ਹਾਸ਼ੀਏ ’ਤੇ ਪਏ ਅਹਿਸਾਨ ਕਰਨ ਵਾਲੇ (-ਇਕਬਾਲ ਸਿੰਘ ਹਮਜਾਪੁਰ)

ਸਾਲਾਨਾ ਸਮਾਗਮ ਸ਼ੁਰੂ ਹੋਣ ਸਾਰ ਮਾਸਟਰ ਭੈਣਜੀਆਂ ਤੇ ਬੱਚੇ ਮੇਰੇ ਵੱਲ ਹੋਰੂੰ ਹੋਰੂੰ ਝਾਕਣ ਲੱਗ ਪਏ ਸਨ। ਸਾਰੇ ਜਣੇ ਮੇਰੇ ਵੱਲ ਇੰਜ ਝਾਕ ਰਹੇ ਸਨ ਜਿਵੇਂ ਮੈਂ ਕੋਈ ਗੁਨਾਹ ਕਰ ਦਿੱਤਾ ਹੋਵੇ, ਜਿਵੇਂ ਮੇਰੇ ਕੋਲ ਸਮਝ ਦੀ ਘਾਟ ਹੋਵੇ।

ਮੇਰੇ ਵੱਲੋਂ ਰੰਗੀ ਨੂੰ ਸਟੇਜ ਉੱਪਰ ਲੈ ਕੇ ਜਾਣ ਵੇਲੇ ਤਾਂ ਬੱਚਿਆਂ ਨੇ ਰੌਲਾ ਪਾ ਦਿੱਤਾ। ਸਾਰੇ ਬੱਚੇ ਉਸ ਨੂੰ ਜਾਣਦੇ ਸਨ। ਬੱਚੇ ਉਸ ਵੱਲ ਉਂਗਲਾਂ ਕਰ-ਕਰ ਕੇ ਇਕ ਦੂਸਰੇ ਨੂੰ ਦੱਸਣ ਲੱਗੇ, ‘‘ਰੰਗੀ ਉਏ ਰੰਗੀ, ਜਿਹੜਾ ਬੱਸਾਂ ਲਈ ਸਵਾਰੀਆਂ ਨੂੰ ਹੋਕਰੇ ਮਾਰਦਾ ਹੁੰਦਾ।’’ ਬੱਚੇ ਨਾਂ ਇਸ ਤਰ੍ਹਾਂ ਲੈ ਰਹੇ ਸਨ ਜਿਵੇਂ ਰੰਗੀ ਉਨ੍ਹਾਂ ਦਾ ਛੋਟਾ ਭਰਾ ਹੋਵੇ। ਬੱਚਿਆਂ ਦੇ ਇਸ਼ਾਰਿਆਂ ਤੇ ਰੌਲੇ ਨੂੰ ਵੇਖ ਕੇ ਮਾਸਟਰਾਂ-ਭੈਣਜੀਆਂ ਨੂੰ ਕੁਰਸੀਆਂ ਛੱਡਣੀਆਂ ਪਈਆਂ। ਬੱਚਿਆਂ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ। ਬੱਚਿਆਂ ਨੇ ਸ਼ੁਰੂ ਵਿੱਚ ਹੀ ਸਮਾਗਮ ਦਾ ਮਜ਼ਾ ਕਿਰਕਰਾ ਕਰ ਦੇਣਾ ਸੀ। ਮਾਸਟਰਾਂ-ਭੈਣਜੀਆਂ ਨੇ ਬੱਚਿਆਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਉਹ ਝਿੜਕ ਤਾਂ ਬੱਚਿਆਂ ਨੂੰ ਰਹੇ ਸਨ, ਪਰ ਅੱਖਾਂ ਉਨ੍ਹਾਂ ਦੀਆਂ ਮੇਰੇ ਵੱਲ ਸਨ ਜਿਵੇਂ ਕਹਿ ਰਹੇ ਹੋਣ ‘‘ਇਹ ਭਸੂੜੀ ਤੇਰੀ ਹੀ ਪਾਈ ਆ। ਹੁਣ ਚੱਪ ਕਰਾ, ਇਨ੍ਹਾਂ ਆਪਣੇ ਕੁਝ ਲਗਦਿਆਂ ਨੂੰ।’’

ਮੇਰੇ ਵੱਲੋਂ ਰੰਗੀ ਨੂੰ ਸਟੇਜ ਤਕ ਲੈ ਕੇ ਜਾਣ ਵੇਲੇ ਸਟੇਜ ਉੱਪਰ ਸੁਸ਼ੋਭਿਤ ਪਤਵੰਤਿਆਂ ਨੇ ਵੀ ਪਹਿਲਾਂ ਰੰਗੀ ਵੱਲ ਅਤੇ ਫਿਰ ਸਟੇਜ ਉੱਪਰ ਲਾਈਨ ’ਚ ਲੱਗੀਆਂ ਕੁਰਸੀਆਂ ਵੱਲ ਕਨੱਖਾ ਜਿਹਾ ਝਾਕਿਆ। ਭਾਵੇਂ ਮੈਨੂੰ ਪਤਵੰਤਿਆਂ ਦੀ ਇਹ ਹਰਕਤ ਓਪਰੀ ਜਿਹੀ ਲੱਗੀ। ਪਰ ਰੰਗੀ ਨੇ ਕੋਈ ਧਿਆਨ ਨਾ ਦਿੱਤਾ। ਰੰਗੀ, ਇਹ ਦ੍ਰਿਸ਼ ਬੱਸਾਂ ਵਿਚ ਰੋਜ਼ਾਨਾ ਵੇਖਦਾ ਸੀ। ਬੱਸਾਂ ਵਿਚ ਇੰਝ ਹੀ ਸਵਾਰੀਆਂ ਕਿਸੇ ਨਵੀਂ ਸਵਾਰੀ ਦੇ ਚੜ੍ਹਨ ’ਤੇ ਪਹਿਲਾਂ ਖਾਲੀ ਸੀਟਾਂ ਵੱਲ ਤੇ ਫਿਰ ਆਪਣੀ ਸੀਟ ਵੱਲ ਵੇਖਦੀਆਂ ਹੁੰਦੀਆਂ। ਆਪਣੀ ਸੀਟ ਵਿਚ ਕਿਧਰੇ ਕੋਈ ਵਿਰਲ ਦਿਸਦੀ ਹੋਵੇ ਤਾਂ ਸਵਾਰੀਆਂ ਚੱਜ ਨਾਲ ਬਹਿੰਦੀਆਂ ਹੋਈਆਂ ਉਸ ਨੂੰ ਬੰਦ ਕਰ ਦਿੰਦੀਆਂ ਹੁੰਦੀਆਂ।

ਮੈਂ, ਰੰਗੀ ਨੂੰ ਸਟੇਜ ਤਕ ਪਹੁੰਚਾ ਕੇ ਆਪ ਹੇਠਾਂ ਆ ਕੇ ਬਹਿ ਗਿਆ ਸਾਂ। ਮੈਨੂੰ ਕੁਰਸੀ ਉੱਪਰ ਬੈਠੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਕੁਰਸੀ ਵਿਚ ਧੱਸਦਾ ਜਾ ਰਿਹਾ ਹੋਵਾਂ। ਡਰ ਰਿਹਾ ਸਾਂ ਕਿ ਕਿਧਰੇ ਸਕੂਲ ਦੇ ਸਾਲਾਨਾ ਸਮਾਗਮ ਵਿਚ ਵਿਘਨ ਨਾ ਪੈ ਜਾਵੇ। ਬੱਚਿਆਂ ਨੂੰ ਤਾਂ ਜਿਵੇਂ ਕਿਵੇਂ ਮਾਸਟਰ ਭੈਣਜੀਆਂ ਦੱਬ-ਘੁੱਟ ਕੇ ਬਿਠਾ ਛੱਡਣਗੇ, ਪਰ ਜੇ ਸਟੇਜ ਉੱਪਰ ਸੁਸ਼ੋਭਿਤ ਸਰਪੰਚ ਤੇ ਹੋਰ ਸਰਕਾਰੇ-ਦਰਬਾਰੇ ਪਹੁੰਚ ਵਾਲੇ ਸਮਾਜ ਸੇਵੀਆਂ ਵਿਚੋਂ ਕੋਈ ਵਿੱਟਰ ਗਿਆ ਤਾਂ…। ਮੈਂ ਸਮਝ ਗਿਆ ਸਾਂ ਕਿ ਸਟੇਜ ’ਤੇ ਸੁਸ਼ੋਭਿਤ ਪਤਵੰਤੇ ਘੁਟਣ ਜਿਹੀ ਮਹਿਸੂਸ ਕਰਨ ਲੱਗ ਪਏ ਹਨ।

