱਸਿਆ ਸੀ ਕਿ ਇਹ ਕਲਮਾ ਹੈ। ਕਲਮੇ ਤੋਂ ਤੁਰੀ ਗੱਲ ਸੰਤਾਲੀ ਦੇ ਆਰ-ਪਾਰ ਫੈਲ ਗਈ। ਮੈਂ ਉਨ੍ਹਾਂ ਕੋਲੋਂ ਸੰਤਾਲੀ ਅਤੇ ਹਿਜਰਤ ਦੀਆਂ ਅਨੇਕ ਗੱਲਾਂ ਸੁਣੀਆਂ।

ਦੋਹਾਂ ਦੇਸ਼ਾਂ ਵਿਚਕਾਰ ਕੋਈ ਸਮਝੌਤਾ ਜਾਂ ਦੁਨੀਆ ਦਾ ਕੋਈ ਕਾਨੂੰਨ ਹੁੰਦਾ ਤਾਂ ਮੈਂ ਇਹ ਘਰ ਦਿਲਦਾਰ ਖਾਂ ਦੇ ਵਾਰਸਾਂ ਨੂੰ ਮੋੜ ਦਿੰਦਾ। ਅਫ਼ਸੋਸ! ਨਾਮੁਮਕਿਨ ਹੈ ਪਰ…! ਉਨ੍ਹਾਂ ਨੂੰ ਇਹ ਤਾਂ ਹੱਕ ਹੈ ਕਿ ਉਹ ਪੰਜਾਬ ਦਾ ਵੀਜ਼ਾ ਲੈ ਕੇ ਕਦੇ ਹਿੰਦੋਸਤਾਨ ਆਉਣ। ਇਸ ਪਿੰਡ ’ਚ ਮੇਰੇ, ਮੇਰੇ ਨਹੀਂ, ਆਪਣੇ ਘਰ ’ਚ ਰਹਿਣ। ਅਸੀਂ ਉਨ੍ਹਾਂ ਦੀ ਪੂਰੀ-ਪੂਰੀ ਸੇਵਾ ਕਰਾਂਗੇ। ਅਗਰ ਇਹ ਵੀ ਨਹੀਂ ਹੋ ਸਕਦਾ ਤਾਂ ਆਪਾਂ ਉਨ੍ਹਾਂ ਨੂੰ ਇਸ ਘਰ ਦੀ ਫੋਟੋ ਤਾਂ ਭੇਜ ਸਕੀਏ। ਉੱਪਰ ਇਹ ਲਿਖ ਕੇ ਕਿ ਆਹ ਤੁਹਾਡੇ ਪਿਓ-ਦਾਦੇ ਦੀ ਨਿਸ਼ਾਨੀ ਏ।” ਇਸ ਗੱਲ ਨਾਲ ਢਿੱਲੋਂ ਹੋਰਾਂ ਦੀ ਗੱਲ ਮੁੱਕ ਗਈ।

ਮੈਂ ਇਸ ਘਰ ਦੀ ਵੀਡੀਓ ਬਣਾਈ ਅਤੇ ਆਪਣੇ ਯੂ-ਟਿਊਬ ਚੈਨਲ ‘ਸੰਤਾਲੀਨਾਮਾ’ ’ਤੇ ਅਪਲੋਡ ਕਰ ਦਿੱਤੀ। ਇਸ ਵੀਡੀਓ ’ਚ ਮੈਂ ਸ੍ਰੀ ਢਿੱਲੋਂ ਹੋਰਾਂ ਦੇ ਜਜ਼ਬਾਤ ਨੂੰ ਆਪਣੇ ਬੋਲਾਂ ’ਚ ਪੇਸ਼ ਕੀਤਾ। ਆਖ਼ਰ ’ਚ ਮੈਂ ਗੁਜਾਰਿਸ਼ ਕੀਤੀ ਕਿ ਇਸ ਘਰ ਦਾ ਅਸਲ ਮਾਲਕ ਤਾਂ ਸ਼ਾਇਦ ਦੁਨੀਆ ’ਤੇ ਨਾ ਹੋਵੇ, ਪਰ ਉਸ ਦੇ ਪੁੱਤ-ਪੋਤਰੇ ਆਪਣੇ ਬਜ਼ੁਰਗਾਂ ਦੇ ਉਸਾਰੇ ਘਰ ਨੂੰ ਵੇਖ ਲੈਣ।

