ਨੋਟਬੰਦੀ ਦੀ ਬਰਸੀ…

ਅੱਬਾਸ ਧਾਲੀਵਾਲ

ਸ਼ਰਾਬਬੰਦੀ, ਨਾਕਾਬੰਦੀ, ਘੇਰਾਬੰਦੀ, ਸਿਹਰਾਬੰਦੀ, ਨਸਬੰਦੀ ਤੇ ਜੰਗਬੰਦੀ ਜਿਹੇ ਸ਼ਬਦ ਤਾਂ ਅਕਸਰ ਸੁਣਦੇ ਆਏ ਸਾਂ ਪਰ ਪੰਜ ਸਾਲ ਪਹਿਲਾਂ ਅੱਠ ਨਵੰਬਰ ਨੂੰ ਰਾਤੀਂ ਅੱਠ ਵਜੇ ਦੇ ਕਰੀਬ ਅਚਾਨਕ ਮੁਲਕ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਪਹਿਲੀ ਵਾਰ ‘ਨੋਟਬੰਦੀ’ ਸ਼ਬਦ ਸੁਣਿਆ। ਇਹ ਸ਼ਬਦ ਤਾਂ ਭਾਵੇਂ ਉਸ ਸਮੇਂ ਸਾਧਾਰਨ ਜਿਹਾ ਜਾਪਿਆ ਸੀ ਪਰ ਇਸ ਨੋਟਬੰਦੀ ਨੇ ਇਕ ਵਾਰ ਤਾਂ ਹਰ ਆਮ ਖਾਸ ਨੂੰ ਸੜਕ ਉੱਤੇ ਲੈ ਆਂਦਾ। ਇਸ ਸ਼ਬਦ ਦੇ ਅਸਲ ਅਰਥ ਉਸ ਸਮੇਂ ਮਹਿਸੂਸ ਹੋਣ ਲੱਗੇ ਜਦੋਂ ਲੋਕਾਂ ਨੂੰ ਆਪਣੇ ਪਾਸ ਮੌਜੂਦ ਪੰਜ ਸੌ, ਹਜ਼ਾਰ ਦੇ ਨੋਟਾਂ ਨੂੰ ਬਦਲਾਉਣ ਲਈ ਥਾਂ ਥਾਂ ਖੱਜਲ ਖੁਆਰ ਹੋਣਾ ਪਿਆ।

ਨੋਟਬੰਦੀ ਵਾਲੇ ਐਲਾਨ ਵਾਲੀ ਰਾਤ ਤਾਂ ਜਿਵੇਂ ਕਿਵੇਂ ਲੰਘ ਗਈ ਪਰ ਸਵੇਰ ਹੁੰਦੇ ਸਾਰ ਹੀ ਇਸ ਦਾ ਪਹਿਲਾ ਝਟਕਾ ਉਸ ਸਮੇਂ ਮਹਿਸੂਸ ਕੀਤਾ ਜਦੋਂ ਅਸੀਂ ਦੁੱਧ ਵਾਲੇ ਨਾਲ ਉਸ ਦੇ ਪਿਛਲੇ ਮਹੀਨੇ ਦਾ ਹਿਸਾਬ ਕਰਦਿਆਂ 500-500 ਰੁਪਏ ਦੇ ਨੋਟ ਉਸ ਦੀ ਹਥੇਲੀ ਤੇ ਧਰੇ। ਨੋਟ ਦੇਖਦਿਆਂ ਹੀ ਉਸ ਨੇ ਇੰਝ ਘੂਰਿਆ ਜਿਵੇਂ ਅਸੀਂ ਉਸ ਨੂੰ ਚੂਰਨ ਵਾਲੀਆਂ ਪੁੜੀਆਂ ਵਿਚੋਂ ਨਿਕਲਣ ਵਾਲੇ ਬੱਚਿਆਂ ਦੇ ਖੇਡਣ ਵਾਲੇ ਨਕਲੀ ਨੋਟ ਫੜਾ ਦਿੱਤੇ ਹੋਣ। ਉਸ ਨੇ ਨੋਟ ਸਾਡੇ ਵੱਲ ਧੱਕਦਿਆਂ ਕਿਹਾ, “ਬਾਬੂ ਜੀ, ਹੁਣ ਇਹ ਨੋਟ ਨਹੀਂ ਚੱਲਦੇ।” ਅਸੀਂ ਉਸ ਨੂੰ ਬਾ-ਮੁਸ਼ਕਿਲ ਸਮਝਾਇਆ ਕਿ ਭਾਈ ਅਜੇ ਤਾਂ ਇਹ ਨੋਟ ਪੰਜਾਹ ਦਿਨ ਚੱਲਣਗੇ। ਕਾਫੀ ਬਹਿਸ ਤੇ ਤਕਰਾਰ ਤੋਂ ਬਾਅਦ ਉਹਨੇ ਬਹੁਤ ਮੁਸ਼ਕਿਲ ਨਾਲ ਨੋਟ ਫੜੇ।