‘‘ਜੇ ਇਨ੍ਹਾਂ ਵਿੱਚੋਂ ਕੋਈ ਸਮਾਗਮ ਨੂੰ ਅੱਧ ਵਿਚਾਲੇ ਛੱਡ ਕੇ ਤੁਰ ਗਿਆ ਤਾਂ ਔਖਾ ਹੋ ਜਾਊਗਾ।’’ ਮੈਨੂੰ ਖਿਆਲ ਆਇਆ।

ਮੈਂ ਪਹਿਲਾਂ ਵੀ ਕਈ ਸਮਾਗਮਾਂ ਵਿਚ ਪਤਵੰਤਿਆਂ ਨੂੰ ਹਰਖੇ ਹੋਏ ਵੇਖਿਆ ਹੈ। ਸਾਲ ਕੁ ਪਹਿਲਾਂ ਲੱਖੇ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਛੱਪੜ ’ਚ ਤਿਲ੍ਹਕ ਗਈ ਕੁੜੀ ਨੂੰ ਬਚਾਇਆ ਸੀ। ਬਾਅਦ ਵਿਚ ਜਦੋਂ ਸਰਕਾਰ ਵੱਲੋਂ ਮਿਲਿਆ ਸਨਮਾਨ ਪੱਤਰ ਅਸੀਂ ਲੱਖੇ ਨੂੰ ਦੇਣ ਲਈ ਸਟੇਜ ’ਤੇ ਪਤਵੰਤਿਆਂ ਦੇ ਬਰਾਬਰ ਬਿਠਾਇਆ ਸੀ ਤਾਂ ਸਰਪੰਚ ਦੇ ਨਾਲ ਕਈ ਹੋਰਾਂ ਨੇ ਵੀ ਮੂੰਹ ਮੋਟਾ ਕਰ ਲਿਆ ਸੀ। ਮੇਰੇ ਆਪਣੇ ਪਿੰਡ ਵਿਚ ਹੜ੍ਹਾਂ ਵੇਲੇ ਹਮੀਰਾ ਪਾਣੀ ਵਿਚ ਤਰਦੇ ਬੱਝੇ-ਬਝਾਏ ਕੁੱਪ ਨੂੰ ਧੱਕਦਾ-ਧੱਕਦਾ ਦੋ ਮੀਲਾਂ ਤੋਂ ਪਿੰਡ ਤਕ ਲੈ ਆਇਆ ਸੀ। ਫਿਰ ਜਦੋਂ ਮੈਂ, ਹਮੀਰੇ ਦੀ ਤਾਰੀਫ਼ ਵਿਚ ਦੋ ਸ਼ਬਦ ਕਹਿਣ ਲੱਗਾ ਸਾਂ ਤਾਂ ਸਰਪੰਚ ਨੇ ਕੰਨ ਵਿਚ ‘ਇਨ੍ਹਾਂ ਨੂੰ ਬਹੁਤਾ ਸਿਰ ਨਹੀਂ ਚੜ੍ਹਾਈਦਾ ਹੁੰਦਾ’ ਕਹਿ ਕੇ ਮੈਨੂੰ ਚੁੱਪ ਕਰਾ ਦਿੱਤਾ ਸੀ।

ਜਿਸ ਦਿਨ ਸਾਲਾਨਾ ਸਮਾਗਮ ਬਾਬਤ ਸਾਡੇ ਸਕੂਲ ਵਿਚ ਮੀਟਿੰਗ ਹੋਈ ਸੀ, ਉਸੇ ਦਿਨ ਹੈੱਡ-ਮਾਸਟਰ ਨੇ ਐਨਕ ਉੱਪਰੋਂ ਦੀ ਝਾਕਦਿਆਂ ਇਸ ਵਾਰ ਕਿਸੇ ਅਣਗੌਲੇ ਸਮਾਜ-ਸੇਵੀ ਨੂੰ ਵੀ ਸਨਮਾਨਿਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਹੈੱਡਮਾਸਟਰ ਨੇ ਕਿਸੇ ਅਣਗੌਲੇ ਸਮਾਜ ਸੇਵੀ ਨੂੰ ਲੱਭਣ ਦੀ ਤੇ ਧਰੇ ਦਿਨ ਲੈ ਕੇ ਆਉਣ ਦੀ ਮੇਰੀ ਡਿਊਟੀ ਲਗਾ ਦਿੱਤੀ ਸੀ। ਮੈਨੂੰ ਕੋਈ ਅਣਗੌਲਿਆ ਸਮਾਜ-ਸੇਵੀ ਲੱਭਣ ਵੇਲੇ ਬਹੁਤੀ ਮਗਜ਼ ਖਪਾਈ ਨਹੀਂ ਕਰਨੀ ਪਈ ਸੀ। ਮੈਂ ਰੰਗੀ ਨੂੰ ਵਰ੍ਹਿਆਂ ਤੋਂ ਜਾਣਦਾ ਸਾਂ। ਜਿਸ ਚੌਕ ਤੋਂ ਮੈਂ ਕਈ ਸਾਲਾਂ ਤੋਂ ਮੁੜਦਾ ਆ ਰਿਹਾ ਸਾਂ ਜਾਂ ਸ਼ਹਿਰ ਜਾਣ ਲਈ ਬਸ ਫੜ੍ਹਦਾ ਸਾਂ, ਰੰਗੀ ਉਸੇ ਚੌਕ ਵਿਚ ਹੁੰਦਾ ਸੀ। ਮੈਂ ਚਿਰਾਂ ਤੋਂ ਚੌਕ ਵਿਚ ਰੰਗੀ ਨੂੰ ਸਵਾਰੀਆਂ ਲਈ ਹੋਕਰੇ ਮਾਰਦਿਆਂ ਵੇਖਦਾ ਆ ਰਿਹਾ ਸਾਂ। ਹੋਕਰੇ ਮਾਰਦਾ-ਮਾਰਦਾ ਉਹ ਉਮਰੋਂ ਢਲ਼ ਗਿਆ ਸੀ।

ਇਸ ਚੌਕ ਦੇ ਇਕ ਪਾਸੇ ਮੇਰਾ ਪਿੰਡ ਸੀ ਤੇ ਦੂਸਰੇ ਪਾਸੇ ਇਹ ਸਕੂਲ। ਇਸੇ ਸਕੂਲ ਵਿਚ ਮੈਂ ਦਸਵੀਂ ਤਕ ਪੜ੍ਹਿਆ ਸਾਂ। ਹੁਣ ਇੱਥੇ ਹੀ ਨੌਕਰੀ ਕਰਨ ਲੱਗ ਪਿਆ ਸਾਂ। ਪੜ੍ਹਨ ਵੇਲੇ ਮੈਂ ਰੋਜ਼ਾਨਾ ਸਾਈਕਲ ਰਾਹੀਂ ਚੌਕ ਵਿੱਚੋਂ ਲੰਘਦਾ ਹੋਇਆ ਰੰਗੀ ਦੇ ਦਰਸ਼ਨ ਕਰਦਾ ਸਾਂ। ਹੁਣ ਮੈਂ ਰੋਜ਼ਾਨਾ ਸਕੂਟਰ ’ਤੇ ਹੋਣ ਕਰਕੇ ਚੌਕ ਵਿੱਚੋਂ ਭਾਵੇਂ ਛੇਤੀ ਦੇਣੇ ਲੰਘ ਜਾਂਦਾ ਸਾਂ। ਫਿਰ ਵੀ ਰੰਗੀ ਦੀ ਟੁਣਕਵੀਂ ਆਵਾਜ਼ ਦੂਰ ਤਕ ਕੰਨਾਂ ਵਿਚ ਗੂੰਜਦੀ ਰਹਿੰਦੀ।

‘‘ਚੰਡੀਗੜ੍ਹ, ਪਟਿਆਲਾ, ਅੰਬਾਲਾ, ਕਰਨਾਲ, ਪਾਣੀਪਤ, ਰਾਜਪੁਰਾ, ਮੁਹਾਲੀ, ਸਰਹਿੰਦ, ਨਾਭਾ, ਲਧਿਆਣਾ, ਗੁਰੂ ਕੀ ਨਗਰੀ ਫਤਿਹਗੜ੍ਹ ਸਾਹਿਬ ਤੇ ਰੋਪੜ-ਚਮਕੌਰ ਸਾਹਿਬ ਨੂੰ ਜਾਣ ਵਾਲੇ ਹੇਠਾਂ ਲਹਿ ਜੋ ਬਈ ਓ।’’ ਜਦੋਂ ਬਸ ਚੌਕ ਵਿਚ ਆਣ ਕੇ ਰੁਕਦੀ, ਰੰਗੀ ਅਗਲੀ ਬਾਰੀ ਥਾਣੀਂ ਚੜ੍ਹ ਕੇ ਹੋਕਰਾ ਮਾਰਦਾ। ਫਿਰ ਬਸ ਦੂਸਰੇ ਪਾਸਿਓ ਆ ਜਾਂਦੀ। ਰੰਗੀ ਦੂਸਰੀ ਬਸ ਵਿਚ ਵੜ ਕੇ ਹੋਕਰਾ ਮਾਰਦਾ: ‘‘ਭੀਖੀ, ਬੁਢਲਾਡਾ, ਸਰਸਾ, ਰਤੀਆ, ਬੋਹਾ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਾਜਿਲਕਾ, ਫ਼ਿਰੋਜ਼ਪੁਰ, ਮਾਨਸਾ, ਮਲੋਟ, ਮੁਕਤਸਰ, ਮੋਗਾ, ਅਬਹੋਰ, ਜੈਤੋ, ਝੁਨੀਰ ਤੇ ਡੱਬਵਾਲੀ ਨੂੰ ਜਾਣ ਵਾਲਿਆਂ ਵਾਸਤੇ ਬਸ ਤਿਆਰ ਖੜ੍ਹੀ ਆ ਬਈ ਓ।’’

ਨਿੱਕੇ ਕੱਦ ਤੇ ਮਾੜਚੂ ਜਿਹੇ ਸਰੀਰ ਵਾਲੇ ਰੰਗੀ ਵਿੱਚੋਂ ਆਵਾਜ਼ ਪਤਾ ਨਹੀਂ ਕਿੱਥੋਂ ਨਿਕਲਦੀ ਸੀ। ਰੰਗੀ ਦੀ ਗੂੰਜਦੀ ਆਵਾਜ਼ ਅੱਡੇ ਵਿਚਲੀਆਂ ਬੱਸਾਂ ਦੇ ਸ਼ੋਰ ਨੂੰ ਮੱਧਮ ਕਰ ਦਿੰਦੀ ਸੀ। ਰੰਗੀ ਪੰਜਾਬ ਹਰਿਆਣੇ ਦੇ ਨਿੱਕੇ ਤੋਂ ਨਿੱਕੇ ਸ਼ਹਿਰ ਅਤੇ ਪਿੰਡ ਦਾ ਨਾਂ ਅਤੇ ਰਾਹ ਜਾਣਦਾ ਸੀ। ਰੰਗੀ ਸਵਾਰੀਆਂ ਨੂੰ ਬੱਸਾਂ ’ਚੋਂ ਲਾਹ ਕੇ ਥਾਂ ਸਿਰ ਖੜ੍ਹਾ ਕਰਦਾ। ਉਹ, ਸਵਾਰੀਆਂ ਨੂੰ ਬੱਸ ਦੇ ਆਉਣ ਦਾ ਟਾਈਮ ਹੀ ਨਹੀਂ, ਬੱਸ ਦਾ ਨੰਬਰ ਤੇ ਬੱਸ ਦੀ ਨਿਸ਼ਾਨੀ ਵੀ ਦੱਸਦਾ।

ਪਿਹੋਵੇ ਤੇ ਹਰਿਦੁਆਰ ਨੂੰ ਜਾਣ ਵਾਲੀਆਂ ਬੱਸਾਂ ਇਸੇ ਚੌਕ ਵਿੱਚੋਂ ਲੰਘਦੀਆਂ ਸਨ। ਇਨ੍ਹਾਂ ਥਾਵਾਂ ਨੂੰ ਜਾਣ ਵਾਲਿਆਂ ਨੂੰ ਰੰਗੀ ਖ਼ਾਸ ਤਵੱਜੋ ਦਿੰਦਾ। ਪਿਹੋਵੇ ਤੇ ਹਰਿਦੁਆਰ ਜਾਣ ਵਾਲਿਆਂ ਨੂੰ ਉਹ ਚੌਕ ਵਿਚਲੇ ਢਾਬੇ ਦੇ ਬਾਹਰ ਗੱਢਿਆ ਕਿੱਲ ਵਿਖਾਉਂਦਾ, ਬੱਸ ਆਉਣ ਵੇਲੇ ਤਕ ਗੁਥਲੀ ਕਿੱਲ ਨਾਲ ਟੰਗਣ ਲਈ ਆਖਦਾ ਤੇ ਧੁਰ ਤਕ ਦਾ ਰਾਹ ਸਮਝਾਉਂਦਾ। ਉਹ ਇਨ੍ਹਾਂ ਥਾਵਾਂ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਸੀਟਾਂ ਵੀ ਦਿਵਾਉਂਦਾ।

ਮੇਰਾ ਕੁਰਸੀ ’ਤੇ ਬੈਠੇ ਬੈਠੇ ਦਾ ਧਿਆਨ ਸਟੇਜ ’ਤੇ ਪਿਆ। ਕੁੜੀਆਂ, ਪਤਵੰਤਿਆਂ ਨੂੰ ਬੈਜ ਲਗਾ ਰਹੀਆਂ ਸਨ। ਮੈਂ ਗਹੁ ਨਾਲ ਵੇਖਦਾ ਰਿਹਾ। ਕੁੜੀਆਂ ਨੇ ਸਟੇਜ ਉੱਪਰ ਸੁਸ਼ੋਭਿਤ ਸਾਰੇ ਪਤਵੰਤਿਆਂ ਨੂੰ ਬੈਜ ਲਗਾ ਦਿੱਤੇ ਸਨ, ਪਰ ਉਨ੍ਹਾਂ ਰੰਗੀ ਨੂੰ ਛੱਡ ਦਿੱਤਾ ਸੀ। ਕਿਸੇ ਭੈਣਜੀ ਨੇ ਕੁੜੀਆਂ ਨੂੰ ਬੈਜ ਲਗਾਉਣ ਲਈ ਤਿਆਰ ਕੀਤਾ ਸੀ। ਭੈਣਜੀ ਨੇ ਜਿਸ-ਜਿਸ ਨੂੰ ਬੈਜ ਲਗਾਉਣ ਲਈ ਕਿਹਾ ਸੀ, ਕੁੜੀਆਂ ਨੇ ਉਸੇ-ਉਸੇ ਨੂੰ ਲਗਾ ਦਿੱਤਾ ਸੀ। ਦੋ ਹੋਰ ਕੁੜੀਆਂ ਕਾਜੂ-ਬਦਾਮਾਂ ਤੇ ਬਰਫ਼ੀ ਵਾਲੀ ਪਲੇਟ ਲੈ ਕੇ ਸਟੇਜ ’ਤੇ ਚੜ੍ਹ ਗਈਆਂ ਸਨ। ਕੁੜੀਆਂ ਦੋਵੇਂ ਪਲੇਟਾਂ ਕੱਲੇ ਕੱਲੇ ਪਤਵੰਤੇ ਅੱਗੇ ਕਰ ਰਹੀਆਂ ਸਨ। ਪਰ ਇਹ ਪਲੇਟਾਂ ਵੀ ਨਹਿਰੀ ਪਾਣੀ ਵਾਂਗ ਸਿਰੇ ਵਾਲੇ ਤਕ ਨਹੀਂ ਪਹੁੰਚੀਆਂ ਸਨ। ਕੁੜੀਆਂ ਪਲੇਟਾਂ ਲੈ ਕੇ ਰੰਗੀ ਤਕ ਪਹੁੰਚਣ ਤੋਂ ਪਹਿਲਾਂ ਹੀ ਪਿਛਾਂਹ ਮੁੜ ਆਈਆਂ ਸਨ।

‘‘ਸ਼ਹਿਰਾਂ ਵਿਚ ਰਹਿਣ ਵਾਲਿਆਂ ਨੂੰ ਨਹੀਂ ਪਤਾ ਕਿ ਪਿੰਡਾਂ ਵਾਲੇ ਕਿਵੇਂ ਪੜ੍ਹਾਈਆਂ ਕਰਦੇ ਹਨ। ਸ਼ਹਿਰੀਆਂ ਨੂੰ ਤਾਂ ਰਿਕਸ਼ਿਆਂ ਵਾਲੇ ਸਕੂਲਾਂ ਵਿਚ ਛੱਡਣ ਤੇ ਲੈਣ ਜਾਂਦੇ ਹਨ। ਜਾਂ ਫਿਰ ਇਨ੍ਹਾਂ ਨੂੰ ਪਿਓ-ਭਰਾ ਸਕੂਲਾਂ-ਕਾਲਜਾਂ ਮੂਹਰੇ ਲਾਹ ਜਾਂਦੇ ਹਨ ਤੇ ਛੁੱਟੀ ਵੇਲੇ ਫਿਰ ਗੇਟ ’ਤੇ ਖੜ੍ਹੇ ਉਡੀਕ ਰਹੇ ਹੁੰਦੇ ਹਨ।’’ ਮੈਂ ਜਿਵੇਂ ਆਪਣੇ-ਆਪ ਨੂੰ ਆਖਿਆ।

ਸਕੂਲ ਪੜ੍ਹਨ ਤੇ ਨੌਕਰੀ ਕਰਨ ਦੇ ਵਿਚਕਾਰਲੇ ਸਮੇਂ ਵਿਚ ਮੇਰਾ ਰੰਗੀ ਨਾਲ ਵਧੇਰੇ ਵਾਹ ਪਿਆ ਸੀ। ਸਕੂਲੋਂ ਦਸਵੀਂ ਕਰਨ ਤੋਂ ਬਾਅਦ ਮੈਂ ਸ਼ਹਿਰ ਪੜ੍ਹਨ ਜਾਣ ਲੱਗ ਪਿਆ ਸਾਂ। ਸ਼ਹਿਰ ਜਾਣ ਲਈ ਮੈਂ ਇਸੇ ਚੌਕ ਤਕ ਸਾਈਕਲ ’ਤੇ ਆਉਂਦਾ ਸਾਂ। ਸਾਈਕਲ ਇੱਥੇ ਇਕ ਕਰਿਆਨੇ ਦੀ ਦੁਕਾਨ ’ਤੇ ਖੜ੍ਹਾ ਕਰਨ ਤੋਂ ਬਾਅਦ ਮੈਂ ਬਸ ਚੜ੍ਹਨਾ ਹੁੰਦਾ ਸੀ।

ਰੋਜ਼ਾਨਾ ਸੈਂਕੜੇ ਦੇ ਕਰੀਬ ਬੱਸਾਂ ਇਸ ਚੌਕ ਵਿਚ ਹੁੰਦੀਆਂ ਹੋਈਆਂ ਭਾਰਤ ਤੇ ਪੰਜਾਬ-ਹਰਿਆਣੇ ਦੀ ਰਾਜਧਾਨੀ ਨੂੰ ਜਾਂਦੀਆਂ ਸਨ। ਭਾਵੇਂ ਇਸ ਚੌਕ ਵਿਚ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ, ਫਿਰ ਵੀ ਸਵੇਰੇ ਨੌਂ-ਦਸ ਵਜੇ ਤਕ ਇੱਥੋਂ ਬੱਸ ਚੜ੍ਹਨਾ ਕਿਸੇ ਪਹਾੜ ਦੀ ਚੋਟੀ ’ਤੇ ਚੜ੍ਹਨ ਵਾਂਗ ਸੀ। ਇਕੱਲਾ ਮੈਂ ਹੀ ਨਹੀਂ, ਹੋਰ ਵੀ ਬਥੇਰੇ ਜਣੇ ਰੋਜ਼ਾਨਾ ਵੇਲੇ ਨਾਲ ਘਰੋਂ ਤਿਆਰ ਹੋ ਕੇ ਚੌਕ ਵਿਚ ਪਹੁੰਚ ਜਾਂਦੇ ਸਨ। ਮੇਰੇ ਵਾਂਗ ਸਭ ਨੇ ਸ਼ਹਿਰ ਜਾਣਾ ਹੁੰਦਾ ਸੀ। ਕਿਸੇ ਨੇ ਪੜ੍ਹਨ ਤੇ ਕਿਸੇ ਨੇ ਕੰਮਕਾਰ ਕਰਨ। ਡਰਾਈਵਰ ਸਵਾਰੀਆਂ ਚੁੱਕਣ ਦੇ ਇਰਾਦੇ ਨਾਲ ਬਸ ਰੋਕਦੇ, ਪਰ ਪਾੜ੍ਹਿਆਂ ਨੂੰ ਵੇਖ ਕੇ ਫਿਰ ਗਿਅਰ ਪਾ ਲੈਂਦੇ ਸਨ ਤੇ ਸਵਾਰੀਆਂ ਦੀ ਜਾਨ ਨਾਲ ਖੇਡਦੇ ਹੋਏ ਬਸ ਭਜਾ ਲੈਂਦੇ ਸਨ। ਇਹ ਇਕ ਦਿਨ ਦੀ ਕਹਾਣੀ ਨਹੀਂ ਸੀ। ਹਫ਼ਤੇ ਦੇ ਛੀਏ ਦਿਨ ਇੰਜ ਹੀ ਹੁੰਦਾ ਸੀ।

ਲਗਾਤਾਰ ਬੱਸਾਂ ਨਾ ਰੁੱਕਣ ਕਰਕੇ ਚੌਕ ਵਿਚ ਸਵਾਰੀਆਂ ਤੇ ਪਾੜ੍ਹਿਆਂ ਦਾ ਮੇਲਾ ਲੱਗ ਜਾਂਦਾ। ਫਿਰ ਡਰਾਈਵਰ ਬੱਸਾਂ ਅੱਗੇ-ਪਿੱਛੇ ਰੋਕਦੇ। ਅੱਗੇ-ਪਿੱਛੇ ਬੱਸ ਰੁਕੀ ਵੇਖ ਕੇ ਭੀੜ ਚੜ੍ਹਨ ਲਈ ਭੱਜਦੀ। ਪੜ੍ਹਨ ਵਾਲੇ ਮੁੰਡੇ ਕੁੜੀਆਂ, ਆਮ ਸਵਾਰੀਆਂ ਨਾਲੋਂ ਵਧੇਰੇ ਫੁਰਤੀਲੇ, ਹਿੰਮਤੀ ਤੇ ਜਵਾਨੀ ’ਚ ਹੋਣ ਕਰਕੇ ਪਹਿਲਾਂ ਬੱਸ ਕੋਲ ਪਹੁੰਚ ਜਾਂਦੇ। ਪਰ ਬੱਸਾਂ ਪਹਿਲਾਂ ਹੀ ਸਵਾਰੀਆਂ ਨਾਲ ਭਰੀਆਂ ਹੁੰਦੀਆਂ। ਦੋਵਾਂ ਬਾਰੀਆਂ ਵਿਚ ਮਸ੍ਵਾਂ ਪੰਜ-ਸੱਤ ਮੁੰਡੇ-ਕੁੜੀਆਂ ਲਮਕਦੇ। ਪਰ ਕੰਡਕਟਰ ਬਾਰੀਆਂ ਵਿਚ ਵੀ ਨਾ ਲਮਕਣ ਦਿੰਦੇ। ਨੌਂ ਕੁ ਵਜੇ ਆਉਣ ਵਾਲੀ ਬਿਨਾਂ ਬੂਹੇ ਬਾਰੀਆਂ ਵਾਲੀ ਲਾਰੀ ਦਾ ਕੰਡਕਟਰ ਤਾਂ ਪਾੜ੍ਹਿਆਂ ਨੂੰ ਬਾਹਾਂ ਤੋਂ ਫੜ-ਫੜ ਕੇ ਹੇਠਾਂ ਨੂੰ ਧੂੰਹਦਾ। ਜੇ ਕੋਈ ਅੱਗਿਓਂ ਨਾਂਹ-ਨੁੱਕਰ ਕਰਦਾ, ਉਹ ਬੱਸ ਨੂੰ ਸਿੱਧੀ ਥਾਣੇ ਲੈ ਜਾਣ ਦਾ ਡਰਾਵਾ ਦਿੰਦਾ। ਜਾਂ ਡਰਾਈਵਰ ਨੂੰ ਆਵਾਜ਼ ਮਾਰਦਾ ਹੋਇਆ ਆਖਦਾ,

