ਤੰਦਰੁਸਤੀ ਦਾ ਭੇਤ ‘ਮੋਟਾਪੇ ਤੋਂ ਮੁਕਤੀ’

ਪ੍ਰਿੰ. ਸਰਵਣ ਸਿੰਘ

ਡਾ. ਨਵਦੀਪ ਸਿੰਘ ਆਪਣੀ ਜਿ਼ੰਦਗੀ ਵਿਚ ਵੀ ਅਤੇ ਆਪਣੇ ਪੇਸ਼ੇ ਵਿਚ ਵੀ ਨਵੀਆਂ ਲੀਹਾਂ ਪਾਉਣ ਵਾਲਾ ਜਿਊੜਾ ਸਾਬਤ ਹੋਇਆ ਹੈ। ਉਹਦੀ ਲਿਖੀ ਕਿਤਾਬ ‘ਮੋਟਾਪੇ ਤੋਂ ਮੁਕਤੀ’ ਤੰਦਰੁਸਤੀ ਦਾ ਹੋਕਾ ਹੈ। ਸਰਲ ਪੰਜਾਬੀ ਵਿਚ ਲਿਖੀ ਇਹ ਕਿਤਾਬ ਸਿਹਤ ਵਿਸ਼ੇ ’ਤੇ ਲਿਖੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਉਹਦਾ ਪਰਿਵਾਰਕ ਪਿਛੋਕੜ ਅਜਿਹਾ ਸੀ ਕਿ ਉਹਨੂੰ ਛੇਵੀਂ ਵਿਚ ਪੜ੍ਹਦਿਆਂ ਹੀ ਡੀਐੱਨਏ ਦੀ ਬਣਤਰ ਦਾ ਗਿਆਨ ਹੋ ਗਿਆ ਸੀ। ਫਿਰ ਉਹਨੇ ਐੱਮਬੀਬੀਐੱਸ ਕੀਤੀ ਅਤੇ ਫਿਰ ਉਸ ਨੂੰ ਪੋਸਟ ਗਰੇਜੂਏਸ਼ਨ ਲਈ ਅਜਿਹਾ ਵਿਸ਼ਾ ਚੁਣਨ ਦਾ ਮੌਕਾ ਮਿਲਿਆ ਜੋ ਆਮ ਲੋਕਾਂ ਵਿਚ ਡਾਕਟਰੀ ਵਾਲੇ ਕੰਮ ਦੀ ਪ੍ਰਚੱਲਿਤ ਪਰਿਭਾਸ਼ਾ ਤੋਂ ਉਲਟ ਸੀ। ਫਿਰ ਤਾਂ ਚੱਲ ਸੋ ਚੱਲ…

ਡਾ. ਨਵਦੀਪ ਸਿੰਘ ਦੀ ਪੁਸਤਕ ‘ਮੋਟਾਪੇ ਤੋਂ ਮੁਕਤੀ’ ਤੰਦਰੁਸਤੀ ਦਾ ਹੋਕਾ ਹੈ। ਇਸ ਦੇ ਟਾਈਟਲ ਤੇ ਛਪਿਆ ਹੈ: ਪਤਲਾ, ਮਜ਼ਬੂਤ ਅਤੇ ਤੰਦਰੁਸਤ ਸਰੀਰ ਪਾਉਣ ਦੇ ਵਿਗਿਆਨਕ ਤਰੀਕੇ। ਇਹ ਸਿਹਤ ਸਾਹਿਤ ਦੀ ਐਸੀ ਪੋਥੀ ਹੈ ਜਿਸ ਦਾ ਪਾਠ ਨਿੱਤਨੇਮ ਨਾਲ ਕਰਨਾ ਚਾਹੀਦੈ ਤੇ ਉਸ ਤੇ ਅਮਲ ਕੀਤਾ ਜਾਣਾ ਚਾਹੀਦੈ। ਮੈਂ ਖੇਡਾਂ ਤੇ ਸਿਹਤ ਸੁਧਾਰ ਬਾਰੇ ਅੰਗਰੇਜ਼ੀ ਦੀਆਂ ਅਨੇਕਾਂ ਪੁਸਤਕਾਂ ਪੜ੍ਹੀਆਂ ਹਨ। ਇਹ ਪੁਸਤਕ ਪੜ੍ਹਨ ਪਿੱਛੋਂ ਦਾਅਵੇ ਨਾਲ ਕਹਿ ਸਕਦਾਂ ਕਿ ਸਰਲ ਪੰਜਾਬੀ ਵਿਚ ਲਿਖੀ ਇਹ ਪੁਸਤਕ, ਸਿਹਤ ਵਿਸ਼ੇ ਤੇ ਲਿਖੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਇਸ ਨੂੰ ਘੱਟ ਪੜ੍ਹੇ ਲਿਖੇ ਪਾਠਕ ਵੀ ਸਮਝ ਸਕਦੇ ਹਨ। ਅਜਿਹੀਆਂ ਕਿਤਾਬਾਂ ਪੰਜਾਬੀ ਖੇਡ ਅਤੇ ਸਿਹਤ ਸਾਹਿਤ ਦਾ ਮਾਣ ਵਧਾਉਣ ਵਾਲੀਆਂ ਹਨ। ਨਿੱਤ ਨਵੀਆਂ ਬਿਮਾਰੀਆਂ ਸਹੇੜੀ ਜਾਂਦੀ ਅਜੋਕੀ ਜੀਵਨ ਸ਼ੈਲੀ ਲਈ ਅਜਿਹੀਆਂ ਪੁਸਤਕਾਂ ਦੀ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ।

ਨਵਦੀਪ ਨੇ ਮੈਡੀਕਲ ਸਾਇੰਸ ਦੀ ਮਾਸਟਰਜ਼ ਡਿਗਰੀ ਕਰਨ ਪਿੱਛੋਂ ਸਿਹਤ ਸਾਇੰਸ ਦੇ ਮਾਹਿਰ ਟਾਮ ਵੈਨੂਟੋ, ਲਾਇਲ ਮੈਕਡੌਨਲਡ, ਡਾ. ਏਰਿਕ ਹੈਲਮਜ਼, ਗਰੇਗ ਓ ਗਲੈਂਡਰ, ਬਰੈੱਡ ਸ਼ੌਨਫੀਲਡ, ਐਲਨ ਆਰਗਨ, ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਰਾਬਾਦ ਆਦਿ ਸੰਸਥਾਵਾਂ ਦੀਆਂ ਲਿਖਤਾਂ ਪੜ੍ਹਨ ਪਿੱਛੋਂ ਖੋਜ ਭਰਪੂਰ ਪੁਸਤਕ ਲਿਖ ਕੇ ਪੰਜਾਬੀ ਪਾਠਕਾਂ ਨੂੰ ਅਨਮੋਲ ਤੋਹਫ਼ਾ ਭੇਟ ਕੀਤਾ ਹੈ। ਜਿਵੇਂ ਕਿਹਾ ਜਾਂਦੈ, ਲਾਲਚ ਬੁਰੀ ਬਲਾ ਹੈ, ਉਵੇਂ ਮੋਟਾਪਾ ਉਸ ਤੋਂ ਵੀ ਬੁਰੀ ਬਲਾ ਹੈ! ਕੁਝ ਸਾਲ ਪਹਿਲਾਂ ਮੈਂ ‘ਮੋਟਾਪੇ ਦੀ ਮਹਾਮਾਰੀ’ ਲੇਖ ਲਿਖਿਆ ਸੀ:

ਇੱਕੀਵੀਂ ਸਦੀ ਵਿਚ ਮਨੁੱਖ ਨੂੰ ਸਭ ਤੋਂ ਵੱਡਾ ਖ਼ਤਰਾ ਕਿਥੋਂ ਹੈ? ਦਹਿਸ਼ਤਵਾਦ ਤੋਂ, ਏਡਜ਼ ਤੋਂ ਜਾਂ ਵਿਸ਼ਵ ਦੀ ਤੀਜੀ ਵੱਡੀ ਜੰਗ ਤੋਂ? ਉਹ ਕਿਹੜੀ ਵਬਾਅ ਹੋਵੇਗੀ ਜੋ ਮਨੁੱਖਾਂ ਦੀ ਮਹਾਮਾਰੀ ਬਣੇਗੀ?

