ਕਰਜ਼ੇ ਸਿਰ ਚੱਲ ਰਿਹਾ ਸੰਸਾਰ ਆਰਥਿਕ ਢਾਂਚਾ

ਨਵਜੋਤ

ਅੱਜ ਦੁਨੀਆ ਵਿਚ ਆਰਥਿਕ ਸੰਕਟ ਬਾਰੇ ਬਹਿਸ ਭਖੀ ਹੋਈ ਹੈ। ਉਨ੍ਹਾਂ ਅਰਥਸ਼ਾਸਤਰੀਆਂ ਦੇ ਦਾਅਵੇ ਠੁੱਸ ਹੋ ਗਏ ਹਨ ਜੋ ਸੰਸਾਰ ਅਰਥਚਾਰੇ ਦੇ ਜਲਦੀ ਮੁੜ-ਸਿਹਤਮੰਦ ਹੋਣ ਦੀਆਂ ਕਿਆਸਆਰਾਈਆਂ ਲਾ ਰਹੇ ਸਨ। ਇਸ ਸੰਕਟ ਬਾਰੇ ਕਈ ਤਰ੍ਹਾਂ ਦੀਆਂ ਵਿਆਖਿਆਵਾਂ ਹਨ। ਇਨ੍ਹਾਂ ਵਿਆਖਿਆਵਾਂ ਵਿਚੋਂ ਇਸ ਮਰਜ਼ ਨੂੰ ਠੀਕ ਕਰਨ ਲਈ ਵੱਖ ਵੱਖ ਨੁਸਖੇ ਨਿੱਕਲਦੇ ਹਨ, ਇਸ ਲਈ ਆਰਥਿਕ ਸੰਕਟ ਨੂੰ ਕਿਵੇਂ ਸਮਝਿਆ ਜਾਂਦਾ ਹੈ, ਇਹ ਬਿਲਕੁਲ ਅਮਲੀ ਸਵਾਲ ਹੈ।

ਆਰਥਿਕ ਸੰਕਟ ਨੂੰ ਪਰਿਭਾਸਿ਼ਤ ਕਰਨ ਲਈ ਵੱਖ ਵੱਖ ਪੈਮਾਨੇ ਮੌਜੂਦ ਹਨ। ਕਈ ਅਰਥਸ਼ਾਸਤਰੀ ਸਰਮਾਏਦਾਰਾ ਅਰਥਚਾਰੇ ਦੀ ਹਾਲਤ ਨੂੰ ਕਾਰੋਬਾਰੀ ਚੱਕਰ ਦੇ ਪੜਾਵਾਂ ਰਾਹੀਂ ਪ੍ਰਗਟਾਉਂਦੇ ਹਨ ਜਿਵੇਂ ਵਿਸਥਾਰ, ਸਿਖਰ, ਸੁੰਗੇੜਾ, ਥਲਵਾਂ ਆਦਿ। ਕਈ ਅਰਥਸ਼ਾਸਤਰੀ ਸਰਮਾਏਦਾਰਾ ਅਰਥਚਾਰੇ ਦੀ ਹਾਲਤ ਨੂੰ 2 ਪੜਾਵਾਂ ਵਿਚ ਪ੍ਰਗਟਾਉਂਦੇ ਹਨ ਜਿਵੇਂ ਉਛਾਲ ਤੇ ਗਿਰਾਵਟ, ਖੁਸ਼ਹਾਲੀ ਤੇ ਮੰਦੀ, ਚੜ੍ਹਾਅ ਤੇ ਉਤਰਾਅ ਆਦਿ। ਸੁੰਗੇੜਾ, ਗਿਰਾਵਟ, ਉਤਰਾਅ, ਮੰਦੀ ਆਦਿ ਸਭ ਆਰਥਿਕ ਸੰਕਟ ਦੀ ਤੀਖਣਤਾ ਤੇ ਤੀਬਰਤਾ ਦੇ ਮਾਪ ਹਨ। ਇਨ੍ਹਾਂ ਤੋਂ ਬਿਨਾ ਆਰਥਿਕ ਸੰਕਟ ਨੂੰ ਵਪਾਰਕ ਮੰਦੀ, ਸਨਅਤੀ ਸੰਕਟ, ਖੜੋਤ ਆਦਿ ਵੀ ਕਿਹਾ ਜਾਂਦਾ ਹੈ। ਨਿਵੇਸ਼, ਰੁਜ਼ਗਾਰ ਤੇ ਪੈਦਾਵਾਰ ਦਾ ਡਿੱਗਣਾ, ਜਿਣਸਾਂ ਦਾ ਵੱਡੇ ਪੱਧਰ ਉੱਤੇ ਮੰਡੀ ਵਿਚ ਫਸਣਾ, ਛੋਟੇ ਵੱਡੇ ਕਾਰੋਬਾਰਾਂ ਦੀ ਤਬਾਹੀ, ਬੈਂਕਾਂ ਤੇ ਵਿੱਤੀ ਖੇਤਰ ਵਿਚ ਸੰਕਟ ਆਦਿ ਇਨ੍ਹਾਂ ਦੇ ਸਾਂਝੇ ਲੱਛਣ ਹਨ। ਇਨ੍ਹਾਂ ਲੱਛਣਾਂ ਦੇ ਆਧਾਰ ਉੱਤੇ ਆਰਥਿਕ ਸੰਕਟ ਦੀਆਂ ਪਰਿਭਾਸ਼ਾਵਾਂ ਘੜੀਆਂ ਗਈਆਂ ਹਨ। ਮੁੱਖਧਾਰਾ ਅਰਥਸ਼ਾਸਤਰ ਅਨੁਸਾਰ ਆਰਥਿਕ ਮੰਦਵਾੜਾ ਉਹ ਹਾਲਤ ਹੈ ਜਦੋਂ ਕਿਸੇ ਅਰਥਚਾਰੇ ਦੀ ਕੁੱਲ ਘਰੇਲੂ ਪੈਦਾਵਾਰ ਲਗਾਤਾਰ ਦੋ ਤਿਮਾਹੀਆਂ ਦੌਰਾਨ ਸੁੰਗੜਦੀ ਹੈ। ਇੰਝ ਹੀ ਮੁੱਖਧਾਰਾ ਅਰਥਸ਼ਾਸਤਰ ਅਨੁਸਾਰ ਮਹਾਮੰਦੀ ਜਾਂ ਆਰਥਿਕ ਸੰਕਟ ਉਹ ਹਾਲਤ ਹੈ ਜਦੋਂ ਜਾਂ ਤਾਂ ਕੁੱਲ ਘਰੇਲੂ ਪੈਦਾਵਾਰ 10 ਫੀਸਦੀ ਤੋਂ ਵੱਧ ਨਾਲ਼ ਸੁੰਗੜਦੀ ਹੈ, ਤੇ ਜਾਂ ਫਿਰ ਕੁੱਲ ਘਰੇਲੂ ਪੈਦਾਵਾਰ ਵਿਚ ਲਗਾਤਾਰ 3 ਸਾਲ ਗਿਰਾਵਟ ਆਉਂਦੀ ਹੈ। ਕਈ ਅਰਥਸ਼ਾਸਤਰੀ ਇਸ ਪਰਿਭਾਸ਼ਾ ਅਨੁਸਾਰ ਅੱਜ ਤੱਕ ਸਿਰਫ 3 ਮਹਾਮੰਦੀਆਂ ਜਾਂ ਆਰਥਿਕ ਸੰਕਟਾਂ ਨੂੰ ਮੰਨਦੇ ਹਨ” 1873-97 ਦੀ ਮਹਾਮੰਦੀ, 1929-39 ਦੀ ਮਹਾਮੰਦੀ ਤੇ 2008 ਵਿਚ ਸ਼ੁਰੂ ਹੋਈ ਮਹਾਮੰਦੀ। ਪਿਛਲੇ ਸਮੇਂ (ਜੇ ਕਰੋਨਾ ਕਾਲ ਨੂੰ ਛੱਡ ਦਈਏ) ਦੌਰਾਨ ਸੰਸਾਰ ਅਰਥਚਾਰੇ ਤੇ ਦੁਨੀਆ ਦੇ ਵੱਡੇ ਅਰਥਚਾਰਿਆਂ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਨਿਗੂਣੀ ਰਹੀ ਹੈ, ਫਿਰ ਵੀ ਕੁੱਲ ਘਰੇਲੂ ਪੈਦਾਵਾਰ ਵਿਚ ਗਿਰਾਵਟ ਨਾ ਹੋਣ ਕਾਰਨ ਅਰਥਸ਼ਾਸਤਰੀਆਂ ਦਾ ਵੱਡਾ ਹਿੱਸਾ ਸੰਸਾਰ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ਆਰਥਿਕ ਸੰਕਟ ਦੇ ਰੂਪ ਵਿਚ ਪ੍ਰਵਾਨ ਨਹੀਂ ਕਰਦਾ।

