ਚੋਣਾਂ ਸਮੇਂ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ

ਡਾ. ਗੁਰਤੇਜ ਸਿੰਘ

ਜਦੋਂ ਵੀ ਦੇਸ਼ ਵਿਚ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਸੱਤਾ ਪ੍ਰਾਪਤੀ ਹਿਤ ਯਤਨ ਕਰਦੀਆਂ ਹਨ। ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਹਰ ਹੀਲਾ ਵਰਤਣ ਤੋਂ ਗੁਰੇਜ਼ ਨਹੀ ਕਰਦੀਆਂ। ਅਜੋਕੇ ਸਮੇਂ ਅੰਦਰ ਮੀਡੀਆ ਦੀ ਵਰਤੋਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਦੇ ਵੱਖ ਵੱਖ ਪੱਖਾਂ ਨੂੰ ਗੌਰ ਨਾਲ ਵਾਚਿਆ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਦੀ ਹੈ ਕਿ ਮੀਡੀਆ ਦਾ ਵੱਡਾ ਹਿੱਸਾ ਰਾਜਨੀਤਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਉਹ ਜਿਵੇਂ ਚਾਹੁਣ ਪ੍ਰਚਾਰ ਕਰਵਾਈ ਜਾਂਦੇ ਹਨ, ਸਾਡਾ ਮੀਡੀਆ ਉਸੇ ਤਰ੍ਹਾਂ ਕਰੀ ਜਾਂਦਾ ਹੈ ਜੋ ਦੇਸ਼ ਤੇ ਸਮਾਜ ਦੇ ਹਿਤ ਵਿਚ ਨਹੀਂ।

ਸੋਸ਼ਲ ਮੀਡੀਆ ਤੇ ਹਰ ਰੋਜ਼ ਰਾਜਨੀਤੀ ਤੋਂ ਪ੍ਰੇਰਿਤ ਸੰਦੇਸ਼ ਵਾਇਰਲ ਹੁੰਦੇ ਹਨ ਜੋ ਕਈ ਵਾਰ ਤਾਂ ਸਚਾਈ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਪਰ ਆਮ ਲੋਕ ਉਸ ਮੱਕੜਜਾਲ ਵਿਚ ਉਲਝ ਕੇ ਰਹਿ ਜਾਂਦੇ ਹਨ। ਕਿਸੇ ਖਾਸ ਰਾਜਨੀਤਕ ਪਾਰਟੀ ਜਾਂ ਸ਼ਖ਼ਸ ਨੂੰ ਲੈ ਕੇ ਉਸ ਸਬੰਧੀ ਅਫਵਾਹਾਂ ਦਾ ਬਾਜ਼ਾਰ ਇੰਨਾ ਗਰਮ ਕਰ ਦਿੱਤਾ ਜਾਂਦਾ ਹੈ ਕਿ ਲੋਕ ਉਸੇ ਨੂੰ ਸੱਚ ਮੰਨ ਕੇ ਆਪਣੀ ਧਾਰਨਾ ਉਸ ਸਬੰਧੀ ਬਣਾ ਲੈਂਦੇ ਹਨ। ਅਜੋਕੇ ਸਮੇਂ ਦੌਰਾਨ ਇਲੈਕਟ੍ਰੋਨਿਕ ਮੀਡੀਆ, ਖਾਸਕਰ ਨਿਊਜ਼ ਚੈਨਲਾਂ ਦਾ ਪ੍ਰਾਈਮ ਟਾਈਮ ਬੜਾ ਭੜਕਾਊ, ਉਕਸਾਊ ਤੇ ਜੁਮਲਿਆਂ ਭਰਪੂਰ ਹੁੰਦਾ ਹੈ ਅਤੇ ਉਸ ਦੀ ਪੇਸ਼ਕਾਰੀ ਪੇਸ਼ਕਰਤਾਵਾਂ ਵੱਲੋਂ ਕਿਸੇ ਯੁੱਧ ਵਾਂਗ ਕੀਤੀ ਜਾਂਦੀ ਹੈ। ਘੱਟ ਗਿਣਤੀਆਂ ਅਤੇ ਧਰਮ ਨੂੰ ਮੁੱਦਾ ਬਣਾ ਕੇ ਪੇਸ਼ਕਾਰੀ ਕੀਤੀ ਜਾਂਦੀ ਹੈ। ਜਾਣਬੁੱਝ ਕੇ ਭੜਕਾਊ ਬਿਆਨ ਦੇਣ ਵਾਲੇ ਮਹਿਮਾਨ ਬੁਲਾਏ ਜਾਂਦੇ ਹਨ। ਉਨ੍ਹਾਂ ਦੀ ਜ਼ਬਾਨ ਨੇ ਫਿਸਲਣ ਦਾ ਠੇਕਾ ਲਿਆ ਹੁੰਦਾ ਹੈ, ਉਹੀ ਅਲਫਾਜ਼ ਵਾਰ ਵਾਰ ਵਰਤ ਕੇ ਮੀਡੀਆ, ਕਾਰਪੋਰੇਟ ਘਰਾਣਿਆਂ ਦੇ ਖੜ੍ਹੇ ਕੀਤੇ ਰਾਜਨੀਤਕ ਲੋਕਾਂ ਨਾਲ ਸਾਂਝ ਦੀ ਗਵਾਹੀ ਭਰਦਾ ਹੈ। ਆਖਿਰ ਕਿਉਂ ਉਨ੍ਹਾਂ ਗੱਲਾਂ ਨੂੰ ਦੁਹਰਾਇਆ ਜਾਂਦਾ ਹੈ ਜੋ ਭਾਈਚਾਰਕ ਸਾਂਝ ਨੂੰ ਖਤਮ ਕਰਨ ਅਤੇ ਫਿਰਕੂ ਮਾਹੌਲ ਉਪਜਾਉਦੀਆਂ ਹਨ। ਇਸ ਦਾ ਜਵਾਬ ਸਿਰਫ ਤੇ ਸਿਰਫ ਮੀਡੀਆ ਦਾ ਕਾਰਪੋਰੇਟ ਅਤੇ ਗੰਧਲੀ ਹੋ ਚੁੱਕੀ ਦਾ ਸਿਆਸਤ ਦੀ ਕਠਪੁਤਲੀ ਹੋਣਾ ਹੈ।

ਪ੍ਰਿੰਟ ਮੀਡੀਆ ਲੰਮੇ ਸਮੇਂ ਤੋਂ ਚੋਣਾਂ ਸਮੇਂ ਮੁੱਖ ਭੂਮਿਕਾ ਵਿਚ ਰਿਹਾ ਹੈ। ਇਸ਼ਤਿਹਾਰ ਮੀਡੀਆ ਦੀ ਰੀੜ੍ਹ ਮੰਨੇ ਜਾਂਦੇ ਹਨ ਅਤੇ ਉਸ ਨਾਲ ਅਦਾਰੇ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ। ਇਸ਼ਤਿਹਾਰਾਂ ਦੇ ਨਾਂ ਤੇ ਰਾਜਨੀਤਕ ਦਲ ਆਪਣੇ ਲੋਕ ਲੁਭਾਊ ਵਾਅਦੇ ਲੋਕਾਂ ਤੱਕ ਪਹੁੰਚਾਉਂਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਲੋਕ ਲੁਭਾਊ ਵਾਅਦੇ ਅਤੇ ਉਨ੍ਹਾਂ ਸੰਬੰਧੀ ਉਲੀਕੇ ਪ੍ਰੋਗਰਾਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣ ਲਈ ਸਰਕਾਰੀ ਇਸ਼ਤਿਹਾਰਾਂ ਤੇ ਤਕਰੀਬਨ ਚਾਰ ਹਜ਼ਾਰ ਕਰੋੜ ਰੁਪਏ ਖਰਚੇ ਹਨ। ਇਸੇ ਕਰਕੇ ਬਹੁਤੇ ਮੀਡੀਆ ਕਰਮਚਾਰੀ ਹੁਣ ਤਿੱਖੇ ਸਵਾਲ ਕਰਨ ਦੀ ਹਿੰਮਤ ਗੁਆ ਚੁੱਕੇ ਹਨ; ਜੇ ਕੋਈ ਜੁਅਰਤ ਕਰਦਾ ਹੈ ਤਾਂ ਉਨ੍ਹਾਂ ਨੂੰ ਅਲਗ-ਥਲਗ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ ਜਾਂਦਾ ਹੈ। ਅਭਿਸਾਰ ਸ਼ਰਮਾ, ਰਵੀਸ਼ ਕੁਮਾਰ, ਕਰਨ ਥਾਪਰ ਵਰਗੇ ਪੱਤਰਕਾਰਾਂ ਦੀ ਮਿਸਾਲ ਸਾਡੇ ਸਾਹਮਣੇ ਹਨ।

ਅਜੋਕੇ ਦੌਰ ਅੰਦਰ ਤਕਨਾਲੋਜੀ ਦਾ ਬਹੁਤ ਜਿ਼ਆਦਾ ਵਿਕਾਸ ਹੋਇਆ ਹੈ। ਤਕਨਾਲੋਜੀ ਨੇ ਮੀਡੀਆ ਨੂੰ ਬਹੁਤ ਮਜ਼ਬੂਤ ਕੀਤਾ ਹੈ। ਦੂਰ ਦੁਰਾਡੇ ਦੀਆਂ ਘਟਨਾਵਾਂ ਮਿੰਟਾਂ ਵਿਚ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜੋ ਤਕਨਾਲੋਜੀ ਦੀ ਮੀਡੀਆ ਨੂੰ ਜੋ ਦੇਣ ਹੈ, ਉਸ ਦੀ ਕਹਾਣੀ ਬਾਖੂਬੀ ਬਿਆਨਦਾ ਹੈ। ਅਜੋਕਾ ਮੀਡੀਆ ਭਾਵੇਂ ਆਜ਼ਾਦ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ, ਫਿਰ ਵੀ ਕਿਤੇ ਨਾ ਕਿਤੇ ਇਸ ਦੇ ਪੱਖਪਾਤੀ ਅਤੇ ਗੁਲਾਮੀ ਵਾਲੇ ਲੱਛਣ ਸਾਹਮਣੇ ਆਉਂਦੇ ਹਨ। ਕਾਫੀ ਨਿਊਜ਼ ਚੈਨਲਾਂ ਅਤੇ ਅਖਬਾਰਾਂ ਉੱਪਰ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਸਿਰਫ ਕਿਸੇ ਖਾਸ ਧਿਰ ਨੂੰ ਤਰਜੀਹ ਦਿੰਦੇ ਹਨ ਤੇ ਬਾਕੀਆਂ ਨੂੰ ਅੱਖੋਂ ਓਹਲੇ ਕੀਤਾ ਜਾਂਦਾ ਹੈ। ਚੰਦ ਸਿੱਕਿਆਂ ਖ਼ਾਤਿਰ ਇਮਾਨ ਦੀ ਬਲੀ ਦਿੱਤੀ ਜਾਂਦੀ ਹੈ ਜਿਸ ਕਾਰਨ ਮੀਡੀਆ ਦੀ ਸਾਰਥਿਕਤਾ ਉੱਪਰ ਕਿੰਤੂ-ਪ੍ਰੰਤੂ ਹੁਣ ਆਮ ਜਿਹੀ ਗੱਲ ਹੋ ਗਈ ਹੈ। ਇਲੈਕਟ੍ਰੋਨਿਕ ਮੀਡੀਆ ਦੇ ਕਈ ਨਾਮਵਰ ਸੀਨੀਅਰ ਪੱਤਰਕਾਰ ਸੌਦੇਬਾਜ਼ੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੌਦੇਬਾਜ਼ੀ ਕਰਦਿਆਂ ਦੀ ਨਸ਼ਰ ਵੀਡੀਓ ਨੇ ਸਮੁੱਚੇ ਮੀਡੀਆ ਭਾਈਚਾਰੇ ਨੂੰ ਦੁਨੀਆ ਅੱਗੇ ਸ਼ਰਮਸਾਰ ਹੋਣ ਲਈ ਮਜਬੂਰ ਕੀਤਾ ਹੈ।

