ਚੋਣਾਂ: ਭਾਈਚਾਰਕ ਸਾਂਝ ਲਈ ਜ਼ਰੂਰੀ ‘ਇਕ ਪਿੰਡ ਇਕ ਬੂਥ’

ਗੋਬਿੰਦਰ ਸਿੰਘ ਢੀਂਡਸਾ

ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਇਸ ਦੇ ਵੱਖੋ ਵੱਖਰੇ ਸਥਾਨਾਂ ’ਤੇ ਸਮੇਂ ਸਮੇਂ ਤੇ ਚੋਣਾਂ ਦਾ ਕੰਮ ਚਲਦਾ ਰਹਿੰਦਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਆਦਿ ਚੋਣਾਂ ਅਹਿਮ ਹਨ ਜੋ ਕਿ ਜਿਨ੍ਹਾਂ ਦਾ ਅਮਲ ਪੰਜੇ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਚਲਦਾ ਰਹਿੰਦਾ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦਾ ਬਿਗਲ ਵੱਜ ਚੁੱਕਾ ਹੈ ਤੇ ਸੂਬੇ ਵਿਚ 20 ਫਰਵਰੀ ਨੂੰ ਇੱਕੋ ਗੇੜ ਵਿੱਚ ਮਤਦਾਨ ਹੋਵੇਗਾ ਅਤੇ 10 ਮਾਰਚ ਨੂੰ ਬਾਕੀ ਦੇ ਚਾਰ ਸੂਬਿਆਂ ਗੋਆ, ਉੱਤਰਾਖੰਡ, ਉੱਤਰਪ੍ਰਦੇਸ਼ ਅਤੇ ਮਨੀਪੁਰ ਨਾਲ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ਵਿੱਚ ਪਹਿਲੀ ਨਜ਼ਰਸਾਨੀ ਵਿੱਚ ਮੁੱਖ ਤੌਰ ’ਤੇ ਮੁਕਾਬਲਾ ਅਕਾਲੀ ਦਲ-ਬਸਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਜਾਪਦਾ ਹੈ, ਹੋਰਨਾਂ ਧਿਰਾਂ ਵਿਚ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ-ਸੰਯੁਕਤ ਸਮਾਜ ਪਾਰਟੀ ਗੱਠਜੋੜ, ਭਾਜਪਾ-ਪੰਜਾਬ ਲੋਕ ਕਾਂਗਰਸ-ਅਕਾਲੀ ਦਲ (ਸੰਯੁਕਤ) ਗੱਠਜੋੜ ਅਤੇ ਲੋਕ ਇਨਸਾਫ਼ ਪਾਰਟੀ ਆਦਿ ਸਰਗਰਮ ਹਨ।

ਇੱਕੋ ਪਿੰਡ/ਮੁਹੱਲੇ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਚੋਣਾਂ ਦੌਰਾਨ ਲੋਕਾਂ ਵਿਚ ਸਮਾਜਿਕ ਤਰੇੜਾਂ ਪੈਦਾ ਹੋਣਾ ਚਿੰਤਾਜਨਕ ਹੈ। ਚੋਣਾਂ ਦੌਰਾਨ ਹਿੰਸਾ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆ ਹਨ ਜੋ ਕਿ ਸਮਾਜਿਕ ਰਿਸ਼ਤਿਆਂ ਦਾ ਘਾਣ ਕਰ ਛੱਡਦੀਆਂ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਦੁਸ਼ਮਣੀ ਦੀ ਪਿਊਂਦ ਲਗਾ ਜਾਂਦੀਆਂ ਹਨ। ਵੋਟਾਂ ਸਮੇਂ ਵੱਖੋ ਵੱਖਰੇ ਧੜਿਆਂ ਨਾਲ ਸਬੰਧਤ ਪਿੰਡਾਂ/ਸ਼ਹਿਰਾਂ ਦੇ ਵੋਟਰ ਲੀਡਰਾਂ ਪਿੱਛੇ ਬਹਿਸ ਕਰਦੇ, ਲੜਦੇ-ਝਗੜਦੇ ਆਮ ਦੇਖੇ ਜਾ ਸਕਦੇ ਹਨ ਤੇ ਇਹ ਕੁੜੱਤਣ ਉਨ੍ਹਾਂ ਦੇ ਪਰਿਵਾਰਕ ਅਤੇ ਸਮਾਜਿਕ ਸਬੰਧਾਂ ਨੂੰ ਖੋਰਾ ਲਾ ਛੱਡਦੀ ਹੈ, ਜਦਕਿ ਸਬੰਧਤ ਵਿਅਕਤੀਆਂ ਦੇ ਲੀਡਰਾਂ ਨੂੰ ਇਨ੍ਹਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਸਿਰਫ਼ ਆਪਣੀ ਕੁਰਸੀ ਲਈ ਇਨ੍ਹਾਂ ਦਾ ਫਾਇਦਾ ਉਠਾਉਂਦੇ ਹਨ। ਅਜੋਕੇ ਲੀਡਰ ਤਾਂ ਡੱਡੂ ਟਪੂਸੀ ਲਾਉਣ ਵਿੱਚ ਮਾਹਿਰ ਹਨ ਕਿਉਂਕਿ ਲੀਡਰਾਂ ਨੂੰ ਇੱਕ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਨਾ ਮਿਲਣ ’ਤੇ ਉਹ ਝੱਟ ਵਿਰੋਧੀ ਪਾਰਟੀ ਵਿੱਚ ਚਲੇ ਜਾਂਦੇ ਹਨ, ਉਸੇ ਪਾਰਟੀ ਤੋਂ ਟਿਕਟ ਪ੍ਰਾਪਤ ਕਰਦੇ ਹਨ ਜਿਸ ਨੂੰ ਪਹਿਲਾਂ ਪਾਣੀ ਪੀ ਪੀ ਭੰਡਦੇ ਰਹੇ ਹੋਣ ਤੇ ਲੀਡਰਾਂ ਪਿੱਛੇ ਅੱਖਾਂ ਮੀਟ ਘੁੰਮਦੇ ਵਰਕਰਾਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਜਾਂਦੇ ਹਨ।