ਸਿਹਤ ਮਾਹਿਰਾਂ ਦਾ ਕਹਿਣਾ ਸੀ ਕਿ ਉਹ ਵਬਾਅ ਹੋਵੇਗੀ ਲੋੜੋਂ ਵੱਧ ਖਾਣਾ ਤੇ ਮੋਟਾਪਾ ਸਹੇੜਨਾ। ਅੰਕੜੇ ਮਿਲੇ ਸਨ ਕਿ ਇਕੱਲੇ ਅਮਰੀਕਾ ਵਿਚ ਮੋਟਾਪੇ ਕਾਰਨ ਹਰ ਸਾਲ ਚਾਰ ਲੱਖ ਮਨੁੱਖ ਮਰਨੇ ਸ਼ੁਰੂ ਹੋ ਗਏ ਹਨ। ਕੁਲ ਦੁਨੀਆ ਵਿਚ ਤਾਂ ਕਰੋੜ ਦੇ ਕਰੀਬ ਹੋ ਗਏ ਹੋਣਗੇ। ‘ਮੈੱਨਜ਼ ਫਿਟਨੈੱਸ’ ਮੈਗਜ਼ੀਨ ਦੀ ਵਿਸ਼ੇਸ਼ ਰਿਪੋਟ ਵਿਚ ਤੱਤ ਕੱਢਿਆ ਗਿਆ ਸੀ ਕਿ ਪਿਛਲੇ ਦਸਾਂ ਸਾਲਾਂ ਵਿਚ ਹੀ ਮੋਟੇ ਬੰਦਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਅਮਰੀਕਾ ਵਿਚ ਇਸ ਸਮੇਂ ਬਾਰਾਂ ਕਰੋੜ ਸੱਤਰ ਲੱਖ ਲੋਕ ਮੋਟਾਪੇ ਦਾ ਸਿ਼ਕਾਰ ਹਨ!

20 ਤੋਂ 34 ਸਾਲ ਦੀ ਉਮਰ ਦੇ ਵਿਅਕਤੀ ਭਰ ਜੁਆਨੀ ਵਿਚ ਹੁੰਦੇ ਹਨ। ਕੰਮਾਂ ਕਾਰਾਂ ਚ ਪੂਰੇ ਸਰਗਰਮ। ਮੋਟਾਪਾ ਇਨ੍ਹਾਂ ਦੇ ਨੇੜੇ ਨਹੀਂ ਢੁੱਕਣਾ ਚਾਹੀਦਾ। 1987-88 ਵਿਚ ਇਸ ਉਮਰੇ 14% ਅਮਰੀਕੀ ਜੁਆਨ ਡਾਕਟਰੀ ਨੁਕਤੇ ਤੋਂ ਮੁਟਾਪੇ ਦੀ ਬਿਮਾਰੀ ਨਾਲ ਗ੍ਰਸੇ ਗਏ ਸਨ। 2000 ਵਿਚ ਅਜਿਹੇ ਅਮਰੀਕਨਾਂ ਦੀ ਗਿਣਤੀ 24% ਹੋ ਗਈ ਤੇ ਇਹ ਲਗਾਤਾਰ ਵਧ ਰਹੀ ਹੈ। ਜਿਥੇ ਜੁਆਨ ਹੀ ਏਡੀ ਤਦਾਦ ਚ ਮੋਟਾਪੇ ਦੇ ਸਿ਼ਕਾਰ ਹੋ ਜਾਣ, ਉਥੇ ਅਧਖੜਾਂ ਤੇ ਬੁੱਢਿਆਂ ਦਾ ਕੀ ਹਾਲ ਹੋਵੇਗਾ?

2017-18 ਤਕ ਕੁਲ ਦੁਨੀਆਂ ਦੀ ਆਬਾਦੀ ਦਾ ਲਗਭਗ ਪੰਜਵਾਂ ਹਿੱਸਾ ਮੋਟਾਪੇ ਦੇ ਜਾਲ ਵਿਚ ਫਸ ਗਿਆ ਹੈ। ਘੱਟੋ-ਘੱਟ ਸਵਾ ਅਰਬ ਲੋਕ! ਇਸ ਹਿਸਾਬ ਨਾਲ ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਜੰਗ ਦਹਿਸ਼ਤਵਾਦ ਦੀ ਥਾਂ ਮੋਟਾਪੇ ਦੇ ਖਿ਼ਲਾਫ਼ ਲੜਨੀ ਲਾਜ਼ਮੀ ਹੋ ਗਈ ਹੈ। ਮੋਟਾਪੇ ਦੇ ਮੁੱਖ ਕਾਰਨ ਖੁਰਾਕ ਦੀ ਬਹੁਤਾਤ, ਗ਼ਲਤ ਖਾਣ ਪੀਣ ਤੇ ਸਰੀਰਕ ਮੁਸ਼ੱਕਤ ਦੀ ਘਾਟ ਹੈ। ਕਦੇ ਛੱਤੀ ਪ੍ਰਕਾਰ ਦੇ ਭੋਜਨ ਸੁਣ ਕੇ ਹੈਰਾਨ ਹੁੰਦੇ ਸਾਂ। ਹੁਣ ਇਕੱਲੇ ਅਮਰੀਕਾ ਚ ਹਰ ਸਾਲ 3000 ਤਰ੍ਹਾਂ ਦੇ ਨਵੇਂ ਲੇਬਲਾਂ ਵਾਲੇ ਭੋਜਨ ਮਾਰਕਿਟ ਵਿਚ ਆ ਰਹੇ ਹਨ। ਮੀਡੀਆ ਉਨ੍ਹਾਂ ਦੀ ਮਸ਼ਹੂਰੀ ਕਰ ਰਿਹੈ। ਟੀਵੀ ਤੇ ਹੋਰ ਸੰਚਾਰ ਸਾਧਨਾਂ ਤੋਂ ਨਵੇਂ ਖਾਣੇ ਪੀਣੇ ਦਿਖਾ ਕੇ ਬੱਚਿਆਂ ਦੀਆਂ ਲਾਲ਼ਾਂ ਵਗਾਈਆਂ ਜਾ ਰਹੀਆਂ। ਖਾਣਿਆਂ ਪੀਣਿਆਂ ਦੀ ਏਡੀ ਵੱਡੀ ਮਾਰਕਿਟ ਹੈ ਕਿ ਰੋਜ਼ਾਨਾ ਅਰਬਾਂ ਖਰਬਾਂ ਦਾ ਵਣਜ ਵਪਾਰ ਹੋ ਰਿਹੈ!

ਡਾ. ਨਵਦੀਪ ਸਿੰਘ

ਭੋਜਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਨਾਫ਼ੇ ਲਈ ਮਨੁੱਖ ਦੇ ਸੁਆਦ ਦਾ ਫਿਕਰ ਹੈ ਨਾ ਕਿ ਸਿਹਤ ਦਾ। ਸੁਆਦ ਬੜੀ ਲੁਭਾਉਣੀ ਸ਼ੈਅ ਹੈ। ਖਾਣ ਪੀਣ ਦੇ ਸੁਆਦ ਦੀ ਮਨੁੱਖੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਿਆਂ ਖਾਣੇ ਤਿਆਰ ਕਰਨ ਵਾਲੀਆਂ ਕੰਪਨੀਆਂ ਉਹਦੀ ਬਲੈਕਮੇਲ ਕਰ ਰਹੀਆਂ ਹਨ। ਦੂਜੇ ਬੰਨੇ, ਮਨੁੱਖ ਦੀਆਂ ਆਪ ਸਹੇੜੀਆਂ ਬਿਮਾਰੀਆਂ ਦਾ ਫ਼ਾਇਦਾ ਉਠਾਉਂਦਿਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਾਲਾ-ਮਾਲ ਹੋ ਰਹੀਆਂ ਹਨ। ਇਹ ਸਮਝ ਲਓ ਕਿ ਮਨੁੱਖ ਦੇ ਪੇਟ ਵਿਚ ਬੇਲੋੜੀ ਖਾਧ ਸਮੱਗਰੀ ਪਾਉਣ ਵਾਲਿਆਂ ਦੀਆਂ ਵੀ ਪੰਜੇ ਘਿਉ ਚ ਹਨ ਤੇ ਪਿਛੋਂ ਦਵਾਈਆਂ ਦੇਣ ਵਾਲਿਆਂ ਦੇ ਵੀ ਦੋਹੀਂ ਹੱਥੀਂ ਲੱਡੂ ਹਨ! ਹੋਰ ਤਾਂ ਹੋਰ ਮੋਟਾਪਾ ਘਟਾਉਣ ਦੀਆਂ ਤਰਕੀਬਾਂ, ਕਸਰਤਾਂ, ਜਿਮ, ਨੁਸਖ਼ੇ, ਗੁਰ, ਸਰਜਰੀਆਂ, ਮੰਨਤਾਂ, ਮਨੌਤਾਂ, ਹਥੌਲ਼ੇ ਤੇ ਹੋਰ ਪਤਾ ਨਹੀਂ ਕੀ ਕੁਝ ਵਿਕ ਰਿਹੈ?