‘‘ਭਜਨ ਸਿੰਹਾਂ! ਜਰਾ ਆਵੀਂ ਰਾਡ ਲੈ ਕੇ, ਆਹ ਮੰਢ੍ਹੀਰ ਦੀ ਭੁਗਤ ਸਵਾਰੀਏ।’’ ਉਹ ਉਸੇ ਰਾਡ ਦਾ ਡਰਾਵਾ ਦਿੰਦਾ ਜਿਸ ਨਾਲ ਭਜਨ ਸਿੰਹੁ ਟਾਇਰਾਂ ਦੀ ਹਵਾ ਚੈੱਕ ਕਰਦਾ ਹੁੰਦਾ ਸੀ।

ਸਵਾਰੀਆਂ ਵੱਖਰੀਆਂ ਸਾਡੇ ਗਲ਼ਾਂ ਨੂੰ ਪੈਂਦੀਆਂ। ਸਵਾਰੀਆਂ ਆਪਣੀ ਥਾਂ ਸੱਚੀਆਂ ਹੁੰਦੀਆਂ ਸਨ। ਕਈਆਂ ਰਿਸ਼ਤੇਦਾਰੀ ਵਿਚ ਕਿਧਰੇ ਦੂਰ ਜਾਣਾ ਹੁੰਦਾ ਸੀ ਤੇ ਕਈਆਂ ਨੇ ਸਰਕਾਰੇ ਦਰਬਾਰੇ ਤਾਰੀਖ ਭੁਗਤਣੀ ਹੁੰਦੀ ਸੀ। ਦੂਰ-ਦੁਰਾਡੇ ਜਾਂ ਕਚਹਿਰੀਆਂ ਵਿਚ ਜਾਣ ਵਾਲੇ ਵੇਲੇ ਨਾਲ ਘਰੋਂ ਤੁਰਦੇ ਸਨ। ਪਰ ਉਨ੍ਹਾਂ ਨੂੰ ਸਾਡੇ ਕਰਕੇ ਦੁਪਹਿਰ ਚੌਕ ਵਿਚ ਹੀ ਚੜ੍ਹ ਜਾਂਦੀ ਸੀ।

ਇਕ ਇਹ ਰੰਗੀ ਹੀ ਸੀ ਜਿਹੜਾ ਸਾਡੇ ਤੇ ਸਵਾਰੀਆਂ ਵਿਚਕਾਰ ਪੰਚਾਇਤੀ ਬਣਦਾ ਹੁੰਦਾ ਸੀ।

‘‘ਮੁੰਡਿਓ! ਇਕ ਵਾਰ ਥੱਲੇ ਹੋਵੋ। ਆਹ ਦੋ ਸਵਾਰੀਆਂ ਨੂੰ ਚੜ੍ਹਨ ਦੇਵੋ। ਇਨ੍ਹਾਂ ਦੂਰ ਜਾਣਾ।’’ ਰੰਗੀ ਇਹ ਆਖਦਾ ਹੋਇਆ ਸਾਡੇ ਵਿੱਚੋਂ ਦੋ ਕੁ ਜਣਿਆਂ ਨੂੰ ਹੇਠਾਂ ਲਾਹ ਕੇ ਸਵਾਰੀਆਂ ਨੂੰ ਚੜ੍ਹਾਉਂਦਾ। ਅਸੀਂਂ ਫਿਰ ਤੁਰੀ ਜਾਂਦੀ ਬੱਸ ਦੀ ਬਾਰੀ ਵਿਚ ਲਮਕਦੇ। ਅਸੀਂਂ ਬਾਰੀ ਵਿਚ ਲਮਕ ਤਾਂ ਜਾਂਦੇ, ਪਰ ਇਹ ਸਾਡੀ ਇਕ ਕਿਸਮ ਦੀ ਮੌਤ ਨਾਲ ਖੇਡ ਹੁੰਦੀ। ਸਫ਼ਰ ਦੌਰਾਨ ਇੰਜ ਲੱਗਦਾ ਜਿਵੇਂ ਉੱਤੋਂ ਕੋਈ ਢਿੱਗ ਡਿੱਗ ਰਹੀ ਹੋਵੇ। ਇਸ ਡਿੱਗ ਰਹੀ ਢਿੱਗ ਨੂੰ ਅਸੀਂ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਰੋਕਦੇ। ਜੇੇ ਨਹੀਂ ਰੋਕਦੇ ਸਾਂ ਤਾਂ ਫਿਰ ਕਿਸੇ ਵੇਲੇ ਵੀ ਪਿਛਾਂਹ ਨੂੰ ਭੱਜੇ ਜਾਂਦੇ ਜਾਪਦੇ ਰੁੱਖਾਂ ਨਾਲ ਪਿਛਾਂਹ ਨੂੰ ਰੁੜ੍ਹ ਸਕਦੇ ਸਾਂ।

ਫਿਰ ਇਕ ਦਿਨ ਅੱਕੇ ਹੋਏ ਪਾੜ੍ਹਿਆਂ ਨੇ ਚੌਕ ਤੋਂ ਥੋੜ੍ਹਾ ਅੱਗੇ ਜਾ ਕੇ ਲਾਂਘਾ ਬੰਦ ਕਰ ਦਿੱਤਾ। ਪਾੜ੍ਹੇ ਕਿਧਰੋਂ ਗੱਡਾ ਧੂਹ ਲਿਆਏ। ਉਨ੍ਹਾਂ ਸੜਕ ਦੇ ਵਿਚਕਾਰ ਗੱਡਾ ਖੜ੍ਹਾ ਕਰ ਕੇ ਆਸੇ ਪਾਸੇ ਪੈਂਚਰ ਲਾਉਣ ਵਾਲੀ ਦੁਕਾਨ ਦੇ ਬਾਹਰ ਪਏ ਟਾਇਰ ਸੁੱਟ ਦਿੱਤੇ।

ਅਸੀਂ ਚੌਕ ਵਿਚ ਰੋਜ਼ਾਨਾ ਦੋ-ਦੋ ਘੰਟੇ ਖੜ੍ਹੇ ਰਹਿੰਦੇ ਸਾਂ। ਅਜੇ ਤਕ ਕਿਸੇ ਨੂੰ ਖ਼ਬਰ ਨਹੀਂ ਹੋਈ ਸੀ।

ਸਾਲ ਕੁ ਪਹਿਲਾਂ ਆਏ ਝੱਖੜ ਨੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਦਰੱਖਤ ਪੁੱਟ ਕੇ ਇਕ ਦੂਜੇ ’ਤੇ ਸੁੱਟ ਦਿੱਤੇ ਸਨ। ਸੜਕ ਬੰਦ ਹੋ ਗਈ ਸੀ। ਉਦੋਂ ਸੜਕ ਦੋ ਦਿਨ ਬੰਦ ਰਹੀ ਸੀ। ਕੋਈ ਨਹੀਂ ਬਹੁੜਿਆ ਸੀ। ਫਿਰ ਲੋਕਾਂ ਨੇ ਆਪ ਹੀ ਟਾਹਣਾਂ ਨੂੰ ਵੱਢ-ਟੁੱਕ ਕੇ ਰਾਹ ਖੋਲ੍ਹਿਆ ਸੀ। ਟਾਹਣਾਂ ਨੂੰ ਵੱਢਦੇ ਟੁੱਕਦੇ ਲੋਕ ਡਰਦੇ ਵੀ ਸਨ ਕਿ ਕਿਧਰੇ ਪੇਸ਼ੀਆਂ ਨਾ ਭੁਗਤਣੀਆਂ ਪੈ ਜਾਣ। ਇਕ ਵਾਰ ਘੋੜੇ ਵਾਲੀ ਬਸ ਦਾ ਪਟਾਕਾ ਪੈ ਗਿਆ ਸੀ ਤੇ ਬਸ ਹੇਠਾਂ ਵਾਹਣਾਂ ਵਿਚ ਲਹਿ ਗਈ ਸੀ। ਫਿਰ ਵਿਚਾਰੇ ਡਰਾਈਵਰ-ਕੰਡਕਟਰ ਬਸ ਦੀ ਰਾਖੀ ਬੈਠੇ-ਬੈਠੇ ਸੁੱਕ ਗਏ ਸਨ। ਬਸ ਨੂੰ ਧੂਹਣ ਵਾਲੀ ਕਰੇਨ ਚਹੁੰ ਦਿਨਾਂ ਬਾਅਦ ਆਈ ਸੀ।