ਇਸ ਤੋਂ ਬਾਅਦ ਤਾਂ ਬੱਸ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਦਸ ਵਜੇ ਦੇ ਕਰੀਬ ਗਲੀ ਵਿਚ ਸਬਜ਼ੀ ਵਾਲੇ ਨੇ ਹੋਕਾ ਲਾਇਆ ਤਾਂ ਪਤਨੀ ਨੇ ਸਬਜ਼ੀ ਲਈ ਉਹਨੂੰ ਰੋਕਿਆ। ਪਤਨੀ ਅਜੇ ਸਬਜ਼ੀ ਛਾਂਟ ਹੀ ਰਹੀ ਸੀ ਕਿ ਸਬਜ਼ੀ ਵਾਲੇ ਨੇ ਕਹਿ ਸੁਣਾਇਆ: ਭੈਣ ਜੀ! ਸਬਜ਼ੀ ਜਿੰਨੀ ਜੀ ਚਾਹੇ, ਖਰੀਦੋ; ਲੇਕਿਨ ਨੋਟ ਖੁੱਲ੍ਹੇ ਦੇਣੇ ਪੈਣਗੇ। 500 ਜਾਂ 1000 ਦਾ ਨੋਟ ਮੈਂ ਹਰਗਿਜ਼ ਨਹੀਂ ਲਵਾਂਗਾ।” ਪਤਨੀ ਦੇ ਹੱਥ ਵਿਚ ਇੱਕੋ ਇੱਕ 1000 ਦਾ ਨੋਟ ਸੀ। ਸਬਜ਼ੀ ਵਾਲੇ ਦੀ ਨਜ਼ਰ ਨੋਟ ਤੇ ਪਈ ਤਾਂ ਉਹ ਗਲੀ ਵਿਚੋਂ ਰੇੜ੍ਹੀ ਲੈ ਕੇ ਇਉਂ ਦੌੜਿਆ ਜਿਵੇਂ ਕਿਸੇ ਦੇ ਹੱਥ ਰੋੜਾ ਦੇਖ ਕੇ ਕੁੱਤਾ ਦੌੜਦਾ ਹੈ!

