ਦਿੱਲੀ ਗੁਰਦੁਆਰਾ ਕਮੇਟੀ ’ਚ ਹੋ ਸਕਦੀ ਹੈ ਸੱਤਾ ਦੀ ‘ਖੇਡ’ (-ਸੁਨੀਲ ਪਾਂਡੇ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ 2 ਮਹੀਨੇ ਬੀਤਣ ਦੇ ਬਾਅਦ ਵੀ ਕਮੇਟੀ ਪ੍ਰਬੰਧ ਕੌਣ ਚਲਾਵੇਗਾ, ਸੱਤਾ ਦੀ ਚਾਬੀ ਕਿਸ ਦੇ ਹੱਥ ਮਿਲੇਗੀ, ਇਹ ਸਪੱਸ਼ਟ ਨਹੀਂ ਹੋ ਰਿਹਾ। ਬਹੁਮਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੋਇਆ ਹੈ ਪਰ ਇਕ ਚਿਹਰੇ ਨੂੰ ਲੈ ਕੇ ਅੜੀ ਪਾਰਟੀ ਫੈਸਲਾ ਨਹੀਂ ਲੈ ਰਹੀ। ਇਹੀ ਕਾਰਨ ਹੈ ਕਿ ਸਭ ਕੁਝ ਹੋਣ ਦੇ ਬਾਅਦ ਵੀ ‘ਸਰਕਾਰ’ ਅਜੇ ਤੱਕ ਨਹੀਂ ਬਣ ਸਕੀ। ਇਸ ਦਾ ਫਾਇਦਾ ਹੁਣ ਇਕਜੁੱਟ ਵਿਰੋਧੀ ਧਿਰ ਲੈਣ ਲਈ ਉਤਾਵਲੀ ਹੈ ਅਤੇ ਉਹ ਹੌਲੀ-ਹੌਲੀ ਆਪਣੇ ਮਿਸ਼ਨ ਵੱਲ ਅੱਗੇ ਵਧ ਰਹੀ ਹੈ। ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਵੱਧ ਹੋ ਗਈ ਹੈ। ਸਿੰਘ ਸਭਾ ਕੋਟੇ ਦੀ ਲਾਟਰੀ ’ਚੋਂ ਨਿਕਲਣ ਵਾਲੀਆਂ ਦੋ ਸੀਟਾਂ ’ਚੋਂ ਇਕ ਸੀਟ ’ਤੇ ਮੈਂਬਰ ਨਾਮਜ਼ਦ ਦੀ ਚੋਣ ਵੀ ਹੋ ਚੁੱਕੀ ਹੈ, ਜਦਕਿ ਇਕ ਸੀਟ ਅਜੇ ਵੀ ਖਾਲੀ ਹੈ। ਗੁਰਦੁਆਰਾ ਸਿੰਘ ਸਭਾ ਕ੍ਰਿਸ਼ਨਾ ਨਗਰ ਸਫਦਰਜੰਗ ਇਨਕਲੇਵ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਮੈਂਬਰ ਚੁਣੇ ਜਾਣ ਦੇ ਬਾਅਦ ਹੀ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਸਮਰਥਨ ਦੇਣ ਦਾ ਐਲਾਨ ਵੀ ਕਰ ਦਿੱਤਾ।

