ਚੋਣਾਂ ਵਿੱਚ ‘ਬੇਗਾਨੇ’ ਹੋਏ ਨੌਜਵਾਨ

ਸ਼ਿਆਮ ਸੁੰਦਰ ਦੀਪਤੀ

ਜਦੋਂ ਵੀ ਨੌਜਵਾਨਾਂ ਦੀ ਗੱਲ ਚੱਲਦੀ ਹੈ ਤਾਂ ਸਿੱਖਿਆ ਅਤੇ ਬੇਰੁਜ਼ਗਾਰੀ ਮੁੱਦਾ ਬਣਦੇ ਹਨ। ਇਸ ਤੋਂ ਬਾਅਦ ਪਰਵਾਸ ਅਤੇ ਨਸ਼ੇ ਦੀ ਗੱਲ ਤੁਰਦੀ ਹੈ। ਪੰਜਾਬ ਤੋਂ ਹੋ ਰਹੇ ਬ੍ਰੇਨ ਡਰੇਨ ਦੀ ਗੱਲ ਵੀ ਉੱਭਰਦੀ ਹੈ। ਪੰਜਾਬ ਦੇ ਘਰਾਂ ਦਾ ਨੌਜਵਾਨਾਂ ਪੱਖੋਂ ਖਾਲੀ ਹੋ ਜਾਣਾ ਅਤੇ ਪਿੱਛੇ ਬਜ਼ੁਰਗਾਂ ਦਾ ਰਹਿ ਜਾਣਾ ਬਾਰੇ ਵੀ ਸਵਾਲ ਖੜ੍ਹੇ ਹੁੰਦੇ ਹਨ, ਪਰ ਇਸ ਉਮਰ ਦੀ ਤਾਕਤ, ਇਸ ਵਰਗ ਦੀ ਊਰਜਾ ਦੀ ਮਾਨਸਿਕਤਾ ’ਤੇ ਕਿਧਰੇ ਗੱਲ ਨਹੀਂ ਹੁੰਦੀ। ਚੋਣਾਂ ਵਿੱਚ ਕਿਸੇ ਵੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੁੱਦਾ ਨਹੀਂ ਬਣਾਇਆ ਜਾਂਦਾ।

ਸਾਨੂੰ ਇਹ ਸਮੱਸਿਆ ਦਿਸਦੀ ਹੈ, ਮਹਿਸੂਸ ਹੁੰਦੀ ਹੈ, ਪਰ ਉਸ ਦੀ ਤਹਿ ਤਕ ਜਾਣ ਲਈ ਕੋਈ ਤਿਆਰ ਨਹੀਂ। ਅਸਲ ਵਿੱਚ ਤਹਿ ’ਤੇ ਪਹੁੰਚ ਕੇ ਸਮੱਸਿਆ ਦੇ ਸਹੀ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਹੀ ਇਲਾਜ ਲਈ ਸਹੀ ਦਿਸ਼ਾ ਮਿਲਦੀ ਹੈ। ਅਸੀਂ ਜਾਣਦੇ ਹਾਂ ਕਿ ਇਸ ਉਮਰ ਦੇ ਕਈ ਗੁਣ-ਔਗੁਣ, ਖਾਸੀਅਤਾਂ ਹਨ ਜਿਸ ਵਿੱਚ ਨਸ਼ੇ, ਬੇਚੈਨੀ, ਬੇਰੁਜ਼ਗਾਰੀ, ਗੁੱਸਾ, ਹੁੱਲੜਬਾਜ਼ੀ, ਅਨੁਸ਼ਾਸਨਹੀਣਤਾ ਅਤੇ ਹੋਰ ਕਈ ਕੁਝ ਸ਼ਾਮਲ ਹੈ, ਪਰ ਇਸ ਦੀ ਇੱਕ ਤਸਵੀਰ ਹੋਰ ਵੀ ਹੈ ਜੋ ਸਾਡੇ ਲਈ ਜਾਣਨੀ ਜ਼ਰੂਰੀ ਹੈ।

