ਸਿੱਖ ਇਤਿਹਾਸ ਨਾਲ ਸਬੰਧਤ ਖੂਹ (-ਬਹਾਦਰ ਸਿੰਘ ਗੋਸਲ)

ਮਨੁੱਖਤਾ ਲਈ ਪਾਣੀ ਇੱਕ ਅਮੁਲ ਵਸਤੂ ਹੈ, ਜਿਸ ਤੋਂ ਬਿਨਾਂ ਕੋਈ ਜੀਵਤ ਨਹੀਂ ਰਹਿ ਸਕਦਾ। ਇਹ ਹੀ ਕਾਰਨ ਸੀ ਕਿ ਸਿੱਖ ਗੁਰੂ ਸਹਿਬਾਨ ਨੇ ਵੀ ਧਰਮ ਪ੍ਰਚਾਰ, ਸਰਬ ਕਲਿਆਣ ਅਤੇ ਸਿੱਖੀ ਦੇ ਪ੍ਰਚਾਰ ਸਮੇਂ ਪਾਣੀ ਨੂੰ ਖ਼ਾਸ ਮਹੱਤਵ ਦਿੱਤਾ। ਇੱਥੋਂ ਤੱਕ ਕਿ ਸਿੱਖ ਇਤਿਹਾਸ ਵਿੱਚ ਤਾਂ ਪਾਣੀ ਨੂੰ ਪਿਤਾ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ। ਜੇ ਸਿੱਖ ਇਤਿਹਾਸ ਨੂੰ ਗੋਹ ਨਾਲ ਪੜ੍ਹਿਆ ਅਤੇ ਵਿਚਾਰਿਆ ਜਾਵੇ ਤਾਂ ਬਹੁਤ ਸਾਰੇ ਖੂਹਾਂ, ਬਾਉਲੀਆਂ ਦਾ ਵਰਨਣ ਮਿਲਦਾ ਹੈ, ਜੋ ਪਾਣੀ ਦੀ ਥੁੜ ਕਾਰਨ ਜਾਂ ਤਾਂ ਕਿਸੇ ਨਾ ਕਿਸੇ ਗੁਰੂ ਸਾਹਿਬ ਵੱਲੋਂ ਬਣਵਾਏ ਗਏ ਜਾਂ ਉਹ ਖੂਹ ਹਨ, ਜਿਨ੍ਹਾਂ ਦਾਂ ਗੁਰੂ ਸਾਹਿਬਾਨ ਨਾਲ ਵਾਸਤਾ ਰਿਹਾ ਹੈ। ਇਨ੍ਹਾਂ ’ਚ ਕੁਝ ਪਵਿੱਤਰ ਖੂਹਾਂ ਦਾ ਵਰਨਣ ਇਸ ਤਰ੍ਹਾਂ ਹੈ:

• ਬੀਬੀ ਅਮਰੋ ਦਾ ਖੂਹ: ਖਡੂਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਮੁੱਖ ਇਮਾਰਤ ਦੇ ਸਾਹਮਣੇ ਬੀਬੀ ਅਮਰੋ ਦਾ ਪੁਰਾਤਨ ਖੂਹ ਮੌਜੂਦ ਹੈ। ਸੰਗਤ ਵਾਸਤੇ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਬੀਬੀ ਜੀ ਨੇ ਗੁਰੂ-ਪਿਤਾ ਨੂੰ ਖੂਹ ਲਈ ਬੇਨਤੀ ਕੀਤੀ ਸੀ ਅਤੇ ਗੁਰੂ ਅੰਗਦ ਦੇਵ ਨੇ ਆਪਣੀ ਪੁੱਤਰੀ ਬੀਬੀ ਅਮਰੋ ਦੀ ਬੇਨਤੀ ਨੂੰ ਕਬੂਲ ਕਰਦਿਆਂ ਇਹ ਖੂਹ ਲਗਵਾਇਆ ਸੀ। ਇਸ ਖੂਹ ਦੀ ਚੰਗੀ ਸੰਭਾਲ ਸਦਕਾ ਅੱਜ ਵੀ ਇਹ ਦੇਖਣਯੋਗ ਇਤਿਹਾਸਕ ਯਾਦਗਾਰ ਹੈ।