ਓਧਰ, ਅਕਾਲੀ ਦਲ ਬਾਦਲ ਵੱਲੋਂ ਚਿਹਰਾ ਨਾ ਬਦਲਣ ਦੇ ਫੈਸਲੇ ਨੇ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਨੂੰ ਵੀ ਅੱਧ-ਵਿਚਾਲੇ ਲਟਕਾ ਦਿੱਤਾ ਹੈ ਹਾਲਾਂਕਿ ਕਮੇਟੀ ਦੇ ਕਾਰਜਵਾਹਕ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੈਂਬਰਾਂ ਨੂੰ ਇਕਜੁੱਟ ਰੱਖਣ ’ਚ ਪੂਰੀ ਤਾਕਤ ਲਗਾਈ ਹੋਈ ਹੈ, ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਵੀ ਦੇ ਰਹੇ ਹਨ, ਬਾਵਜੂਦ ਇਸ ਦੇ ਕੁਝ ਮੈਂਬਰ ਵਫਾਦਾਰੀ ਤੋੜਨ ਦਾ ਮਨ ਬਣਾ ਰਹੇ ਹਨ। ਸਿਆਸੀ ਜਾਣਕਾਰ ਵੀ ਕਹਿਣ ਲੱਗੇ ਹਨ ਕਿ ਸਮਾਂ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਜੇਕਰ ਆਪਣੀ ਜ਼ਿੱਦ ਛੱਡ ਕੇ ਜਲਦੀ ਕੋਈ ਫੈਸਲਾ ਨਹੀਂ ਲੈਂਦਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਕਾਲੀਆਂ ਦੀ ਬਜਾਏ ਸੱਤਾ ’ਤੇ ਵਿਰੋਧੀ ਧਿਰ (ਸਰਨਾ ਭਰਾ) ਦੇ ਲੋਕ ਕਾਬਜ਼ ਹੋ ਜਾਣ। ਇਸ ਨੂੰ ਲੈ ਕੇ ਕਵਾਇਦ ਵੀ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੱਤਾ ਵੱਲ ਵਧ ਰਹੇ ਹਨ ਅਤੇ ਬਹੁਤ ਜਲਦ ‘ਸਰਕਾਰ’ ਬਣਾਉਣਗੇ।

ਕਮੇਟੀ ਦੀ ਨਿਗਰਾਨੀ ਲਈ ਨਿਯੁਕਤ ਹੋਵੇ ਸਰਕਾਰੀ ਰਿਸੀਵਰ

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਨਵੀਂ ਕਮੇਟੀ ਦੇ ਗਠਨ ਹੋਣ ਤੱਕ ਆਰਥਿਕ ਨਿਗਰਾਨੀ ਲਈ ਇਕ ਰਿਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਸਰਨਾ ਦੇ ਅਨੁਸਾਰ ਕਾਰਜਵਾਹਕ ਪ੍ਰਬੰਧਾਂ ਨੂੰ ਸਿਰਫ ਰੋਜ਼ਾਨਾ ਦੇ ਖਰਚਿਆਂ ਦੀ ਨਿਗਰਾਨੀ ਕਰਨ ਦਾ ਅਧਿਕਾਰ ਹੁੰਦਾ ਹੈ ਪਰ ਮੌਜੂਦਾ ਸਮੇਂ ’ਚ ਲੱਖਾਂ ਰੁਪਇਆਂ ਨਾਲ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਦੋ ਗੱਡੀਆਂ ਖਰੀਦੀਆਂ ਗਈਆਂ ਹਨ ਅਤੇ ਦੋ ਹੋਰਨਾਂ ਗੱਡੀਆਂ ਲਈ ਆਰਡਰ ਦਿੱਤਾ ਗਿਆ ਹੈ।

ਉਪ-ਰਾਜਪਾਲ ਦੇ ਲਿਖੇ ਪੱਤਰ ’ਚ ਸਰਨਾ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਪ੍ਰਬੰਧ ਦੇਖ ਰਹੇ ਅਹੁਦੇਦਾਰ ਸ਼ਰੇਆਮ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਰਹੇ ਹਨ, ਇਸ ਲਈ ਤੁਰੰਤ ਪ੍ਰਭਾਵ ਨਾਲ ਰਿਸੀਵਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਬਕੌਲ ਸਰਨਾ, ਦੋ ਸਾਲ ਤੋਂ ਐਗਜ਼ੈਕਟਿਵ ਕਮੇਟੀ ਦੀ ਬੈਠਕ ਵੀ ਨਹੀਂ ਸੱਦੀ ਗਈ ਅਤੇ ਬਿਨਾਂ ਬੈਠਕ ਦੇ ਪਾਸ ਕੀਤੇ ਕੋਈ ਵੀ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ। ਸਰਨਾ ਨੇ ਖਦਸ਼ਾ ਪ੍ਰਗਟਾਇਆ ਕਿ ਮੌਜੂਦਾ ਕਮੇਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਲਾਭ ਪਹੁੰਚਾ ਰਹੀ ਹੈ ਜਿਸ ਨੂੰ ਤੱਤਕਾਲ ਪ੍ਰਭਾਵ ਤੋਂ ਰੋਕਣ ਦੀ ਲੋੜ ਹੈ।

