ਇਹ ਕੌਣ ਗਾ ਰਿਹਾ ਹੈ…? (-ਪ੍ਰਿੰ. ਗੁਲਵੰਤ ਮਲੌਦਵੀ)

ਸ਼ਾਮ ਦਾ ਸਮਾਂ ਹੈ… ਰਾਤ ਹੋਣ ਹੀ ਵਾਲੀ ਹੈ। ਗਾਉਣ ਦੀ ਆਵਾਜ਼ ਨੇੜੇ ਆਉਂਦੀ ਜਾਪਦੀ ਹੈ। ਕੋਈ ਗਾ ਰਿਹਾ ਹੈ। ਐਨਾ ਸੋਹਣਾ ਤੇ ਕੁਦਰਤੀ ਗੌਣ! ਇਹ ਕੌਣ ਗਾ ਰਿਹੈ… ਬਈ?

ਇਸ ਖਿੱਤੇ ਦੇ ਸਾਧਾਰਨ ਲੋਕਾਂ ਦੇ ਗੀਤ ਤਾਂ ਕਦੋਂ ਦੇ ਗੁਆਚ ਚੁੱਕੇ ਹਨ। ਗਲੀਆਂ ਵਿਚ ਤੁਰੇ ਫਿਰਦੇ ਆਪ ਮੁਹਾਰੇ ਗਾਉਣਾ… ਇਹ ਤਾਂ ਕਦੋਂ ਦਾ ਗੁੰਮ-ਗੁਆਚ ਗਿਆ ਹੈ।

ਕਈ ਦਹਾਕੇ ਗੁਜ਼ਰ ਗਏ ਹਨ… ਜਦੋਂ ਜਨ-ਮਾਨਸ ਦੀ ਰੂਹ ਵਿਚੋਂ ਗੀਤਾਂ ਦੇ ਆਪ-ਮੁਹਾਰੇ ਚਸ਼ਮੇ ਵਗਦੇ ਸਨ। ਉਹ ਇਧਰ-ਉਧਰ ਤੁਰੇ-ਫਿਰਦੇ ਵੀ ਗਾ ਲੈਂਦੇ ਸਨ। ਬਾਥਰੂਮ ਉਦੋਂ ਹੁੰਦੇ ਨਹੀਂ ਸਨ… ਉਹ ਖੇਤਾਂ ਵਿਚ ਗਾਉਂਦੇ। ਬੰਨੇ-ਚੰਨੇ ਗਾਉਂਦੇ। ਇਹ ਤਾਂ ਕੋਈ ਬੜੀ ਬੁਲੰਦ ਆਵਾਜ਼ ਤੇ ਕੁਦਰਤੀ ਹੇਕ ਵਿਚ ਗਾ ਰਿਹਾ ਹੈ।

ਅੱਜ ਤੋਂ ਪੰਜ-ਸੱਤ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਦੀ ਰੂਹ ਦੇ ਅੰਦਰੋਂ ਗੀਤ ਆਪ-ਮੁਹਾਰੇ ਫੁੱਟਿਆ ਕਰਦੇ ਸਨ। ਚੰਨ ਚਾਨਣੀ ਟਿਕੀ ਰਾਤ ਵਿਚ ਖੇਤਾਂ ਨੂੰ ਨਹਿਰੀ ਪਾਣੀ ਲਾਉਂਦਿਆਂ ਆਪਣੇ ਮਨ ਦੀ ਮੌਜ ਵਿਚ ਇਕ ਹੱਥ ਆਪਣੇ ਕੰਨ ’ਤੇ ਰੱਖ, ਦੂਜੀ ਬਾਂਹ ਆਕਾਸ਼ ਵੱਲ ਫੈਲਾਅ ਕੇ ਲੋਕ ਹੇਕ ਲਾਉਂਦੇ ਤੇ ਫ਼ਿਜ਼ਾ ਵਿਚ ਬੋਲ ਗੂੰਜਦੇ:

ਉੱਚਾ ਬੁਰਜ ਲਹੌਰ ਦਾ

ਹੇਠ ਵਗੇ ਦਰਿਆ…

ਲੋਕ-ਬੋਲੀ ਪੂਰੀ ਹੁੰਦੀ ਤਾਂ ਦੂਰ ਦੇ ਕਿਸੇ ਹੋਰ ਖੇਤ ਵਿਚ ਪਾਣੀ ਲਾਉਂਦਾ ਕੋਈ ਹੋਰ ਜਣਾ ਮੋੜਵਾਂ ਜਵਾਬ ਦਿੰਦਾ:

ਉੱਚਾ ਬੁਰਜ ਲਹੌਰ ਦਾ

ਮੈਂ ਖੜ੍ਹੀ ਸੁਕਾਵਾਂ ਕੇਸ…।

ਇਸੇ ਤਰ੍ਹਾਂ ਹੀ ਕਿਸੇ ਹੋਰ ਪਾਸਿਓਂ ਬੋਲੀ ਦੀ ਗੂੰਜ ਪੈਂਦੀ:

ਪਿੰਡਾਂ ਵਿਚੋਂ ਪਿੰਡ ਸੁਣੀਂਦਾ…

ਕੋਈ ਹੋਰ ਦੂਜੇ ਪਾਸਿਓਂ ਬੋਲੀ ਪਾਉਂਦਾ:

ਬਾਰੀ ਬਰਸੀ ਖਟਣ ਗਿਆ ਸੀ

ਕੀ ਖੱਟ ਲਿਆਇਆ…?

ਟਿਕੀ ਰਾਤ ਦੀ ਚੁੱਪ ਨੂੰ ਤੋੜਦੀਆਂ ਇਹ ਹੇਕਾਂ ਵਾਤਾਵਰਣ ਵਿਚ ਤੈਰਦੀਆਂ ਹੋਈਆਂ ਦੂਰ-ਦੂਰ ਤੱਕ ਫੈਲ ਜਾਂਦੀਆਂ ਤੇ ਪਿੰਡਾਂ ਵਿਚ ਕੋਠਿਆਂ ’ਤੇ ਸੁੱਤੇ-ਜਾਗਦੇ ਲੋਕਾਂ ਦੀਆਂ ਰੂਹਾਂ ਨੂੰ ਰੱਜ ਅਤੇ ਸਕੂਨ ਮਿਲਦਾ। ਕਮਾਦਾਂ ਵਿਚ ਲੁਕੇ ਗਿੱਦੜ ਤੇ ਬਘਿਆੜ ਵੀ ਇਨ੍ਹਾਂ ਹੇਕਾਂ ਨਾਲ ਆਪਣੀਆਂ ਆਵਾਜ਼ਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ।

ਪਰ ਹੁਣ ਇਨ੍ਹਾਂ ਗੀਤਾਂ-ਹੇਕਾਂ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ। ਇਨ੍ਹਾਂ ਤੋਂ ਅੱਜ-ਕੱਲ੍ਹ ਦੀ ਪੀੜ੍ਹੀ ਤਾਂ ਬਿਲਕੁਲ ਹੀ ਅਣਜਾਣ ਹੈ। ਫੇਰ ਇਹ… ਇਸ ਤਰ੍ਹਾਂ ਕੌਣ ਗਾ ਰਿਹਾ ਹੈ…?