ਪਰ ਜਿਸ ਦਿਨ ਪਾੜ੍ਹਿਆਂ ਨੇ ਲਾਂਘਾ ਬੰਦ ਕੀਤਾ ਸੀ, ਉਸ ਦਿਨ ਕੋਈ ਵੱਖਰੀ ਤਾਰ ਤੇ ਟੈਲੀਫੋਨ ਚੱਲ ਪਿਆ ਸੀ। ਅੱਧੇ ਘੰਟੇ ਵਿਚ ਘੂਅ-ਘੂਅ ਕਰਦੀਆਂ ਪੁਲੀਸ ਦੀਆਂ ਜੀਪਾਂ ਅੱਪੜ ਗਈਆਂ। ਬੱਸਾਂ ਪਹਿਲਾਂ ਹੀ ਆਉਣੀਆਂ ਬੰਦ ਹੋ ਗਈਆਂ ਸਨ। ਬੱਸਾਂ ਚੌਕ ਦੇ ਪਿੱਛਿਓਂ ਦੋ ਪਿੰਡ ਵਲ਼ਾ ਕੇ ਲੰਘਣ ਲੱਗ ਪਈਆਂ ਸਨ।

ਪੁਲੀਸ ਨੇ ਆਉਣ ਸਾਰ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਪੁਲੀਸ ਦੀ ਮਾਰ ਤੋਂ ਡਰਦੇ ਸਭ ਪਾੜ੍ਹੇ ਛੁਪਨ ਹੋ ਗਏ। ਪੁਲੀਸ ਨੇ ਦੁਕਾਨਾਂ ਵਾਲਿਆਂ ਨੂੰ ਪੁੱਛ-ਪੁਛਾ ਕੇ ਸਾਡੇ ਵਿੱਚੋਂ ਕਈਆਂ ਦੇ ਨਾਂ ਪਤੇ ਲਿਖ ਲਏ। ਬਾਅਦ ਵਿਚ ਸਿਪਾਹੀ ਕਈ ਦਿਨ ਪਾੜ੍ਹਿਆਂ ਦੇ ਘਰਾਂ ਵਿਚ ਜਾ ਕੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੰਦੇ ਰਹੇ। ਬੇਬੇ ਬਾਪੂ ਤਕ ਖ਼ਬਰ ਪਹੁੰਚ ਗਈ ਸੀ ਕਿ ਸੜਕ ਬੰਦ ਕਰਨ ਵਾਲਿਆਂ ਵਿਚ ਮੇਰਾ ਵੀ ਨਾਂ ਬੋਲਦਾ। ‘‘ਤੁਸੀਂ ਸ਼ਹਿਰ ਪੜ੍ਹਨ ਜਾਂਦੇ ਹੋ ਕਿ ਸੜਕਾਂ ਬੰਦ ਕਰਨ। ਤੁਹਾਡੇ ਪਿਓ-ਦਾਦੇ ਨੇ ਅਜੇ ਤਕ ਥਾਣਾ ਨਹੀਂ ਵੇਖਿਆ, ਹੁਣ ਤੁਸੀਂ ਵਿਖਾਓਗੇ।’’ ਬੇਬੇ-ਬਾਪੂ ਨੇ ਹਰਖ ਕੇ ਆਖਿਆ ਸੀ। ਉਹ ਹਵਾਲਾਤ ਦਾ ਨਾਂ ਸੁਣ ਕੇ ਥਰ-ਥਰ ਕੰਬਣ ਲੱਗ ਪਏ ਸਨ।

ਅਸੀਂ ਆਪਣਾ ਪਹਿਲਾ ਪੀਰੀਅਡ ਕਦੇ ਹੀ ਲਾਉਂਦੇ। ਪਹਿਲਾ ਪੀਰੀਅਡ ਹੁੰਦਾ ਵੀ ਅੰਗਰੇਜ਼ੀ ਦਾ ਸੀ। ਅਸੀਂ ਪਿੰਡਾਂ ਵਾਲੇ ਅੰਗਰੇਜ਼ੀ ਤੋਂ ਉਂਜ ਵੀ ਡਰਦੇ ਸਾਂ ਤੇ ਅੰਗਰੇਜ਼ੀ ਵਾਲੀ ਘੰਟੀ ਵਿਚ ਹਾਜ਼ਰੀਆਂ ਘੱਟ ਹੋਣ ਦਾ ਇਕ ਡਰ ਹੋਰ ਸਵਾਰ ਹੋ ਜਾਂਦਾ।

ਰੰਗੀ ਕਈ ਵਾਰ ਸਾਨੂੰ ਚੌਕ ਵਿਚਲੀਆਂ ਦੁਕਾਨਾਂ ਪਿੱਛੇ ਲੁਕ ਜਾਣ ਲਈ ਆਖਦਾ। ਫਿਰ ਰੁਕ ਕੇ ਤੁਰਨ ਲੱਗੀ ਬੱਸ ’ਤੇ ਅਸੀਂ ਧੱਕਾ-ਮੁੱਕੀ ਕਰਦੇ ਹੋਏ ਚੜ੍ਹਦੇ। ਧੱਕੇ-ਮੁੱਕੀ ਵੇਲੇ ਸਾਡੇ ਵਿੱਚੋਂ ਇਕ ਦੋ ਜਣੇ ਲਾਜ਼ਮੀ ਧੌਣ ਪਰਨੇ ਡਿੱਗਦੇ। ਮੈਂ ਆਪ ਵੀ ਕਈ ਵਾਰ ਰਗੜਾਂ ਲਗਵਾਈਆਂ ਸਨ।

ਜਿੱਦਣ ਮੇਰਾ ਨੌਕਰੀ ਲਈ ਇੰਟਰਵਿਊ ਸੀ, ਉਸ ਦਿਨ ਵੀ ਮੈਂ ਤਿਆਰ ਹੋ ਕੇ ਮੂੰਹ ਹਨੇਰੇ ਚੌਕ ਵਿਚ ਖੜ੍ਹ ਗਿਆ ਸੀ। ਉਸ ਦਿਨ ਵੀ ਕੋਈ ਬੱਸ ਰੁੱਕਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੇ ’ਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਸੀ। ਮੈਂ ਸੜਕ ਕੰਢੇ ਖੜ੍ਹਾ ਹੋ ਕੇ ਬੱਸਾਂ ਦਾ ਰਾਹ ਵੇਖਣ ਲੱਗ ਪਿਆ ਸਾਂ। ਉਸ ਦਿਨ ਵੀ ਰੰਗੀ ਨੇ ਮੇਰੀ ਚਿੰਤਾ ਨੂੰ ਭਾਂਪ ਲਿਆ ਸੀ। ਉਸ ਨੇ ਮੈਨੂੰ ਥੋੜ੍ਹਾ ਅੱਗੇ ਪਿੱਛੇ ਹੋ ਜਾਣ ਲਈ ਆਖਿਆ ਸੀ ਤੇ ਮੈਨੂੰ ਬੱਸ ਦੀ ਡਰਾਈਵਰ ਵਾਲੀ ਬਾਰੀ ਥਾਣੀ ਚੜ੍ਹਾਇਆ ਸੀ। ਉਸ ਦਿਨ ਮੈਨੂੰ, ਰੰਗੀ ਨੇ ਬੱਸ ਚੜ੍ਹਾ ਤਾਂ ਚੜ੍ਹਾ ਦਿੱਤਾ ਸੀ, ਪਰ ਮੈਨੂੰ ਸਾਰੇ ਰਾਹ ਓਕੜੂ ਹੋ ਕੇ ਜਾਣਾ ਪਿਆ ਸੀ। ਬਾਅਦ ਵਿਚ ਸਾਰਾ ਦਿਨ ਢੂਈ ਦਰਦ ਕਰਦੀ ਰਹੀ ਸੀ।

ਰੰਗੀ ਰੋਜ਼ਾਨਾ ਬੜੀ ਸਿਆਣਪ ਵਿਖਾਉਂਦਾ ਹੁੰਦਾ ਸੀ। ਉਹ ਇਕ ਇਕ ਕਰ ਕੇ ਸਭ ਨੂੰ ਮੰਜ਼ਿਲ ’ਤੇ ਪਹੁੰਚਾ ਦਿੰਦਾ ਸੀ। ਬੱਸਾਂ ਵਾਲਿਆਂ ਨੂੰ ਰੰਗੀ ਤਾਈਂ ਗਰਜ਼ ਸੀ। ਉਹ ਬੱਸਾਂ ਵਾਲਿਆਂ ਨੂੰ ਸਵਾਰੀਆਂ ਇਕੱਠੀਆਂ ਕਰਕੇ ਦਿੰਦਾ ਸੀ। ਘਾਟ-ਘਾਟ ਦਾ ਪਾਣੀ ਪੀਣ ਵਾਲੇ ਡਰਾਈਵਰਾਂ-ਕੰਡਕਟਰਾਂ ਸਾਹਮਣੇ ਮੈਂ-ਤੂੰ ਕੀ ਸਾਂ। ਉਹ ਸਿਰਫ਼ ਰੰਗੀ ਦੇ ਹੀ ਅਹਿਸਾਨਮੰਦ ਸਨ।