ਮੋਟਾਪੇ ਤੋਂ ਮੁਕਤੀ

ਇਸ ਸੂਰਤ ਵਿਚ ਪੁਸਤਕ ‘ਮੋਟਾਪੇ ਤੋਂ ਮੁਕਤੀ’ ਪਾਠਕਾਂ ਲਈ ਅਕਸੀਰ ਸਾਬਤ ਹੋ ਸਕਦੀ ਹੈ। ਇਸ ਦੇ ਪਹਿਲੇ ਪੰਨੇ ਤੇ ਦਾਨਿਸ਼ਵਰ ਸੁਕਰਾਤ ਦਾ ਕਥਨ ਹੈ: ਕਿਸੇ ਇਨਸਾਨ ਲਈ ਇਸ ਤੋਂ ਵੱਧ ਕੋਈ ਅਪਮਾਨਜਨਕ ਗੱਲ ਨਹੀਂ ਹੋ ਸਕਦੀ ਕਿ ਉਹ ਆਪਣੇ ਸਰੀਰ ਦੀ ਤਾਕਤ ਤੇ ਖ਼ੂਬਸੂਰਤੀ ਨੂੰ ਪਰਖੇ ਬਿਨਾ ਹੀ ਬੁੱਢਾ ਹੋ ਜਾਵੇ! ਲੇਖਕ ਨੇ ਇਹ ਪੁਸਤਕ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ ਜੋ ਮੋਟਾਪੇ ਕਰਕੇ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਝੱਲ ਰਹੇ ਹਨ ਤੇ ਮੁੜ ਤੋਂ ਤੰਦਰੁਸਤ ਹੋਣ ਦੀ ਉਮੀਦ ਛੱਡ ਚੁੱਕੇ ਹਨ।

ਡਾ. ਸਿ਼ਆਮ ਸੁੰਦਰ ਦੀਪਤੀ ਨੇ ਇਸ ਦੇ ਮੁਖਬੰਦ ਵਿਚ ਲਿਖਿਆ ਹੈ: ਡਾ. ਨਵਦੀਪ ਦੀ ਪੁਸਤਕ ‘ਮੋਟਾਪੇ ਤੋਂ ਮੁਕਤੀ’ ਉਸ ਦੀ ਪਹਿਲੀ ਕੋਸਿ਼ਸ਼ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਉਸ ਨੇ ਐੱਮਬੀਬੀਐੱਸ ਤੇ ਐੱਮਡੀ ਦੀ ਪੜ੍ਹਾਈ ਕਰਨ ਮਗਰੋਂ, ਸਿਹਤ ਦੇ ਖੇਤਰ ਵਿਚ ਪਾਏ ਜਾਂਦੇ ਭਰਮ-ਭੁਲੇਖੇ ਅਤੇ ਅੰਧ ਵਿਸ਼ਵਾਸਾਂ ਤੇ ਆਪਣੀ ਖੋਜ ਕਰਨ ਅਤੇ ਅੰਗਰੇਜ਼ੀ ਵਿਚ ਸਾਰਾ ਅਧਿਐਨ ਕਰਨ ਮਗਰੋਂ, ਆਪਣੀ ਗੱਲ ਪੰਜਾਬੀ ਵਿਚ ਲਿਖਣ ਦਾ ਮਨ ਬਣਾਇਆ। ਇਸ ਪਿੱਛੇ ਉਸ ਦੀ ਇਹ ਭਾਵਨਾ ਸੀ ਕਿ ਉਹਦੀ ਲਿਖੀ ਹੋਈ ਪੁਸਤਕ ਆਪਣੀ ਮਾਂ-ਬੋਲੀ ਸਮਝਣ ਵਾਲੇ ਪਾਠਕ ਜ਼ਰੂਰ ਪੜ੍ਹ ਸਕਣ।

ਡਾ. ਨਵਦੀਪ ਦਾ ਜਨਮ ਜਿ਼ਲ੍ਹਾ ਬਠਿੰਡਾ ਦੇ ਪਿੰਡ ਖੇਮੂਆਣੇ ਵਿਚ ਗੁਰਚਰਨ ਸਿੰਘ ਅਤੇ ਹਰਦੇਵ ਕੌਰ ਦੇ ਘਰ 1987 ਵਿਚ ਹੋਇਆ ਸੀ। ਉਸੇ ਸਾਲ ਉਸ ਦੇ ਪਿਤਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਆਪਣੀ ਰਹਾਇਸ਼ ਬਠਿੰਡੇ ਕਰ ਲਈ ਜਿਥੇ ਨਵਦੀਪ ਨੇ ਸਕੂਲੀ ਪੜ੍ਹਾਈ ਕੀਤੀ। ਉਸ ਨੂੰ ਘਰ ਵਿਚ ਨੈਤਿਕ ਤੇ ਵਿਗਿਆਨਕ ਸਿੱਖਿਆ ਮਿਲਦੀ ਰਹੀ। ਤਰਕਸ਼ੀਲ ਪਿਤਾ ਨੇ ਮਨਘੜਤ ਵਹਿਮਾਂ ਭਰਮਾਂ, ਭੂਤਾਂ ਪ੍ਰੇਤਾਂ, ਰਾਸ਼ੀ ਫਲਾਂ ਤੇ ਅੰਧ-ਵਿਸ਼ਵਾਸਾਂ ਦੇ ਪਾਏ ਭੁਲੇਖੇ ਬਚਪਨ ਵਿਚ ਹੀ ਉਸ ਦੇ ਮਨੋਂ ਕੱਢ ਦਿੱਤੇ। ਟੀਵੀ ਤੇ ਰੁਮਾਂਚਿਕ ਫਿਲਮਾਂ ਜਾਂ ਨੂੰਹ-ਸੱਸ ਦੇ ਸੀਰੀਅਲ ਦੇਖਣ ਦੀ ਥਾਂ ‘ਡਿਸਕਵਰੀ’ ਚੈਨਲ ਦੇਖਣ ਲਾ ਦਿੱਤਾ। ਇਸ ਨਾਲ ਨਵਦੀਪ ਨੂੰ ਛੇਵੀਂ ਵਿਚ ਪੜ੍ਹਦਿਆਂ ਹੀ ਡੀਐੱਨਏ ਦੀ ਬਣਤਰ ਦਾ ਗਿਆਨ ਹੋ ਗਿਆ ਜਿਸ ਤੋਂ ਉਹਦਾ ਸਾਇੰਸ ਮਾਸਟਰ ਵੀ ਹੈਰਾਨ ਰਹਿ ਗਿਆ!