ਕਈ ਦਹਾਕੇ ਹੋ ਗਏ ਕੂੰਜਾਂ ਦੀ ਕੁਰਲਾਹਟ ਸੁਣੀ ਨੂੰ। ਉਦੋਂ ਹਰ ਸਾਲ ਕੂੰਜਾਂ ਆਉਂਦੀਆਂ ਲੰਬੀ ਗਰਦਨ ਅਗਾਂਹ ਵੱਲ ਤਾਣੇ ਹੋਏ! ਮਜ਼ਬੂਤ ਖੰਭ ਫੈਲਾਅ ਕੇ ਮਜ਼ਬੂਤ ਉਡਾਣ ਭਰਦੀਆਂ ਹੋਈਆਂ। ਡਾਰਾਂ ਦੀਆਂ ਡਾਰਾਂ ਇਕ ਪਿੱਛੇ ਇਕ। ਕਤਾਰ ਬਣਾ ਕੇ ਉਡਦੀਆਂ ਹੋਈਆਂ। ਦਰਦ ਭਰੀ ਆਵਾਜ਼ ਵਿਚ ਕੁਰਲਾਉਂਦੀਆਂ ਜਾਪਦੀਆਂ। ਰੂਹ ਚੀਰ ਦੇਣ ਵਾਲੀ ਕੁਰਲਾਹਟ ਹਰ ਕਿਸੇ ਨੂੰ ਅੰਬਰ ਵੱਲ ਦੇਖਣ ਲਈ ਮਜਬੂਰ ਕਰਦੀ।

‘‘ਕੌਣ ਦੇਸ਼ ਤੋਂ ਆਈਆਂ ਕੂੰਜਾਂ… ਕਿਹੜੇ ਦੇਸ਼ੋਂ ਆਈਆਂ…?’’

‘‘ਦੂਰ ਦੇਸ਼ ਤੋਂ ਆਈਆਂ ਕੂੰਜਾਂ…।’’

ਜੇਕਰ ਡਾਰ ਵਿਚੋਂ ਨਿੱਖੜੀ ਹੋਈ ਇਕੱਲੀ ’ਕਹਿਰੀ ਕੂੰਜ ਵਿਲਕਦੀ ਸੁਣਾਈ ਦਿੰਦੀ ਤਾਂ ਗੀਤ ਦੇ ਬੋਲ ਉੱਠਦੇ…

ਨੀ ਮੈਂ ਕੂੰਜ ਵਿਛੜਗੀ ਡਾਰੋਂ

ਸੱਜਣਾਂ ਨੂੰ ਟੋਲਦੀ ਫਿਰਾਂ…।

ਪਰ ਹੁਣ ਤਾਂ ਕੂੰਜਾਂ ਆਉਂਦੀਆਂ ਹੀ ਨਹੀਂ!! ਦਹਾਕੇ ਹੋਏ… ਉਹ ਪੰਜਾਬ ਦੇ ਅੰਬਰਾਂ ਦਾ ਰਾਹ ਭੁੱਲ ਗਈਆਂ। ਸੁਪਨਾ ਹੋ ਗਈਆਂ ਕੂੰਜਾਂ ਤੇ ਉਨ੍ਹਾਂ ਦੀਆਂ ਹੂਕਾਂ…!! ਕੂੰਜਾਂ ਸੁਪਨਾ ਬਣ ਗਈਆਂ। ਚਿੜੀਆਂ ਲੋਪ ਹੋ ਗਈਆਂ। ਜਿਹੜਾ ਗੀਤ ਸੁਣ ਕੇੇ ਚਿੜੀਆਂ ਤੇ ਕੂੰਜਾਂ ਯਾਦ ਆ ਗਈਆਂ… ਉਸ ਨੂੰ ਕੌਣ ਗਾ ਰਿਹਾ ਹੈ…?

ਪੰਜ ਕੁ ਦਹਾਕੇ ਪਹਿਲਾਂ ਜਦੋਂ ਪਿੰਡਾਂ ਵਿਚ ਬਿਜਲੀ ਨਹੀਂ ਸੀ, ਗਰਮੀਆਂ ਦੀ ਰੁੱਤੇ ਲੋਕ ਕੋਠਿਆਂ ’ਤੇ ਸੌਂਦੇ। ਵਿਆਹ-ਸ਼ਾਦੀਆਂ ਵਾਲੇ ਘਰ ਮਹੀਨਾ-ਮਹੀਨਾ ਭਰ ਪਹਿਲਾਂ ਹੀ ਲੋਕ-ਗੀਤ ਗਾਉਣੇ ਸ਼ੁਰੂ ਹੋ ਜਾਂਦੇ। ਵਿਆਹ ਵਾਲੇ ਘਰ ਦੀ ਛੱਤ ’ਤੇ ਜੁੜੀਆਂ ਕੁੜੀਆਂ ਤੇ ਬੁੜੀਆਂ ਜਦੋਂ ਉੱਚੀ ਤੇ ਲੰਬੀ ਹੇਕ ਦੇ ਗੀਤ ਗਾਉਂਦੀਆਂ ਤਾਂ ਗੀਤਾਂ ਦੇ ਬੋਲ ਤੈਰਦੇ ਹੋਏ ਕਈ-ਕਈ ਮੀਲਾਂ ਤੱਕ ਫੈਲ ਜਾਂਦੇ। ਉਹ ਸਹਿਜ ਗੀਤ ਤਾਂ ਕਦੋਂ ਦੇ ਲੋਪ ਹੋ ਗਏ! ਉਨ੍ਹਾਂ ਨੂੰ ਤਾਂ ਅਸੀਂ ਕਦੋਂ ਦਾ ਵਿਸਾਰ ਛੱਡਿਆ!!

ਵਿਆਹਾਂ ਵਿਚ ਡੀਜੇ ਦਾ ‘ਸ਼ੋਰ-ਸੰਗੀਤ’। ਇਹ ਕੋਠਿਆਂ ਜਿੱਡੇ-ਜਿੱਡੇ ਕਾਲੇ ਰੰਗ ਦੇ ‘ਸਪੀਕਰ ਬਕਸੇ’। ਇਨ੍ਹਾਂ ਦੀ ਧਮਕ ਜੋ ਕੰਧਾਂ ਨੂੰ ਕੰਬਣ ਲਾ ਦਿੰਦੀ ਹੈ। ਮਾੜੇ ਦਿਲ ਵਾਲਾ ਇਨ੍ਹਾਂ ਦੇ ਨੇੜੇ ਨਹੀਂ ਬੈਠ ਸਕਦਾ। ਇਹ ਕਾਲੇ ‘ਸਪੀਕਰ ਬਕਸੇ’ ਸਾਡੇ ‘ਸਹਿਜ ਸੁਰ’ ਦੇ ਗੀਤਾਂ ਨੂੰ ਕਦੋਂ ਦੇ ਖਾ ਗਏ…।

…ਤੇ ਫਿਰ ਵੀ ਕੋਈ ਗਾ ਰਿਹਾ ਹੈ… ਕੌਣ ਹੈ ਇਹ…??

ਅਹੁ ਆ ਗਿਆ… ਸੱਤਾਂ-ਅੱਠਾਂ ਕੁ ਸਾਲਾਂ ਦਾ ਸੋਹਣਾ ਮੁੰਡਾ। ਸਾਈਕਲ ਵੀ ਚਲਾ ਰਿਹਾ ਹੈ ਤੇ ਬਾਂਹ ਉੱਚੀ ਕਰ ਕੇ ਗਾ ਵੀ ਰਿਹਾ ਹੈ…! ਕਿਸੇ ਬਹਾਦਰ ਯੋਧੇ ਦੀ ਬਹਾਦਰੀ ਦੇ ਗੀਤ ਗਾ ਰਿਹਾ ਹੈ…!! ਇਹ ਤੇ ਇਸ ਦੀ ਗਾਇਕੀ ਹਵਾ ਵਿਚ ਤੈਰਦੇ ਬੋਲ ਸਕੂਨ ਦੇ ਰਹੇ ਹਨ। ਪਰ ਕਦੋਂ ਤੱਕ…? ਕਦੋਂ ਤੱਕ ਬਚੇਗੀ ਇਹ ਵੱਡੇ-ਵੱਡੇ ਕਾਲੇ ਬਕਸਿਆਂ ਵਿਚ ਫਿੱਟ, ਕੋਠੇ ਜਿੱਡੇ-ਜਿੱਡੇ ਲਾਊਡ ਸਪੀਕਰਾਂ ਤੋਂ…??

Leave a Reply

Your email address will not be published. Required fields are marked *