ਉਨ੍ਹੀਂ ਦਿਨੀਂ ਬਚੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ ਜਿਨ੍ਹਾਂ ਦੀ ਦੋ ਮਹੀਨਿਆਂ ਤੋਂ ਫੀਸ ਨਹੀਂ ਸੀ ਭਰੀ। ਸੋਚਿਆ, ਕਿਉਂ ਨਾ ਨੋਟਬੰਦੀ ਦੀ ਲਪੇਟ ਵਿਚ ਆਏ ਪੰਜ ਸੌ, ਹਜ਼ਾਰ ਦੇ ਨੋਟ ਵਰਤ ਲਈਏ ਪਰ ਜਿਉਂ ਹੀ ਫੀਸ ਜਮ੍ਹਾਂ ਕਰਵਾਉਣ ਸਕੂਲ ਦੇ ਕਾਊਂਟਰ ਤੇ ਪਹੁੰਚੇ ਤਾਂ ਕਲਰਕ ਨੇ ਬਨਾਉਟੀ ਜਿਹੀ ਮੁਸਕਰਾਹਟ ਨਾਲ ਸਵਾਗਤ ਕੀਤਾ। ਜਿਵੇਂ ਹੀ ਅਸੀਂ ਫੀਸ ਕਾਰਡ ਨਾਲ 1000 ਰੁਪਏ ਦੇ ਪੰਜ ਨੋਟ ਕਾਊਂਟਰ ਤੇ ਰੱਖੇ ਤਾਂ ਉਸ ਨੇ ਖਚਰੀ ਜਿਹੀ ਮੁਸਕਾਰਾਹਟ ਬਿਖੇਰਦਿਆਂ ਕਿਹਾ, “ਸੌਰੀ ਸਰ! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ।” ਅਸੀਂ ਉਹ ਨੋਟ ਚੁੱਕ ਕੇ ਸਕੂਲ ਵਿਚੋਂ ਇਸ ਤਰ੍ਹਾਂ ਬਾਹਰ ਨਿਕਲੇ ਜਿਵੇਂ ਉਰਦੂ ਕਵੀ ਗ਼ਾਲਿਬ ਨੇ ਆਪਣੇ ਇਕ ਸ਼ੇਅਰ ਵਿਚ ਮਹਿਬੂਬ ਦੀ ਗਲੀ ਵਿਚੋਂ ਨਿਕਲਣ ਦਾ ਤਜ਼ਕਰਾ ਕੀਤਾ ਹੈ:

ਬੜੇ ਬੇ-ਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।

ਸੋਚਿਆ, ਚਲੋ ਏਟੀਐੱਮ ਵਿਚੋਂ ਹੀ ਕੁਝ ਕੈਸ਼ ਕਢਵਾ ਲਿਆ ਜਾਵੇ। ਜਿਉਂ ਹੀ ਏਟੀਐੱਮ ਦਾ ਰੁਖ਼ ਕੀਤਾ, ਸ਼ਹਿਰ ਦੇ ਵਧੇਰੇ ਏਟੀਐੱਮ ਬੰਦ। ਜਿਹੜੇ ਏਟੀਐੱਮ ਖੁੱਲ੍ਹਾ ਦਿਸਿਆ, ਉਸ ਦੇ ਬਾਹਰ ਇੰਨੀ ਲੰਮੀ ਲਾਈਨ ਕਿ ਬੱਸ ਰੱਬ ਰਹਿਮ ਕਰੇ…! ਅਸੀਂ ਵੀ ਲਾਈਨ ਵਿਚ ਲੱਗ ਗਏ। ਲਾਈਨ ਵਿਚ ਲੱਗਿਆਂ ਸ਼ਾਮ ਪੈ ਗਈ। ਇਸ ਤੋਂ ਪਹਿਲਾਂ ਕਿ ਅਸੀਂ ਏਟੀਐੱਮ ਤੱਕ ਪੁੱਜਦੇ, ਕੈਸ਼ ਖਤਮ ਹੋ ਗਿਆ।

