ਢਾਬਾਂ ਦੀ ਮਿੱਟੀ (-ਹਰਜੋਤ ਸਿੰਘ)

ਮੀਂਹਾਂ ਦਾ ਪਾਣੀ ਜਿਸ ਥਾਵੇਂ ਜਮ੍ਹਾਂ ਹੁੰਦਾ ਉਹਨੂੰ ਢਾਬ ਆਖਿਆ ਜਾਂਦਾ ਸੀ। ਪਿੰਡ ਆਮ ਕਰਕੇ ਉਚਾਣ ’ਤੇ ਹੁੰਦੇ ਸਨ।  ਮੀਂਹ ਵਰਨ ਮਗਰੋਂ ਪਾਣੀ ਢਾਬਾਂ ’ਚ ਇਕੱਠਾ ਹੋ ਜਾਂਦਾ ਸੀ। ਫਿਰ ਵੀ ਪਿੰਡਾਂ ’ਚ ਇਹ ਧਿਆਨ ਰੱਖਿਆ ਜਾਂਦਾ ਸੀ ਕਿ ਪਸ਼ੂਆਂ ਦਾ ਮਲ ਮੂਤਰ ਢਾਬਾਂ ਦੇ ਪਾਣੀ ’ਚ ਨਾ ਰਲੇ।  ਪਾਣੀ ਸਾਫ਼ ਹੁੰਦਾ ਸੀ ਤੇ ਲੋਕੀ ਅਕਸਰ ਨਹਾ ਲਿਆ ਕਰਦੇ ਸਨ, ਕੱਪੜੇ ਧੋ ਲਿਆ ਕਰਦੇ ਅਤੇ ਪਸ਼ੂਆਂ ਨੂੰ ਵੀ ਪਿਲਾ ਲਿਆ ਕਰਦੇ ਸਨ। ਜੇਠ ਹਾੜ੍ਹ ਦੀਆਂ ਧੁੱਪਾਂ ’ਚ ਪਾਣੀ ਘਟਣ ਲੱਗ ਜਾਂਦਾ ਸੀ ਅਤੇ ਅਗੇਤਾ ਮੀਂਹ ਜਾਂ ਸਾਉਣ ਦੇ ਮਹੀਨੇ ਦਾ ਮੀਂਹ ਮੁੜ ਵਰ੍ਹਨ ਲੱਗਦਾ ਤਾਂ ਕੋਠੇ ਚੋਣ ਲੱਗਦੇ ਤੇ ਕੰਧਾਂ ’ਚ ਤਰੇੜਾਂ ਆ ਜਾਂਦੀਆਂ।  ਇਸ ਲਈ ਅਗਾਊਂ  ਹਾੜ੍ਹ ’ਚ ਤਪਦੀ ਧੁੱਪ ’ਚ ਢਾਬਾਂ ਵਿਚੋਂ ਚੀਕਣੀ ਮਿੱਟੀ, ਜੋ ਬਹੁਤੀ ਥਾਂ ਕਾਲੀ ਚੀਕਣੀ ਮਿੱਟੀ ਹੁੰਦੀ, ਪੁੱਟੀ ਜਾਂਦੀ, ਤਸਲੇ ਟੋਕਰੀਆਂ ਭਰ ਕੇ ਕੋਠਿਆਂ ’ਤੇ ਪਾਈ ਜਾਂਦੀ।

ਕੱਚੀਆਂ ਕੰਧਾਂ, ਤਿੜ ਗਏ ਬਨੇਰਿਆਂ ਨੂੰ ਲਿੱਪਿਆ ਜਾਂਦਾ। ਉਦੋਂ ਪਿੰਡਾਂ ’ਚ ਕੋਈ ਕੋਈ ਹੀ ਬੈਠਕ ਪੱਕੀ ਹੁੰਦੀ ਸੀ। ਇੰਟਰਨੈੱਟ ਦੇ ਆਉਣ ਤੱਕ ਵੀ ਕੱਚੇ ਘਰ ਪੰਜਾਬ ’ਚ ਸਨ। ਹੁਣ ਵੀ ਕਿਤੇ ਕਿਤੇ ਹਨ। ਖ਼ੈਰ! ਜੇਠ ਹਾੜ੍ਹ ਦੀ ਧੁੱਪੇ ਪਿੰਡ ਦੇ ਬਾਹਰੋਂ ਮਿੱਟੀ ਲਿਆਉਣੀ ਅਤੇ ਫਿਰ ਕੋਠੇ ਬਨੇਰੇ ਲਿੱਪਣੇ ਬੜੀ ਮਿਹਨਤ ਅਤੇ ਸੁਚੱਜ ਦਾ ਕੰਮ ਹੁੰਦਾ ਸੀ। ਪੰਜਾਬੀ ਮੁਟਿਆਰ ਦੇ ਆਖਣ ਵਾਂਗ:

ਪੱਕਾ ਘਰ ਟੋਲੀਂ ਬਾਬਲਾ, ਮੈਨੂੰ ਲਿੱਪਣੇ ਨਾ ਪੈਣ ਬਨੇਰੇ।

ਪਰ ਢਾਬਾਂ ਦੀ ਮਿੱਟੀ ਨਾਲ ਪੰਜਾਬੀ ਮੁਟਿਆਰ ਆਪਣੇ ਸੁਚੱਜ ਨੂੰ ਇੱਕ ਨਵਾਂ ਰੂਪ ਦਿੰਦੀ ਸੀ। ਬਨੇਰੇ ਲਿੱਪਣ ਤੋਂ ਬਿਨਾਂ ਘਰ ’ਚ ਅੰਦਰ ਫ਼ਰਸ਼ ਅਤੇ ਵਿਹੜੇ ਲਿਪਣੇ। 

ਕਾਲੀ ਮਿੱਟੀ ਅਤੇ ਤਾਜ਼ਾ ਗੋਹਾ ਵਰਤ ਕੇ ਸੁਚੱਜੇ ਤਰੀਕੇ ਨਾਲ ਲੇਪ ਬਣਾਇਆ ਜਾਂਦਾ ਸੀ। ਤਾਜ਼ਾ ਤਾਜ਼ਾ ਲੇਪ ਮਗਰੋਂ ਜੋ ਖੁਸ਼ਬੂ ਆਉਂਦੀ ਸੀ, ਅੱਜ ਵੀ ਕਈ ਵਾਰ ਯਾਦ ਆ ਜਾਂਦੀ ਹੈ। ਸਾਉਣ ਮਹੀਨੇ ਜਿਨ੍ਹਾਂ ਨੇ ਛੱਤਾਂ ’ਤੇ ਮਿੱਟੀ ਪਾਈ ਹੁੰਦੀ ਬਨੇਰੇ ਲਿੱਪੇ ਹੁੰਦੇ, ਉਨ੍ਹਾਂ ਦੇ ਘਰ ਚੋਣ ਤੋਂ ਬਚ ਜਾਂਦੇ। ਬਾਕੀ ਤਾਂ ਆਪਸ ’ਚ ਲੜਦੇ ਇੱਕ ਦੂਸਰੇ ਨੂੰ ਨਖਿੱਧ ਆਖਦੇ। 

ਸਾਉਣ ਮਹੀਨੇ ’ਚ ਪਾਣੀ ਨਾਲ ਭਰਨ ਮਗਰੋਂ ਢਾਬਾਂ ਦੀ ਮਿੱਟੀ ਪੋਲੀ ਹੋ ਜਾਂਦੀ ਤੇ ਪੁੱਟਣੀ ਸੌਖੀ ਹੋ ਜਾਂਦੀ। ਘੁਮਿਆਰ ਇਸ ਮਹੀਨੇ ਰੇਹੜੇ ਭਰ ਕੇ ਖੱਚਰਾਂ ’ਤੇ ਮਿੱਟੀ ਲੱਦ ਲਿਆਉਂਦੇ।  ਪਾਣੀ ਜਮ੍ਹਾਂ ਕਰ ਲੈਂਦੇ। ਅੱਸੂ ਉਨ੍ਹਾਂ ਦੀ ਸਾਲ ਭਰ ਦੀ ਕਾਰੀਗਰੀ ਨੂੰ ਸ਼ੁਰੂ ਕਰਨ ਦਾ ਮਹੀਨਾ ਹੁੰਦਾ। ਅੱਸੂ ’ਚ ਹੀ ਪਿੰਡਾਂ ’ਚ ਮੁੜ ਮਿੱਟੀ ਲੱਦ ਲੱਦ ਕੇ ਆਉਂਦੀ। ਚੋਅ ਪੈ ਕੇ ਖ਼ਰਾਬ ਹੋਈਆਂ ਕੰਧਾਂ ਸਹੀ ਕੀਤੀਆਂ ਜਾਂਦੀਆਂ। ਦੁਸਹਿਰੇ ਤੋਂ ਪਹਿਲਾਂ ਸਾਂਝੀ ਮਾਈ ਦੀ ਪੂਜਾ ਲਈ ਕੁੜੀਆਂ ਮੂਰਤੀਆਂ, ਟਿੱਕੀਆਂ, ਚੰਦ ਤਾਰੇ ਅਤੇ ਚਿੜੀਆਂ ਬਣਾਉਂਦੀਆਂ।  ਇਹ ਕੰਮ ਨਰਾਤਿਆਂ ਤੋਂ ਪਹਿਲਾਂ ਆਉਂਦੇ ਸ਼ਰਾਧਾਂ ਤੋਂ ਪਹਿਲਾਂ ਸ਼ੁਰੂ ਹੁੰਦਾ। ਹਰ ਰੋਜ਼ ਥੋੜ੍ਹੇ ਥੋੜ੍ਹੇ ਟਿੱਕੀਆਂ ਅਤੇ ਹੋਰ ਨਿੱਕ-ਸੁੱਕ ਬਣਾਇਆ ਜਾਂਦਾ। ਰਾਤ ਰਾਤ ਭਰ ਬਣਦਾ। ਫਿਰ ਉਹ ਸੁੱਕਦਾ। 

ਪਹਿਲੇ ਨਰਾਤੇ ਨੂੰ ਕੰਧ ’ਤੇ ਲਗਾ ਦਿੱਤਾ ਜਾਂਦਾ। ਉਸ ਤੋਂ ਪਹਿਲਾਂ ਉਸ ਉੱਪਰ ਚੂਨਾ, ਕਲੀ, ਪਾਂਡੂ ਜਾਂ ਨੀਲ ਨਾਲ ਰੰਗਿਆ ਜਾਂਦਾ। ਇੰਝ ਹਰ ਘਰ ਦੀ ਕੰਧ ’ਤੇ ਇੱਕ ਅੱਲਗ ਨਜ਼ਾਰਾ ਹੁੰਦਾ। ਸਭ ਤੋਂ ਸੋਹਣੇ ਸਾਂਝੀ ਮਾਈ ਦੇ ਬੁੱਤਾਂ ਨੂੰ ਵੇਖ ਕੇ ਲੋਕ ਤਾਰੀਫ਼ ਕਰਦੇ। 

ਦੁਸਹਿਰੇ ਵਾਲੇ ਦਿਨ ਇਹਨੂੰ ਮੁੜ ਪਾਣੀ ’ਚ ਵਹਾਅ ਦਿੱਤਾ ਜਾਂਦਾ, ਢਾਬਾਂ ’ਚ, ਚਲਦੇ ਸੂਏ ਜਾਂ ਨਹਿਰ ’ਚ। ਬਿਨਾਂ ਕਿਸੇ ਪ੍ਰਦੂਸ਼ਣ ਤੋਂ ਮਿੱਟੀ ਮੁੜ ਮਿੱਟੀ ’ਚ ਰਲ ਜਾਂਦੀ। 

ਫਿਰ ਦੀਵਾਲੀ ਦੀਆਂ ਸਫ਼ਾਈਆਂ ਸ਼ੁਰੂ ਹੁੰਦੀਆਂ। ਕੰਧਾਂ ਪੋਚੀਆਂ  ਜਾਂਦੀਆਂ। ਪੋਚਣ ਲਈ ਖ਼ਾਸ ਕਰਕੇ ਪੀਲੇ ਰੰਗ ਦੀ ਮਿੱਟੀ ਵਰਤੀ ਜਾਂਦੀ ਜਿਹਨੂੰ ਪਾਂਡੂ ਕਿਹਾ ਜਾਂਦਾ। ਇਸ ਪਾਂਡੂ ਵਿੱਚ ਨੀਲਾ ਰੰਗ ਰਲਾਇਆ ਜਾਂਦਾ ਅਤੇ ਤੇ ਪਾਂਡੂ ਫੇਰੀਆਂ ਕੰਧਾਂ ਸਾਉਣ ਦੇ ਚੋਆਂ ਨੂੰ ਭੁੱਲ ਕੇ ਲਿਸ਼ਕਣ ਲੱਗਦੀਆਂ। 

ਦੀਵਾਲੀ ਦੀ ਪੂਜਾ ਲਈ ਖ਼ਾਸ ਕਿਸਮ ਦੀ ਹੱਟੜੀ ਬਣਾਈ ਜਾਂਦੀ। ਇਹ ਵੀ ਮਿੱਟੀ ਦੀ ਹੀ ਬਣੀ ਹੁੰਦੀ ਸੀ, ਅੱਜ ਭਾਵੇਂ ਲੋਕ ਸਟੀਲ ਦੀਆਂ ਹਟੜੀਆਂ ਵਰਤਣ ਲੱਗੇ ਹਨ। ਪਰ ਬਹੁਤੇ ਘਰਾਂ ’ਚ ਇਹਦੇ ਨਾਲ ਨਾਲ ਪੁਰਾਣੀ ਮਿੱਟੀ ਦੀਆਂ ਬਣੀਆਂ ਹੱਟੜੀਆਂ ਵੀ ਲੋਕਾਂ ਨੇ ਸੰਭਾਲੀਆਂ ਹੋਈਆਂ ਹਨ। ਫਿਰ ਇਹੋ ਢਾਬਾਂ ਦੀ ਮਿੱਟੀ ਚੁੱਲ੍ਹੇ, ਹਾਰੇ, ਭੜੋਲੇ, ਚੁਰ (ਵੱਡਾ ਚੁੱਲ੍ਹਾ) ਅਤੇ ਤੰਦੂਰ ਬਣਾਉਣ ਲਈ ਵਰਤੀ ਜਾਂਦੀ ਸੀ। ਚੁੱਲ੍ਹੇ ਬਣਾਉਣ ਦੀ ਤਕਨੀਕ ਜਿਸ ਮੁਟਿਆਰ ਨੂੰ ਆਉਂਦੀ ਹੁੰਦੀ ਉਹਦੀ ਅਲੱਗ ਹੀ ਟੌਹਰ ਹੁੰਦੀ ਸੀ।

ਅਸਲ ’ਚ ਚੁੱਲ੍ਹਾ ਜਾਂ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਇੱਕ ਦਿਨ ’ਚ ਨਹੀਂ ਬਣਦੀ ਸੀ ਸਗੋਂ ਰੋਜ਼ ਥੋੜ੍ਹੀ ਥੋੜ੍ਹੀ ਕਰ ਕੇ ਬਣਾਉਣੀ ਪੈਂਦੀ ਸੀ, ਥੱਲੇ ਤੋਂ ਸੁੱਕਦਾ ਜਾਂਦਾ ਤੇ ਫਿਰ ਉੱਪਰ ਵੱਲ ਨੂੰ ਵਧਦਾ ਜਾਂਦਾ। ਇੰਝ ਪੂਰੀ ਹੋਣ ਨੂੰ ਬਹੁਤ ਦਿਨ ਲੱਗਦੇ।  ਫਿਰ ਪੁਰਾਣਾ ਚੁੱਲ੍ਹਾ ਭੰਨਿਆ ਜਾਂਦਾ। ਇਹ ਅਕਸਰ ਅੱਸੂ ’ਚ ਹੁੰਦੇ ਵਿਆਹਾਂ ’ਚ ਜਾਗੋ ਵੇਲੇ ਭੰਨ ਦਿੱਤਾ ਜਾਂਦਾ ਸੀ। ਫਿਰ ਚੁੱਲ੍ਹੇ ਨੂੰ ਸਥਾਪਿਤ ਕਰਦੇ ਅਤੇ ਫਿਰ ਉਹਨੂੰ ਲਿੱਪ ਕੇ ਫਿਰ ਪਾਂਡੂ ਫੇਰਿਆ ਜਾਂਦਾ। ਨਵੀਂ ਮਿੱਟੀ ’ਚ ਬਣੇ ਚੁੱਲ੍ਹੇ ਨੂੰ ਸੇਕ ਲੱਗਣ ਮਗਰੋਂ ਇੱਕ ਵੱਖਰੀ ਹੀ ਖੁਸ਼ਬੂ ਫੈਲਦੀ।  ਉਹਦੇ ਦੁਆਲੇ ਅੱਗ ਸੇਕਣ ਅਤੇ ਕੋਲ ਬੈਠ ਕੇ ਰੋਟੀਆਂ ਖਾਣ ਦਾ ਸੁਆਦ ਆ ਜਾਂਦਾ। 

