ਕਰੋਨਾ ਦੀ ਵਿਦਿਆਰਥੀਆਂ ’ਤੇ ਮਾਰ

ਸਤਿੰਦਰ ਸਿੰਘ ਰੰਧਾਵਾ (ਡਾ.)

ਮੇਰੇ ਇੰਸਟੀਚਿਊਟ ਵਿਚ ਬੈਚੁਲਰ ਡਿਗਰੀ ਦਾ ਰਿਹਾਇਸ਼ੀ ਕੋਰਸ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਆਨਲਾਈਨ ਕਲਾਸਾਂ ਦੇ ਲਏ ਫ਼ੈਸਲੇ ਬਾਰੇ ਸੋਸ਼ਲ ਮੀਡੀਆ ਆਦਿ ਉਤੇ ਖ਼ਬਰਾਂ ਸੁਣਦਿਆਂ ਹੀ ਵਿਦਿਆਰਥੀ ਦੱਬੀ ਸੁਰ ਵਿਚ ਤੇ ਪੈਰ ਘੜੀਸਦੇ ਹੋਏ ਪਹੁੰਚ ਕਰਨ ਲੱਗੇ। ਸਾਰਿਆਂ ਦੇ ਚਿਹਰੇ ‘ਤੇ ਮੁਸਕੁਰਾਹਟ ਸੀ। ਆਖ਼ਰ ਇਕ ਵਿਦਿਆਰਥੀ ਨੇ ਆਪਣੀ ਸੰਗ ਤੋੜਦਿਆਂ ਆਖਿਆ, “ਸਰ ਜੀ! ਸਾਨੂੰ ਕਰੋਨਾ ਦੀਆਂ ਛੁੱਟੀਆਂ ਕਦੋਂ ਹੋਣਗੀਆਂ?” ਨਿਰਾਸ਼ਾ ਨਾਲ ਉਸ ਦੇ ਖਿੜੇ ਚਿਹਰੇ ਵੱਲ ਦੇਖਦਿਆਂ ਆਖਿਆ, “ਕਾਕਾ, ਕਰੋਨਾ ਦੀਆਂ ਛੁੱਟੀਆਂ ਨਹੀਂ, ਆਨਲਾਈਨ ਕਲਾਸਾਂ ਦਾ ਹੁਕਮ ਹੈ। ਤੁਹਾਡੀਆਂ ਕਲਾਸਾਂ ਘਰ ਤੋਂ ਲੱਗਣਗੀਆਂ। ਖ਼ੁਸ਼ ਹੋਣ ਦਾ ਨਹੀਂ, ਸੰਜੀਦਾ ਹੋਣ ਦਾ ਵੇਲਾ ਹੈ।’’ ਪਰ ਉਸ ਨੂੰ ਤਾਂ ਜਿਵੇਂ ਮੇਰੀਆਂ ਗੱਲਾਂ ਕਿਸੇ ਹੋਰ ਯੁੱਗ ਦੀਆਂ ਲੱਗ ਰਹੀਆਂ ਸਨ।

ਫਿਰ ਕੁਝ ਵਿਦਿਆਰਥੀ ਕਾਹਲੇ ਪੈਣ ਲੱਗੇ ਕਿ ਸਾਡੇ ਮਾਪੇ ਆਖ ਰਹੇ ਹਨ ਕਿ ਘਰੇ ਜਲਦੀ ਆ ਜਾਓ। ਕਰੋਨਾ ਫੈਲ ਰਿਹਾ ਹੈ। ਖ਼ੁਦ ਨੂੰ ਸਵਾਲ ਕੀਤਾ ਕਿ ਕੀ ਮਾਪੇ ਘਰਾਂ ਵਿਚ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਦਾ ਵੀ ਇਸੇ ਜ਼ਿੰਮੇਵਾਰੀ ਨਾਲ ਧਿਆਨ ਰੱਖਦੇ ਹਨ? ਅਜੇ ਤਕ ਦਫ਼ਤਰੀ ਆਦੇਸ਼ ਨਾ ਪੁੱਜਣ ਕਰਕੇ ਦੁਬਿਧਾ ਵਿਚ ਸੀ। ਆਖ਼ਰ ਆਦੇਸ਼ ਆਇਆ ਤੇ ਵਿਦਿਆਰਥੀ ਹੱਸਦੇ ਹੱਸਦੇ ਘਰਾਂ ਨੂੰ ਚਾਲੇ ਪਾਉਣ ਲੱਗੇ।