2006 ਵਿਚ ਉਹ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਐੱਮਬੀਬੀਐੱਸ ਕਰਨ ਲੱਗਾ। ਪਹਿਲਾ ਸਾਲ ਅੰਗ-ਵਿਗਿਆਨ ਦੇ ਪ੍ਰੈਕਟੀਕਲਾਂ ਦੌਰਾਨ ਕੁਦਰਤ ਦੀ ਵਿਲੱਖਣ ਰਚਨਾ ਤੇ ਇਨਸਾਨੀ ਸਰੀਰ ਦੀ ਬਣਤਰ ਨੂੰ ਸਮਝਦਿਆਂ ਬੀਤ ਗਿਆ। ਦੂਜੇ ਸਾਲ ਹੋਰ ਪਤਾ ਲੱਗਾ। ਤੀਸਰੇ ਸਾਲ ਜਦੋਂ ਕਲੀਨੀਕਲ ਡਿਊਟੀ ਦੌਰਾਨ ਹਸਪਤਾਲਾਂ ਵਿਚ ਜਾ ਕੇ ਮਰੀਜ਼ ਦੇਖਣ ਲੱਗਾ ਤਾਂ ਮਰੀਜ਼ਾਂ ਦੀ ਜੀਵਨ ਹਿਸਟਰੀ ਲੈਣਾ, ਫਿਰ ਨਿਰੀਖਣ ਕਰ ਕੇ ਲੱਛਣਾਂ ਤੋਂ ਬਿਮਾਰੀ ਦੀ ਪਛਾਣ ਕਰਨਾ, ਇੰਜ ਲੱਗਾ ਜਿਵੇਂ ਜਾਸੂਸ ਬਣ ਕੇ ਉਸ ਚੋਰ ਦਾ ਸੁਰਾਗ ਲੱਭ ਰਿਹਾ ਹੋਵੇ ਜੋ ਮਰੀਜ਼ ਦੀ ਸਿਹਤ ਚੋਰੀ ਕਰ ਕੇ ਲੈ ਗਿਆ ਹੋਵੇ। ਚੌਥੇ ਸਾਲ ਮਰੀਜ਼ ਦੇਖਣ ਦਾ ਖ਼ੁਮਾਰ ਹੋਰ ਵਧ ਗਿਆ। ਫਿਰ ਆਇਆ ਪੰਜਵਾਂ ਸਾਲ, ਭਾਵ ਇੰਟਰਨਰਸ਼ਿਪ ਜਿਸ ਵਿਚ ਕਿਤਾਬੀ ਪੜ੍ਹਾਈ ਲਗਭਗ ਮਨਫੀ ਹੋ ਜਾਂਦੀ ਹੈ ਤੇ ਪੂਰਾ ਸਾਲ ਵਿਦਿਆਰਥੀ ਹਸਪਤਾਲ ਵਿਚ ਡਿਊਟੀ ਦਿੰਦੇ ਹਨ।

2011 ਵਿਚ ਐੱਮਬੀਬੀਐੱਸ ਪਾਸ ਕਰਨ ਨਾਲ ਉਹਦੇ ਨਾਂ ਅੱਗੇ ਡਾਕਟਰ ਲੱਗ ਗਿਆ ਅਤੇ ਪੜ੍ਹਾਈ, ਦੋਸਤੀ, ਮੌਜ-ਮਸਤੀ, ਯਾਰਾਨੇ, ਤਕਰੀਰਾਂ-ਤਕਰਾਰਾਂ ਤੇ ਡਿਊਟੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਡਾਕਟਰੀ ਦੀ ਮੰਜਿ਼ਲ ਸਰ ਹੋ ਗਈ। ਉਹਦੇ ਦੱਸਣ ਮੂਜਬ: ਮੈਂ ਅਕਸਰ ਵਿਆਹਾਂ ਤੇ ਡੋਲੀ ਤੁਰਨ ਵੇਲੇ ਲਾੜੀਆਂ ਨੂੰ ਮਾਪਿਆਂ ਦੇ ਗਲ਼ ਲੱਗ ਕੇ ਰੋਂਦੇ ਦੇਖਿਆ ਸੀ; ਸੱਚ ਜਾਣੋਂ ਹੋਸਟਲ ਛੱਡਣ ਦਾ ਵਿਛੋੜਾ ਵੀ ਅਜਿਹਾ ਹੀ ਸੀ। ਦਿਲ ਕਰਦਾ ਸੀ, ਉਸ ਇਕੱਲੀ ਇਕੱਲੀ ਥਾਂ ਨੂੰ ਜੱਫੀ ਪਾ ਕੇ ਰੋਵਾਂ ਜਿੱਥੇ ਅਸੀਂ ਦੋਸਤਾਂ ਸੰਗ ਖੜ੍ਹੇ-ਬੈਠੇ ਸਾਂ ਪਰ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਤੇ ਮੈਂ ਮੁੜ ਕੇ ਬਠਿੰਡੇ ਆ ਗਿਆ। ਕੁਝ ਮਹੀਨੇ ਪ੍ਰਾਈਵੇਟ ਹਸਪਤਾਲਾਂ ਵਿਚ ਕੰਮ ਕੀਤਾ ਪਰ ਲਗਦਾ ਸੀ ਜਿਵੇਂ ਕਾਲਜ ਮੇਰੇ ਤੋਂ ਬਿਨਾ ਸੁੰਨਾ ਲੱਗ ਰਿਹਾ ਹੋਣਾ। ਮੈਂ ਇਕ ਸਾਲ ਘਰ ਰਹਿ ਕੇ ਪੋਸਟ ਗਰੇਜੂਏਸ਼ਨ ਦੇ ਪੇਪਰ ਲਈ ਤਿਆਰੀ ਕੀਤੀ ਤੇ ਫਿਰ ਉਸੇ ਕਾਲਜ ਜਾ ਵੱਜਾ।

ਪੋਸਟ ਗਰੇਜੂਏਸ਼ਨ ਲਈ ਮੈਨੂ ਅਜਿਹੇ ਵਿਸ਼ੇ ਦੀ ਚੋਣ ਕਰਨ ਦਾ ਮੌਕਾ ਮਿਲਿਆ ਜੋ ਆਮ ਲੋਕਾਂ ਵਿਚ ਡਾਕਟਰੀ ਕੰਮ ਦੀ ਪ੍ਰਚੱਲਿਤ ਪਰਿਭਾਸ਼ਾ ਤੋਂ ਉਲਟ ਸੀ। ਇਸ ਦਾ ਨਾਮ ਸੀ ਰੋਗ ਰੋਕੂ ਉਪਾਅ, ਭਾਵ ਮੈਡੀਕਲ ਖੇਤਰ ਦੀ ਉਹ ਪੜ੍ਹਾਈ ਜੋ ਬਿਮਾਰੀਆਂ ਦੀ ਰੋਕਥਾਮ ਕਰਨ ਨਾਲ ਸੰਬੰਧਿਤ ਸੀ। ਇਸ ਵਿਚ ਇਕੱਲੇ ਇਕੱਲੇ ਮਰੀਜ਼ ਨੂੰ ਠੀਕ ਕਰਨ ਦੀ ਥਾਂ ਪਰਿਵਾਰਕ ਅਤੇ ਸਮੂਹਿਕ ਪੱਧਰ ਤੇ ਲੋਕਾਈ ਨੂੰ ਬਿਮਾਰੀਆਂ ਤੋਂ ਬਚਾਉਣ ਸੰਬੰਧੀ ਪੜ੍ਹਾਈ ਕਰਵਾਈ ਜਾਂਦੀ ਹੈ। ਇਹੋ ਵਿਸ਼ਾ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਵੀ ਮੇਰੀ ਜਿ਼ੰਮੇਵਾਰੀ ਸੀ।

ਪੀਜੀ ਦੌਰਾਨ ਮੈਨੂੰ ਡਾ. ਸ਼ਿਆਮ ਸੁੰਦਰ ਦੀਪਤੀ ਵਰਗੇ ਅਧਿਆਪਕ ਮਿਲੇ ਜਿਨ੍ਹਾਂ ਦੀ ਸੋਚ, ਸਮਝ, ਵਿਵੇਕਸ਼ੀਲ ਵਿਚਾਰ ਅਤੇ ਸਾਂਝੇ ਕੀਤੇ ਤਜਰਬਿਆਂ ਨੇ ਕਿਤਾਬੀ ਗਿਆਨ ਬਹੁਤ ਪਿੱਛੇ ਛੱਡ ਦਿੱਤਾ। ਉਹ ਮੇਰੇ ਥੀਸਿਸ ‘ਸਿਹਤ ਅਤੇ ਬਿਮਾਰੀਆਂ ਨਾਲ ਜੁੜੇ ਵਹਿਮ-ਭਰਮ’ ਦੇ ਮੁੱਖ ਗਾਈਡ ਸਨ। ਮੈਂ ਕਹਿ ਸਕਦਾਂ ਕਿ ਇਸ ਥੀਸਿਸ ਕਰਕੇ ਹੀ ਮੈਂ ਮੈਡੀਕਲ ਵਿਗਿਆਨ ਨੂੰ ਤਰਕਸ਼ੀਲਤਾ ਨਾਲ ਜੋੜ ਕੇ ਦੇਖ ਸਕਿਆ ਅਤੇ ਆਮ ਜਿ਼ੰਦਗੀ ਵਿਚ ਵੀ ਮੈਨੂੰ ਹਰ ਗੱਲ ਦਾ ਵਿਗਿਆਨਕ ਦ੍ਰਿਸ਼ਟੀਕੋਣ ਬਿਹਤਰ ਤਰੀਕੇ ਨਾਲ ਸਮਝ ਆਉਣ ਲੱਗਿਆ। ਸਮਾਜ ਵਿਚ ਪ੍ਰਚੱਲਿਤ ਹਰ ਧਾਰਨਾ ਨੂੰ ਮੇਰਾ ਮਨ ਸਵਾਲ ਕਰਨ ਲੱਗਾ ਅਤੇ ਸਿਹਤ ਨਾਲ ਜੁੜੇ ਵਹਿਮਾਂ ਭਰਮਾਂ ਨੂੰ ਚੁਣੌਤੀ ਦੇਣ ਲਈ ਮੇਰੇ ਕੋਲ ਦਲੀਲਾਂ ਦਾ ਭੰਡਾਰ ਇੱਕਠਾ ਹੋ ਗਿਆ।

2016 ਵਿਚ ਮੈਂ ਪੀਜੀ ਪਾਸ ਕਰ ਲਈ। ਫਿਰ ਉਸੇ ਕਾਲਜ, ਉਸੇ ਵਿਭਾਗ ਵਿਚ 3 ਸਾਲਾਂ ਲਈ ਲੈਕਚਰਰ ਨਿਯੁਕਤ ਹੋ ਗਿਆ। ੰੋਚਿਆ, ਹੁਣ ਪੇਪਰਾਂ ਦੀ ਚਿੰਤਾ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਖੁੱਭ ਕੇ ਪੜ੍ਹਾਵਾਂਗਾ ਪਰ ਮੇਰੀ ਨਿੱਜੀ ਜਿ਼ੰਦਗੀ ਵਿਚ ਕੁਝ ਅਜਿਹੇ ਮੋੜ ਆਏ ਜਿਨ੍ਹਾਂ ਨੇ ਮੇਰੀ ਸਿਹਤ ਤੇ ਬੁਰਾ ਅਸਰ ਪਾਇਆ। ਪੂਰਾ ਫਿੱਟ ਤਾਂ ਮੈਂ ਪਹਿਲਾਂ ਵੀ ਨਹੀਂ ਸਾਂ ਪਰ ਹੁਣ ਮੇਰੀਆਂ ਖਾਣ-ਪੀਣ ਦੀਆਂ ਖਰਾਬ ਆਦਤਾਂ ਨੇ ਸਰੀਰਕ ਵਜ਼ਨ ਦੇ ਨਾਲ ਮੇਰਾ ਕੋਲੈਸਟਰਲ ਵਧਾ ਕੇ ਖ਼ਤਰੇ ਦੀ ਘੰਟੀ ਵਜਾ ਦਿੱਤੀ। ‘ਮਰਦੀ ਨੇ ਅੱਕ ਚੱਬਿਆ’ ਆਖਣ ਵਾਂਗ ਬਿਮਾਰੀਆਂ ਦੇ ਘਰ ਵੱਲ ਭੱਜੇ ਜਾਂਦੇ ਸਾਨ੍ਹ ਨੂੰ ਸਿੰਗਾਂ ਤੋਂ ਫੜ ਕੇ ਰੋਕਣਾ ਮੇਰੇ ਲਈ ਲਾਜ਼ਮੀ ਹੋ ਗਿਆ।

ਸਿਹਤ ਸਾਵੀਂ ਕਰਨ ਲਈ ਮੈਂ ਸਵੇਰੇ ਸ਼ਾਮ ਸੜਕ ਤੇ ਦੌੜ ਲਾਉਣੀ ਸ਼ੁਰੂ ਕੀਤੀ ਜਿਸ ਨਾਲ ਕੁਝ ਕੁ ਭਾਰ ਤਾਂ ਘਟਿਆ ਪਰ ਉਹ ਗੱਲ ਨਹੀਂ ਸੀ ਬਣ ਰਹੀ ਜੋ ਮੈਂ ਸੋਚਦਾ ਸੀ। ਫਿਰ ਜਿੰਮ ਜਾਣ ਲੱਗ ਪਿਆ। ਉਥੇ ਮੈਂ ਜਾਣਿਆ ਕਿ ਜਿੰਨੇ ਕੋਚ ਹਨ, ਓਨੇ ਤਰ੍ਹਾਂ ਦੀਆਂ ਸਲਾਹਾਂ ਹਨ ਅਤੇ ਆਪਸ ਵਿਚ ਕਿਸੇ ਦੀ ਸਲਾਹ ਮੇਲ ਨਹੀਂ ਖਾਂਦੀ। ਮੈਂ ਮਹਿਸੂਸ ਕੀਤਾ ਕਿ ਅਜਿਹੀ ਪੜ੍ਹਾਈ ਦਾ ਕੀ ਫਾਇਦਾ ਜੋ ਆਪਣੀ ਹੀ ਸਿਹਤ ਨੂੰ ਠੀਕ ਰੱਖਣ ਦੇ ਕੰਮ ਨਾ ਆਵੇ। ਇੰਟਰਨੈੱਟ ਤੋਂ ਖੋਜਬੀਨ ਕਰਨ ਤੇ ਮੈਨੂੰ ਅੰਗਰੇਜ਼ੀ ਭਾਸ਼ਾ ਦੀ ਕਿਤਾਬ ‘ਬਰਨ ਦੀ ਫੈਟ, ਫੀਡ ਦੀ ਮੱਸਲ’ ਦਾ ਪਤਾ ਲੱਗਾ ਜੋ ਭਾਰ ਘਟਾਉਣ ਦੀ ਬਾਈਬਲ ਮੰਨੀ ਜਾਂਦੀ ਸੀ। ਇਹ ਕਿਤਾਬ ਮੈਂ ਝੱਟ ਮੰਗਵਾ ਲਈ ਤੇ ਮੁੱਖਬੰਦ ਪੜ੍ਹਨ ਸਾਰ ਹੀ ਸਮਝ ਗਿਆ ਕਿ ਇਹ ਕਿਤਾਬ ਮੇਰੀ ਜਿ਼ੰਦਗੀ ਬਦਲੇਗੀ। 450 ਪੰਨਿਆਂ ਦੀ ਕਿਤਾਬ ਮੈਂ ਤਿੰਨ ਦਿਨਾਂ ਵਿਚ ਪੜ੍ਹ ਲਈ; ਮੈਨੂੰ ਲੱਗਾ ਜਿਵੇਂ ਅੰਨੇ੍ਹ ਨੂੰ ਅੱਖਾਂ ਮਿਲ ਗਈਆਂ ਹੋਣ।

