ਗਲੀ ’ਚੋਂ ਆਉਂਦਾ ਹੋਕਾ (-ਵਰਿੰਦਰ ਸਿੰਘ ਨਿਮਾਣਾ)

ਮਾਇਆ ਦੀਆਂ ਬਰਕਤਾਂ ਤੇ ਮਸ਼ੀਨੀਕਰਨ ਦੇ ਵਧੇ ਪ੍ਰਭਾਵ ਕਾਰਨ ਜ਼ਿੰਦਗੀ ਦੀ ਹਰ ਗਤੀਵਿਧੀ ਇਨਸਾਨ ਦੀ ਮੁੱਠੀ ਵਿੱਚ ਕੈਦ ਹੈ। ਬਿਸਕੁਟਾਂ ਵਾਲੀ ਦੁਕਾਨ ਵਿੱਚ ਖਮੀਰੇ ਆਟੇ ਤੋਂ ਤਿਆਰ ਹੁੰਦੀ ਦੋ ਰੁਪਏ ਦੀ ਡਬਲ ਰੋਟੀ ਵੱਡੇ ਰੈਸਟੋਰੈਂਟ ਵਿੱਚ ਬਰਾਂਡਿਡ ਬਰਗਰ ਦਾ ਰੂਪ ਧਾਰਨ ਕਰਕੇ ਸੈਂਕੜਿਆਂ ਦੇ ਮੁੱਲ ਤੱਕ ਪਹੁੰਚ ਗਈ ਹੈ। ਪਿੰਡ ਦੀ ਖੱਡੀ ਤੋਂ ਤਿਆਰ ਹੋਣ ਵਾਲਾ ਸੂਤ ਜਾਂ ਖੱਦਰ ਦਾ ਕੱਪੜਾ ਮਸ਼ੀਨਾਂ ਰਾਹੀਂ ਸਫ਼ਰ ਕਰਦਾ ਕਰਦਾ ਮਹਿੰਗੇ ਤੇ ਵੱਡੇ ਸ਼ੋਅ ਰੂਮ ਵਿੱਚ ਮਹਿੰਗੇ ਮੁੱਲ ਵਿਕਣ ਲੱਗਾ ਹੈ। ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਇੰਟਰਨੈੱਟ ਤੋਂ ਭਾਲ ਕੇ ਵੇਚੀਆਂ ਤੇ ਖਰੀਦੀਆਂ ਜਾਣ ਲੱਗੀਆਂ ਹਨ। ਦੇਸ਼ ਦੀ ਵੱਡੀ ਆਬਾਦੀ ਪਿੰਡਾਂ ਵਿੱਚ ਵੱਸਦੀ ਹੋਣ ਕਰਕੇ ਪੇਂਡੂ ਇਲਾਕਿਆਂ ਵਿੱਚ ਵੱਸਦੀ ਲੋਕਾਈ ਅਜੇ ਚੰਡੀਗੜ੍ਹ ਦੀ ਚਮਕ ਧਮਕ, ਲੁਧਿਆਣਾ ਦੇ ਚੌੜੇ ਬਾਜ਼ਾਰ ਜਾਂ ਜਲੰਧਰ ਦੇ ਗਾਂਧੀ ਚੌਕ ਵਰਗੀਆਂ ਬਾਜ਼ਾਰੀ ਸਹੂਲਤਾਂ ਤੋਂ ਦੂਰ ਹੈ। ਪੇਂਡੂ ਰਹਿਤਲ ਦੀਆਂ ਆਪਣੀਆਂ ਸੀਮਾਵਾਂ ਤੇ ਸਮਰੱਥਾਵਾਂ ਹੋਣ ਕਰਕੇ ਇੰਟਰਨੈੱਟ ਦੇ ਯੁੱਗ ਵਿੱਚ ਵੀ ਇਹ ਲੋਕ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਵਸਤੂਆਂ ਦੀ ਖਰੀਦੋ ਫਰੋਖ਼ਤ ਲਈ ਸ਼ਹਿਰਾਂ ਵਿੱਚੋਂ ਚੀਜ਼ਾਂ ਲਿਆ ਕੇ ਗਲੀ ਵਿੱਚ ਗੇੜੀ ਮਾਰ ਕੇ ਵੇਚਣ ਵਾਲਿਆਂ ਦੀ ਆਵਾਜ਼ ’ਤੇ ਨਿਰਭਰ ਹਨ। ਭਾਵੇਂ ਗੁਣਾਤਮਕ ਪੱਖੋਂ ਇਨ੍ਹਾਂ ਚੀਜ਼ਾਂ ਦਾ ਮਿਆਰ ਕਿਸੇ ਪੱਧਰ ਦਾ ਹੋਵੇ ਜਾਂ ਨਾ ਹੋਵੇ, ਪਰ ਇਨ੍ਹਾਂ ਚੀਜ਼ਾਂ ਦੇ ਖਰੀਦਦਾਰਾਂ ਦੀ ਚੋਣ ’ਤੇ ਹੀ ਗੇੜੀ ਵਾਲੇ ਦੀ ਦਿਹਾੜੀ ਦਾ ਮਸਲਾ ਹੱਲ ਹੋਣਾ ਹੁੰਦਾ ਹੈ। ਪੇਂਡੂ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੇਚਣ ਅਤੇ ਉਨ੍ਹਾਂ ਨੂੰ ਖਰੀਦਣ ਵਾਲਿਆਂ ਦੋਹਾਂ ਧਿਰਾਂ ਦੀ ਇਸ ਵਰਤਾਰੇ ਲਈ ਉਤਸੁਕਤਾ ਬਣੀ ਰਹਿੰਦੀ ਹੈ, ਜਿਸ ਕਾਰਨ ਇਹ ਸਿਲਸਿਲਾ ਤਕਰੀਬਨ ਹਰ ਮੌਸਮ ਵਿੱਚ ਆਪਮੁਹਾਰੇ ਜਿਹੇ ਤੁਰਿਆ ਰਹਿੰਦਾ ਹੈ।

ਕਿਸੇ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਦੀਆਂ ਅਜਿਹੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਗਲੀਆਂ ਵਿੱਚੋਂ ‘ਭਾਂਡੇ ਕਲੀ ਕਰਾ ਲਓ…’ ਦੀ ਦਿਲ ਟੁੰਬਵੀਂ ਤੇ ਛਣਕਦੀ ਆਵਾਜ਼ ਨੂੰ ਰਸੋਈਆਂ ਵਿੱਚ ਪਿੱਤਲ ਦੇ ਭਾਂਡਿਆਂ ਨੂੰ ਚਮਕਾ ਕੇ ਰੱਖਣ ਵਾਲੀਆਂ ਸੁਆਣੀਆਂ ਸੁਣਨ ਨੂੰ ਮਿਲ ਜਾਂਦੀਆਂ ਸਨ। ਘਰਾਂ ਦੀਆਂ ਰਸੋਈਆਂ ਵਿੱਚੋਂ ਪਿੱਤਲ ਦੇ ਭਾਂਡੇ ਖ਼ਤਮ ਹੋਣ ਦੇ ਨਾਲ ਹੀ ਇਹ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ। ਜਵਾਨੀ ਪਹਿਰੇ ਹਾਰ ਸ਼ਿੰਗਾਰ ਦੀ ਜ਼ਰੂਰਤ ਪੂਰੀ ਕਰਨ ਲਈ ਗਲੀਆਂ ਵਿੱਚ ਕੱਚ ਦੀਆਂ ਰੰਗ ਬਿਰੰਗੀਆਂ ਚੂੜੀਆਂ, ਚੂੜੇ, ਗਜਰੇ, ਛਾਪਾਂ ਛੱਲੇ, ਗਾਨੀਆਂ, ਤਵੀਤੜੀਆਂ, ਸੁਰਮੇ, ਮਹਿੰਦੀਆਂ, ਦੰਦਾਸਿਆਂ ਆਦਿ ਦੀ ਵਣਜ ਵਪਾਰ ਕਰਨ ਆਉਂਦੇ ਵਣਜਾਰਿਆਂ ਦੇ ਵਾਰਤਾਲਾਪ ਤੇ ਨੋਕ ਝੋਕ ਕਿਸੇ ਵੇਲੇ ਪੇਂਡੂ ਜ਼ਿੰਦਗੀ ਦੀ ਨੀਰਸਤਾ ਦੂਰ ਕਰਨ ਦਾ ਸਬੱਬ ਬਣਦੇ ਸਨ। ਗੀਤਕਾਰ ਬਾਬੂ ਸਿੰਘ ਮਾਨ ਦਾ ਅਜਿਹੇ ਵਰਤਾਰੇ ’ਤੇ ਲਿਖਿਆ ਗੀਤ ਬੜਾ ਮਸ਼ਹੂਰ ਹੋਇਆ : ਗਲੀ ਗਲੀ ਵਣਜਾਰਾ ਫਿਰਦਾ, ’ਵਾਜ਼ ਮਾਰ ਲਿਆ ਬੁਲਾ… । ਪੰਜਾਬੀ ਲੋਕ ਗੀਤਾਂ ਵਿੱਚ ਵੀ ਪੰਜਾਬ ਦੇ ਪੇਂਡੂ ਜੀਵਨ ਦੀ ਨੁਹਾਰ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਪਿੰਡਾਂ ਵਿੱਚ ਹੁਣ ਵੀ ਸਵੇਰ ਹੁੰਦਿਆਂ ਹੀ ਜਦੋਂ ਸ਼ਹਿਰੀਂ ਕੰਮਕਾਰਾਂ ਵਾਲੇ ਤੁਰ ਜਾਂਦੇ ਹਨ, ਜੁਆਕ ਸਕੂਲ ਜਾ ਚੁੱਕੇ ਹੁੰਦੇ ਹਨ, ਪਿੱਛੇ ਘਰਾਂ ਵਿੱਚ ਰਹਿ ਗਏ ਪਰਿਵਾਰਾਂ ਦੇ ਜੀਅ ਆਪੋ ਆਪਣੇ ਕੰਮਕਾਰੀਂ ਰੁੱਝੇ ਹੋਏ ਹੁੰਦੇ ਹਨ ਤਾਂ ਗਲੀ ਵਿੱਚ ਲੋਕਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਦੀ ਆਉਂਦੀ ਆਵਾਜ਼ ਗਲੀਆਂ ਮੁਹੱਲਿਆਂ ਵਿੱਚ ਪਸਰੀ ਸੁੰਨ ਨੂੰ ਭੰਗ ਕਰ ਰਹੀ ਹੁੰਦੀ ਹੈ। ਭਾਵੇਂ ਇਸ ਆਵਾਜ਼ ਨਾਲ ਹਰ ਕਿਸੇ ਦਾ ਵਾਹ ਨਹੀਂ ਪੈਣਾ ਹੁੰਦਾ, ਪਰ ਘਰਾਂ ਦੇ ਕੰਮਾਂ ਵਿੱਚ ਰੁੱਝੀਆਂ ਸੁਆਣੀਆਂ ਜਾਂ ਬੰਦਿਆਂ ਵੱਲੋਂ ਆਪਣੇ ਘਰਾਂ ਵਿੱਚ ਕੰਮ ਆਉਣ ਵਾਲੀ ਚੀਜ਼ ਖਰੀਦਣ ਲਈ ਗੇੜੀ ਵਾਲੇ ਭਾਈ ਨੂੰ ਰੋਕ ਸੌਦੇ-ਪੱਤੇ ਦੇ ਭਾਅ-ਭੱਤੇ ਤੇ ਗੁਣਵੱਤਾ ਨੂੰ ਜਾਚਣਾ ਸਮੇਂ ਦੀ ਲੋੜ ਹੁੰਦਾ ਹੈ। ਸਵੇਰੇ ਸ਼ਹਿਰ ਦੀ ਮੰਡੀ ਤੋਂ ਤਾਜ਼ੀ ਸਬਜ਼ੀ ਲੈ ਕੇ ਪਹੁੰਚੇ ਸਬਜ਼ੀ ਵਾਲੇ ਭਾਈ ਦੀ ਆਵਾਜ਼ ਦੁਪਹਿਰੇ ਜਾਂ ਸ਼ਾਮ ਤਾਈਂ ਸਬਜ਼ੀ ਭਾਜੀ ਦਾ ਆਹਰ ਕਰਨ ਵਾਲੀ ਸੁਆਣੀ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਲੈ ਆਉਂਦੀ ਹੈ। ਇਸ ਮਕਸਦ ਲਈ ਹੀ ਗਲੀ ਗੁਆਂਢ ਦੀਆਂ ’ਕੱਠੀਆਂ ਹੋਈਆਂ ਦੋ ਚਾਰ ਬੀਬੀਆਂ ਸਬਜ਼ੀ ਦੇ ਆਹਰ ਦੇ ਨਾਲ ਆਲੇ ਦੁਆਲੇ ਵਾਪਰੀ ਨਵੀਂ ਤਾਜ਼ੀ ਵੀ ਆਪਸ ਵਿੱਚ ਸਾਂਝੀ ਕਰ ਜਾਂਦੀਆਂ ਹਨ। ਗੁੜ ਸ਼ੱਕਰ, ਲੂਣ, ਮਸਾਲੇ ਆਦਿ ਚੀਜ਼ਾਂ ਵੇਚਣ ਵਾਲੇ ਭਾਈ ਨੇ ਆਪਣੀ ਚੀਜ਼ ਦੀ ਗੁਣਵੱਤਾ ਨੂੰ ਵਧੀਆ ਤਰੀਕੇ ਨਾਲ ਬਿਆਨ ਕਰਕੇ ਆਪਣੀਆਂ ਵਸਤਾਂ ਨੂੰ ਪੇਂਡੂ ਉਪਭੋਗੀਆਂ ਦੀ ਪਸੰਦ ਤੱਕ ਪਹੁੰਚਾਉਣ ਲਈ ਪੂਰਾ ਜ਼ੋਰ ਲਾਉਣਾ ਹੁੰਦਾ ਹੈ।

ਖੰਡ ਦੇ ਖਿਡੌਣੇ, ਮੁਰਮਰੇ, ਕੁਲਫ਼ੀ, ਆਈਸਕਰੀਮ, ਗੋਲ ਗੱਪੇ, ਆਲੂ ਕਚਾਲੂ ਆਦਿ ਸੁਆਦੀ ਚੀਜ਼ਾਂ ਵੇਚਣ ਵਾਲਿਆਂ ਦਾ ਸਾਰਾ ਧਿਆਨ ਛੋਟੇ ਨਿਆਣਿਆਂ ’ਤੇ ਕੇਂਦਰਿਤ ਹੁੰਦਾ ਹੈ। ਉਨ੍ਹਾਂ ਨੂੰ ਇਲਮ ਹੁੰਦਾ ਹੈ ਕਿ ਨਿਆਣਿਆਂ ਦੀ ਖਾਣ ਪੀਣ ਵਾਲੀ ਚੀਜ਼ ਲੈਣ ਦੀ ਜ਼ਿੱਦ ਮੂਹਰੇ ਮਾਪਿਆਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਜੇਬ੍ਹ ਢਿੱਲੀ ਕਰਨੀ ਪੈਣੀ ਹੈ। ਇਸ ਕਰਕੇ ਹੋਕਾ ਦੇਣ ਵਾਲੇ ਭਾਈ ਦੀ ਗਾਹਕ ਮਿਲਣ ਤੱਕ ਆਪਣੀ ਟੱਲੀ ਜਾਂ ਭੁੁੂੰ ਭੂੰ ਦੀ ਆਵਾਜ਼ ਨੂੰ ਜਾਰੀ ਰੱਖਣਾ ਇੱਕ ਤਰ੍ਹਾਂ ਦੀ ਮਜਬੂਰੀ ਵੀ ਹੁੰਦੀ ਹੈ। ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਵੱਲੋਂ ਲਿਖੀ ‘ਕੁਲਫੀ’ ਕਹਾਣੀ ਆਮ ਬੰਦੇ ਦੀ ਪਤਲੀ ਆਰਥਿਕਤਾ ਤੇ ਬੱਚੇ ਦੀ ਕੁਲਫੀ ਖਾਣ ਦੀ ਜ਼ਿੱਦ ਤੇ ਉਸ ਜ਼ਿੱਦ ਨੂੰ ਪੂਰਾ ਕਰਨ ਲਈ ਅਪਣਾਏ ਤਰੀਕੇ ਨੂੰ ਬਿਆਨਦੀ ਹੈ। ਪਿੰਡ ਦੀਆਂ ਗਲੀਆਂ ਵਿੱਚ ਹੁਣ ਵੀ ਗਰਮੀ ਦੇ ਮੌਸਮ ਵਿੱਚ ਕੁਲਫੀ ਵੇਚਣ ਵਾਲੇ ਵੱਲੋਂ ‘ਆਈ ਆ ਖੋਏ ਮਲਾਈ ਵਾਲੀ ਕੁਲਫ਼ੀ…’ ਦੀ ਆਵਾਜ਼ ਛੋਟੀ ਉਮਰ ਦੇ ਨਿਆਣਿਆਂ ਨੂੰ ਗਰਮੀ ਨਾਲ ਸੁੱਕੇ ਹੋਏ ਬੁੱਲ੍ਹਾਂ ’ਤੇ ਜੀਭ ਫੇਰਨ ਨੂੰ ਮਜਬੂਰ ਕਰ ਦਿੰਦੀ ਹੈ।

ਕੱਪੜੇ ਦੀ ਫੇਰੀ ਲਾ ਕੇ ਪੇਂਡੂ ਸੁਆਣੀਆਂ ਨੂੰ ਸੂਟ, ਦੁਪੱਟੇ ਮੁਹੱਈਆ ਕਰਾਉਣ ਵਾਲਾ ਭਾਈ ਵੀ ਆਪਣੇ ਸਾਮਾਨ ਨੂੰ ਸ਼ਹਿਰ ਦੇ ਵੱਡੇ ਬਜਾਜੀਏ ਦੀ ਦੁਕਾਨ ਜਾਂ ਨਵੇਂ ਸ਼ੋਅ ਰੂਮ ਵਿਚਲੇ ਮਾਲ ਨਾਲ ਤੁਲਨਾਉਣ ਦਾ ਪੂਰਾ ਆਹਰ ਕਰਦਾ ਹੈ। ਉਸ ਨੂੰ ਔਰਤਾਂ ਵੱਲੋਂ ਖਰੀਦਦਾਰੀ ਕਰਨ ਵੇਲੇ ਲਿਆਂਦੇ ਗਏ ਸਾਮਾਨ ਨੂੰ ਨਿੰਦਣ ਤੇ ਸੌਦੇਬਾਜ਼ੀ ਕਰਨ ਦੀ ਆਦਤ ਵਾਰੇ ਵੀ ਪੂਰਾ ਭੇਤ ਹੁੰਦਾ ਹੈ, ਪਰ ਫੇਰੀ ਵਾਲੇ ਨੇ ਵੀ ਆਪਣਾ ਸਾਮਾਨ ਵੇਚਣ ਲਈ ਕਈ ਜੁਗਤਾਂ ਲੜਾਉਣੀਆਂ ਹੁੰਦੀਆਂ ਨੇ। ਉਸ ਵਿਚਾਰੇ ਨੂੰ ਵੀ ਪਤਾ ਹੁੰਦਾ ਹੈ ਕਿ ਲੀੜੇ ਕੱਪੜੇ ਦੀ ਹਰ ਕਿਸਮ ਵਿੱਚ ਪੂਰਾ ਭੇਤ ਰੱਖਣ ਵਾਲੀਆਂ ਬੀਬੀਆਂ ਨੂੰ ਉਹਦਾ ਸਾਮਾਨ ਬੜੀ ਮੁਸ਼ਕਿਲ ਨਾਲ ਪਸੰਦ ਆਉਣਾ ਹੈ। ਕੁਝ ਚਿਰ ਦੀਆਂ ਇੱਧਰ ਉੱਧਰਲੀਆਂ ਮਾਰਨ ਤੇ ਤਕਰਾਰਬਾਜ਼ੀ ਕਰਨ ਪਿੱਛੋਂ ਲੋੜਵੰਦ ਔਰਤਾਂ ਵੱਲੋਂ ਕੋਈ ਲੀੜਾ ਕੱਪੜਾ ਖਰੀਦੇ ਜਾਣ ਪਿੱਛੋਂ ਫੇਰੀ ਵਾਲੇ ਭਾਈ ਨੂੰ ਥੋੜ੍ਹਾ ਹੌਸਲਾ ਮਿਲਦਾ ਹੈ, ਜਿਹੜਾ ਉਸ ਨੂੰ ਅਗਲੇ ਸਫ਼ਰ ਵੱਲ ਤੁਰਨ ਦਾ ਢਾਰਸ ਬੰਨ੍ਹ ਦਿੰਦਾ ਹੈ।

ਸਰਦ ਰੁੱਤ ਵਿੱਚ ਜੰਮੂ-ਕਸ਼ਮੀਰ ਤੋਂ ਆਉਂਦੇ ਕਸ਼ਮੀਰੀ ਰਾਸ਼ਿਆਂ ਵੱਲੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਤਿੰਨ ਚਾਰ ਮਹੀਨੇ ਗਰਮ ਕੱਪੜੇ ਵੇਚ ਕੇ ਰੁਜ਼ਗਾਰ ਕਮਾਉਣ ਦਾ ਸਿਲਸਿਲਾ ਬੜਾ ਰੌਚਕ ਤੇ ਨਿਵੇਕਲੀ ਕਿਸਮ ਦਾ ਹੁੰਦਾ ਹੈ। ਇਨ੍ਹਾਂ ਰਾਸ਼ਿਆਂ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਸਰਦੀ ਦੇ ਦਿਨਾਂ ਵਿੱਚ ਵਰਤੇ ਜਾਣ ਵਾਲੇ ਗਰਮ ਸ਼ਾਲ, ਲੋਈਆਂ, ਕੋਟੀਆਂ, ਸਵੈਟਰ, ਕਸ਼ਮੀਰੀ ਜੈਕਟ, ਮਫਰਲ, ਦਸਤਾਨੇ ਆਦਿ ਬਾਜ਼ਾਰੂ ਕੀਮਤ ’ਤੇ ਮੁਹੱਈਆ ਕਰਵਾਏ ਜਾਂਦੇ ਹਨ। ਭਾਵੇਂ ਇਨ੍ਹਾਂ ਰਾਸ਼ਿਆਂ ਵੱਲੋਂ ਆਪਣੀਆਂ ਚੀਜ਼ਾਂ ਵੇਚਣ ਲਈ ਗਲੀਆਂ ਵਿੱਚ ਆ ਕੇ ਉੱਚੀ ਆਵਾਜ਼ ਨਹੀਂ ਲਗਾਈ ਜਾਂਦੀ, ਪਰ ਪੰਜਾਬ ਵਿੱਚ ਠੰਢ ਵਧਣ ਦੇ ਨਾਲ ਹੀ ਇਹ ਪਹਾੜੀ ਮਹਿਮਾਨ ਪਿੰਡਾਂ ਵਿੱਚ ਬੜੇ ਸਲੀਕੇ ਤੇ ਨਿੱਘ ਨਾਲ ਲੋਕਾਂ ਨੂੰ ਸਰਦੀ ਤੋਂ ਬਚਾਉਣ ਵਾਲੇ ਗਰਮ ਕੱਪੜੇ ਵੇਚਦੇ ਨਜ਼ਰ ਆਉਣ ਲੱਗ ਪੈਂਦੇ ਹਨ। ਇਸ ਕੰਮ ਨਾਲ ਜੁੜੇ ਲੋਕ ਜ਼ਿਆਦਾਤਰ ਹਰ ਸਾਲ ਆਪਣੇ ਜਾਣੇ ਪਛਾਣੇ ਇਲਾਕੇ ਵਿੱਚ ਆਉਂਦੇ ਰਹਿਣ ਕਰਕੇ ਸਥਾਨਕ ਲੋਕਾਂ ਨਾਲ ਗੂੜ੍ਹੀ ਸਾਂਝ ਪਾਉਣ ਵਿੱਚ ਵੀ ਕਾਮਯਾਬ ਹੋ ਜਾਂਦੇ ਹਨ। ਇਹ ਕਿਰਤੀ ਲੋਕ ਆਪਣੇ ਜਾਣਕਾਰਾਂ ਨੂੰ ਲੋੜ ਮੁਤਾਬਿਕ ਕਈ ਚੀਜ਼ਾਂ ਇੱਕ-ਦੋ ਮਹੀਨਿਆਂ ਲਈ ਉਧਾਰ ਵੀ ਦੇ ਛੱਡਦੇ ਹਨ ਤੇ ਆਪਣੇ ਘਰਾਂ ਨੂੰ ਪਰਤਣ ਸਮੇਂ ਆਪਣੇ ਪੈਸੇ ਲੈਣ ਆਉਂਦੇ ਹਨ। ਪੰਜਾਬੀ ਲੋਕਾਂ ਦੀ ਖੁੱਲ੍ਹਦਿਲੀ ਤੇ ਮਹਿਮਾਨਨਿਵਾਜ਼ੀ ਦੇ ਕਾਇਲ ਇਨ੍ਹਾਂ ਪਰਦੇਸੀਆਂ ਦਾ ਮੰਨਣਾ ਹੁੰਦਾ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਇਲਾਕਿਆਂ ਵਿੱਚ ਕੱਪੜੇ ਵੇਚ ਕੇ ਰੋਟੀ ਕਮਾਉਣ ਦਾ ਆਹਰ ਉਨ੍ਹਾਂ ਲਈ ਜ਼ਿਆਦਾ ਸੌਖ ਵਾਲਾ ਹੁੰਦਾ ਹੈ ਕਿਉਂਕਿ ਪਿੰਡਾਂ ਦੇ ਸਿੱਧ ਪੱਧਰੇ ਤੇ ਦਿਆਲੂ ਸੁਭਾਅ ਵਾਲੇ ਲੋਕ ਸਰਦੀਆਂ ਦੇ ਦਿਨਾਂ ਵਿੱਚ ਬਿਨਾਂ ਮੰਗਿਆਂ ਚਾਹ ਪਾਣੀ ਜਾਂ ਪ੍ਰਸ਼ਾਦਾ ਛਕਾਉਣ ਦਾ ਪਰਉਪਕਾਰੀ ਕੰਮ ਬੜੀ ਸਹਿਜਤਾ ਨਾਲ ਕਰਦੇ ਰਹਿੰਦੇ ਹਨ, ਜੋ ਪਰਦੇਸੀਆਂ ਲਈ ਵੱਡੀ ਰਾਹਤ ਹੋ ਨਿੱਬੜਦਾ ਹੈ।

ਪਿੰਡਾਂ ਦੀ ਘਰੇਲੂ ਜ਼ਿੰਦਗੀ ਦੌਰਾਨ ਕੰਮ ਆਉਣ ਵਾਲੀਆਂ ਲੋਹੇ ਦੀਆਂ ਬਾਲਟੀਆਂ, ਲੁਹਾਂਡਿਆਂ ਦੀ ਮੁਰੰਮਤ ਤੇ ਪੀਪਿਆਂ ਨੂੰ ਢੱਕਣ ਲਾਉਣ ਲਈ ਆਪਣੇ ਟੱਬਰਟੀਰ ਨਾਲ ਪਿੰਡਾਂ ਵਿੱਚ ਸਾਲ ਵਿੱਚ ਇੱਕ ਦੋ ਵਾਰ ਗੇੜਾ ਮਾਰਨ ਆਉਂਦੇ ਗੱਡੀਆਂ ਵਾਲਿਆਂ ਦੇ ਕੰਮ ਕਰਨ ਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਆਪਣਾ ਅੰਦਾਜ਼ ਹੁੰਦਾ ਹੈ। ਇਨ੍ਹਾਂ ਗੱਡੀਆਂ ਵਾਲਿਆਂ ਨੇ ਸਭ ਤੋਂ ਪਹਿਲਾਂ ਪਿੰਡ ਦੀ ਕਿਸੇ ਖੁੱਲ੍ਹੀ ਜਗ੍ਹਾ ’ਤੇ ਥੋੜ੍ਹੇ ਸਮੇਂ ਲਈ ਪੜਾਅ ਕਰਨਾ ਹੁੰਦਾ ਹੈ। ਟੋਲੇ ਦੇ ਮਰਦਾਂ ਨੇ ਕਿਸਾਨ ਪਰਿਵਾਰਾਂ ਕੋਲੋਂ ਆਪਣੇ ਬਲਦਾਂ ਲਈ ਤੁੂੜੀ ਤੇ ਹਰੇ ਪੱਠਿਆਂ ਦਾ ਜੁਗਾੜ ਕਰਨਾ ਹੁੰਦਾ ਹੈ। ਕਿਸੇ ਜ਼ਮਾਨੇ ਵਿੱਚ ਇਹ ਗੱਡੀਆਂ ਵਾਲਿਆਂ ਦਾ ਪੰਜਾਬੀ ਕਿਸਾਨਾਂ ਨਾਲ ਚੰਗੀ ਨਸਲ ਦੇ ਬਲਦਾਂ ਦੀ ਖਰੀਦੋ ਫਰੋਖਤ ਦਾ ਚੰਗਾ ਕਾਰੋਬਾਰ ਹੋਇਆ ਕਰਦਾ ਸੀ। ਔਰਤਾਂ ਆਪਣੇ ਕੰਮ ਦੀ ਤਲਾਸ਼ ਵਿੱਚ ‘ਬਾਲਟੀ ਨੂੰ ਥੱਲੇ ਲਵਾ, ਪੀਪੇ ਨੂੰ ਢੱਕਣ ਲਵਾ’ ਦੀ ਹੇਕ ਸੁਣਾਉਂਦਿਆਂ ਗਲੀ ਵਿੱਚ ਗੇੜਾ ਲਾਉਂਦੀਆਂ ਹਨ। ਗੱਲਬਾਤ ਵਿੱਚ ਬੇਬਾਕੀ, ਨਿਵੇਕਲਾ ਤੇ ਪਰੰਪਰਾਗਤ ਲਿਬਾਸ, ਖੁਸ਼ਦਿਲੀ ਤੇ ਗੈਰਤਮੰਦੀ ਨਾਲ ਵਿਚਰਨ ਵਾਲੀਆਂ ਇਹ ਮਿਹਨਤਕਸ਼ ਔਰਤਾਂ ਆਪਣੇ ਸਨਮਾਨ ਤੇ ਇੱਜ਼ਤ ਨਾਲ ਕੋਈ ਸਮਝੌਤਾ ਨਹੀਂ ਕਰਦੀਆਂ, ਪਰ ਆਪਣੇ ਕੀਤੇ ਕੰਮ ਦੇ ਪੈਸੇ ਪੂਰੇ ਵਸੂਲਦੀਆਂ ਹਨ। ਪੀਪਿਆਂ ਬਾਲਟੀਆਂ ਦੀ ਮੁਰੰਮਤ ਕਰਦਿਆਂ ਹੀ ਟੋਲੀ ਦੇ ਇੱਕ ਦੋ ਮੈਂਬਰ ਕੁਝ ਦਿਆਲੂ ਸੁਭਾਅ ਦੇ ਪਰਿਵਾਰਾਂ ਕੋਲੋਂ ਹੀ ਸਬਜ਼ੀ ਰੋਟੀ ਲਿਆਉਂਦੇ ਹਨ ਤੇ ਫਿਰ ਕੰਮ ਵਾਲੀ ਥਾਂ ’ਤੇ ਹੀ ਛਕ ਕੇ ਅਗਲੇ ਪਿੰਡ ਵੱਲ ਰਵਾਨਗੀ ਪਾਉਂਦੇ ਹਨ।

ਪਿੰਡ ਦੀ ਗਲੀ ਵਿੱਚੋਂ ਹੀ ‘ਟੁੱਟਾ ਭੱਜਾ ਲੋਹਾ ਵੇਚ, ਅਖ਼ਬਾਰਾਂ ਦੀ ਰੱਦੀ ਵੇਚ ਲਾ…’ ਦੀ ਆਵਾਜ਼ ਸੁਣ ਕੇ ਇੱਕ ਵਾਰ ਤਾਂ ਹਰ ਬੰਦੇ ਦੇ ਮਨ ਵਿੱਚ ਘਰ ਦੇ ਇੱਕ ਪਾਸੇ ਪਿਆ ਕਬਾੜ ਤੇ ਕਚਰਾ ਘਰੋਂ ਕੱਢਣ ਦਾ ਵਿਚਾਰ ਤੁਰੰਤ ਆਉਂਦਾ ਹੈ। ਇੱਥੇ ਉਨ੍ਹਾਂ ਮਿਹਨਤਕਸ਼ ਲੋਕਾਂ ਦੀ ਮੁਸ਼ੱਕਤ ਨੂੰ ਦਾਦ ਵੀ ਦੇਣੀ ਬਣਦੀ ਹੈ ਜਿਹੜੇ ਇੱਕ ਤਾਂ ਘਰਾਂ ਦਾ ਸਾਰਾ ਕੂੜਾ ਕਚਰਾ ਸਾਫ਼ ਕਰਨ ਹੀ ਆਉਂਦੇ ਹਨ ਤੇ ਜਾਂਦੇ ਜਾਂਦੇ ਇਸ ਕਬਾੜ ਤੇ ਰੱਦੀ ਵੱਟੇ ਕੁਝ ਪੈਸੇ ਵੀ ਵਟਾ ਛੱਡਦੇ ਹਨ। ਇਨ੍ਹਾਂ ਮਿਹਨਤੀ ਬੰਦਿਆਂ ਨਾਲ ਥੋੜ੍ਹੇ ਥੋੜ੍ਹੇ ਪੈਸਿਆਂ ਬਦਲੇ ਬਹਿਸਬਾਜ਼ੀ ਜਾਂ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ।

ਪਿੰਡਾਂ ਦੀ ਸਵੇਰ ਦੀ ਸ਼ੁਰੂਆਤ ਮੌਕੇ ਜਦੋਂ ਸਾਰੀ ਲੋਕਾਈ ਆਪੋ ਆਪਣੇ ਕੰਮਾਂ ’ਤੇ ਜਾਣ ਦੇ ਆਹਰ ਵਿੱਚ ਹੁੰਦੀ ਹੈ ਤਾਂ ਦੁਨੀਆ ਭਰ ਦੀਆਂ ਖ਼ਬਰਾਂ ਨਾਲ ਭਰੀਆਂ ਨਵੀਆਂ ਤੇ ਤਰੋ ਤਾਜ਼ੀਆਂ ਅਖ਼ਬਾਰਾਂ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਾਉਣ ਵਾਲੇ ਹਾਕਰਾਂ ਦੇ ਵਾਹਨ ਦੀ ਘੰਟੀ ਸਵੇਰ ਦੇ ਇੱਕ ਮਿੱਥੇ ਸਮੇਂ ਉੱਤੇ ਘਰ ਦੀ ਦਹਿਲੀਜ਼ ’ਤੇ ਪਹੁੰਚੇ ਅਖ਼ਬਾਰ ਦੀ ਆਮਦ ਦਾ ਸੂਚਕ ਹੁੰਦੀ ਹੈ। ਅਖ਼ਬਾਰ ਵੰਡਣ ਵਾਲੇ ਬੰਦੇ ਦੀ ਘੰਟੀ ਗਲੀ ਵਿੱਚ ਨਾ ਵੱਜੇ ਤਾਂ ਅਖ਼ਬਾਰ ਦੇ ਸ਼ੌਕੀਨਾਂ ਦੀ ਚਾਹ ਦਾ ਸੁਆਦ ਖ਼ਰਾਬ ਹੋ ਸਕਦਾ ਹੈ। ਪਿੰਡ ਦੀ ਹੱਟੀ ’ਤੇ ਅਖ਼ਬਾਰ ਦੀ ਉਡੀਕ ਵਿੱਚ ਬੈਠੇ ਸਿਆਣੀ ਉਮਰ ਦੇ ਬੰਦੇ, ਸੇਵਾ ਮੁਕਤੀ ਵਾਲਾ ਜੀਵਨ ਬਸਰ ਕਰਨ ਵਾਲੇ ਤੇ ਪਿੰਡ ਦੀ ਸਾਂਝੀ ਥਾਂ ’ਤੇ ਬੈਠ ਕੇ ਤਬਸਰਾ ਕਰਨ ਵਾਲੇ ਬੰਦਿਆਂ ਦਾ ਦਿਨ ਬੇਸੁਆਦਾ ਹੋ ਸਕਦਾ ਹੈ। ਅੱਜ ਵੀ ਪਿੰਡਾਂ ਕਸਬਿਆਂ ਵਿੱਚ ਸਕੂਟਰ, ਮੋਟਰ ਸਾਈਕਲਾਂ ਜਾਂ ਘੜੂਕਿਆਂ ’ਤੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਗੇੜੀ ਲਾ ਕੇ ਆਪਣੀ ਰੋਟੀ ਰੋਜ਼ੀ ਕਮਾਉਣ ਵਾਲੇ ਛੋਟੇ ਛੋਟੇ ਸਪੀਕਰਾਂ ਰਾਹੀਂ ਆਪਣੀਆਂ ਚੀਜ਼ਾਂ ਦੀ ਮੁਨਾਦੀ ਕਰਦੇ ਦਿਸਦੇ ਹਨ।

ਇਨ੍ਹਾਂ ਕਿਰਤੀਆਂ ਵੱਲੋਂ ਮਾਰੀ ਜਾਂਦੀ ਆਵਾਜ਼ ਅੱਜ ਵੀ ਲੋਕਾਂ ਵੱਲੋਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਅਕਸਰ ਸੁਣੀ ਜਾਂਦੀ ਹੈ। ਗਲੀਆਂ ਵਿੱਚੋਂ ਆਉਂਦੀਆਂ ਅਜਿਹੀਆਂ ਆਵਾਜ਼ਾਂ ਪੇਡੂ ਜ਼ਿੰਦਗੀ ਵਿੱਚੋਂ ਨੀਰਸਤਾ ਨੂੰ ਖ਼ਤਮ ਕਰਨ ਦੇ ਨਾਲ ਜ਼ਿੰਦਗੀ ਦੇ ਘੁੱਗ ਵੱਸਦੇ ਹੋਣ, ਸਾਧਾਰਨ ਜਨ ਜੀਵਨ ਦੀ ਨਿਰੰਤਰਤਾ, ਆਪਮੁਹਾਰੇਪਣ, ਸਾਦਗੀ, ਮਾਨਵੀ ਕਦਰਾਂ ਕੀਮਤਾਂ ਵਰਗੀਆਂ ਗੂੜ੍ਹ ਸੱਚਾਈਆਂ ਨੂੰ ਸਹਿਜਤਾ ਨਾਲ ਬਿਆਨਦੀਆਂ ਜਾਪਦੀਆਂ ਹਨ। ਪੰਜਾਬ ਦੀ ਪੇਂਡੂ ਜ਼ਿੰਦਗੀ ਦਾ ਇਹ ਰੰਗ ਦੁਨੀਆ ’ਤੇ ਆਉਣ ਅਤੇ ਜਾਣ, ਆਪਣੇ ਹਿੱਸੇ ਆਉਂਦੇ ਕੰਮ ਤੇ ਜ਼ਿੰਮੇਵਾਰੀਆਂ ਨੂੰ ਠਰੰਮੇ ਨਾਲ ਨਿਭਾਉਣ, ਮਿਹਨਤ ਮੁਸ਼ੱਕਤ ਵਾਲੀ ਜੀਵਨ ਜਾਚ, ਕਿਰਤ ਦਾ ਸਤਿਕਾਰ ਕਰਨ, ਹਲੀਮੀ, ਨਿਮਰਤਾ, ਜ਼ਰੂਰਤਮੰਦ ਦੀ ਸੇਵਾ ਤੇ ਬੰਦੇ ਨੂੰ ਬੰਦਾ ਸਮਝਣ ਦੇ ਗੁੱਝੇ ਭੇਦ ਸਿਖਾਉਣ ਵਿੱਚ ਵੀ ਸਹਾਈ ਹੁੰਦੀ ਹੈ।

Leave a Reply

Your email address will not be published. Required fields are marked *