ਇਹ ਗੱਲ ਠੀਕ ਹੈ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਦਾ ਜ਼ਰੀਆ ਸਮਝਿਆ ਜਾਂਦਾ ਹੈ ਅਤੇ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਘਟਨਾਵਾਂ ਦਾ ਆਈਨਾ ਲੋਕਾਂ ਨੂੰ ਦਿਖਾਉਂਦਾ ਹੈ। ਮੀਡੀਆ ਸਮਾਜਿਕ ਮਸਲਿਆਂ ਨੂੰ ਸਰਕਾਰੇ-ਦਰਬਾਰੇ ਪੇਸ਼ ਕਰਦਾ ਹੈ ਅਤੇ ਇਨ੍ਹਾਂ ਦੇ ਠੋਸ ਹੱਲ ਲਈ ਸਾਰਥਿਕ ਯਤਨ ਵੀ ਕਰਦਾ ਹੈ। ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਵਿਚੋਂ ਜਗਾਉਣ ਲਈ ਮੀਡੀਆ ਡੰਕੇ ਤੇ ਚੋਟ ਲਗਾਉਂਦਾ ਹੈ ਅਤੇ ਉਨ੍ਹਾਂ ਨੂੰ ਨੀਂਦ ਤੋਂ ਜਾਗਣ ਅਤੇ ਲੋਕਾਈ ਦੇ ਮਸਲਿਆਂ ਉੱਤੇ ਗੌਰ ਕਰਨ ਲਈ ਮਜਬੂਰ ਕਰ ਦਿੰਦਾ ਹੈ। ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਮੀਡੀਆ ਹਮੇਸ਼ਾ ਆਵਾਜ਼ ਬੁਲੰਦ ਕਰਦਾ ਹੈ। ਕਈ ਵਾਰ ਮੀਡੀਆ ਕਰਮੀ ਆਪਣੀ ਜਾਨ ਜੋਖਿ਼ਮ ਵਿਚ ਪਾ ਕੇ ਖਤਰਨਾਕ ਥਾਵਾਂ ਤੇ ਜਾਂਦੇ ਹਨ। ਕਿੰਨੇ ਹੀ ਉਲਝੇ ਅਤੇ ਸੰਵੇਦਨਸ਼ੀਲ ਕੇਸਾਂ ਦਾ ਖੁਲਾਸਾ ਮੀਡੀਆ ਨੇ ਲੋਕਾਂ ਦੀ ਕਚਹਿਰੀ ਵਿਚ ਕੀਤਾ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਮੀਡੀਆ ਅਤੇ ਆਮ ਲੋਕਾਂ ਵਿਚਕਾਰ ਫਾਸਲਾ ਘੱਟ ਨਹੀਂ ਹੋ ਸਕਿਆ। ਇਸ ਲਈ ਮੀਡੀਆ ਕਦੇ ਲਤੀਫਾ ਅਤੇ ਕਦੇ ਖਲੀਫਾ ਹੋ ਨਿੱਬੜਦਾ ਹੈ।

ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੀ ਭਰਮਾਰ ਨੇ ਲੋਕਾਂ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ ਕਿ ਉਹ ਕਿਸ ਤੇ ਯਕੀਨ ਕਰਨ। ਸਨਸਨੀਖੇਜ਼ ਖਬਰਾਂ ਦੀ ਪੇਸ਼ਕਾਰੀ ਡਰਾਵਣੇ ਤਰੀਕੇ ਨੇ ਸਮਾਜਿਕ ਵਾਤਾਵਰਨ ਨੂੰ ਨਿਘਾਰ ਦੇ ਕਿਨਾਰੇ ਪਹੁੰਚਾਇਆ ਹੈ। ਮੀਡੀਆ ਦੁਆਰਾ ਪਰੋਸੀ ਜਾ ਰਹੀ ਅਸ਼ਲੀਲਤਾ ਨੇ ਲੋਕਾਂ ਦਾ ਦਿਮਾਗ ਘੁਮਾ ਦਿੱਤਾ ਹੈ। ਇਸ਼ਤਿਹਾਰਾਂ ਬਲਕਿ ਹਰ ਜਗ੍ਹਾ ਅਸ਼ਲੀਲਤਾ ਦਾ ਬੋਲਬਾਲਾ ਹੈ। ਇਲੈਕਟ੍ਰਾਨਿਕ ਮੀਡੀਆ ਦੇ ਨਾਲ ਨਾਲ ਪ੍ਰਿੰਟ ਮੀਡੀਆ ਵੀ ਇਸ ਪਾਸੇ ਤੇਜ਼ੀ ਨਾਲ ਵਧ ਰਿਹਾ ਹੈ। ਪ੍ਰਿੰਟ ਮੀਡੀਆ ਵਿਚ ਅਸ਼ਲੀਲ ਤਸਵੀਰਾਂ, ਖਬਰਾਂ ਤੇ ਹੋਰ ਸਮੱਗਰੀ ਲੋਕਾਂ ਲਈ ਪਰੋਸੀ ਜਾਂਦੀ ਹੈ ਜਿਨ੍ਹਾਂ ਨੂੰ ਦੇਖ ਕੇ ਜਾਪਦਾ ਹੈ, ਜਿਵੇਂ ਇਨ੍ਹਾਂ ਅਖੌਤੀ ਅਖਬਾਰਾਂ, ਮੈਗਜ਼ੀਨਾਂ ਦਾ ਕੰਮ ਸਮਾਜ ਨੂੰ ਚੰਗੀ ਸੇਧ ਦੇਣ ਦੀ ਬਜਾਇ ਅਧ-ਢਕੇ ਸਰੀਰਾਂ ਦੀ ਨੁਮਾਇਸ਼ ਕਰਨਾ ਹੋਵੇ। ਇਸ ਭੜਕਾਊ ਸਮੱਗਰੀ ਦਾ ਮਾੜਾ ਅਸਰ ਸਮਾਜ, ਖਾਸਕਰ ਨੌਜਵਾਨਾਂ ਉੱਤੇ ਪੈ ਰਿਹਾ ਹੈ।

ਅਜੋਕਾ ਮੀਡੀਆ ਸੰਜਮ ਤੋਂ ਕੋਹਾਂ ਦੂਰ ਚਲਾ ਗਿਆ ਹੈ ਅਤੇ ਮੁਕਾਬਲੇ ਦੀ ਦੌੜ ਵਿਚ ਅੱਗੇ ਨਿਕਲਣ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਨ ਨੂੰ ਤਿਆਰ ਹੈ। ਇਸ ਦਾ ਖਮਿਆਜ਼ਾ ਲੋਕਾਂ ਨੂੰ ਚੁਕਾਉਣਾ ਪਵੇਗਾ। ਕਈ ਵਾਰ ਮੀਡੀਆ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਇਸੇ ਆਧਾਰ ਤੇ ਲੋਕਾਂ ਨੂੰ ਬਲੈਕਮੇਲ ਤੱਕ ਕੀਤਾ ਜਾਂਦਾ ਹੈ ਅਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਜਾਂਦੀ ਹੈ। ਇਲੈਕਟ੍ਰੋਨਿਕ ਮੀਡੀਆ ਨੇ ਆਮ ਲੋਕਾਂ ਦੇ ਮੁੱਦਿਆਂ ਨੂੰ ਅੱਖੋਂ-ਪਰੋਖੇ ਕੀਤਾ ਹੈ। ਸਿਰਫ ਸਨਸਨੀਖੇਜ਼ ਖਬਰਾਂ ਨੂੰ ਪ੍ਰਸਾਰਿਤ ਕਰਕੇ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੇ ਪ੍ਰਸਾਰਨ ਵਿਚ ਬੇਤੁਕੀਆਂ ਗੱਲਾਂ ਦਿਖਾਉਣ ਨੂੰ ਹੈਂਕੜ ਸਮਝਦਾ ਹੈ। ਜਿ਼ਆਦਾਤਰ ਨਿਊਜ਼ ਚੈਨਲ ਕਾਰਪੋਰੇਟ ਘਰਾਣਿਆਂ ਦੀ ਮਲਕੀਅਤ ਹਨ। ਫਿਰ ਸੋਚਣ ਦੀ ਗੱਲ ਹੈ ਕਿ ਉਹ ਆਮ ਲੋਕਾਂ ਦੀ ਆਵਾਜ਼ ਕਿਸ ਤਰ੍ਹਾਂ ਬਣ ਸਕਦੇ ਹਨ। ਕਿਸੇ ਫਿਲਮੀ ਹਸਤੀ ਨੂੰ ਜ਼ੁਕਾਮ ਵੀ ਹੋ ਜਾਵੇ ਤਾਂ ਖਬਰ ਪ੍ਰਸਾਰਤ ਹੁੰਦੀ ਹੈ ਪਰ ਆਮ ਲੋਕਾਂ ਦੇ ਮੁੱਦੇ ਦੀ ਖਬਰ ਲਈ ਸੌ ਸਵਾਲ ਕੀਤੇ ਜਾਂਦੇ ਹਨ। ਜੇ ਉਹ ਖਬਰ ਕਿਸੇ ਉੱਚੀ ਪਹੁੰਚ ਵਾਲੇ ਦੇ ਖਿਲਾਫ ਹੋਵੇ ਤਾਂ ਆਦਮੀ ਇਸ ਖਬਰ ਨੂੰ ਲੱਭਦਾ ਹੀ ਰਹਿ ਜਾਂਦਾ ਹੈ ਤੇ ਉਹ ਖਬਰ ਨਸ਼ਰ ਹੋਏ ਬਿਨਾ ਮੀਡੀਆ ਦੀਆਂ ਫਾਈਲਾਂ ਵਿਚੋਂ ਇੰਝ ਗਾਇਬ ਹੋ ਜਾਂਦੀ ਹੈ, ਜਿਵੇਂ ਲੋਕਾਂ ਦੇ ਦਿਲ ਦਿਮਾਗ ਵਿਚੋਂ ਨੈਤਿਕਤਾ ਗਾਇਬ ਹੋ ਰਹੀ ਹੈ।

ਇਸ ਚਰਚਾ ਤੋਂ ਬਾਅਦ ਜ਼ਿਹਨ ਵਿਚ ਇਹੀ ਸਵਾਲ ਆਉਂਦਾ ਹੈ ਕਿ ਆਖਿ਼ਰ ਮੀਡੀਆ ਦੀ ਚੋਣਾਂ ਅਤੇ ਸਮਾਜਿਕ ਸਰੋਕਾਰਾਂ ਸੰਬੰਧੀ ਭੂਮਿਕਾ ਕੀ ਹੋਵੇ? ਆਖਿ਼ਰ ਦੇਸ਼ ਦੀ ਜਨਤਾ ਲੋਕਤੰਤਰ ਦੇ ਚੌਥੇ ਤੋਂ ਕੀ ਉਮੀਦ ਰੱਖੇ? ਕੀ ਉਹ ਅਜੋਕੇ ਰਾਜਨੇਤਾਵਾਂ ਵਾਂਗ ਮੀਡੀਆ ਦੀ ਭਰੋਸੇਯੋਗਤਾ ਤੋਂ ਵੀ ਮੁਨਕਰ ਹੋ ਜਾਣ? ਨਹੀਂ, ਅਜਿਹਾ ਕਰਨਾ ਗਲਤ ਹੋਵੇਗਾ ਤੇ ਭਵਿੱਖ ਵਿਚ ਇਸ ਦੇ ਨਤੀਜੇ ਗੰਭੀਰ ਨਿੱਕਲਣਗੇ। ਚੋਣਾਂ ਸਮੇਂ ਹਰ ਤਰ੍ਹਾਂ ਦੇ ਮੀਡੀਆ ਨੂੰ ਨਿਰਪੱਖ ਹੋ ਕੇ ਖੜ੍ਹਨਾ ਚਾਹੀਦਾ ਹੈ; ਇਹ ਬਹੁਤ ਮੁਸ਼ਕਿਲ ਤਾਂ ਹੈ ਪਰ ਨਾ-ਮੁਮਕਿਨ ਨਹੀਂ। ਉਹ ਆਖਿ਼ਰ ਕਿਸ ਕਿਸ ਨੂੰ ਬਲੈਕ-ਆਊਟ ਕਰਨਗੇ? ਜੇ ਮੀਡੀਆ ਇਕਜੁੱਟ ਹੋਵੇ ਤਾਂ ਅਜਿਹੀ ਨੌਬਤ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਇਮਾਨਦਾਰੀ ਨਾਲ ਲੋਕ ਮੁੱਦਿਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੋਵੇ ਅਤੇ ਰਾਜਨੇਤਾਵਾਂ ਦੇ ਕੌੜੇ ਸੱਚ ਜਨਤਾ ਸਾਹਮਣੇ ਰੱਖਣ ਤੋਂ ਗੁਰੇਜ ਨਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੀ ਸਰਕਾਰ ਚੁਣਨ ਵਿਚ ਕੋਈ ਦਿੱਕਤ ਨਾ ਆਵੇ। ਹੁਣ ਲੋੜ ਹੈ ਕਿ ਮੀਡੀਆ ਆਪਣੀ ਸਮਾਜ, ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਇਸ ਨੂੰ ਨਿਭਾਏ। ਕਲਮ ਦੀ ਤਾਕਤ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ। ਕਲਮ ਦੀ ਤਾਕਤ ਦੀ ਵਰਤੋਂ ਕੇਵਲ ਸਾਰਥਿਕ ਪੱਖ ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਹਰ ਖਬਰ ਨਸ਼ਰ ਕਰਨ ਤੋਂ ਪਹਿਲਾਂ ਘੋਖ-ਪੜਤਾਲ ਹੋਵੇ ਅਤੇ ਲੋਕਾਂ ਨੂੰ ਸਨਸਨੀ ਦਾ ਸ਼ਿਕਾਰ ਨਾ ਬਣਾਇਆ ਜਾਵੇ। ਆਮ ਲੋਕਾਂ ਨਾਲ ਸੰਬੰਧਿਤ ਮਸਲਿਆਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਤੇ ਵਧੀਆ ਤਰੀਕੇ ਨਾਲ ਹੋਵੇ ਤਾਂ ਜੋ ਆਮ ਲੋਕਾਂ ਅਤੇ ਮੀਡੀਆ ਵਿਚਕਾਰ ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਭਾਵਨਾ ਵਧੇ। ਮੀਡੀਆ ਅਤੇ ਲੋਕਾਂ ਵਿਚਕਾਰ ਤਾਲਮੇਲ ਕਾਇਮ ਹੋਵੇ ਜੋ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਲਾਜ਼ਮੀ ਹੈ। ਬੇਤੁਕੀਆਂ ਖਬਰਾਂ ਜਾਂ ਹੋਰ ਕਾਰਨਾਂ ਕਰਕੇ ਮੀਡੀਆ ਸਮਾਜ ਵਿਚ ਹਾਸੇ ਦਾ ਪਾਤਰ ਨਾ ਬਣੇ ਬਲਕਿ ਰੱਬ ਦਾ ਰੂਪ ਬਣ ਕੇ ਲੋਕਾਂ ਸਾਹਮਣੇ ਆਵੇ ਤਾਂ ਜੋ ਮੀਡੀਆ ਦੀ ਲੋਕਾਂ ਨਾਲ ਨੇੜਤਾ ਕਾਇਮ ਹੋਵੇ। ਅਜਿਹਾ ਦੇਸ਼ ਅਤੇ ਸਮਾਜ ਲਈ ਹਿਤਕਾਰੀ ਹੋਵੇਗਾ।

Leave a Reply

Your email address will not be published. Required fields are marked *