ਰਾਤੀਂ ਸੌਣ ਤੋਂ ਪਹਿਲਾਂ ਫੈਸਲਾ ਕੀਤਾ ਕਿ ਪਹੁ-ਫੁੱਟਦੇ ਹੀ ਬੈਂਕ ਜਾਵਾਂਗੇ। ਸਵੇਰੇ ਨਿਰਨੇ ਕਾਲਜੇ ਹੀ ਜਦੋਂ ਬੈਂਕ ਦਾ ਰੁਖ਼ ਕੀਤਾ ਤਾਂ ਬੈਂਕ ਦੇ ਬਾਹਰ ਜੋ ਦ੍ਰਿਸ਼ ਦੇਖਿਆ, ਉਸ ਨੂੰ ਚੇਤੇ ਕਰਦਿਆਂ ਅੱਜ ਵੀ ਚਿਤ ਘਾਊਂ-ਮਾਊਂ ਕਰਨ ਲੱਗਦਾ ਹੈ। ਲੰਮੀਆਂ ਲਾਈਨਾਂ ਪਹਿਲਾਂ ਹੀ ਬੈਂਕ ਦੇ ਬਾਹਰ ਮੌਜੂਦ ਸਨ। ਕੁਝ ਲੋਕ ਰਜ਼ਾਈਆਂ ਲਪੇਟੀ ਤੇ ਕੁਝ ਕੰਬਲ ਲਈ ਲੇਟੇ ਸਨ। ਲੋਕਾਂ ਨੇ ਦੱਸਿਆ ਕਿ ਉਹ ਤਾਂ ਅੱਧੀ ਰਾਤ ਤੋਂ ਹੀ ਬੈਂਕ ਦੇ ਬਾਹਰ ਡੇਰੇ ਲਾਈ ਬੈਠੇ ਹਨ। ਬੈਂਕ ਨਿਸ਼ਚਤ ਸਮੇਂ ਤੇ ਖੁੱਲ੍ਹਾ ਅਤੇ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਹੋਣ ਲੱਗੇ ਜਿਵੇਂ ਉਨ੍ਹਾਂ ਦੇ ਜੀਵਨ ਵਿਚ ਬੈਂਕ ਵਿਚੋਂ ਪੈਸੇ ਕਢਾਉਣ ਦਾ ਇਹ ਆਖਿ਼ਰੀ ਮੌਕਾ ਹੋਵੇ।

ਆਖਿ਼ਰ ਨਾ ਚਾਹੁੰਦੇ ਹੋਏ ਵੀ ਇਸ ਭੇਡਚਾਲ ਦਾ ਸਾਨੂੰ ਵੀ ਹਿੱਸਾ ਬਣਨਾ ਪਿਆ, ਧੌਲ-ਧੱਫੇ ਖਾਂਦਿਆਂ ਬੈਂਕ ਅੰਦਰ ਦਾਖਲ ਹੋਣ ਵਿਚ ਸਫਲ ਹੋ ਗਏ, ਅੰਦਰ ਹਰ ਕਾਊਂਟਰ ਤੇ ਕਈ-ਕਈ ਲਾਈਨਾਂ। ਬੈਂਕ ਅੰਦਰਲਾ ਮੰਜ਼ਰ ਦੇਖ ਕੇ ਦਿਲ ਕਾਹਲਾ ਪੈਣ ਲੱਗਿਆ। ਦਿਲ ਨੂੰ ਧਰਵਾਸ ਦਿੰਦਿਆਂ ਆਮਿਰ ਖਾਨ ਵਾਂਗ ‘ਆਲ ਇਜ਼ ਵੈਲ… ਆਲ ਇਜ਼ ਵੈਲ’ ਕੀਤਾ ਪਰ ਅਜੇ ਦੁਪਹਿਰ ਦੇ ਬਾਰਾਂ ਵੀ ਨਾ ਵੱਜੇ ਸਨ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ: ਕੈਸ਼ ਖਤਮ ਹੋ ਗਿਆ ਪਰ ਜਿਸ ਕਿਸੇ ਨੇ ਪੈਸੇ ਖਾਤੇ ਵਿਚ ਜਮ੍ਹਾਂ ਕਰਵਾਉਣੇ ਹੋਣ, ਉਹ ਲਾਈਨ ਵਿਚ ਲੱਗਿਆ ਰਹੇ।