ਪੋਲਿਗ ਸਟੇਸ਼ਨਾਂ ਦੇ ਬਾਹਰ ਵੱਖੋ ਵੱਖਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਲੱਗੇ ਪੋਲਿੰਗ ਬੂਥ ਆਪਸੀ ਪੇਂਡੂ ਭਾਈਚਾਰਕ ਸਾਂਝ ਵਿੱਚ ਕੁੜੱਤਣ ਪੈਦਾ ਕਰਨ ਦਾ ਇਕ ਮੁੱਖ ਕਾਰਨ ਹੈ। ਪੰਜਾਬ ਵਿੱਚ ਵਿਰਲੇ ਹੀ ਪਿੰਡ ਹੋਣਗੇ ਜਿੱਥੇ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਉਨ੍ਹਾਂ ‘ਇੱਕ ਪਿੰਡ ਇੱਕ ਬੂਥ’ ਦਾ ਨਾਅਰਾ ਲਾ ਕੇ ਇਸ ਭਾਈਚਾਰਕ ਸਾਂਝ ਨੂੰ ਅਮਲੀ ਰੂਪ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਹੈ। ਵੋਟ ਪਾਉਣੀ ਹਰ ਬਾਲਗ ਦਾ ਅਪਣਾ ਨਿੱਜੀ ਅਧਿਕਾਰ ਹੈ ਪਰ ਵੋਟਾਂ ਪਿੱਛੇ ਆਪਸੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਕਿਸੇ ਵੀ ਪੱਖੋਂ ਸਲਾਹੁਣਯੋਗ ਨਹੀਂ। ਚੋਣਾਂ ਦੌਰਾਨ ਆਪਣੀ ਗੱਲ ਦਲੀਲ ਦੇ ਆਧਾਰ ’ਤੇ ਸਹੀ ਸ਼ਬਦਾਵਲੀ ਵਿੱਚ ਰੱਖੀ ਜਾ ਸਕਦੀ ਹੈ, ਕਿਸੇ ਨੂੰ ਉਕਸਾਉਣ ਅਤੇ ਨੀਵਾਂ ਵਿਖਾਉਣਾ ਦੀ ਸੋਚ ਆਪ-ਮੁਹਾਰੇ ਰਿਸ਼ਤਿਆਂ ਵਿੱਚ ਪਾਟ ਪਾ ਦਿੰਦੀ ਹੈ। ਚੋਣਾਂ ਤਾਂ ਗੁਜ਼ਰ ਜਾਂਦੀਆਂ ਹਨ ਪਰ ਕਈ ਵਾਰ ਜ਼ਖਮ ਡੂੰਘੇ ਦੇ ਜਾਂਦੀਆਂ ਹਨ, ਸੋ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਪਹਿਲ ਦੇਣੀ ਚਾਹੀਦੀ ਹੈ।

ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾਂ, ਅਗਾਂਹਵਧੂ ਲੋਕਾਂ/ਨੌਜਵਾਨਾਂ ਤੇ ਨੌਜਵਾਨ ਕਲੱਬਾਂ ਨੂੰ ‘ਇੱਕ ਪਿੰਡ ਇੱਕ ਬੂਥ’ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਕਿ ਕੋਈ ਵੀ ਬਾਲਗ ਵੋਟ ਕਿਸੇ ਨੂੰ ਵੀ ਪਾਵੇ ਪਰ ਪੋਲਿੰਗ ਸ਼ਟੇਸ਼ਨ ਦੇ ਬਾਹਰ ਪੋਲਿੰਗ ਬੂਥ ਸਭ ਦਾ ਸਾਂਝਾਂ ਇੱਕ ਹੀ ਲੱਗੇਗਾ ਤੇ ਸਾਰੇ ਮਿਲ ਕੇ ਏਕੇ ਦਾ ਸਬੂਤ ਦੇਣਗੇ ਜਿਸ ਨਾਲ ਚੋਣਾਂ ਦੌਰਾਨ ਆਈ ਆਪਸੀ ਕੁੜੱਤਣ ਨੂੰ ਵੀ ਕੁਝ ਠੱਲ੍ਹ ਪਵੇਗੀ ਅਤੇ ਭਾਈਚਾਰਕ ਸਾਂਝ ਦੀ ਬੂਟੀ ਦੀ ਮਹਿਕ ਸਾਰੇ ਪਿੰਡ ਅਤੇ ਸ਼ਹਿਰ/ਮੁਹੱਲਿਆਂ ਨੂੰ ਖੁਸ਼ਬੋਆਂ ਵੰਡੇਗੀ।

Leave a Reply

Your email address will not be published. Required fields are marked *