ਜਿਨ੍ਹਾਂ ਬੱਸਾਂ ’ਤੇ ਅਸੀਂ ਰੋਜ਼ਾਨਾ ਚੜ੍ਹਨਾ ਹੁੰਦਾ ਸੀ, ਉਹ ਕਈ ਵਾਰ ਬਰਾਤਾਂ ਚੁੱਕਣ ਵੀ ਚਲੀਆਂ ਜਾਂਦੀਆਂ। ਜਿੱਦਣ ਕਿਸੇ ਬੱਸ ਨੇ ਬਰਾਤ ਚੁੱਕਣੀ ਹੁੰਦੀ, ਉਦਣ ਹੋਰ ਵੀ ਔਖ ਹੁੰਦੀ। ਉਸ ਦਿਨ ਬੱਸਾਂ ਘਟ ਜਾਂਦੀਆਂ ਤੇ ਰੰਗੀ ਵੀ ਨਾ ਹੁੰਦਾ। ਰੰਗੀ ਨੂੰ ਕੰਡਕਟਰ-ਡਰਾਈਵਰ ਬਰਾਤ ਚੁੱਕਣ ਵੇਲੇ ਨਾਲ ਲੈ ਜਾਂਦੇ ਸਨ।

‘‘ਰੰਗੀ ਦਾ ਆਪਾਂ ਨੂੰ ਵਾਹਵਾ ਸੁਖ ਆ। ਰੰਗੀ ਬਰਾਤੀਆਂ ਦਾ ਖਿਆਲ ਰੱਖਦਾ। ਰੰਗੀ ਨਾ ਹੋਵੇ ਤਾਂ ਬਰਾਤੀ, ਲਾਹਣ ਪੀ-ਪੀ ਕੇ ਬੱਸ ਵਿਚ ਬਹੁਤ ਖਰੂਦ ਕਰਦੇ ਹਨ। ਨਾਲੇ ਉਲਟੀਆਂ ਕਰ-ਕਰ ਕੇ ਬੱਸ ਗੰਦੀ ਕਰ ਦਿੰਦੇ ਹਨ।’’ ਕੰਡਕਟਰਾਂ-ਡਰਾਈਵਰਾਂ ਨੂੰ ਆਪਸ ਵਿਚ ਗੱਲਾਂ ਕਰਦਿਆਂ ਨੂੰ ਮੈਂ ਅਕਸਰ ਸੁਣਦਾ ਸਾਂ। ਮੈਨੂੰ ਸਮਝ ਨਹੀਂ ਸੀ ਲਗਦੀ ਕਿ ਸਾਨੂੰ ਧੂਹ-ਧੂਹ ਕੇ ਹੇਠਾਂ ਲਾਹੁਣ ਵਾਲੇ ਕੰਡਕਟਰ-ਡਰਾਈਵਰ, ਬਰਾਤੀਆਂ ਸਾਹਮਣੇ ਕਿਉਂ ਹਥਿਆਰ ਸੁੱਟ ਦਿੰਦੇ ਸਨ।

ਇਕ ਵਾਰ ਸਾਡੇ ਪਿੰਡ ਵੀ ਰੰਗੀ ਬਰਾਤ ਵਾਲੀ ਬਸ ਨਾਲ ਆਇਆ ਸੀ। ਉਦੋਂ ਬਰਾਤੀਆਂ ਨੇ ਰੋਟੀ ਖਾਣ ਵੇਲੇ ਕੁੜੀ ਵਾਲਿਆਂ ਦੇ ਘਰ ਮੂਹਰੇ ਖਰੂਦ ਪਾਉਣਾ ਸ਼ੁਰੂ ਕਰ ਦਿੱਤਾ ਸੀ। ਲਾਹਣ ਨਾਲ ਅੰਨ੍ਹੇ ਹੋਏ ਨਚਾਰ ਬਰਾਤੀ ਲੱਚਰਤਾ ਉੱਪਰ ਉਤਰ ਆਏ ਸਨ। ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਬਰਾਤੀ ਤਮਾਸ਼ਬੀਨ ਬਣੇ ਹੋਏ ਸਨ। ਉਦੋਂ ਵੀ ਰੰਗੀ ਹੀ ਅੱਗੇ ਹੋਇਆ ਸੀ।

‘‘ਇਹੋ ਜਿਹੇ ਕਮੀਨਿਆਂ ਨੂੰ ਮੈਂ ਬਸ ’ਤੇ ਨਹੀਂ ਜੇ ਚੜ੍ਹਨ ਦੇਣਾ।’’ ਰੰਗੀ ਦੇ ਏਨਾ ਕਹਿਣ ਦੀ ਦੇਰ ਸੀ ਕਿ ਸਾਰੇ ਨਚਾਰਾਂ ਦੀ ਪੀਤੀ ਹੋਈ ਲਹਿ ਗਈ ਸੀ। ਉਹ ਸਿਆਣੇ ਬਣ ਗਏ ਸਨ। ਉਨ੍ਹਾਂ ਦਿਨਾਂ ਵਿਚ ਸਾਡੇ ਪਿੰਡ ਸਿਰਫ਼ ਬਰਾਤ ਵਾਲੀਆਂ ਬੱਸਾਂ ਹੀ ਆਉਂਦੀਆਂ ਤੇ ਜਾਂਦੀਆਂ ਸਨ। ਬਰਾਤ ਵਾਲੀ ਬੱਸ ਜਾਣ ਤੋਂ ਬਾਅਦ ਨਚਾਰਾਂ ਨੂੰ ਰਾਤ ਇੱਥੇ ਹੀ ਰਹਿਣਾ ਪੈਣਾ ਸੀ ਤੇ ਪੈੱਗ ਦੇ ਲੋਰ ’ਤੇ ਨੱਚਣ ਵਾਲੇ ਬਰਾਤੀਆਂ ਨੂੰ ਫਿਰ ਡੰਡੇ ਦੇ ਜ਼ੋਰ ’ਤੇ ਵੀ ਨੱਚਣਾ ਪੈ ਸਕਦਾ ਸੀ।

ਸਮਾਗਮ ਲਗਪਗ ਖ਼ਤਮ ਹੋਣ ਵਾਲਾ ਸੀ। ਮੰਚ ਦਾ ਸੰਚਾਲਨ ਕਰ ਰਹੀ ਭੈਣਜੀ ਨੇ ਪਤਵੰਤਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ ਸਨ। ਉਹ ਵਾਰ ਵਾਰ ਪਤਵੰਤਿਆਂ ਦੀ ਉਸਤਤ ਵਿਚ ਕਈ ਕੁਝ ਬੋਲਦੀ। ਉਹ ਪਤਵੰਤਿਆਂ ਦੀ ਖਿਦਮਤ ਲਈ ਵਾਹਵਾ ਸਾਰਾ ਮਸਾਲਾ ਲੱਭ ਕੇ ਲਿਆਈ ਸੀ। ਰੰਗੀ ਵੀ ਅੱਜ ਪਤਵੰਤਾ ਸੀ, ਪਰ ਮੰਚ ਦਾ ਸੰਚਾਲਨ ਕਰ ਰਹੀ ਭੈਣਜੀ ਨੇ ਰੰਗੀ ਦੇ ਸਨਮਾਨ ਵਿਚ ਕੁਝ ਖ਼ਾਸ ਨਹੀਂ ਬੋਲਿਆ ਸੀ। ਮੰਚ ਦਾ ਸੰਚਾਲਨ ਕਰ ਰਹੀ ਭੈਣਜੀ ਨੇ ਬਿਨਾਂ ਕੋਈ ਅਲੰਕਾਰ ਵਰਤਿਆਂ ਰੰਗੀ ਦੇ ਸਨਮਾਨ ਵਿਚ ਕੁਝ ਬੋਲਣ ਲਈ ਮੈਨੂੰ ਸੱਦਿਆ। ਮੇਰੇ ਵੱਲੋਂ ਕੁਝ ਬੋਲਣ ਤੋਂ ਪਹਿਲਾਂ ਹੈੱਡਮਾਸਟਰ ਤੇ ਦੂਸਰੇ ਪਤਵੰਤਿਆਂ ਨੇ ਇਕ ਨਿੱਕੇ ਜਿਹੇ ਮਮੈਂਟੋ ਨਾਲ ਰੰਗੀ ਦਾ ਸਨਮਾਨ ਕਰ ਦਿੱਤਾ ਸੀ।