ਸਰਮਾਏਦਾਰਾ ਅਰਥਚਾਰੇ ਵਿਚ ਪੈਦਾਵਾਰ ਪਿੱਛੇ ਟੀਚਾ ਮੁੱਖ ਤੌਰ ਉੱਤੇ ਮੁਨਾਫਾ ਹੁੰਦਾ ਹੈ ਤੇ ਪੈਦਾਵਾਰ ਲੋਕ ਭਲਾਈ, ਰੁਜ਼ਗਾਰ ਪੈਦਾ ਕਰਨ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਹੀਂ ਸਗੋਂ ਵੱਧ ਤੋਂ ਵੱਧ ਮੁਨਾਫਾ ਹਾਸਲ ਕਰਨ ਲਈ ਕੀਤੀ ਜਾਂਦੀ ਹੈ। ਮੁਨਾਫਾ ਕਮਾਉਣ ਵਿਚ ਅਜਿਹੀ ਰੁਕਾਵਟ ਮੌਜੂਦ ਹੈ ਜੋ ਸਰਮਾਏਦਾਰੀ ਵਿਚ ਵਜੂਦ ਸਮੋਈ ਹੈ ਤੇ ਇਹ ਰੁਕਾਵਟ ਸਰਮਾਏਦਾਰਾ ਅਰਥਚਾਰੇ ਦਾ ਨਿਯਮ ਹੈ। ਸਰਮਾਏਦਾਰਾ ਅਰਥਚਾਰੇ ਵਿਚ ਇੱਕ ਸਮੇਂ ਮਗਰੋਂ ਮੁਨਾਫੇ ਦੀ ਦਰ ਘਟਣ ਲਗਦੀ ਹੈ ਤੇ ਲੰਮੇ ਦਾਅ ਵਿਚ ਲਾਜ਼ਮੀ ਹੀ ਮੁਨਾਫੇ ਦੀ ਦਰ ਹੇਠਾਂ ਆਉਂਦੀ ਹੈ। ਮਸਲਨ, ਜੇ ਪਹਿਲਾਂ ਹਰ 100 ਰੁਪਏ ਪਿੱਛੋਂ ਸਰਮਾਏਦਾਰ ਨੂੰ 5 ਰੁਪਏ ਮੁਨਾਫਾ, ਭਾਵ 5% ਮੁਨਾਫਾ ਹੁੰਦਾ ਸੀ ਤਾਂ ਇਕ ਸਮੇਂ ਬਾਅਦ ਇਸ ਮੁਨਾਫੇ ਦੀ ਦਰ ਵਿਚ ਗਿਰਾਵਟ ਆਵੇਗੀ। ਮੁਨਾਫਾ ਦਰ ਵਿਚ ਇਹ ਗਿਰਾਵਟ ਕੋਈ ਹਵਾ ਹਵਾਈ ਗੱਲ ਨਹੀਂ ਸਗੋਂ ਕਈ ਅਰਥਸ਼ਾਸਤਰੀਆਂ ਨੇ ਅੰਕੜਿਆਂ ਦੇ ਆਧਾਰ ਉੱਤੇ ਸਿੱਧ ਕੀਤਾ ਹੈ ਕਿ ਸੰਸਾਰ ਪੱਧਰ ਤੇ ਮੁਨਾਫਿਆਂ ਦੀ ਦਰ ਪਿਛਲੇ 50 ਸਾਲਾਂ ਵਿਚ ਲਗਾਤਾਰ ਹੇਠਾਂ ਆਈ ਹੈ। ਇੱਕ ਸਮੇਂ ਬਾਅਦ ਮੁਨਾਫੇ ਦੀ ਦਰ ਇੰਨੀ ਹੇਠਾਂ ਆ ਜਾਂਦੀ ਹੈ ਕਿ ਇਹ ਕੁੱਲ ਮੁਨਾਫਿਆਂ ਉੱਤੇ ਹੀ ਸੱਟ ਮਾਰਨ ਲਗਦੀ ਹੈ, ਜਾਂ ਕਹਿ ਲਓ ਕਿ ਸਰਮਾਏਦਾਰਾਂ ਦੇ ਕੁੱਲ ਮੁਨਾਫੇ ਘਟਣ ਲੱਗਦੇ ਹਨ। ਅਜਿਹੇ ਸਮੇਂ ਸਰਮਾਏਦਾਰਾਂ ਲਈ ਪੈਦਾਵਾਰ ਤੇ ਇਸ ਨਾਲ਼ ਸਬੰਧਤ ਸਰਗਰਮੀਆਂ ਜਾਰੀ ਰੱਖਣਾ ਤੇ ਇਨ੍ਹਾਂ ਵਿਚ ਨਿਵੇਸ਼ ਕਰਨਾ ਲਾਹੇਵੰਦਾ ਨਹੀਂ ਸਗੋਂ ਨੁਕਸਾਨਦਾਇਕ ਹੋ ਜਾਂਦਾ ਹੈ। ਮੁਨਾਫਿਆਂ ਦੀ ਤੋਟ ਕਾਰਨ ਉਹ ਪੈਦਾਵਾਰ ਨੂੰ ਪੁਰਾਣੇ ਪੱਧਰ ਤੇ ਵੀ ਚਲਾਉਣ ਦੇ ਅਯੋਗ ਹੁੰਦੇ ਹਨ ਤੇ ਅਰਥਚਾਰਾ ਖੜੋਤ ਦਾ ਸਿ਼ਕਾਰ ਹੋ ਜਾਂਦਾ ਹੈ। ਪੈਦਾਵਾਰ ਵਿਚ ਖੜੋਤ ਨਾਲ ਵੱਡੇ ਪੱਧਰ ਤੇ ਛਾਂਟੀ ਹੁੰਦੀ ਹੈ, ਨਿਵੇਸ਼ ਵਿਚ ਗਿਰਾਵਟ ਆਉਂਦੀ ਹੈ, ਕੁੱਲ ਪੈਦਾਵਾਰ ਸੁੰਗੜ ਜਾਂਦੀ ਹੈ। ਇਸ ਕਰਕੇ ਮੰਡੀ ਵਿਚ ਮਸ਼ੀਨਾਂ, ਕੱਚੇ ਮਾਲ, ਕਿਰਤ ਸ਼ਕਤੀ ਦੀ ਮੰਗ ਘਟ ਜਾਂਦੀ ਹੈ ਤੇ ਛਾਂਟੀ ਨਾਲ ਖਰੀਦ ਸ਼ਕਤੀ ਵਿਚ ਆਈ ਘਾਟ ਨਾਲ਼ ਮੰਡੀ ਵਿਚ ਵਸਤਾਂ ਦੀ ਮੰਗ ਹੇਠਾਂ ਆ ਜਾਂਦੀ ਹੈ ਜਿਸ ਦਾ ਪ੍ਰਗਟਾਵਾ ਮੰਡੀ ਵਿਚ ਫਸੇ ਮਾਲ ਦੇ ਰੂਪ ਵਿਚ ਹੁੰਦਾ ਹੈ। ਪੈਦਾਵਾਰ ਠੱਪ ਹੋਣ ਕਾਰਨ ਸਰਮਾਏਦਾਰ ਆਪਣੇ ਕਰਜ਼ੇ ਮੋੜਨ ਵਿਚ ਅਸਮਰੱਥ ਹੋ ਜਾਂਦੇ ਹਨ ਤੇ ਇਸ ਦਾ ਪ੍ਰਗਟਾਵਾ ਬੈਂਕਾਂ ਤੇ ਵਿੱਤੀ ਖੇਤਰ ਦੇ ਸੰਕਟ ਦੇ ਰੂਪ ਹੁੰਦਾ ਹੈ। ਇਸ ਪੂਰੇ ਹਾਲਾਤ ਨੂੰ ਹੀ ਆਰਥਿਕ ਸੰਕਟ ਕਿਹਾ ਜਾਂਦਾ ਹੈ ਤੇ ਇਸ ਸਭ ਦੇ ਜੜ੍ਹ ਵਿਚ ਹੈ ਸਰਮਾਏਦਾਰੀ ਅੰਦਰ ਲੰਮੇ ਦਾਅ ਵਿਚ ਮੁਨਾਫੇ ਦੀ ਦਰ ਅਤੇ ਆਖਰਕਾਰ ਕੁੱਲ ਮੁਨਾਫੇ ਦਾ ਘਟਣਾ।

ਅੱਜ ਸੰਸਾਰ ਅਰਥਚਾਰਾ ਮੁਨਾਫਾ ਕਾਇਮ ਰੱਖਣ ਵਾਲੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਆਮ ਹੀ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਜੇ ਸੰਸਾਰ ਅਰਥਚਾਰੇ ਵਿਚ ਇਹ ਸੰਕਟ ਹੈ ਤਾਂ ਇਸ ਸਮੇਂ ਹਾਲਤ ਮਹਾਮੰਦੀ ਵਾਲੀ ਕਿਉਂ ਨਹੀਂ ਬਣ ਰਹੀ? ਇਸ ਦਾ ਜਵਾਬ ਹੈ ਕਰਜ਼ਾ; ਕਰਜ਼ਾ ਹੀ ਉਹ ਸਾਧਨ ਹੈ ਜਿਸ ਰਾਹੀਂ ਇੱਕ ਹੱਦ ਤੱਕ ਮੁਨਾਫਾ ਕਾਇਮ ਰੱਖਿਆ ਜਾ ਰਿਹਾ ਹੈ ਤੇ ਜਿਸ ਸਹਾਰੇ ਵੱਡੇ ਵੱਡੇ ਸਰਮਾਏਦਾਰ ਆਪਣਾ ਕਾਰੋਬਾਰ ਜਾਰੀ ਰੱਖ ਰਹੇ ਹਨ। ਕਰਜ਼ਾ ਹੀ ਉਹ ਵੈਂਟੀਲੇਟਰ ਹੈ ਜਿਸ ਸਦਕਾ ਇਹ ਮਰੀਜ਼ ਉਰਫ ਸੰਸਾਰ ਅਰਥਚਾਰੇ ਦੇ ਸਾਹ ਚੱਲ ਰਹੇ ਹਨ।

ਕਰਜ਼ੇ ਦੀ ਭੂਮਿਕਾ ਬਾਰੇ ਗੱਲ ਕਰਨ ਤੋਂ ਪਹਿਲਾਂ ਕਰਜ਼ੇ ਸੰਬੰਧੀ ਕੁਝ ਅੰਕੜਿਆਂ ’ਤੇ ਝਾਤ ਮਾਰਦੇ ਹਾਂ। ਕੌਮਾਂਤਰੀ ਮੁਦਰਾ ਕੋਸ਼ ਦੇ ਅੰਦਾਜ਼ੇ ਅਨੁਸਾਰ ਕੌਮਾਂਤਰੀ ਪੱਧਰ ’ਤੇ ਸਰਕਾਰ ਦਾ ਕਰਜ਼ਾ ਸੰਸਾਰ ਦੀ ਕੁੱਲ ਪੈਦਾਵਾਰ ਦਾ 100% ਹੋ ਚੁੱਕਿਆ ਹੈ। ਕਰਜ਼ੇ ਦਾ ਦੂਜਾ ਤੇ ਮੁੱਖ ਰੂਪ ਹਨ ਨਿੱਜੀ ਕਰਜ਼ੇ ਜਿਸ ਵਿਚ ਘਰੇਲੂ ਕਰਜ਼ਾ, ਬੈਂਕਾਂ ਸਿਰ ਕਰਜ਼ਾ, ਕਾਰਪੋਰੇਟ ਕਰਜ਼ਾ ਆਦਿ ਆਉਂਦੇ ਹਨ। ਜੇ ਨਿੱਜੀ ਕਰਜ਼ੇ ਨੂੰ ਵੀ ਲਿਆ ਜਾਵੇ ਤਾਂ ਸੰਸਾਰ ਅਰਥਚਾਰੇ ਸਿਰ ਕੁੱਲ ਕਰਜ਼ਾ ਲਗਭਗ 300 ਖਰਬ ਡਾਲਰ ਹੈ ਜੋ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਦਾ 353% ਹੈ!