ਅੱਸੂ ਤੋਂ ਸ਼ੁਰੂ ਹੋ ਕੇ ਘੁਮਿਆਰ ਸਭ ਤੋਂ ਵੱਧ ਰੁੱਝੇ ਹੁੰਦੇ। ਉਨ੍ਹਾਂ ਕੋਲ ਹੁਨਰ ਹੀ ਐਸਾ ਹੁੰਦਾ ਸੀ ਕਿ ਲੋਕੀਂ ਘੁੰਮਦੇ ਚੱਕ ਵਿੱਚ ਬਣਦੀਆਂ ਸ਼ੈਆਂ ਦੇਖ ਕੇ ਅਸ਼ ਅਸ਼ ਕਰ ਉੱਠਦੇ। ਇਸ ਕਲਾ ਤੇ ਹੁਨਰ ਦੇ ਦਮ ’ਤੇ ਹੀ ਘੁਮਿਆਰਾਂ ਨੂੰ ਪਰਜਾਪਤ ਵੀ ਆਖਿਆ ਜਾਂਦਾ ਹੈ। ਤੌਲੇ, ਦੁਧਾਔੜੀ, ਘੜੇ, ਗੜਵੜੇ, ਕਰੂਏ, ਠੂਠੀਆਂ, ਦੀਵੇ, ਚੱਕਰੀਆਂ, ਹਟੜੀ ਤੇ ਹੋਰ ਵੀ ਕਿੰਨਾ ਹੀ ਕੁਝ ਉਹ ਬਣਾਉਂਦੇ।

ਸਭ ਤੋਂ ਪਹਿਲਾਂ ਵਰਤਾਂ ਨੂੰ ਕਰੂਏ ਵਿਕਦੇ। ਫਿਰ ਅਹੋਈ ਮਾਤਾ ਦੀ ਪੂਜਾ ਨੂੰ ਚੱਕਰੀ (ਛੋਟੀ ਤੌੜੀ) ਅਤੇ ਦੀਵਾਲੀ ਨੂੰ ਦੀਵੇ ਤੇ ਹੱਟੜੀਆਂ। 

ਅੱਸੂ ਤੇ ਕਤਕ ਦੌਰਾਨ ਅੱਧੀ ਅੱਧੀ ਰਾਤ ਤੱਕ ਭਾਂਡੇ ਬਣਾਉਣ ਦਾ ਕੰਮ ਚਲਦਾ। ਚੱਕ ਦੀ ਰਫ਼ਤਾਰ ਵਧਾ ਜਾਂ ਘਟਾ ਕੇ ਕਦੇ ਦੀਵਾ, ਕਦੇ ਕਰੂਆ ਤੇ ਕਦੇ ਕੁਝ ਹੋਰ ਬਣਾ ਲੈਣਾ। ਇਹ ਸਭ ਦੇਖਣਾ ਕਿਸੇ ਜਾਦੂ ਵਰਗਾ ਲੱਗਦਾ। ਫਿਰ ਭੱਠੀ ਬਾਲ ਕੇ ਅੱਗ ’ਚ ਭਾਂਡੇ ਪਕਾਏ ਜਾਂਦੇ। ਕਾਲੀ ਮਿੱਟੀ ਤਪ ਤਪ ਕੇ ਲਾਲ ਹੋ ਜਾਂਦੀ। 

ਇਨ੍ਹਾਂ ਭਾਂਡਿਆ ਅਤੇ ਦੀਵਿਆਂ ਬਦਲੇ ਹੀ ਦਾਣੇ ਮਿਲਦੇ ਸਨ। ਪੈਸਿਆਂ ਦਾ ਰਿਵਾਜ ਬਹੁਤ ਮਗਰੋਂ ਆਇਆ।  ਪਹਿਲਾਂ ਤਾਂ ਭਾਂਡਿਆਂ ਦੇ ਵਜ਼ਨ ਦੇ ਬਰਾਬਰ (ਜਾਂ ਦੁੱਗਣੇ) ਮਿਹਨਤ ਅਨੁਸਾਰ ਦਾਣੇ ਮਿਥੇ ਹੁੰਦੇ ਓਨੇ ਹੀ ਹਰ ਘਰ ਤੋਂ ਮਿਲਦੇ। ਬਣਦੇ ਸਰਦੇ ਪਰਿਵਾਰ ਦਾਣਿਆਂ ਤੋਂ ਉੱਪਰੋਂ ਹੋਰ ਕੁਝ ਵੀ ਦੇ ਹੀ ਦਿੰਦੇ ਸਨ।

ਇਹੋ ਗੱਲ ਚੀਜ਼ਾਂ ਖਰੀਦਣ ਵਕਤ ਹੁੰਦੀ। ਜਿਹੜਾ ਘਰ ਇੱਕ ਤੋਂ ਵੱਧ ਮੂੰਹ ਵਾਲੇ ਦੀਵੇ ਖਰੀਦਦਾ ਉਹਦੀ ਅੱਡ ਮਿਹਨਤ ਮਿਲਦੀ, ਇਹੋ ਜਿਹਾ ਕੁਝ ਸ਼ੌਕੀਨ ਪਰਿਵਾਰਾਂ ਦੀਆਂ ਨਵੀਆਂ ਵਹੁਟੀਆਂ ਲਈ ਬਣਦਾ ਸੀ।

ਪੂਰਬ ਵੱਲ ਹਟੜੀ ਕਰ ਕੇ ਰਾਤ ਭਰ ਪੂਜੀ ਜਾਂਦੀ ਸੀ। ਘਰ ਦੇ ਦਰਾਂ ’ਤੇ ਹਟੜੀ ਵਾਲੇ ਦੀਵੇ ਰਾਤ ਭਰ ਜਗਦੇ ਰਹਿੰਦੇ। ਸਵੇਰੇ ਕੰਧਾਂ ਨੂੰ ਮੁੜ ਗੋਹੇ ਨਾਲ ਲਕੀਰ ਫੇਰੀ ਜਾਂਦੀ ਤੇ ਦੇਹਲੀ ’ਤੇ ਪੂਜਾ ਹੁੰਦੀ। ਦੀਵਿਆਂ ਨੂੰ ਇਕੱਠਾ ਕਰ ਮੁੜ ਚਲਦੇ ਪਾਣੀ ’ਚ ਜਾਂ ਢਾਬੀਂ ਸੁੱਟ ਦਿੱਤਾ ਜਾਂਦਾ। 

ਢਾਬਾਂ ਦੀ ਮਿੱਟੀ ਮੁੜ ਢਾਬਾਂ ’ਚ ਰਚਮਿਚ ਜਾਂਦੀ, ਅਗਲੇ ਸਾਲ ਫਿਰ ਕਿਸੇ ਨਵੀਂ ਸ਼ਕਲ ’ਚ ਆਉਣ ਲਈ। 

ਇਨ੍ਹਾਂ ਤਿਉਹਾਰਾਂ ਵਿੱਚ ਨਾ ਤਾਂ ਕੋਈ ਜ਼ਾਤ ਵੇਖਦਾ, ਨਾ ਧਰਮ। ਸਭ ਨੂੰ ਸਫ਼ਾਈਆਂ ਦਾ ਚਾਅ ਹੁੰਦਾ। ਏਨੇ ਰੁਝੇਵੇਂ ਹੁੰਦੇ ਕਿ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ। ਸਾਉਣੀ ਦੀ ਫ਼ਸਲ ਘਰ ਡਿੱਗੀ ਹੁੰਦੀ ਜੋ ਜਾਂ ਤਾਂ ਮੱਕੀ ਹੁੰਦੀ ਜਾਂ ਕਪਾਹ, ਮਗਰੋਂ ਝੋਨਾ ਹੋਣ ਲੱਗਾ  ਜੋ ਮੰਡੀ ਹੀ ਡਿੱਗਦਾ ਸੀ। 

