ਔਰਤਾਂ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਦੀ ਘਾਟ (-ਪ੍ਰੋ. ਹਰਗੁਣਪ੍ਰੀਤ ਸਿੰਘ)

ਸਰੀਰ ਦੇ ਸੈੱਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ਕੈਂਸਰ ਕਿਹਾ ਜਾਂਦਾ ਹੈ। ਭਾਵੇਂ ਵਿਗਿਆਨ ਅਜੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕਿਆ ਪਰ ਫ਼ਿਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵੱਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਅਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ।
ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਲਗਭਗ ਨੌ ਲੱਖ ਵਿਅਕਤੀ ਕੈਂਸਰ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਵੱਧ ਹੈ। ਇਸ ਰਿਪੋਰਟ ਨੇ ਛਾਤੀ ਦੇ ਕੈਂਸਰ ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਦੂਸਰੇ ਸਥਾਨ ਉਪਰ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਔਰਤਾਂ ਵਿੱਚ ਛਾਤੀ ਦਾ ਕੈਂਸਰ ਸਾਰੇ ਕੈਂਸਰਾਂ ਦਾ 25-32 ਫ਼ੀਸਦ ਹੁੰਦਾ ਹੈ, ਸਰਵਾਈਕਲ ਜਾਂ ਸਰਵਿਕਸ ਕੈਂਸਰ ਔਰਤਾਂ ਵਿੱਚ ਦੂਸਰਾ ਸਭ ਤੋਂ ਆਮ ਕੈਂਸਰ ਹੈ ਅਤੇ ਕੈਂਸਰ ਦੇ ਮਾਮਲਿਆਂ ਦਾ 16.5 ਫ਼ੀਸਦ ਹਿੱਸਾ ਹੈ। ਓਵੇਰਿਅਨ ਕੈਂਸਰ ਤੀਸਰਾ ਮੁੱਖ ਕੈਂਸਰ ਹੈ ਅਤੇ ਦੇਸ਼ ਵਿਚ ਔਰਤਾਂ ਵਿਚ ਹੋਣ ਵਾਲੇ ਸਾਰੇ ਕੈਂਸਰ ਦਾ ਲਗਭਗ 6.2 ਫ਼ੀਸਦ ਹੈ। ਭਾਰਤ ਵਿਚ ਕੇਵਲ 1 ਫ਼ੀਸਦ ਔਰਤਾਂ 2 ਸਾਲਾਂ ਦੀ ਮਿਆਦ ਵਿਚ ਕਿਸੇ ਵੀ ਕਿਸਮ ਦੀ ਕੈਂਸਰ ਸਕ੍ਰੀਨਿੰਗ ਪ੍ਰਕਿਰਿਆ ਵਿਚੋਂ ਲੰਘਦੀਆਂ ਹਨ। ਇਸ ਲਈ ਔਰਤਾਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਕੈਂਸਰ ਪਰੀਵੈਨਸ਼ਨ ਐਂਡ ਰਿਸਰਚ ਨੋਇਡਾ ਦੀ ਰਿਪੋਰਟ ਅਨੁਸਾਰ ਵੀ 27 ਫ਼ੀਸਦ ਭਾਰਤੀ ਔਰਤਾਂ ਬਰੈਸਟ ਕੈਂਸਰ ਅਤੇ 23 ਫ਼ੀਸਦ ਔਰਤਾਂ ਨੂੰ ਸਰਵਿਕਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਦੱਸਿਆ ਗਿਆ। ਇਸ ਰਿਪੋਰਟ ਮੁਤਾਬਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ। ਫ਼ੈਡਰੇਸ਼ਨ ਆਫ਼ ਇੰਡੀਅਨ ਚੈਮਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤੱਕ ਨਿਰੰਤਰ ਵੱਧਦੀ ਜਾ ਰਹੀ ਹੈ ਕਿ ਦੁਨੀਆ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ।
ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ਉੱਤੇ ਕਰਵਾਈਆਂ ਜਨਸੰਖਿਆ ਆਧਾਰਿਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਬਰੈਸਟ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ। ਏਮਜ਼ ਹਸਪਤਾਲ ਵਿੱਚ ਸਰਜੀਕਲ ਆਨਕਾਲੌਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਐੱਸਵੀਐੱਸ ਦੇਵ ਕਹਿੰਦੇ ਹਨ ਕਿ ਪਿਛਲੇ 10 ਤੋਂ 15 ਸਾਲਾਂ ਵਿੱਚ ਨੌਜਵਾਨ ਔਰਤਾਂ ਵਿੱਚ ਕੈਂਸਰ ਦੇ ਮਾਮਲੇ ਜ਼ਿਆਦਾ ਆ ਰਹੇ ਹਨ ਅਤੇ ਬਰੈਸਟ ਕੈਂਸਰ ਦੇ ਮਾਮਲਿਆਂ ਵਿੱਚ ਉਹ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ।
ਅਖਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਅਤੇ ਇੰਟਰਵਿਊ ਜਿੱਥੇ ਸਾਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ, ਉੱਥੇ ਇਸ ਬਿਮਾਰੀ ਉਤੇ ਜਿੱਤ ਪ੍ਰਾਪਤ ਕਰ ਚੁੱਕੇ ਕੈਂਸਰ ਸਰਵਾਈਵਰਾਂ ਦੇ ਤਜਰਬੇ ਸਾਂਝੇ ਕਰਕੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ, ਸੋਨਾਲੀ ਬੇਂਦਰੇ ਅਤੇ ਮਨੀਸ਼ਾ ਕੋਇਰਾਲਾ ਤੋਂ ਇਲਾਵਾ ਹੌਲੀਵੁੱਡ ਅਦਾਕਾਰਾ ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫ਼ਿਲਮਾਂ ਅਤੇ ਦਸਤਾਵੇਜ਼ੀ ਦੁਆਰਾ ਮੀਡੀਆ ਦਾ ਉਸਾਰੂ ਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣਾਕੇ ਇਕ ਮਿਸਾਲ ਕਾਇਮ ਕੀਤੀ।