ਲੋਕਾਂ ’ਚ ਸਿਆਸੀ ਚੇਤਨਾ ਦੀ ਲੋੜ

ਬਲਜਿੰਦਰ ਸਿੰਘ ਬਾਲੀ ਰੇਤਗੜ੍ਹ

ਗੰਜਿਆਂ ਨੂੰ ਕੰਘੇ ਵੇਚ ਜਾਣਾ ਚਾਤੁਰ ਹੋਣ ਦੀ ਨਿਸ਼ਾਨੀ ਹੈ। ਇਹ ਛਲੀ ਹੋਣ ਦਾ ਸੰਕੇਤ ਹੈ। ਅਜੋਕੀ ਸਿਆਸਤ ਛਲ- ਕਪਟ ਦੀ ਨੀਤੀ ਦੇ ਦਾਅ ਲਾ ਕੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਗੁੰਮਰਾਹ ਕਰ ਰਹੀ ਹੈ। ਸੱਤਾ ਦੀ ਲਾਲਸਾ ਇੰਨੀ ਵਧ ਗਈ ਕਿ ਮਨੁੱਖ ਨੇ ਮਨੁੱਖਤਾ ਤੇ ਨੈਤਿਕਤਾ ਹੀ ਦਫ਼ਨਾ ਦਿੱਤੀ ਹੈ। ਹਰ ਰਾਜਨੀਤਕ ਦਲ, ਹਰ ਸੰਸਥਾ, ਹਰ ਸੰਗਠਨ ਵਿਚ ਸ਼ਾਤਰ ਲੋਕ ਘਰ ਬਣਾ ਬੈਠੇ ਹਨ। ਆਮ ਲੋਕਾਂ ਦੀਆਂ ਇਛਾਵਾਂ ਤੇ ਅਧਿਕਾਰਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੌਣ ਕਦੋਂ ਗੰਦੀ ਸਿਆਸਤ ਦਾ ਕੀ ਦਾਅ ਚਲਾ ਕੇ ਧੋਬੀ ਪਟਕਾ ਮਾਰ ਜਾਵੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਆਪਣਾ ਉੱਲੂ ਸਿੱਧਾ ਕੀਤਾ ਤੇ ਠਹਾਕੇ ਮਾਰ ਤੁਰਦੇ ਬਣੋ।

ਸਮਾਜ ਦਾ ਇਕ ਅਹਿਮ ਥੰਮ੍ਹ ਹੈ ਵਿਸ਼ਵਾਸ। ਜਦੋਂ ਸਾਡਾ ਆਪਸੀ ਵਿਸ਼ਵਾਸ ਹੀ ਖਤਮ ਹੋ ਗਿਆ ਤਾਂ ਭਾਈਚਾਰਕ ਸਾਂਝਾਂ ਉਡ-ਪੁਡ ਜਾਣਗੀਆਂ। ਕਿਸੇ ’ਤੇ ਵਿਸ਼ਵਾਸ ਯਕੀਨੀਨ ਬਣਾਈ ਰੱਖਣਾ ਤੇ ਵਿਸ਼ਵਾਸ ਟੁੱਟਣ ’ਤੇ ਜੋ ਤਰੇੜ ਸਮਾਜਿਕ ਸਾਂਝਾਂ ਵਿੱਚ ਪੈਂਦੀ ਹੈ, ਉਹ ਨਾਭਰਨ ਯੋਗ ਹੁੰਦੀ ਹੈ। ਸਾਡੇ ਅੰਨ੍ਹੇ ਵਿਸ਼ਵਾਸ ਦਾ ਨਜਾਇਜ਼ ਫਾਇਦਾ ਲੂੰਮੜ ਜਿਹੇ ਚਲਾਕ ਤੇ ਘਟੀਆ ਆਚਰਣ ਦੇ ਲੋਕ ਚੁੱਕਦੇ ਰਹਿੰਦੇ ਹਨ। ਇਨ੍ਹਾਂ ਤੋਂ ਬਚਾਅ ਰੱਖਣ ਲਈ ਹਰ ਇਨਸਾਨ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਭੋਲੇਪਣ ਦਾ ਤਮਾਸ਼ਾ ਨਾ ਬਣੇ ਤੇ ਸਾਡੀਆਂ ਭਾਵਨਾਵਾਂ ਨਾਲ਼ ਖਿਲਵਾੜ ਨਾ ਹੋਵੇ, ਇਹ ਸਮਾਜਿਕ ਚੇਤਨਾ ਹਰ ਵੱਡੇ ਛੋਟੇ ਇਨਸਾਨ ਵਿੱਚ ਹੋਣੀਬਹੁਤ ਜ਼ਰੂਰੀ ਹੈ ਤੇ ਇਹ ਅੱਜ ਸਮੇਂ ਦੀ ਮੰਗ ਹੈ।