ਵਿਦਿਆਰਥੀ ਜੀਵਨ ਦੀ ਬੁਨਿਆਦ ਮਿਹਨਤ, ਈਮਾਨਦਾਰੀ ਅਤੇ ਸਿਖਲਾਈ ਮੁਹਾਰਤਾਂ ‘ਤੇ ਟਿਕੀ ਹੁੰਦੀ ਹੈ। ਜਿਹੜੇ ਚੰਗੇ ਗੁਣਾਂ ਦੀ ਅਸੀਂ ਸਮਾਜ ਤੋਂ ਕਾਮਨਾ ਕਰਦੇ ਹਾਂ, ਉਹ ਵਿਦਿਆਰਥੀਆਂ ਰਾਹੀਂ ਹੀ ਸੰਭਵ ਹੋ ਸਕਦੇ ਹਨ। ਪਰ ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਂਮਾਰੀ ਕਾਰਨ ਸਾਡਾ ਵਰਤਮਾਨ ਬਲਹੀਨ ਹੋ ਗਿਆ ਹੈ। ਕਲਾਸਾਂ ਅਤੇ ਪ੍ਰੀਖਿਆਵਾਂ ਆਨਲਾਈਨ ਹੋ ਗਈਆਂ ਹਨ। ਸੋਚੋ! ਅਧਿਆਪਕਾਂ ਦੀ ਦਰੁਸਤੀ ਤੇ ਕਲਾਸ ਦੇ ਅਭਿਆਸ ਤੋਂ ਸੱਖਣੇ ਬੱਚੇ ਜਦੋਂ ਫੀਲਡ ਵਿਚ ਜਾਣਗੇ ਤਾਂ ਕਿਵੇਂ ਦੇ ਨਤੀਜੇ ਸਾਹਮਣੇ ਆਉਣਗੇ?

ਬੈਚੁਲਰ ਦੀ ਕਲਾਸ ਵਿਚ ਦਾਖ਼ਲ ਵਿਦਿਆਰਥੀਆਂ ਦੇ ਅੰਕ ਦੇਖਕੇ ਬਹੁਤ ਹੈਰਾਨ ਹੁੰਦਾ ਹਾਂ। ਬਾਰ੍ਹਵੀਂ ’ਚੋਂ ਕਿਸੇ ਵੀ ਵਿਦਿਆਰਥੀ ਦੇ ਨੰਬਰ ਅੱਸੀ ਫ਼ੀਸਦੀ ਤੋਂ ਘੱਟ ਨਹੀਂ। ਮੇਰੀ ਇਹ ਹੈਰਾਨੀ, ਗੰਭੀਰ ਵੇਦਨਾ ਵਿਚ ਉਦੋਂ ਬਦਲੀ ਜਦੋਂ ਮੈਂ ਦੇਖਿਆ ਕਿ ਬਹੁਤਿਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਤੱਕ ਵਿਚ ਵੱਡੀ ਸਮੱਸਿਆ ਆ ਰਹੀ ਸੀ। ਆਖ਼ਰ ਲਿਖਣ, ਪੜ੍ਹਨ ਤੇ ਸਿੱਖਣ ਦੇ ਅਭਿਆਸ, ਕਲਾਸ ਵਿਚ ਹੁੰਦੇ ਹਨ। ਇਹ ਤਾਂ ਗੱਲ ਕੇਵਲ ਪੰਜਾਬੀ ਦੀ ਹੈ। ਇਸ ਤੋਂ ਇਲਾਵਾ ਅੰਗਰੇਜ਼ੀ, ਮੈਥ, ਕੰਪਿਊਟਰ ਜਾਂ ਅਜਿਹੇ ਵਿਸ਼ੇ ਜਿਹੜੇ ਅਭਿਆਸ ਜਾਂ ਪ੍ਰੈਕਟੀਕਲ ਨਾਲ ਹੀ ਸਮਝ ਆਉਂਦੇ ਹਨ, ਦਾ ਹਾਲ ਹੋਰ ਵੀ ਮਾੜਾ ਹੋਵੇਗਾ। ਹੋਣਹਾਰ ਵਿਦਿਆਰਥੀ ਪਛੜ ਗਏ ਹਨ ਅਤੇ ਕਮਜ਼ੋਰ ਵਿਦਿਆਰਥੀ ਉਨ੍ਹਾਂ ਦੇ ਬਰਾਬਰ ਆ ਖਲੋਤੇ ਹਨ। ਇਸ ਉੱਪਰ ਗੰਭੀਰ ਚਿੰਤਨ ਅਤੇ ਅਮਲ ਦੀ ਜ਼ਰੂਰਤ ਹੈ।