ਫ਼ਸਲ ਘਰ ਆਉਣ ਕਰਕੇ ਚਾਰ ਪੈਸੇ ਵੱਟੇ ਹੋਣ ਕਰਕੇ ਹਰ ਕੋਈ ਅਮੀਰ ਮਹਿਸੂਸ ਕਰਦਾ। ਵਿਆਹ ਵੀ ਇਨ੍ਹਾਂ ਮਹੀਨਿਆਂ ਦੌਰਾਨ ਹੀ ਹੁੰਦੇ ਅਤੇ ਤਿਉਹਾਰ ਵੀ। ਹਾੜ੍ਹੀ ਮਗਰੋਂ ਦੂਸਰੇ ਵਾਰੀ ਨਵੇਂ ਕੱਪੜੇ ਵੀ ਇਨ੍ਹੀਂ ਮਹੀਨੀਂ ਹੁੰਦੇ। ਜੁਲਾਹੇ ਜੋ ਦਰਜ਼ੀ ਦਾ ਕੰਮ ਕਰਦੇ ਸਨ ਉਨ੍ਹਾਂ ਨੂੰ ਰਤਾ ਵਿਹਲ ਨਾ ਹੁੰਦੀ। ਇੰਝ ਹੀ ਕੰਮਕਾਰ ਦੇ ਆਧਾਰ ’ਤੇ ਬਾਕੀ ਹਰ ਜਾਤ ’ਚ ਸੀ। ਖੇਤੀ ਤੇ ਫ਼ਸਲ ਆਧਾਰਿਤ ਵਿਵਸਥਾ ਸੀ। ਖੇਤੋਂ ਉੱਗੀ ਫ਼ਸਲ ਤੇ ਵੱਟਿਆ ਪੈਸਾ ਇੰਝ ਹੀ ਇੱਕ ਦੂਸਰੇ ਤੱਕ ਪਹੁੰਚਦਾ ਸੀ। ਪਿੰਡ ਦਾ ਹਰ ਘਰ ਹਰ ਜਾਤ ਕਿਸੇ ਨਾ ਕਿਸੇ ਤਰੀਕੇ ਕਿਸੇ ਕੰਮ ਲਈ ਦੂਸਰੇ ਨਾਲ ਜੁੜਿਆ ਹੁੰਦਾ ਸੀ ਜਿਸ ਬਦਲੇ ਉਹਨੂੰ ਆਪਣਾ ਹਿੱਸਾ ਮਿਲਦਾ। 

ਹੁਣ ਇੰਟਰਨੈੱਟ ਦਾ ਜ਼ਮਾਨਾ ਹੈ। ਲੋਕ ਤਿਉਹਾਰਾਂ ਵਿੱਚ ਵੀ ਜਾਤਾਂ ਤੇ ਧਰਮਾਂ ਦੇ ਝੇੜਿਆਂ ਨੂੰ ਫਰੋਲ ਲਿਆਏ ਹਨ। ਪੰਜਾਬੀ ਸਮਾਜ ਅਤੇ ਸਭਿਆਚਾਰ ਦੀ ਸਮਝ ਤੋਂ ਊਣੇ ਹੋ ਕੇ ਨਫ਼ਰਤ ਦੀ ਗੱਲ ਕਰਨਾ ਆਮ ਵਰਤਾਰਾ ਬਣ ਗਿਆ ਹੈ। ਪੁਰਾਣੇ ਪੰਜਾਬ ਦੇ ਸਮਾਜ ਨੂੰ ਵੇਖ ਕੇ ਉਦੋਂ ਲੋਕਾਂ ਦਾ ਆਪਸੀ ਵਿਵਹਾਰ ਤੇ ਜੁੜਾਅ ਦੇਖਣ ਕੇ ਹੀ ਸਮਝ ਲੱਗ ਸਕਦੀ ਹੈ ਕਿ ਤਿਉਹਾਰ ਜਾਤਾਂ ਧਰਮਾਂ ਤੋਂ ਉੱਪਰ ਹੁੰਦੇ ਹਨ ਜੋ ਸਮਾਜਿਕ ਲੋੜਾਂ, ਪੈਸੇ ਤੇ ਮਿਹਨਤ ਦੇ ਵਟਾਂਦਰੇ ਕਾਰਨ ਸਮਾਜਿਕ ਤੇ ਆਰਥਿਕ ਜ਼ਰੂਰਤਾਂ ਵਿੱਚੋਂ ਉਪਜੀਆਂ। ਧਰਮ ਹਰ ਤਿਉਹਾਰ ਦਾ ਇੱਕ ਨਿੱਕਾ ਹਿੱਸਾ ਹੈ, ਬਾਕੀ ਸਭ ਸਮਾਜਿਕ ਤੇ ਆਰਥਿਕ ਪ੍ਰਬੰਧ ਹੈ ਤੇ ਸਭ ਤੋਂ ਵੱਡੀ ਗੱਲ ਖ਼ੁਸ਼ੀਆਂ ਮਨਾਉਣ ਦੀ ਹੈ। 

ਇਹ ਖ਼ੁਸ਼ੀ ਖੇਤੀ ਆਧਾਰਿਤ ਢਾਂਚੇ ’ਚ ਉਦੋਂ ਹੀ ਆਉਂਦੀ ਸੀ ਜਦੋਂ ਲੋਕਾਂ ਘਰ ਫ਼ਸਲ ਆਉਂਦੀ ਸੀ, ਪੈਸਾ ਆਉਂਦਾ ਸੀ ਜਾਂ ਵਿਆਹ ਵਗੈਰਾ ਹੁੰਦਾ। 

ਬਾਕੀ ਸਾਡੇ ਪਿੰਡ ਢਾਬਾਂ ਤੇ ਮੜੀਆਂ ਇੱਕੋ ਜਗ੍ਹਾ ਸਨ। ਮੈਂ ਜਦੋਂ ਵੀ ਨਿੱਕੇ ਹੁੰਦਿਆਂ ਇੰਝ ਮਿੱਟੀ ਨੂੰ ਢਾਬਾਂ ਤੋਂ ਆ ਕੇ ਵੱਖੋ ਵੱਖਰੇ ਆਕਾਰ ’ਚ ਢਲ ਕੇ ਮੁੜ ਉਸੇ ਮਿੱਟੀ ’ਚ ਮਿਲ ਜਾਂਦੀ ਵੇਖਦਾ ਤਾਂ ਸਮਝ ਆ ਗਿਆ ਸੀ ਕਿ ਇਨਸਾਨ ਦੀ ਵੀ ਇਹੋ ਹੋਣੀ ਹੈ। ਸ਼ਕਲ, ਜਾਤ, ਧਰਮ, ਰੰਗ, ਭਾਸ਼ਾ ਸਭ ਅਲੱਗ ਹੋ ਸਕਦਾ ਹੈ, ਪਰ ਮਨੁੱਖ ਦਾ ਅੰਤ ਇੱਕੋ ਹੈ। ਇੱਕੋ ਕੁਦਰਤ ਨਾਲ ਇਕਮਿਕ ਹੋਣਾ ਹੈ। ਇਸ ਸਾਂਝ ਨੂੰ ਆਪਾਂ ਬਦਲ ਨਹੀਂ ਸਕਦੇ।

ਹੁਣ ਵੱਖਰੇ ਦਿਸ ਕੇ ਨਫ਼ਰਤ ਤੋਂ ਇਲਾਵਾ ਭਲਾ ਕੀ ਖੱਟੋਗੇ? ਅਸੀਂ ਸਭ ਇੱਕ ਹਾਂ, ਸਭ ਕੁਝ ਸਾਂਝਾ ਹੈ, ਇੱਕੋ ਮਿੱਟੀ ਦੇ ਬਣੇ ਹੋਏ, ਢਾਬਾਂ ਦੀ ਮਿੱਟੀ। 

Leave a Reply

Your email address will not be published. Required fields are marked *