ਲਾਲਸੀ ਤੇ ਫ਼ੁਕਰੇ ਲੋਕਾਂ ਨੇ ਜਲਦੀ ਅਮੀਰ ਹੋਣ ਦਾ ਰਾਹ ਸਿਆਸੀ ਸੱਤਾ ਦੀ ਪ੍ਰਾਪਤੀ ਦਾ ਲੱਭਿਆ ਹੈ। ਆਪਣੀ ਧੌਂਸ ਜਮਾਉਣ ਲਈ ਤੇ ਧੌਂਸ ਕਾਇਮ ਰੱਖਣ ਲਈ ਇਹ ਪੂਰੀ ਤਰ੍ਹਾਂ ਗੈਰ-ਇਖ਼ਲਾਕੀ ਹੋ ਤੁਰਦੇ ਹਨ। ਇਨ੍ਹਾਂ ਦਾ ਕਿਰਦਾਰ ਮਨਫ਼ੀ ਹੋ ਜਾਂਦਾ ਹੈ। ਦੇਸ਼ ਸੇਵਾ, ਲੋਕ ਸੇਵਾ ਦੇ ਨਾਂਅ ’ਤੇ ਵੱਡੇ ਵੱਡੇ ਪ੍ਰਾਪੇਗੰਡਾ ਤੇ ਡਰਾਮੇ ਕਰ ਕੇ ਭੋਲੇ ਲੋਕਾਂ ਨੂੰ ਭੇਡਾਂ ਵਾਂਗ ਪਿੱਛੇ ਲਾ ਲੈਂਦੇ ਹਨ। ਇਨ੍ਹਾਂ ਦੀ ਸੁੰਘਾਈ ਗਿੱਦੜ ਸਿੰਗੀ ਨੌਜਵਾਨ ਵਰਗ ਨੂੰ ਕੁਰਾਹੇ ਪਾ ਕੇ ਤਬਾਹ ਕਰ ਦਿੰਦੀ ਹੈ।

ਸਾਇਰਨ ਮਾਰਦੀਆਂ ਅਲੀਸ਼ਾਨ ਗੱਡੀਆਂ ਦੀ ਧੂੜ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਖੜਪੰਚਾਂ ਨੂੰ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਲਈ ਕੁਝ ਤੋਂ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ। ਸਿਆਸਤਦਾਨਾਂ ਦੇ ਮਾੜੇ ਅਸ਼ੀਰਵਾਦ ਅਪਰਾਧ ਨੂੰ ਜਨਮ ਦੇ ਰਹੇ ਹਨ। ਇਹ ਲੋਕ ਸਮਾਜ ਦੀਆਂ ਧੜੇਬੰਦੀਆਂ ਨੂੰ ਚੋਗਾ ਪਾ ਕੇ ਲਾਲਚੀ ਲੋਕਾਂ ਨੂੰ ਹੀ ਨਹੀਂ ਸਗੋਂ ਭੋਲੇ-ਭਾਲੇ ਲੋਕਾਂ ਨੂੰ ਵੀ ਆਪਣੇ ਪਾਲਤੂ ਬਣਾ ਕੇ ਆਪਣੇ ਹਿੱਤਾਂ ਦੀ ਪੂਰਤੀ ਕਰ ਰਹੇ ਹਨ। ਪਿੰਡਾਂ ਤੇ ਸ਼ਹਿਰੀ ਮੁਹੱਲਿਆਂ ਵਿਚ ਆਪਣੇ ਚਮਚੇ ਤਿਆਰ ਕਰਕੇ ਹਰ ਗਲੀ ਹਰ ਨੁੱਕਰ ਦੀ ਖਬਰਸਾਰ ਰੱਖਦੇ ਹਨ। ਕੌਣ ਇਨ੍ਹਾਂ ਦੇ ਵਿਰੁੱਧ ਚੱਲ ਰਿਹਾ ਹੈ, ਇਹ ਚਮਚੇ ਗੁਪਤਚਰ ਲਾਈਆਂ-ਬੁਝਾਈਆਂ ਲਾ ਕੇ ਸਿਆਸੀ ਨੇਤਾਵਾਂ ਦੇ ਭਾਂਡੇ ਚੁੱਕ ਬਣ ਕੇ ਆਪਣਾ ਪ੍ਰਭਾਵ ਸਰਕਾਰੇ ਦਰਬਾਰੇ ਬਣਾਉਣ ਦੀ ਤਾਕ ਵਿਚ ਸਰਗਰਮ ਰਹਿੰਦੇ ਹਨ। ਅਜੋਕੀ ਰਾਜਨੀਤੀ ਦੇਸ਼ ਜਾਂ ਰਾਜ ਦੇ ਵਿਕਾਸ ਦੀ ਪੈਰਵੀ ਨਹੀਂ ਸਗੋਂ ਵਿਨਾਸ਼ ਦੀ ਨਿਸ਼ਾਨਦੇਹੀ ਕਰ ਰਹੀ ਹੈ। ਆਮ ਲੋਕਾਂ ਦੀ ਸੇਵਾ ਲਈ ਨਹੀਂ ਬਲਕਿ ਆਪਣੀਆਂ ਅਗਲੀਆਂ ਪੁਸ਼ਤਾਂ ਲਈ ਜਾਇਦਾਦ, ਦੌਲਤ, ਸਾਧਨਾਂ ਤੇ ਸੱਤਾ-ਸ਼ਕਤੀ ’ਤੇ ਕਾਬਜ਼ ਹੋਣ ਲਈ ਤੱਤਪਰ ਹੈ। ਭਾਈ-ਭਤੀਜਾਵਾਦ, ਸਾਲਾ-ਜੀਜਾਵਾਦ, ਕੁੜਮਵਾਦ ਕਾਵਾਂ ਵਾਂਗ ਇਕ-ਦੂਜੇ ਲਈ ਦਾਅ-ਪੇਚ ਲਾ ਰਿਹਾ ਹੈ। ਪੰਜ-ਸੱਤ ਸਾਲਾਂ ਵਿੱਚ ਹੀ ਕਰੋੜਪਤੀ ਬਣ ਜਾਣਾ ਭਾਰਤੀ ਸਿਆਸੀ ਸਿਸਟਮ ਵਿੱਚ ਬੜਾ ਸੌਖਾ ਹੈ।