ਬੇਸ਼ੱਕ ਇਸ ਵਿਚ ਸਿਹਤ ਸੰਭਾਲ ਦਾ ਨੁਕਤਾ ਤਾਂ ਧਿਆਨ ਵਿਚ ਆਉਂਦਾ ਹੈ ਪਰ ਆਨਲਾਈਨ ਕਲਾਸਾਂ ਅਤੇ ਪ੍ਰੀਖਿਆਵਾਂ ਨਾਲ ਵਿਦਿਆਰਥੀਆਂ ਵਿਚ ਵਧ ਰਹੇ ਆਲਸ, ਸੁਸਤੀ ਅਤੇ ਬਹਾਨੇਬਾਜ਼ੀ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਅਣਗਹਿਲੀ ਦਾ ਖ਼ਮਿਆਜ਼ਾ ਭਵਿੱਖ ਵਿਚ ਭੁਗਤਣਾ ਪਵੇਗਾ। ਅਸੀਂ ਰੋਜ਼ਾਨਾ ਵਾਪਰਦੇ ਸੜਕੀ ਹਾਦਸਿਆਂ ਤੋਂ ਅੱਕ ਕੇ ਸੜਕਾਂ ਨੂੰ ਖ਼ੂਨੀ ਸੜਕਾਂ ਆਖ ਦਿੰਦੇ ਹਾਂ ਪਰ ਕੀ ਅਸੀਂ ਇਨ੍ਹਾਂ ਉੱਪਰ ਸਫ਼ਰ ਕਰਨਾ ਛੱਡ ਦਿੱਤਾ ਹੈ? ਮਧੂ ਮੱਖੀਆਂ ਦੇ ਦੁਖਦਾਈ ਡੰਗ ਸਾਨੂੰ ਮਿੱਠੇ ਸ਼ਹਿਦ ਤੋਂ ਦੂਰ ਨਹੀਂ ਕਰ ਸਕੇ। ਦੁਲੱਤੇ ਮਾਰਦੀਆਂ ਗਾਵਾਂ ਤੇ ਮੱਝਾਂ ਦੀਆਂ ਲੱਤਾਂ ਬੰਨ੍ਹ ਕੇ ਚੋਣ ਦਾ ਵੱਲ ਸਾਡੇ ਕੋਲ ਹੈ। ਸਰਕਾਰ ਨੂੰ ਦੇਸ਼ ਤੇ ਸਮਾਜ ਦਾ ਭਵਿੱਖ ਦੇਖਦਿਆਂ ਸਿੱਖਿਆ ਪ੍ਰਣਾਲੀ ਵਿਚ ਹੋਰ ਸੁਧਾਰਾਂ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਘਰਾਂ ਵਿਚ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *