ਉਪ-ਚੋਣਾਂ ਕਿਤੇ ਉਲਟਫੇਰ! ਕਿਤੇ ਸੱਤਾਧਾਰੀ ਪਾਰਟੀ ਨੇ ਵੀ ਬਾਜ਼ੀ ਮਾਰੀ

ਦੇਸ਼ ’ਚ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ’ਤੇ 30 ਅਕਤੂਬਰ ਨੂੰ ਹੋਈਆਂ ਉੱਪ-ਚੋਣਾਂ ਦੇ ਐਲਾਨੇ ਨਤੀਜਿਆਂ ’ਚ 2 ਨਵੰਬਰ ਨੂੰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਕੁਝ ਵੱਡੇ ਉਲਟਫੇਰ ਵੀ ਸਾਹਮਣੇ ਆਏ।

ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ’ਤੇ 2 ਵਾਰ ਦੀ ਜੇਤੂ ਭਾਜਪਾ ਨੂੰ ਹਰਾ ਕੇ ਕਾਂਗਰਸ ਨੇ ਚੋਣ ਜਿੱਤ ਲਈ ਜਦਕਿ ਪ੍ਰਦੇਸ਼ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਅਰਕੀ, ਫਤਿਹਪੁਰ ਅਤੇ ਜੁੱਬਲ ਵੀ ਕਾਂਗਰਸ ਨੇ ਜਿੱਤ ਲਈਆਂ। ਇਨ੍ਹਾਂ ’ਚੋਂ ਅਰਕੀ ਅਤੇ ਫਤਿਹਪੁਰ ਦੀਆਂ ਸੀਟਾਂ ਪਹਿਲਾਂ ਹੀ ਕਾਂਗਰਸ ਕੋਲ ਸਨ ਜਦਕਿ ਜੁੱਬਲ ਦੀ ਸੀਟ ਕਾਂਗਰਸ ਨੇ ਭਾਜਪਾ ਕੋਲੋਂ ਖੋਹ ਕੇ ਵੱਡਾ ਉਲਟਫੇਰ ਕੀਤਾ।

ਮਹਾਰਾਸ਼ਟਰ-ਗੁਜਰਾਤ ਦੀ ਹੱਦ ’ਤੇ ਸਥਿਤ ਕੇਂਦਰ ਸ਼ਾਸਿਤ ਖੇਤਰ ਦਾਦਰਾ ਨਗਰ ਹਵੇਲੀ ਤੋਂ ਲੋਕ ਸਭਾ ਸੀਟ ’ਤੇ ਭਾਜਪਾ ਨੂੰ ਪਛਾੜ ਕੇ ਸ਼ਿਵਸੈਨਾ ਨੇ ਚੋਣ ਜਿੱਤ ਲਈ।

ਮੱਧ ਪ੍ਰਦੇਸ਼ ਦੀ ਰੈਗਾਂਵ ਵਿਧਾਨ ਸਭਾ ਸੀਟ ਕਾਂਗਰਸ ਨੇ ਭਾਜਪਾ ਤੋਂ ਜਿੱਤ ਲਈ ਪਰ ਭਾਜਪਾ ਨੇ ਜੋਬਟ ਅਤੇ ਪ੍ਰਿਥਵੀਪੁਰ ਦੀਆਂ ਸੀਟਾਂ ਕਾਂਗਰਸ ਕੋਲੋਂ ਖੋਹ ਲਈਆਂ ਅਤੇ ਖੰਡਵਾ ਲੋਕਸਭਾ ਸੀਟ ’ਤੇ ਭਾਜਪਾ ਨੇ ਅਾਪਣਾ ਕਬਜ਼ਾ ਬਣਾਈ ਰੱਖਿਅਾ।

ਹਰਿਆਣਾ ਦੇ ਏਲਨਾਬਾਦ ਤੋਂ ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਰੋਸ ਵਜੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੇ ਬਾਅਦ ਦੁਬਾਰਾ ਇੱਥੋਂ ਉੱਪ-ਚੋਣ ਲੜੀ ਅਤੇ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਇਆ। ਏਲਨਾਬਾਦ ਸੀਟ ਤੋਂ ਅਭੈ ਚੌਟਾਲਾ ਵੱਲੋਂ ਇਹ ਲਗਾਤਾਰ ਚੌਥੀ ਜਿੱਤ ਹੈ।

ਪੱਛਮੀ ਬੰਗਾਲ ’ਚ 4 ਵਿਧਾਨ ਸਭਾ ਸੀਟਾਂ ਦੇ ਲਈ ਹੋਈਆਂ ਉਪ-ਚੋਣਾਂ ’ਚ ਖਰਦਾਹਾ ਅਤੇ ਗੌਸਾਬਾ ਦੀਆਂ 2 ਸੀਟਾਂ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਭਾਜਪਾ ਤੋਂ ਖੋਹ ਕੇ ਚਾਰੇ ਸੀਟਾਂ ਆਪਣੀ ਝੋਲੀ ’ਚ ਪਾਉਣ ’ਚ ਸਫਲ ਰਹੀ। ਸ਼ਾਂਤੀਪੁਰ ਸੀਟ ਨੂੰ ਛੱਡ ਕੇ ਬਾਕੀ ਤਿੰਨੋਂ ਸੀਟਾਂ ’ਤੇ ਭਾਜਪਾ ਦੀ ਜ਼ਮਾਨਤ ਜ਼ਬਤ ਹੋ ਗਈ।

ਕਰਨਾਟਕ ’ਚ ਸਿੰਦਗੀ ਅਤੇ ਹੰਗਲ ਦੋਵੇਂ ਸੀਟਾਂ ਜਦ (ਸ) ਦੇ ਕੋਲ ਸਨ ਜਿਨ੍ਹਾਂ ’ਚੋਂ ਸਿੰਦਗੀ ਦੀ ਸੀਟ ਤਾਂ ਭਾਜਪਾ ਨੇ ਬੜੇ ਫਰਕ ਨਾਲ ਹਰਾ ਕੇ ਜਿੱਤ ਲਈ ਪਰ ਮੁੱਖ ਮੰਤਰੀ ਬੋਮਈ ਦੇ ਗ੍ਰਹਿ ਜ਼ਿਲੇ ਹਵੇਰੀ ਦੇ ਅਧੀਨ ਹਨਾਗਲ ਦੀ ਸੀਟ ’ਤੇ ਇਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇੱਥੇ ਕਾਂਗਰਸ ਉਮੀਦਵਾਰ ਜੇਤੂ ਰਿਹਾ।

ਆਪਣੇ ਹੀ ਗ੍ਰਹਿ ਜ਼ਿਲੇ ’ਚ ਹੋਈ ਹਾਰ ਨੂੰ ਮੁੱਖ ਮੰਤਰੀ ਬੋਮਈ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਦੋਵਾਂ ਸੀਟਾਂ ’ਤੇ ਪਾਰਟੀ ਨੂੰ ਜਿੱਤ ਦਿਵਾਉਣ ਲਈ ਸਖਤ ਮਿਹਨਤ ਕੀਤੀ ਸੀ। ਇੱਥੇ ਭਾਜਪਾ ਦੀ ਹਾਰ ਦੇ ਲਈ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਚੋਣ ਪ੍ਰਚਾਰ ਮੁਹਿੰਮ ’ਚ ਅਣਮੰਨੇ ਭਾਵ ਨਾਲ ਹਿੱਸਾ ਲੈਣ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਬਿਹਾਰ ’ਚ ਕੁਸ਼ੇਸ਼ਵਰਸਥਾਨ ਤੇ ਤਾਰਾਪੁਰ ਦੋਵਾਂ ਸੀਟਾਂ ’ਤੇ ਜਦ (ਯੂ) ਨੇ ਆਪਣਾ ਕਬਜ਼ਾ ਕਾਇਮ ਰੱਖਿਆ।

ਰਾਜਸਥਾਨ ’ਚ ਭਾਜਪਾ ਦੇ ਗੜ੍ਹ ਧਾਰੀਆਵਾੜ ਦੀ ਸੀਟ ਕਾਂਗਰਸ ਨੇ ਖੋਹ ਲਈ। ਇਥੇ ਭਾਜਪਾ ਤੀਸਰੇ ਸਥਾਨ ’ਤੇ ਰਹੀ ਜਦਕਿ ਵੱਲਭਨਗਰ ਸੀਟ ’ਤੇ ਕਾਂਗਰਸ ਨੇ ਆਪਣਾ ਕਬਜ਼ਾ ਕਾਇਮ ਰੱਖਿਆ ਜਿਥੇ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੂਸਰੇ ਸਥਾਨ ’ਤੇ, ਆਜ਼ਾਦ ਉਮੀਦਵਾਰ ਤੀਸਰੇ ਅਤੇ ਭਾਜਪਾ ਚੌਥੇ ਸਥਾਨ ’ਤੇ ਰਹੀ।

ਮੇਘਾਲਿਆ ਦੀਆਂ ਸਾਰੀਆਂ ਤਿੰਨ ਵਿਧਾਨ ਸਭਾ ਸੀਟਾਂ ਭਾਜਪਾ ਦੀਆਂ ਦੀਆਂ ਸਹਿਯੋਗੀ ਪਾਰਟੀਆਂ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਅਤੇ ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ (ਯੂ. ਡੀ. ਪੀ.) ਨੇ ਜਿੱਤ ਲਈਆਂ ਹਨ। ਐੱਨ. ਪੀ. ਪੀ. ਨੇ ਮਾਵਰੇਂਗਕੇਂਗ ਅਤੇ ਰਾਜਬਾਲਾ ਸੀਟਾਂ ਕਾਂਗਰਸ ਤੋਂ ਜਿੱਤੀਆਂ ਜਦਕਿ ਯੂ. ਡੀ. ਪੀ. ਵੱਲੋਂ ਜਿੱਤੀ ਮਾਫਲਾਂਗ ਸੀਟ ਆਜ਼ਾਦ ਵਿਧਾਇਕ ਦੀ ਮੌਤ ਦੇ ਕਾਰਨ ਖਾਲੀ ਹੋਈ ਸੀ।

ਅਸਾਮ ’ਚ ਸਾਰੀਆਂ 5 ਸੀਟਾਂ ਰਾਜਗ ਗਠਜੋੜ ਨੇ ਜਿੱਤੀਆਂ।

ਮਹਾਰਾਸ਼ਟਰ ’ਚ ਦੇਗਲੁਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਜੇਤੂ ਰਹੀ।

ਮਿਜ਼ੋਰਮ ਨੈਸ਼ਨਲ ਫ੍ਰੰਟ (ਐੱਮ. ਐੱਨ. ਐੱਫ.) ਨੇ ਇਕੋ-ਇਕ ਲੁਈਰੀਅਲ ਸੀਟ ’ਤੇ ਜਿੱਤ ਦਰਜ ਕਰ ਕੇ ਇਹ ਸੀਟ ‘ਜ਼ੋਰਮ ਪੀਪਲਜ਼ ਪਾਰਟੀ’ (ਜ਼ੈੱਡ. ਪੀ. ਐੱਮ.) ਤੋਂ ਖੋਹ ਲਈ।

ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਵਾਈ. ਐੱਸ. ਆਰ. ਕਾਂਗਰਸ ਨੇ ਬਾਡਵੇਲ ਵਿਧਾਨ ਸਭਾ ਸੀਟ ’ਤੇ ਜਿੱਤ ਦਰਜ ਕਰ ਕੇ ਇਸ ਸੀਟ ’ਤੇ ਆਪਣਾ ਕਬਜ਼ਾ ਕਾਇਮ ਰੱਖਿਆ ਅਤੇ ਤੇਲੰਗਾਨਾ ਦੇ ਹਜੂਰਾਬਾਦ ’ਚ ਭਾਜਪਾ ਨੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਉਮੀਦਵਾਰ ਨੂੰ ਹਰਾਇਆ।

ਬੰਗਾਲ ਦੇ ਚੋਣ ਨਤੀਜਿਅਾਂ ’ਤੇ ਟਿੱਪਣੀ ਕਰਦੇ ਹੋਏ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਟਵੀਟ ਕੀਤਾ ਹੈ ਕਿ ‘‘ਭਾਜਪਾ ਦੇ ਲਈ ਸਹੀ ਅਰਥਾਂ ’ਚ ਪਟਾਕਾ ਰਹਿਤ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।’’

ਚੋਣਾਂ ਬਾਰੇ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਹੈ ਕਿ, ‘‘ਹੁਣ ਪ੍ਰਧਾਨ ਮੰਤਰੀ ਨੂੰ ਹੰਕਾਰ ਤਿਆਗ ਕੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਅਤੇ ਪੈਟਰੋਲ, ਡੀਜ਼ਲ ਅਤੇ ਗੈਸ ’ਤੇ ਲੁੱਟ ਬੰਦ ਕਰ ਦੇਣੀ ਚਾਹੀਦੀ ਹੈ।’’

5 ਸੂਬਿਆਂ ’ਚ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਇਨ੍ਹਾਂ ਉਪ-ਚੋਣਾਂ ਦੇ ਨਤੀਜਿਆਂ ਨੂੰ ਦੇਸ਼ ਦੇ ਮੂਡ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

ਚੋਣ ਨਤੀਜਿਆਂ ਦੇ ਅਨੁਸਾਰ ਹਿਮਾਚਲ ਪ੍ਰਦੇਸ਼, ਹਰਿਆਣਾ, ਦਾਦਰਾ ਨਗਰ ਹਵੇਲੀ, ਪੱਛਮੀ ਬੰਗਾਲ, ਕਰਨਾਟਕ ਅਤੇ ਰਾਜਸਥਾਨ ’ਚ ਭਾਜਪਾ ਨੂੰ ਭਾਰੀ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਉਧਰ ਉਸ ਨੂੰ ਕੁਝ ਦਿਲਾਸਾ ਮੱਧ ਪ੍ਰਦੇਸ਼, ਬਿਹਾਰ, ਅਸਾਮ, ਮੇਘਾਲਿਆ ਅਤੇ ਤੇਲੰਗਾਨਾ ਤੋਂ ਮਿਲਿਆ ਹੈ ਜਿੱਥੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਹੈ।

Leave a Reply

Your email address will not be published. Required fields are marked *