ਸਰਨਾ ਦੀ ਚਿੱਠੀ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਥਿਕ ਨਿਗਰਾਨੀ ਲਈ ਰਿਸੀਵਰ ਨਿਯੁਕਤ ਕਰਨ ਦੀ ਮੰਗ ’ਤੇ ਸੱਤਾਧਾਰੀ ਦਲ ਭੜਕ ਉੱਠਿਆ ਹੈ। ਕਮੇਟੀ ਦੀਆਂ ਆਮ ਚੋਣਾਂ ਹਾਰ ਚੁੱਕੇ ਕਾਰਜਵਾਹਕ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ’ਚ ਸੱਦੇ ਗਏ ਪੰਥਕ ਸੰਮੇਲਨ ’ਚ ਸਰਨਾ ਦੀ ਇਸ ਚਿੱਠੀ ਨੂੰ ਧਾਰਮਿਕ ਰੰਗਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਸਿਰਸਾ ਨੇ ਬਕਾਇਦਾ ਚਿੱਠੀ ਪੜ੍ਹ ਕੇ ਸੁਣਾਈ।

ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਦੇ ਕੇ ਅਤੇ ਹਜ਼ਾਰਾਂ ਸਿੱਖਾਂ ਨੇ ਜੇਲ ਕੱਟ ਕੇ ਗੁਰਦੁਆਰਾ ਪ੍ਰਬੰਧਾਂ ’ਚ ਨਰੈਣੂ ਮਹੰਤ ਦਾ ਕਬਜ਼ਾ ਖਤਮ ਕਰਵਾਇਆ ਅਤੇ ਪਰਮਜੀਤ ਸਿੰਘ ਸਰਨਾ ਮੁੜ ਗੁਰਧਾਮਾਂ ਅਤੇ ਗੁਰਦੁਆਰਾ ਪ੍ਰਬੰਧ ’ਤੇ ਸਰਕਾਰ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ। ਸਿਰਸਾ ਨੇ ਸਰਨਾ ਨੂੰ ਨਰੈਣੂ ਮਹੰਤ ਦਾ ਨਾਂ ਦਿੱਤਾ। ਨਾਲ ਹੀ ਉਨ੍ਹਾਂ ਨੇ ਸਪੱਸ਼ਟ ਚਿਤਾਵਨੀ ਵੀ ਦੇ ਦਿੱਤੀ ਕਿ ਸਿੱਖ ਕੌਮ ਕਿਸੇ ਵੀ ਕਿਸਮ ਦੀ ਸ਼ਹਾਦਤ ਦੇਣ ਲਈ ਤਿਆਰ ਹੈ ਪਰ ਗੁਰਧਾਮਾਂ ’ਤੇ ਸਰਕਾਰ ਦਾ ਕਬਜ਼ਾ ਕਿਸੇ ਵੀ ਹਾਲਤ ’ਚ ਨਹੀਂ ਹੋਣ ਦਿੱਤਾ ਜਾਵੇਗਾ। ਸਿਰਸਾ ਦਾ ਕਹਿਣਾ ਹੈ ਕਿ ਕਮੇਟੀ ਪ੍ਰਬੰਧ ’ਚ ਦਖਲ ਦੇਣ ਲਈ ਕਿਸੇ ਸਰਕਾਰੀ ਅਧਿਕਾਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੇਟ ਤੋਂ ਅੰਦਰ ਨਹੀਂ ਆਉਣ ਦੇਣਗੇ। ਇਸ ਲਈ ਚਾਹੇ ਜਿੰਨੀ ਵੀ ਕੁਰਬਾਨੀ ਦੇਣੀ ਪਵੇ।