ਤੀਜੇ ਦਿਨ ਅਸੀਂ ਆਪਣੇ ਪੁੱਤਰ ਜੋ ਰੋਜ਼ਾਨਾ ਬੱਸ ਰਾਹੀਂ ਲਗਭਗ 70 ਕਿਲੋਮੀਟਰ ਸਫਰ ਤੈਅ ਕਰਕੇ ਪੜ੍ਹਨ ਕਾਲਜ ਜਾਂਦਾ ਸੀ ਨੂੰ ਕਾਲਜ ਜਾਂਦੇ ਨੂੰ 1000 ਦੇ ਦੋ ਨੋਟ ਅਤੇ ਸੌ ਦਾ ਇਕ ਨੋਟ ਦਿੰਦਿਆਂ ਕਿਹਾ ਕਿ ਹਜ਼ਾਰ ਹਜ਼ਾਰ ਦੇ ਦੋਵੇਂ ਨੋਟ ਆਉਂਦੇ-ਜਾਂਦੇ ਤੁੜਵਾ ਲਿਆਈਂ ਪਰ ਉਹਨੇ ਸ਼ਾਮੀਂ ਆਉਂਦਿਆਂ ਨੋਟ ਬਰੰਗ ਵਾਪਸ ਕਰ ਦਿੱਤੇ, “ਭਾਪਾ ਜੀ, ਕੰਡਕਟਰ ਨੇ ਬੱਸ ਦੀ ਤਾਕੀ ਅੰਦਰ ਵੜਦਿਆਂ ਹੀ ਕਹਿ ਦਿੱਤਾ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ 1000 ਜਾਂ 500 ਦੇ ਹੀ ਨੋਟ ਹਨ, ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ।”

ਇਸੇ ਦੌਰਾਨ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ, ਹਰ ਦੁਕਾਨ ਤੇ ਲੱਗੇ ਬੋਰਡਾਂ ਨੇ ਧਿਆਨ ਖਿੱਚਿਆ: ਇਸ ਜਗ੍ਹਾ 1000 ਅਤੇ 500 ਦੇ ਨੋਟ ਨਹੀਂ ਚੱਲਦੇ।

ਉਨ੍ਹਾਂ ਦਿਨਾਂ ਵਿਚ ਹੀ ਇਕ ਫੈਕਟਰੀ ਵਾਲੇ ਮਿੱਤਰ ਦੇ ਜਾਣਾ ਹੋਇਆ। ਪੂਰੀ ਫੈਕਟਰੀ ਵਿਚ ਜਿਵੇਂ ਕਬਰਾਂ ਵਰਗੀ ਚੁੱਪ ਛਾਈ ਹੋਈ ਸੀ। ਮਿੱਤਰ ਇਸ ਪ੍ਰਕਾਰ ਦੁਖੀ ਬੈਠਾ ਸੀ ਜਿਵੇਂ ਕੋਈ ਮਰਗ ਹੋਈ ਹੋਵੇ। ਅਸੀਂ

ਪੁੱਛਿਆ, “ਨਾ ਹੋਲੀ ਹੈ ਤੇ ਨਾ ਹੀ ਦੀਵਾਲੀ, ਫਿਰ

ਸਾਰੀ ਲੇਬਰ ਛੁੱਟੀ ਕਿਉਂ ਤੋਰ ਦਿੱਤੀ?” ਕਹਿੰਦਾ, “ਨਹੀਂ ਯਾਰ, ਛੁੱਟੀ-ਛੱਟੀ ਨਹੀਂ ਕੋਈ ਕੀਤੀ, ਦਰਅਸਲ ਸਾਰੀ ਲੇਬਰ ਨੂੰ ਚਾਰ ਚਾਰ ਹਜ਼ਾਰ ਦੇ ਕੇ ਬੈਂਕ ਵਿਚ ਕਰੰਸੀ ਬਦਲੀ ਲਈ ਭੇਜਿਆ ਹੋਇਆ। ਇਕ ਹਫਤੇ ਤੋਂ ਫੈਕਟਰੀ ਦੇ ਸਾਰੇ ਕੰਮ ਠੱਪ ਹਨ।”

