ਸਮਾਜਿਕ ਬਰਾਬਰੀ ਦੇ ਸਿਰਜਕ ਗੁਰੂ ਨਾਨਕ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਹਨ, ਉਹ ਤਾਂ ਸਾਰੀ ਲੋਕਾਈ ਦੇ ਜਗਤ ਗੁਰੂ ਹਨ। ਉਨ੍ਹਾਂ ਨੇ ਗ਼ਰੀਬਾਂ ਉੱਤੇ ਹੋ ਰਹੇ ਰਾਜਸੀ, ਧਾਰਮਿਕ ਤੇ ਜਾਤੀ ਆਧਾਰਿਤ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਵਾਸਤੇ ਜੂਝਣ ਲਈ ਵੰਗਾਰਿਆ। ਉਨ੍ਹਾਂ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ-ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ।

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥ ਵਡਿਆ
ਸਿਉ ਕਿਆ ਰੀਸ॥ (ਅੰਗ : 15)


ਕਿਰਤੀਆਂ ਨੂੰ ਮਾਣ ਬਖਸ਼ਿਆ ਤੇ ਗਿਆਨ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹੇ। ਉਨ੍ਹਾਂ ਨਿਮਾਣੇ ਤੇ ਅਛੂਤ ਸਮਝੇ ਜਾਣ ਵਾਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਵੰਗਾਰਿਆ :
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਅੰਗ : 142)

ਉਨ੍ਹਾਂ ਪਹਿਲੀ ਵਾਰ ਪਰਮਾਤਮਾ ਦੀ ਵੱਖਰੀ ਪਰਿਭਾਸ਼ਾ ਦਿੱਤੀ। ਉਨ੍ਹਾਂ ਆਖਿਆ ਪਰਮਾਤਮਾ ਇਕ ਹੈ, ਉਹ ਆਕਾਰ ਰਹਿਤ ਤੇ ਸਦੀਵੀ ਹੈ, ਉਹ ਸਾਡੇ ਸਾਰਿਆਂ ਅੰਦਰ ਆਤਮਾ ਦੇ ਰੂਪ ਵਿਚ ਵਸਦਾ ਹੈ। ਉਨ੍ਹਾਂ ਆਪਣੇ ਉਪਦੇਸ਼ਾਂ ਨੂੰ ਤਰਕ ਅਤੇ ਸ਼ਬਦ ਰਾਹੀਂ ਪ੍ਰਚਾਰਿਆ। ਗੁਰੂ ਸਾਹਿਬ ਨੇ ਜੋ ਪ੍ਰਚਾਰਿਆ, ਉਹ ਕਰ ਕੇ ਵੀ ਵਿਖਾਇਆ। ਜਾਤ-ਪਾਤ, ਧਰਮ ਅਤੇ ਊਚ-ਨੀਚ ਦੀਆਂ ਵੰਡੀਆਂ ਨੂੰ ਤੋੜਦੇ ਹੋਏ ਗੁਰੂ ਜੀ ਨੇ ਨੀਵੀਂ ਜਾਤ ਤੇ ਦੂਜੇ ਧਰਮ ਦੇ ਸਮਝੇ ਜਾਂਦੇ ਭਾਈ ਮਰਦਾਨਾ ਨੂੰ ਆਪਣਾ ਸਾਥੀ ਬਣਾਇਆ ਤੇ ਕੋਈ ਚੌਵੀ ਸਾਲ ਸੰਸਾਰ ਦਾ ਭ੍ਰਮਣ ਕਰਕੇ ਪਰਮਾਤਮਾ ਦੇ ਹੁਕਮਾਂ ਨੂੰ ਪ੍ਰਚਾਰਿਆ। ਉਨ੍ਹਾਂ ਆਪਣੇ-ਆਪ ਨੂੰ ਕਦੇ ਵੀ ਰੱਬ ਜਾਂ ਉਸ ਦਾ ਅਵਤਾਰ ਨਹੀਂ ਆਖਿਆ। ਸਗੋਂ ਪਰਮਾਤਮਾ ਦਾ ਸ਼ਿਸ਼ ਬਣ ਉਸ ਦੇ ਹੁਕਮਾਂ ਨੂੰ ਲੋਕਾਈ ਤੱਕ ਪਹੁੰਚਾਇਆ। ਉਨ੍ਹਾਂ ਕਦੇ ਵੀ ਕਿਸੇ ਨੂੰ ਬੁਰਾ ਨਹੀਂ ਆਖਿਆ ਸਗੋਂ ਆਪਣੀ ਬਾਣੀ ਰਾਹੀਂ ਆਪਣਾ ਸੰਦੇਸ਼ ਵੰਡਿਆ। ਉਨ੍ਹਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ ਸਗੋਂ ਲੋਕਾਈ ਨੂੰ ਧਰਮੀ ਬਣ ਕੇ ਆਪਣੇ ਧਰਮ ਦੇ ਅਸੂਲਾਂ ਅਨੁਸਾਰ ਜੀਵਨ ਜੀਊਣ ਲਈ ਪ੍ਰੇਰਿਆ। ਗੁਰੂ ਜੀ ਨੇ ਆਪਣੀ ਬਾਣੀ ਲੋਕਾਂ ਦੀ ਭਾਸ਼ਾ ਵਿਚ ਉਚਾਰੀ। ਨੀਵੇਂ ਸਮਝੇ ਜਾਂਦੇ ਲੋਕਾਂ ਦੇ ਘਰਾਂ ਵਿਚ ਨਿਵਾਸ ਕੀਤਾ। ਜਿਥੇ ਉਨ੍ਹਾਂ ਜ਼ਾਲਮ ਨੂੰ ਫਿਟਕਾਰਿਆ ਉਥੇ ਦਲੀਲ ਦੇ ਆਧਾਰ ਉੱਤੇ ਲੋਕਾਂ ਨੂੰ ਸੱਚ ਦੀ ਸੋਝੀ ਕਰਵਾਈ। ਉਨ੍ਹਾਂ ਜਿਥੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਉਥੇ ਨਸ਼ਿਆਂ ਦੀ ਵਰਤੋਂ ਦਾ ਵੀ ਵਿਰੋਧ ਕੀਤਾ।


ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਯੁਗਪੁਰਸ਼ ਹੋਏ ਹਨ ਜਿਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਆਖਿਆ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥
(ਅੰਗ : 473)
ਗੁਰੂ ਜੀ ਨੇ ਲੋਕਾਈ ਨੂੰ ਵਹਿਮਾਂ-ਭਰਮਾਂ ਅਤੇ ਅੰਧ ਵਿਸ਼ਵਾਸ ਵਿਚੋਂ ਕੱਢ ਇਕ ਰੱਬ ਉੱਤੇ ਯਕੀਨ ਕਰਨਾ ਸਿਖਾਇਆ। ਉਨ੍ਹਾਂ ਸਮਝਾਇਆ ਕਿ ਜਨਮ ਤੋਂ ਕੋਈ ਚੰਗਾ ਜਾਂ ਬੁਰਾ ਨਹੀਂ ਹੁੰਦਾ ਸਗੋਂ ਬੁਰੇ ਬੰਦੇ ਦੇ ਕਰਮ ਹੁੰਦੇ ਹਨ। ਨੀਵੀਆਂ ਜਾਤੀਆਂ ਵਾਲੇ ਨੀਚ ਨਹੀਂ ਸਗੋਂ ਨੀਚ ਉਹ ਹਨ ਜਿਹੜੇ ਬੁਰੇ ਕਰਮ ਕਰਦੇ ਹਨ। ਉਨ੍ਹਾਂ ਸੰਸਾਰ ਨੂੰ ਲੋਕਰਾਜ ਅਤੇ ਸਮਾਜਵਾਦ ਦੇ ਫਲਸਫੇ ਦੀ ਬਖਸ਼ਿਸ਼ ਕੀਤੀ। ਉਨ੍ਹਾਂ ਦੇ ਦਰਸਾਏ ਬਾਣੀ ਵਿਚਲੇ ਤੱਥ ਅੱਜ ਸਾਰੇ ਵਿਗਿਆਨੀ ਸਵੀਕਾਰ ਕਰ ਰਹੇ ਹਨ।


ਉਨ੍ਹਾਂ ਤਰਕ ਤੇ ਦਲੀਲਾਂ ਨਾਲ ਕੁਰਹਿਤਾਂ ਤੇ ਗ਼ਲਤ ਧਾਰਨਾਵਾਂ ਦਾ ਖੰਡਨ ਕੀਤਾ ਤੇ ਬਿਨਾਂ ਵਾਦ-ਵਿਵਾਦ ਦੇ ਆਪਣੇ ਵਿਚਾਰਾਂ ਰਾਹੀਂ ਸੱਚ ਦਾ ਰਾਹ ਵਿਖਾਇਆ। ਗੁਰੂ ਜੀ ਨੇ ਪਿਛਲੀ ਉਮਰੇ ਰਾਵੀ ਕੰਢੇ ਕਰਤਾਰਪੁਰ ਨਗਰ ਵਸਾਇਆ। ਗੁਰੂ ਜੀ ਨੇ ਇਥੇ ਖੇਤੀ ਸ਼ੁਰੂ ਕੀਤੀ ਤੇ ਆਪਣੇ ਹੱਥੀਂ ਸਾਰੇ ਕੰਮ ਕੀਤੇ। ਇੰਝ ਉਨ੍ਹਾਂ ਨੇ ਕਿਰਤ ਦੇ ਸਤਿਕਾਰ ਵਾਲੇ ਆਪਣੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ। ਉਨ੍ਹਾਂ ਦਾ ਹੁਕਮ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ।
ਨਾਨਕ ਰਾਹੁ ਪਛਾਣਹਿ ਸੇਇ॥ (ਅੰਗ : 1245)