ਪਹਿਲਾਂ ਵੀ ਨਿਯੁਕਤ ਹੋ ਚੁੱਕੇ ਹਨ ਰਿਸੀਵਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪਹਿਲਾਂ ਵੀ ਨਿਗਰਾਨੀ ਲਈ ਸਰਕਾਰੀ ਰਿਸੀਵਰ ਨਿਯੁਕਤ ਹੋ ਚੁੱਕੇ ਹਨ। ਸਿਆਸੀ ਜਾਣਕਾਰਾਂ ਅਨੁਸਾਰ ਸਾਲ 2006 ’ਚ ਹਰਵਿੰਦਰ ਸਿੰਘ ਸਰਨਾ ਦੇ ਕਾਰਜਕਾਲ ’ਚ ਅਦਾਲਤ ਦੇ ਦਖਲ ’ਤੇ ਰਿਸੀਵਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਤੱਤਕਾਲੀਨ ਸੈਸ਼ਨ ਜੱਜ ਨੂੰ 6 ਮਹੀਨਿਆਂ ਲਈ ਰਿਸੀਵਰ ਲਗਾਇਆ ਗਿਆ ਸੀ। ਉਹ ਕਮੇਟੀ ਦੀ ਹਰ ਵੱਡੀ ਕਾਰਜਪ੍ਰਣਾਲੀ ’ਤੇ ਨਿਗਰਾਨੀ ਰੱਖਦੇ ਸਨ ਅਤੇ ਆਰਥਿਕ ਹਿਸਾਬ ਵੀ ਲੈਂਦੇ ਸਨ। ਰਿਸੀਵਰ ਨਿਯੁਕਤ ਕਰਨ ਦੀ ਪਹਿਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹੀ ਉਸ ਸਮੇਂ ਕੀਤੀ ਸੀ ਅਤੇ ਬਕਾਇਦਾ ਚੋਣ ਨੂੰ ਅਦਾਲਤ ’ਚ ਚੈਲੇਂਜ ਕੀਤਾ ਗਿਆ ਸੀ। ਹਰਵਿੰਦਰ ਸਿੰਘ ਸਰਨਾ ਖੁਦ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਉਹ ਕਹਿੰਦੇ ਹਨ ਕਿ ਰਿਸੀਵਰ ਸਥਾਈ ਤੌਰ ’ਤੇ ਨਿਯੁਕਤ ਕਰ ਦੇਣਾ ਚਾਹੀਦਾ ਹੈ। ਇਸ ’ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਦੇ ਇਲਾਵਾ ਇਕ ਵਾਰ ਕਮੇਟੀ ਚਲਾਉਣ ਲਈ ਪ੍ਰਾਈਵੇਟ ਬੋਰਡ ਬਣਾਇਆ ਗਿਆ ਸੀ ਜਿਸ ਦੀ ਕਮਾਨ ਰੈਨਬੈਕਸੀ ਦੇ ਮਾਲਕ ਨੂੰ ਸੌਂਪੀ ਗਈ ਸੀ। ਇਸ ਦੇ ਬੋਰਡ ’ਚ ਦਿੱਲੀ ਦੇ ਪ੍ਰਮੁੱਖ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਅਤੇ ਅਖੀਰ ’ਚ… ਨਵੀਂ ਕਮੇਟੀ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਅੰਦਰ ਹੁਣ ਵਿਰੋਧ ਦੀਆਂ ਸੁਰਾਂ ਵੀ ਉੱਠਣ ਲੱਗੀਆਂ ਹਨ। ਨਾਲ ਹੀ ਪਾਰਟੀ ਦੇ ਹੁਕਮਰਾਨ ਸੁਖਬੀਰ ਸਿੰਘ ਬਾਦਲ ਤੱਕ ਇਹ ਗੱਲ ਪਹੁੰਚਾਈ ਜਾ ਰਹੀ ਹੈ ਕਿ ਜੇਕਰ ਫੈਸਲੇ ਲੈਣ ’ਚ ਦੇਰੀ ਹੋ ਗਈ ਤਾਂ ਦਿੱਲੀ ’ਚ ਵੱਡੀ ‘ਖੇਡ’ ਹੋ ਸਕਦੀ ਹੈ। ਦੱਬੀ ਜ਼ੁਬਾਨ ’ਚ ਪਾਰਟੀ ਦੇ ਸਥਾਨਕ ਨੇਤਾ ਵੀ ਹੁਣ ਇਹ ਕਹਿਣ ਲੱਗੇ ਹਨ।

Leave a Reply

Your email address will not be published. Required fields are marked *