ਸਾਰੇ ਪਤਵੰਤਿਆਂ ਦੇ ਬੁਝੇ ਚਿਹਰੇ ਫਿਰ ਦਗ-ਦਗ ਕਰਨ ਲੱਗ ਪਏ ਸਨ। ਸਕੂਲ ਵਾਲਿਆਂ ਭਾਵੇਂ ਰੰਗੀ ਨੂੰ ਉਨ੍ਹਾਂ ਦੇ ਬਰਾਬਰ ਕੁਰਸੀ ’ਤੇ ਬਿਠਾ ਦਿੱਤਾ ਸੀ, ਪਰ ਸਨਮਾਨ ਵੇਲੇ ਫ਼ਰਕ ਦਿਸ ਪਿਆ ਸੀ। ਉਨ੍ਹਾਂ ਨੂੰ ਮਮੈਂਟੋ, ਰੰਗੀ ਦੇ ਮਮੈਂਟੋ ਤੋਂ ਵੱਡੇ ਮਿਲੇ ਸਨ।

‘‘ਇਹ ਜੋ ਸਾਡੇ ਘਰਾਂ ਵਿਚ ਰੰਗ ਲੱਗੇ ਹੋਏ ਹਨ, ਇਹ… ਰੰਗੀ ਕਾਰਨ ਮੇਰੇ ਘਰ ਦੇ ਨਾਲ-ਨਾਲ ਹੋਰ ਵੀ ਪਤਾ ਨਹੀਂ ਕਿੰਨੇ ਘਰਾਂ ਵਿਚ ਰੰਗ ਲੱਗੇ ਹੋਣਗੇ। ਜਿਹੜੇ ਮੇਰੇ ਵਰਗੇ ਪਿੰਡਾਂ ਵਿੱਚੋਂ ਸ਼ਹਿਰ ਪੜ੍ਹਨ ਜਾਂਦੇ ਰਹੇ ਹਨ, ਉਹ ਰੰਗੀ ਵੱਲੋਂ ਬਿਨਾਂ ਕਿਸੇ ਗਰਜ਼ ਦੇ ਕੀਤੀ ਮਦਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ। …।’’ ਮੈਂ ਸਨਮਾਨ ਪੱਤਰ ਪੜ੍ਹਦਾ ਜਾ ਰਿਹਾ ਸਾਂ। ਬੱਚਿਆਂ ਦੇ ਕੰਨ ਮੇਰੇ ਵੱਲ ਨਹੀਂ ਸਨ। ਬੱਚੇ ਭਾਸ਼ਣਾਂ ਨੂੰ ਨਹੀਂ ਸੁਣਦੇ। ਇਹ ਮੈਂ ਜਾਣਦਾ ਸਾਂ। ਪਰ ਅੱਜ ਮਾਸਟਰ-ਭੈਣਜੀਆਂ ਵੀ ਬੱਚੇ ਬਣੇ ਹੋਏ ਸਨ। ਉਨ੍ਹਾਂ ਦਾ ਧਿਆਨ ਵੀ ਮੇਰੇ ਵੱਲ ਨਹੀਂ ਸੀ। ਉਹ ਟੋਲੀਆਂ ਵਿਚ ਖੜ੍ਹੇ ਆਪਣੀਆਂ ਗੱਲਾਂ ਵਿਚ ਮਸਤ ਸਨ। ਇਕ ਹੈੱਡਮਾਸਟਰ ਸੀ ਜਿਸਦੇ ਕੰਨ ਮੇਰੇ ਵੱਲ ਸਨ। ਹੈੱਡਮਾਸਟਰ ਨੇ ਉੱਠ ਕੇ ਰੰਗੀ ਨੂੰ ਜੱਫੀ ਵਿਚ ਲੈ ਲਿਆ ਸੀ। ਮੇਰੇ ਵਾਂਗ ਉਸ ਦਾ ਵੀ ਆਪਣਾ ਦਰਦ ਛਲਕ ਪਿਆ ਜਾਪਦਾ ਸੀ। ‘‘ਸਾਨੂੰ ਹਾਸ਼ੀਏ ’ਤੇ ਪਏ ਇਨ੍ਹਾਂ ਅਹਿਸਾਨ ਕਰਨ ਵਾਲੇ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ।’’ ਹੈੱਡਮਾਸਟਰ ਆਖ ਰਿਹਾ ਸੀ।

ਅਸੀਂ ਆਪਣਾ ਪਹਿਲਾ ਪੀਰੀਅਡ ਕਦੇ ਹੀ ਲਾਉਂਦੇ। ਪਹਿਲਾ ਪੀਰੀਅਡ ਹੁੰਦਾ ਵੀ ਅੰਗਰੇਜ਼ੀ ਦਾ ਸੀ। ਅਸੀਂ ਪਿੰਡਾਂ ਵਾਲੇ ਅੰਗਰੇਜ਼ੀ ਤੋਂ ਉਂਜ ਵੀ ਡਰਦੇ ਸਾਂ ਤੇ ਅੰਗਰੇਜ਼ੀ ਵਾਲੀ ਘੰਟੀ ਵਿਚ ਹਾਜ਼ਰੀਆਂ ਘੱਟ ਹੋਣ ਦਾ ਇਕ ਡਰ ਹੋਰ ਸਵਾਰ ਹੋ ਜਾਂਦਾ। ਰੰਗੀ ਕਈ ਵਾਰ ਸਾਨੂੰ ਚੌਕ ਵਿਚਲੀਆਂ ਦੁਕਾਨਾਂ ਪਿੱਛੇ ਲੁਕ ਜਾਣ ਲਈ ਆਖਦਾ। ਫਿਰ ਰੁਕ ਕੇ ਤੁਰਨ ਲੱਗੀ ਬੱਸ ’ਤੇ ਅਸੀਂ ਧੱਕਾ-ਮੁੱਕੀ ਕਰਦੇ ਹੋਏ ਚੜ੍ਹਦੇ। ਧੱਕੇ-ਮੁੱਕੀ ਵੇਲੇ ਸਾਡੇ ਵਿੱਚੋਂ ਇਕ ਦੋ ਜਣੇ ਲਾਜ਼ਮੀ ਧੌਣ ਪਰਨੇ ਡਿੱਗਦੇ। ਮੈਂ ਆਪ ਵੀ ਕਈ ਵਾਰ ਰਗੜਾਂ ਲਗਵਾਈਆਂ ਸਨ। ਜਿੱਦਣ ਮੇਰਾ ਨੌਕਰੀ ਲਈ ਇੰਟਰਵਿਊ ਸੀ, ਉਸ ਦਿਨ ਵੀ ਮੈਂ ਤਿਆਰ ਹੋ ਕੇ ਮੂੰਹ ਹਨੇਰੇ ਚੌਕ ਵਿਚ ਖੜ੍ਹ ਗਿਆ ਸੀ। ਉਸ ਦਿਨ ਵੀ ਕੋਈ ਬੱਸ ਰੁੱਕਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੇ ’ਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਸੀ। ਮੈਂ ਸੜਕ ਕੰਢੇ ਖੜ੍ਹਾ ਹੋ ਕੇ ਬੱਸਾਂ ਦਾ ਰਾਹ ਵੇਖਣ ਲੱਗ ਪਿਆ ਸਾਂ। ਉਸ ਦਿਨ ਵੀ ਰੰਗੀ ਨੇ ਮੇਰੀ ਚਿੰਤਾ ਨੂੰ ਭਾਂਪ ਲਿਆ ਸੀ। ਉਸ ਨੇ ਮੈਨੂੰ ਥੋੜ੍ਹਾ ਅੱਗੇ ਪਿੱਛੇ ਹੋ ਜਾਣ ਲਈ ਆਖਿਆ ਸੀ ਤੇ ਮੈਨੂੰ ਬੱਸ ਦੀ ਡਰਾਈਵਰ ਵਾਲੀ ਬਾਰੀ ਥਾਣੀ ਚੜ੍ਹਾਇਆ ਸੀ।

Leave a Reply

Your email address will not be published. Required fields are marked *