ਲੇਖਕ ਟਾਮ ਵੈਨੂਟੋ ਨੇ ਵਿਗਿਆਨਕ ਢੰਗ ਨਾਲ ਮੋਟਾਪੇ, ਖੁਰਾਕ ਅਤੇ ਕਸਰਤ ਬਾਰੇ ਅਨੇਕਾਂ ਪ੍ਰਚੱਲਿਤ ਮਿੱਥਾਂ ਪਲਾਂ ਵਿਚ ਢੇਰੀ ਕਰ ਦਿੱਤੀਆਂ। ਮੈਂ ਕਿਤਾਬ ਵਿਚ ਲਿਖੀ ਲਗਭਗ ਹਰ ਗੱਲ ਨੂੰ ਆਪਣੀ ਰਸੋਈ ਅਤੇ ਜਿੰਮ ਵਿਚ ਲਾਗੂ ਕੀਤਾ ਜਿਸ ਨਾਲ ਕਮਾਲ ਦੇ ਨਤੀਜੇ ਨਿਕਲੇ। ਕੁਝ ਮਹੀਨਿਆਂ ਵਿਚ ਹੀ ਮੈਂ ਕਈ ਕਿਲੋ ਭਾਰ ਘਟਾ ਲਿਆ ਅਤੇ ਸਰੀਰ ਦੀ ਸਡੌਲਤਾ ਕਾਫੀ ਬਿਹਤਰ ਹੋ ਗਈ ਪਰ ਜਿਹੜੇ ਤਾਰਿਆਂ ਤੱਕ ਜਾਣ ਦਾ ਸ਼ੌਕ ਰੱਖਦੇ ਨੇ, ਉਹ ਕੇਵਲ ਚੁਬਾਰੇ ਤੇ ਚੜ੍ਹ ਕੇ ਹੀ ਖੁਸ਼ ਨਹੀਂ ਹੁੰਦੇ। ਮੈਂ ਆਪਣੇ ਸਰੀਰ ਨੂੰ ਸਮੁੰਦਰੀ ਤਟ ਤੇ ਨੰਗੇ ਪਿੰਡੇ ਭੱਜੇ ਜਾ ਰਹੇ ਕਿਸੇ ਮਾਡਲ ਵਰਗਾ ਬਣਾਉਣ ਦੇ ਸੁਫਨੇ ਲੈਣ ਲੱਗਾ। ਸਿਹਤ ਸੰਬੰਧੀ ਮੈਂ ਅਜਿਹੀ ਹੋਰ ਸਮੱਗਰੀ ਲੱਭੀ, ਉਸ ਨੂੰ ਪੜ੍ਹਿਆ, ਆਪਣੇ ਤੇ ਲਾਗੂ ਕੀਤਾ ਅਤੇ ਸਰੀਰ ਵਿਚ ਜਮ੍ਹਾਂ ਹੋਈ ਫਾਲਤੂ ਚਰਬੀ ਨੂੰ ਖ਼ਤਮ ਕਰਦਾ ਚਲਾ ਗਿਆ। ਲਗਭਗ ਇਕ ਸਾਲ ਦੀ ਮਿਹਨਤ ਕਰ ਕੇ ਮੈਂ 15 ਕਿਲੋ ਭਾਰ ਘਟਾਉਣ ਦੇ ਨਾਲ 4 ਤੋਂ 5 ਕਿਲੋ ਮਾਸਪੇਸ਼ੀਆਂ ਦਾ ਭਾਰ ਵਧਾ ਚੁੱਕਾ ਸੀ ਅਤੇ ਮੇਰੀਆਂ ਪੇਟ ਦੀਆਂ ਮਾਸਪੇਸ਼ੀਆਂ ਜਿਸ ਨੂੰ ‘6 ਪੈਕ ਐਬ’ ਆਖਦੇ ਹਨ, ਸਾਫ ਨਜ਼ਰ ਆਉਣ ਲੱਗ ਪਈਆਂ ਸਨ।

ਦੋਸਤ ਅਤੇ ਸਹਿਕਰਮੀ ਹੈਰਾਨ ਹੋ ਕੇ ਪੁੱਛਦੇ ਕਿ ਇਹ ਸਭ ਕੁਝ ਮੈਂ ਕਿਵੇਂ ਕੀਤਾ? ਮੇਰੀਆਂ ਸਲਾਹਾਂ ਨਾਲ ਭਾਵੇਂ ਮੇਰੇ ਮੰਮੀ ਹਰਦੇਵ ਕੌਰ ਨੇ ਆਪਣਾ ਭਾਰ ਘਟਾ ਲਿਆ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਇੰਨੀਆਂ ਕਿਤਾਬਾਂ ਵਿਚੋਂ ਇਕੱਠਾ ਕੀਤਾ ਗਿਆਨ 10 ਮਿੰਟਾਂ ਵਿਚ ਹਰ ਕਿਸੇ ਨੂੰ ਨਹੀਂ ਸਮਝਾਇਆ ਜਾ ਸਕਦਾ। ਮੈਂ ਇਸ ਵਿਸ਼ੇ ਤੇ ਅਖ਼ਬਾਰ ਲਈ ਪੰਜਾਬੀ ਵਿਚ ਕਾਲਮ ਲਿਖਣ ਦਾ ਫੈਸਲਾ ਕੀਤਾ ਜਿਸ ਨੂੰ ਮੈਂ ਇੱਕ ਸਾਲ ਲਿਖਦਾ ਰਿਹਾ। ਉਹੀ ਮੈਟਰ ਫਿਰ ‘ਮੋਟਾਪੇ ਤੋਂ ਮੁਕਤੀ’ ਦੀ ਕਿਤਾਬ ਬਣ ਗਿਆ।

ਫਿਰ ਨਵਾਂ ਚਲਨ ਸ਼ੁਰੂ ਹੋਇਆ। ਜਿਹੜੇ ਲੋਕ ਪੰਜਾਬੀ ਨਹੀਂ ਸੀ ਪੜ੍ਹ ਸਕਦੇ ਜਾਂ ਕਿਤਾਬ ਪੜ੍ਹਨ ਤੇ ਦਿਮਾਗ ਨਹੀਂ ਸੀ ਲਾਉਣਾ ਚਾਹੁੰਦੇ, ਉਹ ਸਿੱਧਾ ਮੇਰੇ ਤੋਂ ਡਾਈਟ ਪਲਾਨ ਦੀ ਮੰਗ ਕਰਨ ਲੱਗੇ। ਸ਼ੁਰੂ ਵਿਚ ਮੈਂ ਇਹ ਕੰਮ ਮੁਫ਼ਤ ਵੀ ਕਰਦਾ ਰਿਹਾ ਪਰ ਜਦੋਂ ਭੀੜ ਬਹੁਤ ਜਿ਼ਆਦਾ ਵਧ ਗਈ ਤਾਂ ਮੈਨੂੰ ਘਰ ਵਿਚ ਹੀ ‘ਸਲਿਮ ਐਂਡ ਸਟਰੌਂਗ’ ਕਲੀਨਿਕ ਖੋਲ੍ਹਣਾ ਪਿਆ। ਮੈਂ ਆਪਣੇ ਕੰਮ ਤੋਂ ਖੁਸ਼ ਸੀ ਕਿ ਮਾਰਚ 2021 ਵਿਚ ਅਚਾਨਕ ਮੈਨੂੰ ‘ਅੱਖਰ’ ਚੈਨਲ ਵਾਲੇ ‘ਨਵਰੀਤ’ ਦੀ ਕਾਲ ਆਈ। ਉਸ ਨੇ ਦੱਸਿਆ ਕਿ ਸਾਨੂੰ ਤੁਹਾਡੀ ਕਿਤਾਬ ਬਹੁਤ ਪਸੰਦ ਆਈ ਹੈ ਤੇ ਅਸੀਂ ਤੁਹਾਡੇ ਨਾਲ ਇਸ ਕਿਤਾਬ ਉੱਪਰ ਲੜੀਵਾਰ ਇੰਟਰਵਿਊ ਕਰਨਾ ਚਾਹੁੰਦੇ ਹਾਂ। ਜਦੋਂ ਪਹਿਲੀ ਹੀ ਇੰਟਰਵਿਊ ਚੈਨਲ ਤੇ ਪਈ ਤਾਂ ਕਾਲਾਂ ਦਾ ਹੜ੍ਹ ਆ ਗਿਆ। ਜਿਵੇਂ ਜਿਵੇਂ ਇੰਟਵਿਊ ਚੱਲਦੀਆਂ ਰਹੀਆਂ, ਕਾਲਾਂ ਤੇ ਮਿਲਣ ਦੀਆਂ ਗੁਜ਼ਾਰਿਸ਼ਾਂ ਨਾਲ ਕੰਮ-ਕਾਰ ਵਧਦਾ ਗਿਆ। ਹਰ ਚੀਜ਼ ਦੇ ਚੰਗੇ ਮਾੜੇ ਅਸਰ ਹੁੰਦੇ ਹਨ। ਮੈਨੂੰ ਵਧੇਰੇ ਕੰਮ ਦਾ ਤਣਾਅ ਰਹਿਣ ਲੱਗਾ। ਮਾਪੇ ਵਿਆਹ ਲਈ ਜ਼ੋਰ ਪਾ ਰਹੇ ਸਨ। ਮੈਂ ਆਪਣੇ ਆਪ ਨੂੰ ਸਮਾਂ ਦੇਣ ਲਈ ਕੰਮ ਘੱਟ ਲੈਣਾ ਸ਼ੁਰੂ ਕੀਤਾ ਤੇ 17 ਅਕਤੂਬਰ 2021 ਨੂੰ ਹਰਅੰਜਨ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਿਆ। ਜਿ਼ੰਦਗੀ ਚੰਗੀ ਚਾਲੇ ਚੱਲ ਰਹੀ ਹੈ ਅਤੇ ਮੈਂ ਅੱਗੋਂ ਵੀ ਸਿਹਤ ਸੁਧਾਰ ਲਈ ਯੋਗਦਾਨ ਪਾਉਂਦਾ ਰਹਾਂਗਾ।