ਆਮ ਲੋਕਾਂ ਦੀ ਗ਼ੈਰ-ਜਿੰਮੇਵਰਾਨਾ ਸੋਚ ਇਹੋ ਜਿਹੇ ਸ਼ਾਤਰ ਠੱਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਸਿਆਸੀ ਸੂਝ-ਬੂਝ ਨਾ ਹੋਣਾ ਇਸ ਦਾ ਅਹਿਮ ਕਾਰਨ ਹੈ। ਸਰਕਾਰਾਂ ਦੀ ਨੀਅਤ ਅਤੇ ਨੀਅਤੀ ਵਲੋਂ ਅਵੇਸਲੇ ਹੋਣਾ ਦੇਸ਼ ਲਈ ਬਹੁਤ ਵੱਡਾ ਸੰਕਟ ਪੈਦਾ ਕਰ ਰਿਹਾ ਹੈ। ਵਿਧਾਨ ਸਭਾਵਾਂ ਦੇ ਮੈਂਬਰਾਂ ਤੇ ਸੰਸਦੀ ਮੈਂਬਰਾਂ ਦਾ ਵਿੱਦਿਅਕ ਪੱਖੋਂ ਅਯੋਗ ਹੋਣਾ ਉਸ ਤੋਂ ਵੀ ਘਾਤਕ ਹੈ। ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਮੈਂਬਰ, ਮੰਤਰੀ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾ ਤੇ ਅੰਤਰਾਸ਼ਟਰੀ ਭਾਸ਼ਾ ਦੇ ਗਿਆਨੀ ਹੋਣੇ ਲਾਜ਼ਮੀ ਹੋਣ। ਵਿਕਾਊ ਤੇ ਅਪਰਾਧੀ ਲੋਕਾਂ ਦਾ ਦਾਖਲਾ ਸੰਸਦ ਤੇ ਵਿਧਾਨ ਸਭਾਵਾਂ ’ਚੋਂ ਬਿਲਕੁਲ ਬੰਦ ਹੋਵੇ। ਭਾਰਤੀ ਸੰਵਿਧਾਨ ਦਾ ਵਿਸ਼ਲੇਸ਼ਣ ਕਰਨ ਵਾਲੇ ਕਾਨੂੰਨੀ ਮਾਹਿਰ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕੋਸ਼ਿਸ਼ ਪਾਰਟੀਬਾਜ਼ੀ ਤੋਂ ਉਠ ਕੇ ਕਰਨ। ਕਿਸਾਨ ਅੰਦੋਲਨ ਜਿਹੇ ਅੰਦੋਲਨਾਂ ਨੇ ਕ੍ਰਾਂਤੀਕਾਰੀ ਸਮਾਜਿਕ ਬਦਲਾਅ ਲਿਆਂਦਾ ਹੈ। ਰਾਜਨੀਤਿਕ ਸੂਝ-ਬੂਝ ਪੈਦਾ ਕੀਤੀ ਹੈ। ਸਰਕਾਰ ਦੀਆਂ ਲੋਕ ਮਾਰੂ ਗੈਰਜ਼ਿੰਮੇਵਾਰੀਆਂ ਤੇ ਅਣਗਹਿਲੀਆਂ ਨੂੰ ਧਿਆਨ ਵਿਚ ਲਿਆ ਕੇ ਰਾਜਨੀਤਿਕ ਜਾਗਰੂਕਤਾ ਪੈਦਾ ਕੀਤੀ ਹੈ। ਇਹ ਜਾਗ੍ਰਿਤੀ ਦੇਸ਼ ਤੇ ਸੰਵਿਧਾਨ ਦੇ ਹਿੱਤਾਂ ਲਈ ਬਹੁਤ ਅਹਿਮ ਹੈ, ਜਿਸ ਨੂੰ ਅੱਗੇ ਵਧਾਉਣ ਦੀ ਲੋੜ ਹੈ।

Leave a Reply

Your email address will not be published. Required fields are marked *