ਉਂਜ, ਇਸ ਨੋਟਬੰਦੀ ਦੌਰਾਨ ਗੁਆਂਢ ਵਿਚ ਹੋਇਆ ਵਿਆਹ ਲੋਕਾਂ ਦੇ ਮਨਾਂ ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਹੋਇਆ ਇਉਂ ਕਿ ਗੁਆਂਢ ਦੀ ਕੁੜੀ ਦਾ ਵਿਆਹ ਸ਼ਹਿਰ ਦੇ ਦੂਸਰੇ ਮੁਹੱਲੇ ਰਹਿੰਦੇ ਇਕ ਮੁੰਡੇ ਨਾਲ ਹੋਣਾ ਤੈਅ ਹੋਇਆ ਸੀ। ਵਿਆਹ ਦੇ ਸੱਦਾ ਪੱਤਰ ਆਦਿ ਸਭ ਵੰਡੇ ਜਾ ਚੁੱਕੇ ਸਨ। ਕੁੜੀ ਅਤੇ ਮੁੰਡੇ ਵਾਲਿਆਂ ਨੇ ਵਿਆਹ ਲਈ ਲੋਂੜੀਂਦਾ ਕੈਸ਼ ਆਦਿ ਬੈਂਕਾਂ ਵਿਚੋਂ ਕਢਵਾ ਲਿਆ ਸੀ ਪਰ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਵੇਂ ਹੀ ਨੋਟਬੰਦੀ ਦਾ ਐਲਾਨ ਹੋਇਆ, ਬੈਂਕ ਵਿਚੋਂ ਕਢਵਾਈ ਨਕਦੀ ਰੱਦੀ ਦੇ ਕਾਗਜ਼ਾਂ ਵਿਚ ਤਬਦੀਲ ਹੋ ਗਈ। ਜਦ ਲੱਖ ਯਤਨ ਦੇ ਬਾਵਜੂਦ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋਇਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਹੋਇਆ ਕਿ ਬਰਾਤੀਆਂ ਨੂੰ ਇਕ ਕੱਪ ਚਾਹ ਪਿਆ ਕੇ ਕੁੜੀ ਸਾਦੇ ਢੰਗ ਨਾਲ ਤੋਰ ਦਿੱਤੀ ਜਾਏ; ਤੇ ਫੇਰ ਇੰਜ ਹੀ ਹੋਇਆ।

ਨੋਟਬੰਦੀ ਦੇ ਦਿਨੀਂ ਕਈ ਮੁਹਾਵਰੇ ਤੇ ਅਖਾਣ ਜਿਵੇਂ ਸੱਚ ਸਾਬਤ ਹੁੰਦੇ ਦਿਖਾਈ ਦਿੱਤੇ: ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ, ਨੌਂ ਦੋ ਗਿਆਰਾਂ ਹੋ ਜਾਣਾ ਤੇ ਹੋਰ ਕਈ। ਇਕ ਦਿਨ ਸ਼ਾਮੀਂ ਭਿਖਾਰੀ ਨੇ ਘਰ ਅੱਗੇ ਅਲਖ ਜਗੲਾੀ ਤਾਂ ਪਤਨੀ ਨੇ ਪਹਿਲੀ ਵਾਰ ਦਿਮਾਗ ਦੀ ਸਹੀ ਵਰਤੋਂ ਕਰਦਿਆਂ ਭਿਖਾਰੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਹਾਰਾਜ, 100 ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੌੜ ਦਿਉ।” 500 ਦੇ ਨੋਟ ਦਾ ਨਾਮ ਸੁਣਦਿਆਂ ਭਿਖਾਰੀ ‘ਨੌਂ ਦੋ ਗਿਆਰਾਂ ਹੋ ਗਿਆ’। ਇਕ ਹੋਰ ਮੁਹਾਵਰਾ ‘ਮੱਖੀਆਂ ਮਾਰਨਾ’ ਵੀ ਸੱਚ ਹੁੰਦਾ ਦੇਖਿਆ। ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰ ਵਿਹਲੇ ਬੈਠੇ ਮੱਖੀਆਂ ਦੇ ਨਾਲ ਨਾਲ ਸ਼ਾਇਦ ਚੂਹੇ ਤੇ ਕਿਰਲੀਆਂ ਵੀ ਮਾਰਦੇ ਰਹੇ ਹੋਣ।

Leave a Reply

Your email address will not be published. Required fields are marked *