ਇਥੇ ਸਾਦਗੀ, ਨਿਮਰਤਾ, ਕਿਰਤ ਤੇ ਪ੍ਰੇਮ ਦਾ ਪਾਠ ਲੋਕਾਈ ਨੂੰ ਪੜ੍ਹਾਇਆ ਗਿਆ। ਇਥੇ ਹੀ ਗੁਰੂ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਸ਼ੁਰੂ ਕੀਤੀ। ਸਾਰੀ ਸੰਗਤ ਨੂੰ ਇਕੋ ਪੰਗਤ ਵਿਚ ਬੈਠ ਲੰਗਰ ਛਕਣਾ ਪੈਂਦਾ ਸੀ। ਇੰਝ ਗੁਰੂ ਜੀ ਨੇ ਸਮਾਜ ਵਿਚ ਜਾਤ-ਪਾਤ, ਰੁਤਬੇ, ਧਰਮ ਅਤੇ ਅਮੀਰੀ ਕਾਰਨ ਜਿਹੜੀਆਂ ਵੰਡੀਆਂ ਪਈਆਂ ਸਨ, ਉਹ ਮੇਟ ਦਿੱਤੀਆਂ। ਗੁਰੂ ਜੀ ਕਿਸੇ ਇਕ ਫਿਰਕੇ ਦੇ ਪੈਗੰਬਰ ਨਹੀਂ ਹਨ, ਉਹ ਤਾਂ ਸਾਰੀ ਲੋਕਾਈ ਦੇ ਰਹਿਬਰ ਸਨ।
ਹੁਣ ਵੇਖਣਾ ਇਹ ਹੈ ਕਿ ਅਸੀਂ ਗੁਰੂ ਜੀ ਦੇ ਉਪਦੇਸ਼ਾਂ ਤੋਂ ਲੋਕਾਈ ਨੂੰ ਕਿਤਨਾ ਕੁ ਜਾਣੂ ਕਰਵਾ ਰਹੇ ਹਾਂ। ਵੱਡੇ ਸਮਾਗਮ ਜ਼ਰੂਰ ਕਰੋ ਪਰ ਗੁਰੂ ਜੀ ਬਾਰੇ ਜਾਣਕਾਰੀ ਦੇਣ ਲਈ ਲੋਕ ਸੰਪਰਕ ਜਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ 24 ਕੁ ਪੰਨਿਆਂ ਦਾ ਵਿਦਵਾਨਾਂ ਤੋਂ ਇਕ ਕਿਤਾਬਚਾ ਤਿਆਰ ਕਰਵਾਏ ਜਿਸ ਵਿਚ ਗੁਰੂ ਜੀ ਦਾ ਜੀਵਨ ਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸੌਖੀ ਪਰ ਰੌਚਕ ਭਾਸ਼ਾ ਵਿਚ ਜਾਣਕਾਰੀ ਦਿੱਤੀ ਗਈ ਹੋਵੇ। ਇਸ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕਰਵਾਇਆ ਜਾਵੇ। ਇਸ ਦਾ ਅਨੁਵਾਦ ਦੇਸ਼ ਦੀਆਂ ਹੋਰ ਬੋਲੀਆਂ ਵਿਚ ਵੀ ਕਰਨਾ ਚਾਹੀਦਾ ਹੈ। ਸੰਸਾਰ ਵਿਚ ਗੁਰੂ ਘਰਾਂ ਦੀ ਗਿਣਤੀ ਲੱਖਾਂ ਵਿਚ ਹੈ। ਹਰੇਕ ਗੁਰੂ ਘਰ ਦੀ ਜ਼ਿੰਮੇਵਾਰੀ ਲਗਾਈ ਜਾਵੇ ਕਿ ਉਹ ਆਪਣੇ ਇਲਾਕੇ ਵਿਚ ਪੈਂਦੇ ਘਰਾਂ ਦੀ ਗਿਣਤੀ ਅਨੁਸਾਰ ਪੰਜ-ਪੰਜ ਸਿੱਖਾਂ ਦਾ ਗਰੁੱਪ ਬਣਾਵੇ। ਇਹ ਗਰੁੱਪ ਹਰੇਕ ਘਰ ਜਾਣ ਅਤੇ ਪਰਿਵਾਰ ਨੂੰ ਨਿਮਰਤਾ ਸਹਿਤ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਬੇਨਤੀ ਕਰੇ। ਇਸ ਦੇ ਨਾਲ ਹੀ ਕਿਤਾਬਚੇ ਦੀ ਇਕ ਕਾਪੀ ਵੀ ਉਸ ਪਰਿਵਾਰ ਨੂੰ ਦਿੱਤੀ ਜਾਵੇ। ਇੰਝ ਘੱਟੋ ਘੱਟ ਭਾਰਤ ਦੇ ਸਾਰੇ ਪਰਿਵਾਰਾਂ ਨੂੰ ਗੁਰੂ ਜੀ ਨਾਲ ਜੋੜਿਆ ਜਾ ਸਕੇਗਾ। ਇਸੇ ਤਰ੍ਹਾਂ ਹੀ ਵਿਦੇਸ਼ਾਂ ਵਿਚ ਕੀਤਾ ਜਾਵੇ। ਲੋਕ ਸੱਦਾ ਪੱਤਰ ਪ੍ਰਾਪਤ ਕਰਕੇ ਖੁਸ਼ ਹੋਣਗੇ ਤੇ ਬੜੇ ਸਤਿਕਾਰ ਨਾਲ ਗੁਰੂ ਜੀ ਵਾਲੀ ਕਿਤਾਬ ਨੂੰ ਪੜ੍ਹਣਗੇ। ਸਾਰੇ ਗੁਰੂ ਘਰਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਆਧਾਰਿਤ ਵਿਸ਼ੇਸ਼ ਭਾਸ਼ਨ ਕਰਵਾਉਣੇ ਚਾਹੀਦੇ ਹਨ। ਇਸੇ ਤਰ੍ਹਾਂ ਗੁਰੂ ਜੀ ਦੇ ਉਪਦੇਸ਼ਾਂ ਦੇ ਪੋਸਟਰ, ਸਕੂਲਾਂ, ਕਾਲਜਾਂ, ਦਫ਼ਤਰਾਂ, ਹੋਰਡਿੰਗਾਂ ਦੇ ਰੂਪ ਵਿਚ ਰੇਲ ਅਤੇ ਬੱਸਾਂ ਉੱਤੇ ਲਗਾਏ ਜਾਣ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਜੀ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਗੁਰੂ ਜੀ ਬਾਰੇ ਫ਼ਿਲਮਾਂ, ਤਸਵੀਰਾਂ ਤੇ ਬੁੱਤ ਬਣਾਉਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਜਦੋਂ ਫ਼ਿਲਮ ਬਣ ਜਾਵੇ ਫਿਰ ਪਾਬੰਦੀ ਲਗਾਉਣੀ ਠੀਕ ਨਹੀਂ ਹੁੰਦੀ। ਬੁੱਤਾਂ ਉੱਤੇ ਵੀ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ। ਗੁਰੂ ਜੀ ਦੀਆਂ ਤਸਵੀਰਾਂ ਦੀ ਥਾਂ ਉਨ੍ਹਾਂ ਦੀ ਬਾਣੀ ਦੀਆਂ ਤੁਕਾਂ ਦੇ ਸੁੰਦਰ ਪੋਸਟਰ ਬਣਾਏ ਜਾਣ। ਸੰਗਤਾਂ ਨੂੰ ਆਖਿਆ ਜਾਵੇ ਕਿ ਘਰਾਂ ਵਿਚ ਗੁਰੂ ਜੀ ਦੀਆਂ ਤਸਵੀਰਾਂ ਦੀ ਥਾਂ ਗੁਰਬਾਣੀ ਨੂੰ ਸਜਾਇਆ ਜਾਵੇ। ਇੰਝ ਹੋ ਰਹੀ ਮੂਰਤੀ ਪੂਜਾ ਦੀ ਥਾਂ ਸੰਗਤ ਗੁਰਬਾਣੀ ਪੜ੍ਹੇਗੀ ਤੇ ਮਨ ਵਿਚ ਵਸਾ ਕੇ ਉਸ ਉੱਤੇ ਅਮਲ ਕਰਨਾ ਸ਼ੁਰੂ ਕਰ ਦੇਵੇਗੀ। ਇਹ ਵੱਡੀ ਪ੍ਰਾਪਤੀ ਹੋਵੇਗੀ। ਜੇਕਰ ਅਜਿਹੇ ਯਤਨ ਨਾ ਕੀਤੇ ਗਏ ਤਾਂ ਸਾਰੇ ਯਤਨ ਇਕ ਵਿਖਾਵਾ ਹੀ ਬਣ ਕੇ ਰਹਿ ਜਾਣਗੇ।