• ਤਿੰਨ-ਹਰਟਾ ਵਾਲਾ ਖੂਹ, ਗੁਰੂ ਦੀ ਵਡਾਲੀ: ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਨੇ ਜਿਸ ਤਰ੍ਹਾਂ ਛੇ-ਹਰਟਾ ਵਾਲਾ ਖੂਹ ਛੇਹਰਟਾ ਸਾਹਿਬ ਲਗਾਇਆ ਸੀ। ਉਸੇ ਤਰ੍ਹਾਂ ਦਾ ਹੀ ਗੁਰੂ ਸਾਹਿਬ ਨੇ ਇੱਕ ਹੋਰ ਤਿੰਨ-ਹਰਟਾ ਵਾਲਾ ਖੂਹ ਪਿੰਡ ਵਡਾਲੀ ਦੀ ਜ਼ਮੀਨ ਵਿੱਚ ਲਗਵਾਇਆ ਅਤੇ ਅੱਜ ਵੀ ਅਮ੍ਰਿਤਸਰ ਜਾਣ ਵਾਲੀ ਸੰਗਤ ਇਨ੍ਹਾਂ ਖੂਹਾਂ ਦੇ ਦਰਸ਼ਨ ਕਰਦੀ ਹੈ।

• ਦੁੱਧ ਵਾਲਾ ਖੂਹ, ਨਾਨਕ ਮਤਾ ਸਾਹਿਬ: ਸ੍ਰੀ ਨਾਨਕ ਮਤਾ ਸਾਹਿਬ (ਯੂਪੀ) ਦੇ ਮੁੱਖ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਕੋਈ 500 ਮੀਟਰ ਦੀ ਵਿੱਥ ’ਤੇ ਪੱਛਮ ਵੱਲ ਇਹ ਇਤਿਹਾਸਕ ਖੂਹ ਸੁਸ਼ੋਭਿਤ ਹੈ। ਇਸ ਸਥਾਨ ਦਾ ਬਚਿੱਤਰ ਇਤਿਹਾਸ ਹੈ। ਜਦੋਂ ਗੁਰੂ ਨਾਨਕ ਸਾਹਿਬ ਸਮੇਂ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਨਾਲ ਇਲਾਕੇ ਦੀਆਂ ਸਭ ਮੱਝਾਂ-ਗਾਈਆਂ ਦਾ ਦੁੱਧ ਸੁਕਾ ਦਿੱਤਾ ਅਤੇ ਸਿੱਧ ਸ਼ੰਭੂਨਾਥ ਨੇ ਗੁਰੂ ਜੀ ਤੋਂ ਆਪਣਾ ਤੂੰਬਾ ਦੁੱਧ ਨਾਲ ਭਰਨ ਦੀ ਮੰਗ ਕੀਤੀ ਤਾਂ ਭਾਈ ਵੀਰ ਸਿੰਘ ਜੀ ਅਨੁਸਾਰ ਗੁਰੂ ਨਾਨਕ ਦੇਵ ਨੇ ਖੂਹ ’ਚੋਂ ਪਾਣੀ ਦਾ ਤੂੰਬਾ ਭਰ ਦਿੱਤਾ, ਜੋ ਸਿੱਧਾਂ ਨੂੰ ਦੁੱਧ ਨਜ਼ਰ ਆਇਆ। ਸਾਰਿਆਂ ਨੇ ਰੱਜ ਕੇ ਦੁੱਧ ਪੀਤਾ ਪਰ ਉਹ ਮੁੱਕਿਆ ਨਾ। ਅੱਜ ਵੀ ਇਹ ਪਵਿੱਤਰ ਖੂਹ ਇੱਥੇ ਸੁਸ਼ੋਭਿਤ ਹੈ। ਗੁਰਦੁਆਰੇ ਦੀ ਪਰਕਰਮਾ ਵਿੱਚ ਇਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

• ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਖੂਹ: ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਆਨੰਦਪੁਰ ਸਾਹਿਬ ਦੇ ਮੱਧ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਤੋਂ 800 ਮੀਟਰ ਦੀ ਦੂਰੀ ’ਤੇ ਦੱਖਣ-ਪੂਰਬ ਵੱਲ ਬਣਾਇਆ ਗਿਆ ਸੀ। ਇਸ ਕਿਲ੍ਹੇ ਵਿੱਚ ਹੀ ਖੂਹ ਬਣਾਇਆ ਗਿਆ ਸੀ, ਜੋ ਬਾਅਦ ਵਿੱਚ ਬਾਉਲੀ ਬਣ ਗਿਆ। ਆਨੰਦਗੜ੍ਹ ਸਾਹਿਬ ਪਹੁੰਚਣ ਲਈ ਪੌੜੀਆਂ ਬਣਾਈਆਂ ਗਈਆਂ ਸਨ ਅਤੇ ਇਸ ਦਾ ਪ੍ਰਵੇਸ਼-ਦੁਆਰ ਕੀਰਤਪੁਰ ਸਾਹਿਬ ਵੱਲ ਰੱਖਿਆ ਗਿਆ ਸੀ। ਉੱਚੀ ਥਾਂ ’ਤੇ ਹੋਣ ਕਰਕੇ ਇਹ ਖੂਹ ਪਾਣੀ ਲਈ ਵਰਦਾਨ ਸੀ।

• ਖੂਹ, ਜਨਮ ਸਥਾਨ ਪਟਨਾ ਸਾਹਿਬ: ਗੁਰੂ ਗੋਬਿੰਦ ਸਿੰਘ ਦਾ ਜਨਮ ਪੋਹ ਸੁਦੀ ਸੱਤਵੀਂ ਸੰਮਤ 1723 ਅਰਥਾਤ 23 ਸਤੰਬਰ 1666 ਈ. ਨੂੰ ਪਟਨਾ ਸਾਹਿਬ ਵਿੱਚ ਹੋਇਆ। ਸਥਾਨਕ ਰਾਜਾ ਫਤਿਹਚੰਦ ਮੌਣੀ ਗੁਰੂ ਘਰ ਦਾ ਸੇਵਕ ਸੀ। ਇਸ ਲਈ ਉਸ ਨੇ ਸਾਲਿਸ ਰਾਏ ਜੌਹਰੀ ਦੇ ਘਰ, ਜਿੱਥੇ ਗੁਰੂ ਪਰਿਵਾਰ ਰਿਹਾਇਸ਼ ਕਰਦਾ ਸੀ, ਦਾ ਨਵਨਿਰਮਾਣ ਕਰਵਾਇਆ। ਮਗਰੋਂ 19ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 1937 ਈ. ਤੋਂ 1939 ਈ. ਦੇ ਵਿਚਾਲੇ ਇੱਥੇ ਸ਼ਾਨਦਾਰ ਗੁਰਦੁਆਰੇ ਦੀ ਇਮਾਰਤ ਬਣਵਾਈ। ਇਸ ਗੁਰਦੁਆਰੇ ਦੀ ਪਰਕਰਮਾ ਵਿੱਚ ਹੀ ਖੂਹ ਮੌਜੂਦ ਹੈ, ਜੋ ਗੁਰੂ ਘਰ ਨਾਲ ਸਬੰਧ ਰੱਖਦਾ ਹੈ।

• ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਦਾ ਖੂਹ: ਇਹ ਪਵਿੱਤਰ ਖੂਹੀ ਚਮਕੌਰ ਸਾਹਿਬ ਦੀ ਗੜ੍ਹੀ ਵਿਖੇ ਭਾਈ ਸੰਗਤ ਸਿੰਘ ਜੀ ਦੀ ਯਾਦ ’ਚ ਬਣਾਏ ਗਏ ਗੁਰਦੁਆਰੇ ਦੇ ਹੇਠਲੇ ਹਿੱਸੇ ਵਿੱਚ ਸੁਸ਼ੋਭਿਤ ਹੈ। ਜਦੋਂ 21 ਦਸੰਬਰ 1704 ਈ. ਨੂੰ ਗੁਰੂ ਗੋਬਿੰਦ ਸਿੰਘ ਨੇ 40 ਸਿੰਘਾਂ ਸਮੇਤ ਭਾਈ ਗਰੀਬੂ ਦੀ ਉੱਚੀ ਹਵੇਲੀ, ਜਿਸ ਨੂੰ ਕੱਚੀ ਗੜ੍ਹੀ ਵੀ ਕਿਹਾ ਜਾਂਦਾ ਹੈ, ਵਿੱਚ ਟਿਕਾਣਾ ਕੀਤਾ ਤਾਂ ਉਨ੍ਹਾਂ ਸ਼ਾਹੀ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਮੋਰਚਾ-ਬੰਦੀ ਕਰ ਕੇ ਚਾਰੇ ਬਾਹੀਆਂ ’ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ। ਰਾਤ ਨੂੰ ਗੜੀ ਦੇ ਦਰਵਾਜ਼ੇ ’ਤੇ ਭਾਈ ਕੋਠਾ ਸਿੰਘ ਅਤੇ ਉਸ ਦੇ ਸਕੇ ਭਰਾ ਭਾਈ ਮਦਨ ਸਿੰਘ ਨੂੰ ਪਹਿਰੇ ’ਤੇ ਲਗਾਇਆ। ਰਾਤ ਨੂੰ ਸ਼ਾਹੀ ਫ਼ੌਜਾਂ ਨੇ ਗੜੀ ਘੇਰ ਲਈ ਅਤੇ 22 ਦਸੰਬਰ 1704 ਈ. ਨੂੰ ਪੂਰਾ ਦਿਨ ਜੰਗ ਹੋਈ। ਇਸ ਸਮੇਂ ਦੌਰਾਨ ਗੁਰੂ ਜੀ ਅਤੇ ਸਿੰਘਾਂ ਦੀ ਪਾਣੀ ਦੀ ਪੂਰਤੀ ਲਈ ਇਹ ਖੂਹ ਹੀ ਕੰਮ ਆ ਰਿਹਾ ਸੀ, ਜਿਸ ਦੇ ਅੱਜ ਵੀ ਦਰਸ਼ਨ ਕੀਤੇ ਜਾ ਸਕਦੇ ਹਨ ।

• ਸ੍ਰੀ ਚਰਨ ਕੰਵਲ ਸਾਹਿਬ, ਮਾਛੀਵਾੜਾ ਦਾ ਖੂਹ: ਜਦੋਂ ਦਸਵੇਂ ਗੁਰੂ ਮਾਛੀਵਾੜੇ ਪਹੁੰਚੇ ਤਾਂ ਉੱਥੇ ਪੁੱਜ ਕੇ ਸਭ ਤੋਂ ਪਹਿਲਾਂ ਇਕ ਖੂਹ ਤੋਂ ਪਾਣੀ ਪੀਤਾ ਅਤੇ ਆਪਣੇ ਹੱਥ-ਪੈਰ ਸਾਫ਼ ਕੀਤੇ। ਫਿਰ ਉੱਥੋਂ ਲਗਪਗ 70 ਗਜ ਦੀ ਦੂਰੀ ’ਤੇ ਜੰਡ ਦੇ ਇੱਕ ਰੁੱਖ ਹੇਠ ਟਿੰਡ ਦਾ ਸਿਰਹਾਣਾ ਲਗਾ ਕੇ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਆਰਾਮ ਕਰਨ ਲੱਗੇ। ਅੱਜ-ਕੱਲ੍ਹ ਇੱਥੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ। ਖੂਹ ਦੀ ਵੀ ਸੰਭਾਲ ਕੀਤੀ ਗਈ ਹੈ ਅਤੇ ਸੰਗਤ ਉਸ ਜੰਡ ਦੇ ਵੀ ਦਰਸ਼ਨ ਕਰਦੀ ਹੈ।