ਤਿੰਨ-ਚਾਰ ਦਿਨਾਂ ਬਾਅਦ ਦਿਲਦਾਰ ਖਾਂ ਦੇ ਪੋਤਰਿਆਂ ਦੇ ਹੁੰਗਾਰੇ ਮਿਲਣੇ ਸ਼ੁਰੂ ਹੋ ਗਏ। ਫਿਰ ਇੱਕ ਸ਼ਾਮ ਬੂਰਾ ਮੰਡੀ, ਜ਼ਿਲ੍ਹਾ ਵਿਹਾੜੀ ਤੋਂ ਜਨਾਬ ਮੁਨੀਰ ਹੁਸ਼ਿਆਰਪੁਰੀਏ ਦਾ ਫੋਨ ਆ ਗਿਆ। ਉਨ੍ਹਾਂ ਆਖਿਆ-ਮੈਂ ‘ਦਿਲਦਾਰ ਮੰਜ਼ਿਲ’ ਦੇ ਅਸਲ ਮਾਲਕਾਂ ਦੇ ਘਰ ਬੈਠਾਂ। ਇਹ ਬਹੁਤ ਵੱਡੇ ਬੰਦੇ ਨੇ। ਬੂਰੇ ਦੀ ਸਿੱਖਿਆ ’ਚ ਇਸ ਟੱਬਰ ਦਾ ਬਹੁਤ ਵੱਡਾ ਹੱਥ ਹੈ। ਇਹ ਕਈ ਸਕੂਲ ਅਤੇ ਕਾਲਜ ਚਲਾਉਂਦੇ ਨੇ। ਦਿਲਦਾਰ ਖਾਂ ਦਾ ਇੱਕ ਪੁੱਤਰ ਵੀ ਹਾਲੇ ਜਿਊਂਦਾ। ਉਹ ਵੰਡ ਵੇਲੇ ਬਾਰ੍ਹਾਂ ਕੁ ਵਰ੍ਹਿਆਂ ਦਾ ਸੀ। ਉਹ ਲਾਹੌਰ ’ਚ ਰਹਿੰਦੇ ਨੇ। ਕਿਸੇ ਦਿਨ ਉਨ੍ਹਾਂ ਨਾਲ ਵੀ ਤੁਹਾਡੀ ਗੱਲ ਕਰਵਾਂਵਾਗਾ। ਉਸ ਦਿਨ ਮੈਂ ਦਿਲਦਾਰ ਖਾਂ ਨਾਰੂ ਦੇ ਪੋਤਰੇ ਨਾਲ ਗੱਲ ਕੀਤੀ।

ਫਿਰ ਇੱਕ ਦਿਨ ਦਿਲਦਾਰ ਖਾਂ ਦੇ ਪੁੱਤਰ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ। ਟੁੱਟੇ-ਫੁੱਟੇ ਬੋਲ। ਹੰਝੂਆਂ, ਹਉਕਿਆਂ ਤੇ ਹਿਚਕੀਆਂ ’ਚ ਡੁੱਬੀ ਹੋਈ। ਅਖ਼ੀਰ ’ਚ ਉਨ੍ਹਾਂ ਆਖਿਆ ਸੀ, “ਢਿੱਲੋਂ ਪਰਿਵਾਰ ਨੇ ਜੋ ਇਹਤਿਰਾਮ ਸਾਡੇ ਘਰ ਅਤੇ ਪਾਕ ਕਲਮੇ ਦਾ ਕੀਤਾ ਹੈ, ਉਹਦੀ ਮਿਸਾਲ ਸ਼ਾਇਦ ਹੀ ਦੁਨੀਆ ’ਤੇ ਕੋਈ ਹੋਰ ਮਿਲੇ। ਇਹ ਮੇਰੇ ਸਾਹਮਣੇ ਹੁੰਦੇ ਤਾਂ ਮੈਂ ਇਨ੍ਹਾਂ ਦੇ ਪੈਰ ਚੁੰਮ ਲੈਂਦਾ!”

Leave a Reply

Your email address will not be published. Required fields are marked *