ਕਰਜ਼ੇ ਦੀ ਪਹਿਲੀ ਭੂਮਿਕਾ ਹੈ ਕਿ ਇਹ ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ਦੀ ਮਸ਼ੀਨ ’ਚ ਤੇਲ ਦਾ ਕੰਮ ਕਰਦਾ ਹੈ। ਮੁਨਾਫ਼ੇ ਖਾਤਰ ਅਜਿਹੇ ਪ੍ਰਾਜੈਕਟਾਂ ’ਚ ਨਿਵੇਸ਼ ਕਰਨ ਲਈ ਜਿਸ ਲਈ ਸਰਮਾਏਦਾਰਾਂ ਦੇ ਆਪਣੇ ਸਰੋਤ ਨਾਕਾਫੀ ਹੁੰਦੇ ਹਨ, ਕਰਜ਼ਾ ਜ਼ਰੂਰੀ ਹੈ। ਇਨ੍ਹਾਂ ਅਰਥਾਂ ’ਚ ਕਰਜ਼ਾ ਨਾ ਸਿਰਫ ਕੁੱਲ ਪੈਦਾਵਾਰ ਤੇਜ਼ੀ ਨਾਲ ਵਧਾਉਣ ’ਚ ਮਦਦਗਾਰ ਹੁੰਦਾ ਹੈ ਸਗੋਂ ਮੁਨਾਫੇ ਹੜੱਪਣ ’ਚ ਸਰਮਾਏਦਾਰਾਂ ਦੀ ਸੇਵਾ ਕਰਦਾ ਹੈ। ਇਸ ਪਿੱਛੋਂ ਕਰਜ਼ੇ ਦੀ ਦੂਜੀ ਭੂਮਿਕਾ ਆਉਂਦੀ ਹੈ। ਜਦੋਂ ਸਰਮਾਏਦਾਰ ਕਰਜ਼ਾ ਚੁਕਾਉਣ ਤੇ ਮੁਨਾਫਾ ਕਮਾਉਣ ਲਈ ਕਾਰੋਬਾਰ ਤੋਰਨ ਦੇ ਅਯੋਗ ਹੋ ਜਾਂਦੇ ਹਨ ਤਾਂ ਇਨ੍ਹਾਂ ਦੀ ਸੇਵਾ ਵਿਚ ਸਰਕਾਰ ਹਾਜ਼ਰ ਹੁੰਦੀ ਹੈ। ਸਰਕਾਰ ਸਿਰ ਕਰਜ਼ਾ ਉਦੋਂ ਹੀ ਵੱਡੀ ਮਾਤਰਾ ਵਿਚ ਵਧਦਾ ਹੈ ਜਦ ਸਰਮਾਏਦਾਰਾਂ ਲਈ ਡਿੱਗਦੇ ਮੁਨਾਫਿਆਂ ਕਾਰਨ ਸਰਕਾਰੀ ਸਰਪ੍ਰਸਤੀ ਬਿਨਾ ਹੋਰ ਮੁਨਾਫੇ ਕਮਾਉਣਾ, ਪੁਰਾਣੇ ਕਰਜ਼ੇ ਵਾਪਸ ਕਰਨਾ ਤੇ ਆਪਣੇ ਕਾਰੋਬਾਰ ਜਾਰੀ ਰੱਖਣਾ ਸੰਭਵ ਨਹੀਂ ਰਹਿੰਦਾ। ਦੁਨੀਆ ਅੰਦਰ ਸਰਕਾਰ ਸਿਰ ਕਰਜ਼ੇ ਨਵ-ਉਦਾਰਵਾਦੀ ਨੀਤੀਆਂ ਦੇ ਸਮੇਂ ਤੋਂ ਹੀ ਤੇਜ਼ੀ ਨਾਲ ਵਧਣ ਲੱਗੇ ਹਨ ਜਿਸ ਦਾ ਕਾਰਨ ਮੁਨਾਫੇ ਦੀ ਦਰ ਵਿਚ ਵੱਡੀ ਗਿਰਾਵਟ ਤੇ ਸਰਮਾਏਦਾਰਾਂ ਸਿਰ ਕਰਜ਼ੇ ਵਿਚ ਵਾਧਾ ਹੈ। ਕਰੋਨਾ ਕਾਲ ਅਤੇ ਉਸ ਮਗਰੋਂ ਜਦ ਸਰਮਾਏਦਾਰਾਂ ਦੇ ਮੁਨਾਫਿਆਂ ਵਿਚ ਵੱਡਾ ਖੋਰਾ ਲੱਗਿਆ ਤਾਂ ਦੁਨੀਆ ਭਰ ਦੀਆਂ ਸਰਕਾਰਾਂ ਨੇ ਆਪਣੇ ਮੁਲਕ ਦੇ ਸਰਮਾਏਦਾਰਾਂ ਦੀ ਮਦਦ ਲਈ ਵੱਡੇ ਵਿੱਤੀ ਘਾਟੇ ਝੱਲੇ। ਇਹ ਵਿੱਤੀ ਘਾਟੇ ਸਰਕਾਰਾਂ ਵੱਲੋਂ ਸਰਮਾਏਦਾਰਾਂ ਨੂੰ ਸਬਸਿਡੀਆਂ, ਰਾਹਤ ਪੈਕਜ, ਕਰਜਿ਼ਆਂ ਉੱਤੇ ਲੀਕ ਫੇਰਨ ਆਦਿ ਕਰਕੇ ਝੱਲੇ ਗਏ ਹਨ। ਸਾਫ ਹੈ ਕਿ ਸਰਕਾਰ ਅਤੇ ਬੈਂਕਾਂ ਸਿਰ ਕਰਜ਼ਾ ਵਧਣ ਦਾ ਮੁੱਖ ਕਾਰਨ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨਹੀਂ ਸਗੋਂ ਸਰਮਾਏਦਾਰਾਂ ਦੇ ਕਾਰੋਬਾਰਾਂ ਨੂੰ ਬਰਕਰਾਰ ਰੱਖਣ ਲਈ ਕੀਤੇ ਉਪਰਾਲੇ ਹਨ।

ਕਰਜ਼ੇ ਰਾਹੀਂ ਮੁਨਾਫਾ ਕਾਇਮ ਰੱਖਣ ਵਾਲਾ ਸੰਕਟ ਹੱਲ ਕਰਨ ਦੀ ਕੋਸਿ਼ਸ਼ ਵਿਚ ਬੁਨਿਆਦੀ ਸਮੱਸਿਆ ਇਹ ਹੈ ਕਿ ਸਰਮਾਏਦਾਰੀ ਵਿਚ ਮੁਨਾਫੇ ਦੀ ਦਰ ਲੰਮੇ ਦਾਅ ਡਿੱਗਦੀ ਹੈ ਤੇ ਇਹ ਉਹ ਸਰੋਤ (ਮੁਨਾਫਾ) ਨੂੰ ਲਗਾਤਾਰ ਸੁਕਾਉਂਦੀ ਹੈ ਜਿਸ ਵਿਚੋਂ ਸਰਮਾਏਦਾਰਾਂ ਨੇ ਕਰਜ਼ੇ ਦੀ ਕਿਸ਼ਤ ਤੇ ਮੂਲ ਰਕਮ ਦਾ ਭੁਗਤਾਨ ਕਰਨਾ ਹੁੰਦਾ ਹੈ। ਅਰਥਚਾਰੇ ਨੂੰ ਕਰਜ਼ੇ ਰਾਹੀਂ ਪੈਰਾਂ ਸਿਰ ਰੱਖਣਾ ਥੋੜ੍ਹ-ਚਿਰਾ ਵਰਤਾਰਾ ਹੈ, ਇਸ ਸੰਕਟ ਨੇ ਆਖਿ਼ਰਕਾਰ ਫੁੱਟਣਾ ਹੀ ਹੈ। ਵਧ ਰਿਹਾ ਕਰਜ਼ਾ ਜੋ ਅੱਜ ਮਹਾਮੰਦੀ ਜਿਹੀ ਹਾਲਤ ਨੂੰ ਟਾਲ ਰਿਹਾ ਹੈ, ਇਸ ਨੂੰ ਹੋਰ ਭਿਅੰਕਰ ਰੂਪ ਵਿਚ ਫੁੱਟਣ ਦੀ ਜ਼ਮੀਨ ਤਿਆਰ ਕਰ ਰਿਹਾ ਹੈ।

Leave a Reply

Your email address will not be published. Required fields are marked *