• ਖੂਹ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ: ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਹੀ ਗੜ੍ਹੀ ਦੇ ਰੂਪ ਦਾ ਇੱਕ ਅੱਠ-ਕੋਨਾ 70 ਫੁੱਟ ਉੱਚਾ ਬੁਰਜ ਹੈ। ਤਖ਼ਤ ਸਾਹਿਬ ਦੇ ਸਾਹਮਣੇ ਹੀ ਬਾਬਾ ਦੀਪ ਸਿੰਘ ਜੀ ਦਾ ਲਗਾਇਆ ਹੋਇਆ ਖੂਹ ਮੌਜੂਦ ਹੈ, ਜੋ ਉਸ ਸਮੇਂ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਬਾਬਾ ਜੀ ਨੇ ਆਪਣੇ ਹੱਥੀਂ ਲਗਵਾਇਆ ਸੀ। ਇਸ ਸਥਾਨ ’ਤੇ ਪਹਿਲਾਂ 1674 ਈ. ਵਿੱਚ ਨੌਵੇਂ ਪਾਤਸ਼ਾਹ ਨੇ ਚਰਨ ਪਾਏ ਸਨ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਮਹੀਨੇ ਅਤੇ ਨੌਂ ਦਿਨ ਰਹਿ ਕੇ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ। • ਖੂਹ, ਭਾਈ ਡੱਲਾ ਸਿੰਘ: ਗੁਰੂ ਗੋਬਿੰਦ ਸਿੰਘ ਨੇ ਭਾਈ ਡੱਲਾ ਸਿੰਘ ਨੂੰ ਅਥਾਹ ਖੁਸ਼ੀਆਂ ਬਖਸ਼ੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੀਆਂ ਕੁਝ ਨਿਸ਼ਾਨੀਆਂ ਦਿੱਤੀਆਂ, ਜਿਨ੍ਹਾਂ ਦੀ ਇਸ ਪਰਿਵਾਰ ਵੱਲੋਂ ਅੱਜ ਤੱਕ ਸੰਭਾਲ ਕੀਤੀ ਜਾ ਰਹੀ ਹੈ। ਇਹ ਨਿਸ਼ਾਨੀਆਂ ਤਖ਼ਤ ਦਮਦਮਾ ਸਾਹਿਬ ਤੋਂ ਇਕ ਕਿਲੋਮੀਟਰ ਦੀ ਦੂਰੀ ’ਤੇ ਭਾਈ ਡੱਲਾ ਜੀ ਦੇ ਪਰਿਵਾਰ ਵੱਲੋਂ ਬਣਾਏ ਆਪਣੇ ਘਰ, ਜਿਸ ਨੂੰ ਸੰਮਤ 1998, 21 ਕੱਤਕ ਨੂੰ ਦੁਬਾਰਾ ਮੁਰੰਮਤ ਕਰ ਕੇ ਬਣਾਇਆ ਗਿਆ ਸੀ, ਵਿਖੇ ਸੁਸ਼ੋਭਿਤ ਹਨ। ਭਾਈ ਡੱਲਾ ਜੀ ਦਾ ਮਕਾਨ ਵੀ ਪੁਰਾਣੇ ਕਿਲ੍ਹੇ ਦੀ ਤਰ੍ਹਾਂ ਅੱਜ ਵੀ ਬਰਕਰਾਰ ਹੈ ਅਤੇ ਇਸ ਘਰ ਦੇ ਅੱਗੇ ਭਾਈ ਡੱਲਾ ਯਾਦਗਾਰੀ ਖੂਹ ਹੈ, ਜਿਸ ਤੋਂ ਪੁਰਾਣੇ ਸਮਿਆਂ ਵਿੱਚ ਪੀਣ ਲਈ ਪਾਣੀ ਲਿਆ ਜਾਂਦਾ ਸੀ। ਇਸ ਖੂਹ ਨੂੰ ਹੁਣ ਮਿਊਂਸੀਪਲ ਕਮੇਟੀ ਨੇ ਸੇਵਾ ਕਰ ਕੇ ਖੂਬ ਸਜਾਇਆ ਹੋਇਆ ਹੈ।