ਮਨੁੱਖ ਦਾ ਮਸ਼ੀਨਾਂ ਤੇ ਨਿਰਭਰ ਹੋਣਾ

ਮਨੁੱਖ ਜਿਵੇਂ ਜਿਵੇਂ ਮਸ਼ੀਨਾਂ ਉਤੇ ਨਿਰਭਰ ਹੋਈ ਜਾ ਰਿਹੈ, ਉਹਦੀ ਸਰੀਰਕ ਮੁਸ਼ੱਕਤ ਘਟਦੀ ਜਾ ਰਹੀ ਹੈ। ਕਈਆਂ ਦਾ ਜ਼ੋਰ ਤਾਂ ਸਿਰਫ਼ ਚਾਬੀ ਘੁਮਾਉਣ ਤੇ ਬਟਨ ਦੱਬਣ ਤਕ ਹੀ ਲੱਗ ਰਿਹੈ। ਕਈ ਕੰਮ ਰਿਮੋਟ ਕੰਟਰੋਲ ਨਾਲ ਹੀ ਕੀਤੇ ਜਾ ਰਹੇ ਨੇ। ਬੰਦਾ ਜ਼ੋਰ ਲਾ ਕੇ ਖੁਰਾਕੀ ਕਲੋਰੀਆਂ ਬਾਲਣ ਦੀ ਥਾਂ ਤੇਲ ਬਾਲੀ ਜਾ ਰਿਹੈ ਅਤੇ ਬੈਟਰੀਆਂ ਤੇ ਬਿਜਲੀ ਨਾਲ ਬੁੱਤੇ ਸਾਰੀ ਜਾ ਰਿਹੈ। ਬੰਦੇ ਦੇ ਢਿੱਡ ਚ ਪਾਈਆਂ ਜਾ ਰਹੀਆਂ ਕਲੋਰੀਆਂ ਚਰਬੀ ਚ ਬਦਲੀ ਜਾ ਰਹੀਆਂ ਜਿਸ ਨਾਲ ਮੁਟਾਪਾ ਦਿਨੋ-ਦਿਨ ਵਧੀ ਜਾ ਰਿਹੈ। ਮਿਹਨਤ ਮੁਸ਼ੱਕਤ ਨਾਲ ਮਾਸਪੇਸ਼ੀਆਂ ਬਣਦੀਆਂ ਜਦ ਕਿ ਆਲਸ ਤੇ ਵਿਹਲ ਨਾਲ ਚਰਬੀ। ‘ਮੋਟਾਪੇ ਤੋਂ ਮੁਕਤੀ’ ਦਾ ਤੱਤ ਇਹੋ ਹੈ ਕਿ ਚਰਬੀ ਘਟਾਓ, ਮੱਸਲ ਵਧਾਓ। ਖੁਰਾਕ ਵਿਚ ਮਿੱਠਾ, ਧੰਦਾ ਤੇ ਅਨਾਜ ਘਟਾਓ। ਪ੍ਰੋਟੀਨ, ਵਿਟਾਮਿਨ ਤੇ ਮਿਨਰਲ ਵਧਾਓ। ਪੂਰੀ ਜਾਣਕਾਰੀ ਲਈ ਪੁਸਤਕ ਪੜ੍ਹ ਲੈਣੀ ਚਾਹੀਦੀ ਹੈ ਜਿਸ ਦਾ ਤਤਕਰਾ ਹੈ:

ਮੋਟਾਪਾ ਇਕ ਸਮੱਸਿਆ, ਮੋਟਾਪਾ: ਇਤਿਹਾਸਕ ਕਾਰਨ, ਮੋਟਾਪਾ: ਅਸਰ, ਆਦਤਾਂ ਨੂੰ ਕਿਵੇਂ ਬਦਲਿਆ ਜਾਵੇ? ਸਰੀਰਕ ਗਿਣਤੀ ਮਿਣਤੀ, ਕਲੋਰੀ ਦੀ ਗਿਣਤੀ, ਖ਼ੁਰਾਕੀ ਸੰਤੁਲਨ, ਪ੍ਰੋਟੀਨ ਫਾਡੀ ਨਹੀਂ ਮੋਢੀ, ਚਰਬੀ ਨਾਇਕ ਜਾਂ ਖਲਨਾਇਕ, ਕਾਰਬ: ਮਿੱਥ ਅਤੇ ਸੱਚ, ਛੋਟੇ ਪੌਸ਼ਟਿਕ ਤੱਤ, ਪਾਣੀ ਅਤੇ ਹੋਰ ਤਰਲ, ਖੁਰਾਕ ਦਾ ਸਮਾਂ ਅਤੇ ਗਿਣਤੀ, ਕਸਰਤ, ਮਸਲੇ ਅਤੇ ਹੱਲ। ਖਾਣਾ ਬਣਾਉਣ ਦਾ ਤਰੀਕਾ, ਕਲੋਰੀ ਚਾਰਟ ਦਾ ਇਸਤੇਮਾਲ ਅਤੇ ਸੈਂਪਲ ਡਾਈਟ ਚਾਰਟ ਦਿੱਤੇ ਗਏ ਹਨ।

ਬਹੁਤ ਸਾਰੇ ਲੋਕਾਂ ਨੂੰ ਤਾਂ ਅਜੇ ਤਕ ਇਹ ਵੀ ਨਹੀਂ ਪਤਾ ਕਿ ਮੋਟਾਪਾ ਹੁੰਦਾ ਕਿਉਂ ਐਂ ਤੇ ਮੋਟਾਪੇ ਨਾਲ ਬਿਮਾਰੀਆਂ ਕਿਉਂ ਲੱਗਦੀਐਂ? ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੁਟਾਪਾ ਅਨੇਕਾਂ ਬਿਮਾਰੀਆਂ ਦੀ ਮਾਂ ਹੈ। ਬਹੁਤੇ ਬਲੱਡ ਪ੍ਰੈਸ਼ਰ, ਸ਼ੂਗਰ ਰੋਗ ਤੇ ਹਾਰਟ ਅਟੈਕ ਮੁਟਾਪੇ ਕਾਰਨ ਹੀ ਹੁੰਦੇ ਹਨ। ਡਾਕਟਰ ਮੋਟਾਪੇ ਕਾਰਨ ਹੁੰਦੀਆਂ ਦਰਜਨਾਂ ਬਿਮਾਰੀਆਂ ਗਿਣਾ ਸਕਦੇ ਹਨ। ਮੋਟਾ ਬੰਦਾ ਵੈਸੇ ਵੀ ਆਲਸੀ ਹੋ ਜਾਂਦੈ ਜਿਸ ਨਾਲ ਕੰਮਾਂ ਕਾਰਾਂ ਦਾ ਨੁਕਸਾਨ ਹੁੰਦੈ। ਉਹ ਖਾਂਦਾ ਵੱਧ ਐ ਤੇ ਕਮਾਉਂਦਾ ਘੱਟ। ਬਿਮਾਰ ਹੋ ਕੇ ਤਾਂ ਉਹ ਸਮਾਜ ਤੇ ਦੂਹਰਾ ਭਾਰ ਬਣ ਜਾਂਦੈ। ਬਿਮਾਰ ਬੰਦਾ ਆਪ ਹੀ ਦੁਖੀ ਨਹੀਂ ਹੁੰਦਾ ਸਗੋਂ ਹੋਰਨਾਂ ਨੂੰ ਵੀ ਦੁਖੀ ਕਰਦੈ। ਇਸ ਲਈ ਆਰੰਭ ਤੋਂ ਹੀ ਸਭ ਨੂੰ ਸਰੀਰਕ ਭਾਰ ਬਾਰੇ ਜਾਗ੍ਰਿਤ ਕਰ ਦੇਣਾ ਚਾਹੀਦੈ। ਸਕੂਲੀ ਪੜ੍ਹਾਈ ਸਿਖਲਾਈ ਵਿਚ ਵਿਦਿਆਰਥੀਆਂ ਨੂੰ ਦੱਸਿਆ ਜਾਣਾ ਚਾਹੀਦੈ ਕਿ ਮੋਟਾਪੇ ਤੋਂ ਕਿਵੇਂ ਬਚਿਆ ਜਾ ਸਕਦੈ? ਅਜਿਹੀ ਪੜ੍ਹਾਈ ਹਰ ਵਿਦਿਆਰਥੀ ਦੇ ਹਰ ਕੋਰਸ ਵਿਚ ਸ਼ਾਮਲ ਹੋਣੀ ਚਾਹੀਦੀ ਹੈ।

ਅਸੀਂ ਅਕਸਰ ਵੇਖਦੇ ਹਾਂ ਕਿ ਸਰੀਰਕ ਕੰਮ ਕਰਨ ਵਾਲਿਆਂ ਨੂੰ ਰੋਗ ਘੱਟ ਜਦ ਕਿ ਬੈਠੇ ਬਿਠਾਏ ਦਿਮਾਗੀ ਕੰਮ ਕਰਨ ਵਾਲੇ ਤੇ ਵਿਹਲੜਾਂ ਨੂੰ ਵੱਧ ਚਿੰਬੜਦੇ ਹਨ। ਡਾਕਟਰਾਂ ਦਾ ਕੱਢਿਆ ਤੱਤ ਹੈ ਕਿ ਖੁਰਾਕ ਦੀ ਘਾਟ ਕਾਰਨ ਘੱਟ ਬਿਮਾਰੀਆਂ ਜਦ ਕਿ ਖੁਰਾਕ ਦੀ ਬਹੁਤਾਤ ਕਾਰਨ ਵੱਧ ਲੱਗਦੀਆਂ ਹਨ। ਹੁਣ ਭੁੱਖ ਨਾਲ ਓਨੇ ਬੰਦੇ ਨਹੀਂ ਮਰ ਰਹੇ ਜਿੰਨੇ ਵਾਧੂ ਖਾਣ ਨਾਲ ਮਰ ਰਹੇ ਹਨ। ਖਾਧ ਪਦਾਰਥ ਬੇਅੰਤ ਹੋ ਗਏ ਹਨ ਤੇ ਹੋਰ ਵੀ ਹੁੰਦੇ ਜਾਣੇ ਹਨ। ਲੋਕਾਂ ਨੂੰ ਵੱਡੀ ਪੱਧਰ ਤੇ ਸਿਖਿਅਤ ਕਰਨਾ ਪਵੇਗਾ ਕਿ ਉਹ ਕੀ ਖਾਣ ਤੇ ਕੀ ਨਾ ਖਾਣ? ਨਾਲ ਇਹ ਵੀ ਕਿ ਉਹ ਜੋ ਕੁਝ ਖਾਣ ਪੀਣ ਉਹਦੇ ਨਾਲ ਤਕੜੇ ਤਾਂ ਰਹਿਣ ਪਰ ਮੋਟੇ ਨਾ ਹੋਣ।

ਅਮਰੀਕਾ ਵਿਚ ਇਕ ਸਰਵੇਖਣ ਕੀਤਾ ਗਿਆ ਕਿ ਲੋਕ ਮੋਟੇ ਕਿਉਂ ਹੋ ਰਹੇ ਹਨ? ਨਤੀਜਾ ਨਿਕਲਿਆ 54% ਲੋਕ ਵਾਧੂ ਭੋਜਨ ਕਰਨ ਦੀਆਂ ਭੈੜੀਆਂ ਆਦਤਾਂ ਕਰਕੇ ਮੋਟੇ ਹੁੰਦੇ ਨੇ। 28% ਕਸਰਤ ਦੀ ਘਾਟ ਕਾਰਨ ਮੋਟੇ ਹੋ ਜਾਂਦੇ ਹਨ। ਬਾਕੀ 18% ਦੇ ਮੋਟੇ ਹੋਣ ਦਾ ਕਾਰਨ ਸਿਹਤ ਸੰਭਾਲ ਤੋਂ ਅਣਜਾਣ ਹੋਣਾ, ਕਸਰਤ ਲਈ ਸਮਾਂ ਨਾ ਕੱਢ ਸਕਣਾ ਅਤੇ ਖਾਣਿਆਂ ਪੀਣਿਆਂ ਦੀ ਇਸ਼ਤਿਹਾਰਬਾਜ਼ੀ ਦੇ ਸਿ਼ਕਾਰ ਹੋ ਕੇ ਜੰਕ ਫੂਡ ਖਾ ਬਹਿਣਾ ਹੈ।

ਦਾਰੂ ਪੀਣਿਆਂ ਨੂੰ ਦੱਸਣਾ ਬਣਦਾ ਹੈ ਕਿ ਦਾਰੂ ਮਿੱਠੇ ਦਾ ਹੀ ਕੈਮੀਕਲੀ ਬਦਲਿਆ ਰੂਪ ਹੈ। ਪਊਆ ਪੀਣ ਦਾ ਮਤਲਬ ਹੈ ਪਾਈਆ ਗੁੜ ਖਾਣਾ। ਜਿਹੜੇ ਪਊਏ ਨਾਲ ਹਜ਼ਾਰ ਦੋ ਹਜ਼ਾਰ ਕਲੋਰੀਆਂ ਦਾ ਹੋਰ ਉਰਾ ਪਰਾ ਛਕ ਜਾਂਦੇ ਹਨ, ਉਹ ਵਾਧੂ। ਉਹ ਆਪ ਹੀ ਹਿਸਾਬ ਲਾ ਲੈਣ ਕਿ ਕਿੰਨੀਆਂ ਕਲੋਰੀਆਂ ਸੰਘੋਂ ਲੰਘਾਉਂਦੇ ਹਨ ਤੇ ਕਿੰਨੀਆਂ ਬਾਲਦੇ ਹਨ? ਅੱਵਲ ਤਾਂ ਦਾਰੂ ਪੀਣ ਤੋਂ ਪ੍ਰਹੇਜ਼ ਕੀਤਾ ਜਾਵੇ, ਜੇ ਪੀਤੀ ਬਿਨਾ ਰਹਿ ਨਹੀਂ ਸਕਦੇ ਤਾਂ ਅੱਧੇ ਪਊਏ ਤੋਂ ਵੱਧ ਨਾ ਪੀਤੀ ਜਾਵੇ ਤੇ ਨਾਲ ਬਹੁਤਾ ਕੁਝ ਨਾ ਖਾਧਾ ਜਾਵੇ।

ਆਖ਼ੀਰ ਉਸ ਭੇਤ ਦਾ ਵੀ ਜਿ਼ਕਰ ਕਰਨਾ ਚਾਹਾਂਗਾ ਜਿਹੜਾ ਇਕ ਪਾਰਟੀ ਚ ਸਿਆਣੇ ਬਜ਼ੁਰਗ ਨੇ ਖੋਲ੍ਹਿਆ ਸੀ। ਉਹ ਇਕਹਿਰੇ ਜੁੱਸੇ ਦਾ ਹਸਮੁੱਖ ਜਿਊੜਾ ਸੀ ਜੋ ਮਹਿਫ਼ਲ ਦਾ ਸਿ਼ੰਗਾਰ ਬਣਿਆ ਹੋਇਆ ਸੀ। ਉਹ ਹੋਰਨਾਂ ਪਿਆਕੜਾਂ ਵਾਂਗ ਮੀਟ, ਮੱਛੀ ਤੇ ਪਕੌੜਿਆਂ ਨੂੰ ਮੂੰਹ ਨਹੀਂ ਸੀ ਮਾਰ ਰਿਹਾ, ਨਮਕੀਨ ਨਹੀਂ ਸੀ ਨਿਗਲ ਰਿਹਾ। ਉਹ ਜਾਂਦਾ ਜਾਂਦਾ ਲੱਖ ਰੁਪਏ ਦੀ ਗੱਲ ਦੱਸ ਗਿਆ; ਅਖੇ, ਜਿਹੜਾ ਬੰਦਾ ਤੀਜੇ ਪੈੱਗ ਤੇ ਤੀਜੀ ਰੋਟੀ ਨੂੰ ਨਾਂਹ ਕਰ ਸਕਦੈ, ਉਹ ਦਸ ਵਰ੍ਹੇ ਵੱਧ ਜੀਅ ਸਕਦੈ। ਇਹ ਹੁਣ ਜਿਊਣ ਵਾਲਿਆਂ ਤੇ ਨਿਰਭਰ ਹੈ ਕਿ ਉਹ ਵੱਧ ਜਿਊਣਾ ਚਾਹੁੰਦੇ ਨੇ ਜਾਂ ਘੱਟ?

Leave a Reply

Your email address will not be published. Required fields are marked *