ਜਾਤ-ਪਾਤ ਅਤੇ ਧਰਮ ਦੇ ਨਾਂਅ ਉੱਤੇ ਪਈਆਂ ਜਿਨ੍ਹਾਂ ਵੰਡੀਆਂ ਨੂੰ ਗੂਰੂ ਜੀ ਨੇ ਮੇਟਿਆ ਸੀ, ਅਸੀਂ ਮੁੜ ਉਨ੍ਹਾਂ ਵੰਡੀਆਂ ਵਿਚ ਜਕੜੇ ਜਾ ਰਹੇ ਹਾਂ। ਆਪਣੇ ਆਪ ਨੂੰ ਗੁਰੂ ਜੀ ਦੇ ਸਿੱਖ ਅਖਵਾਉਣ ਵਾਲੇ ਆਪ ਇਸ ਵਰਗ ਵੰਡ ਨੂੰ ਅਪਣਾ ਰਹੇ ਹਨ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦਾ ਲਾਭ ਉਦੋਂ ਹੀ ਹੋਵੇਗਾ ਜੇਕਰ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਵੇਗਾ, ਇਕ-ਦੂਜੇ ਦਾ ਹੱਕ ਮਾਰਨ ਦੀ ਥਾਂ ਸਹਾਇਤਾ ਕੀਤੀ ਜਾਵੇਗੀ ਅਤੇ ਲੋੜਵੰਦ ਦੀ ਬਾਂਹ ਫੜੀ ਜਾਵੇਗੀ। ਸੱਚ ਤੇ ਸੰਤੋਖ ਦਾ ਪੱਲੂ ਫੜਿਆਂ ਹੀ ਬੁਰੀਆਂ ਆਦਤਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਗੁਰੂ ਦੇ ਸਿੱਖ ਹਮੇਸ਼ਾ ਦੂਜਿਆਂ ਲਈ ਸੱਚੇ ਤੇ ਸੁੱਚੇ ਕਿਰਦਾਰ ਦੀ ਮਿਸਾਲ ਬਣੇ ਹਨ। ਆਓ ਮੁੜ ਆਪਣੇ ਆਪ ਨੂੰ ਉਸੇ ਤਰ੍ਹਾਂ ਦੇ ਬਣਾਉਣ ਦਾ ਯਤਨ ਕਰੀਏ ਤੇ ਦੂਜਿਆਂ ਲਈ ਮਿਸਾਲ ਬਣੀਏ।

Leave a Reply

Your email address will not be published. Required fields are marked *