• ਗੰਗਾਸਰ ਖੁੂਹ: ਤਰਨ ਤਾਰਨ ਦੀ ਉਸਾਰੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ਲਈ ਦੁਆਬੇ ਵਿੱਚ ਗਏ ਅਤੇ ਨਵਾਂ ਪ੍ਰਚਾਰ ਕੇਂਦਰ ਬਣਾਉਣ ਦੇ ਮਨੋਰਥ ਨਾਲ ਕਰਤਾਰਪੁਰ ਨਾਂ ਦਾ ਨਵਾਂ ਨਗਰ ਵਸਾਇਆ। ਇਸ ਨਗਰ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ 1593 ਈ. ਵਿੱਚ ਰੱਖੀ ਸੀ ਅਤੇ ਇੱਥੇ ਹੀ ਮਾਤਾ ਗੰਗਾ ਜੀ ਦੇ ਨਾਂ ਦਾ ਖੂਹ ਲਗਵਾਇਆ, ਜਿਸ ਨੂੰ ਗੰਗਾਸਰ ਕਹਿੰਦੇ ਹਨ। ਖੂਹ ਦੇ ਲਾਗੇ ਹੀ ‘ਮੰਜੀ ਸਾਹਿਬ’ ਬਣਿਆ ਹੋਇਆ ਹੈ। ਅੱਜ-ਕੱਲ੍ਹ ਇਸ ਸਥਾਨ ’ਤੇ ਗੁਰਦੁਆਰਾ ਗੰਗਸਰ ਸੁਸ਼ੋਭਿਤ ਹੈ।

ਛੇ-ਹਰਟਾ ਖੂਹ

ਗੁਰੂ ਅਰਜਨ ਦੇਵ ਜੀ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉੱਥੇ ਹੀ ਤਲਾਬਾਂ ਅਤੇ ਖੂਹਾਂ ਦਾ ਨਿਰਮਾਣ ਕਰਵਾ ਕੇ ਮਨੁੱਖਤਾ ’ਤੇ ਉਪਕਾਰ ਕੀਤਾ। ਉਨ੍ਹਾਂ ਵੱਲੋਂ ਛੇਹਰਟਾ ਸਾਹਿਬ ਵਿਖੇ ਲਗਵਾਇਆ ਗਿਆ ਛੇ-ਹਰਟਾ ਵਾਲਾ ਖੂਹ ਇਤਹਾਸ ਵਿੱਚ ਬਚਿੱਤਰ ਅਤੇ ਵਿਲੱਖਣ ਸਾਬਤ ਹੋਇਆ। ਜਦੋਂ ਗੁਰੂ ਜੀ ਪ੍ਰਿਥੀ ਚੰਦ ਦੀ ਈਰਖਾ ਕਾਰਨ ਸੰਮਤ 1651-1653 ਤੱਕ ਪਿੰਡ ਬਡਾਲੀ ਰਹਿੰਦੇ ਰਹੇ ਤਾਂ ਇੱਥੇ ਸੰਮਤ 1652 ਵਿੱਚ (ਗੁਰੂ) ਹਰਗੋਬਿੰਦ ਦਾ ਜਨਮ ਹੋਇਆ ਅਤੇ ਇਲਾਕੇ ਵਿੱਚ ਪਾਣੀ ਦੀ ਕਮੀ ਦੂਰ ਕਰਨ ਲਈ ਸੰਮਤ 1654 ਵਿੱਚ ਇੱਕ ਵਿਲੱਖਣ ਖੂਹ ਲਗਵਾਇਆ, ਜਿਸ ਵਿੱਚ ਛੇ-ਹਰਟ ਚੱਲਦੇ ਸਨ। ਬਾਅਦ ਵਿੱਚ ਇਸ ਥਾਂ ਦਾ ਨਾਂ ਛੇਹਰਟਾ ਸਾਹਿਬ ਪੈ ਗਿਆ।

Leave a Reply

Your email address will not be published. Required fields are marked *