ਨੌਜਵਾਨਾਂ ਵਿੱਚ ਏਡਜ਼ ਦੀ ਬਿਮਾਰੀ ਬਾਰੇ ਚਰਚਾ ਘੱਟ ਹੈ। 16 ਤੋਂ 24 ਸਾਲ ਦੇ ਨੌਜਵਾਨ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਦੂਸਰੀ ਗੱਲ ਵੀ ਹੈਰਾਨ ਕਰਦੀ ਹੈ ਕਿ ਖੁਦਕੁਸ਼ੀਆਂ ਵੀ ਇਸੇ ਉਮਰ ਵਿੱਚ ਭਾਵ 16 ਤੋਂ 24 ਸਾਲ ਦੌਰਾਨ ਸਭ ਤੋਂ ਵੱਧ ਹੁੰਦੀਆਂ ਹਨ। ਕਿਸਾਨੀ ਖੁਦਕੁਸ਼ੀਆਂ ਨੂੰ ਵੱਧ ਚਰਚਾ ਮਿਲਦੀ ਹੈ ਤੇ ਉਹ ਰਾਜਨੀਤਕ ਮੁੱਦਾ ਵੀ ਬਣਦੀਆਂ ਹਨ, ਪਰ ਨੌਜਵਾਨਾਂ ਦੀਆਂ ਖੁਦਕੁਸ਼ੀਆਂ ਦਾ ਸਿੱਧਾ ਸਬੰਧ ਬਾਰ੍ਹਵੀਂ ਜਮਾਤ ਤੋਂ ਬਾਅਦ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਨਾ ਮਿਲਣ ਕਾਰਨ ਪੈਦਾ ਹੋਈ ਨਿਰਾਸ਼ਾ ਕਰਕੇ ਹੈ। ਕਿਸਾਨ ਖੁਦਕੁਸ਼ੀਆਂ ਦੀ ਗੂੰਜ ਸੰਸਦ ਵਿੱਚ ਵੀ ਪੈਂਦੀ ਹੈ, ਪਰ ਇਨ੍ਹਾਂ ਨੌਜਵਾਨਾਂ ਨੂੰ ਲੈ ਕੇ ਕੋਈ ਚਿੰਤਾ ਨਹੀਂ ਕੀਤੀ ਜਾ ਰਹੀ। ਇਸ ਪ੍ਰਤੀ ਸਾਰੀਆਂ ਰਾਜਨੀਤਕ ਪਾਰਟੀਆਂ ਚੁੱਪ ਹਨ। ਇਸ ਉਮਰ ਵਿੱਚ ਨਸ਼ਿਆਂ ਦੀ ਸਥਿਤੀ ਬਾਰੇ ਵੀ ਸਭ ਨੂੰ ਪਤਾ ਹੈ, ਪਰ ਸੜਕ ਹਾਦਸਿਆਂ ਵਿੱਚ ਮਰਨ ਅਤੇ ਅਪਾਹਜ ਹੋਣ ਵਾਲਿਆਂ ਵਿੱਚ ਵੀ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।

ਸਾਡੇ ਦਿਮਾਗ਼ ਵਿੱਚ ਨੌਜਵਾਨਾਂ ਪ੍ਰਤੀ ਅਜਿਹੀ ਸੋਚ ਬਣ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਫੈਸ਼ਨਪ੍ਰਸਤ, ਖਰਚੀਲੇ, ਸਮਾਂ ਬਰਬਾਦ ਕਰਨ ਵਾਲੇ, ਮੌਜ ਮਸਤੀ, ਇੰਟਰਨੈੱਟ ’ਤੇ ਸਮਾਂ ਬਰਬਾਦ ਕਰਨ ਵਾਲੇ ਕਿਹਾ ਜਾਂਦਾ ਹੈ, ਪਰ ਪੌਰਨ ਫ਼ਿਲਮਾਂ ਦੇਖਣ ਬਾਰੇ ਵੀ ਇਹ ਵਰਗ ਹਮੇਸ਼ਾਂ ਨਿਸ਼ਾਨੇ ’ਤੇ ਰਹਿੰਦਾ ਹੈ। ਨੌਜਵਾਨਾਂ ਬਾਰੇ ਇਹ ਸਾਰੇ ਪਹਿਲੂ ਬਿਲਕੁਲ ਦਰੁਸਤ ਹਨ, ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ। ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਨਸ਼ੇ, ਖੁਦਕੁਸ਼ੀ, ਸੜਕ ਹਾਦਸੇ, ਏਡਜ਼ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਇਹ ਹੀ ਕਿਉਂ ਹਨ? ਇਹ ਸਭ 16 ਤੋਂ 24 ਸਾਲ ਦੀ ਉਮਰ ਵਿੱਚ ਹੀ ਕਿਉਂ ਵਾਪਰਦਾ ਹੈ। ਕੀ ਇਨ੍ਹਾਂ ਸਭ ਅਲਾਮਤਾਂ ਦਾ ਉਮਰ ਨਾਲ ਸਬੰਧ ਹੈ ਜਾਂ ਕੋਈ ਸਾਂਝਾ ਪਹਿਲੂ ਹੈ ਜੋ ਇਨ੍ਹਾਂ ਨੂੰ ਪੈਦਾ ਕਰਦਾ ਹੈ। ਕੋਈ ਇਸ ਨੂੰ ਇਸ ਉਮਰ ਦੇ ਹਾਰਮੋਨਜ਼ ਨਾਲ ਵੀ ਜੋੜਦਾ ਹੈ ਕਿਉਂਕਿ ਇਹ ਸਭ ਅਲਾਮਤਾਂ ਉਮਰ ਦੀ ਬੇਚੈਨੀ ਅਤੇ ਗੁੱਸੇ ਨਾਲ ਵੀ ਜੋੜੀਆਂ ਜਾਂਦੀਆਂ ਹਨ।

ਨੌਜਵਾਨਾਂ ਦੇ ਗੁੱਸੇ ਨੂੰ ਵਿਸ਼ੇਸ਼ ਤੌਰ ’ਤੇ ਨਾਜਾਇਜ਼ ਕਹਿ ਕੇ ਨਿੰਦਿਆ ਜਾਂਦਾ ਹੈ, ਪਰ ਗੁੱਸੇ ਬਾਰੇ ਮਨੋਵਿਗਿਆਨਕ ਸਚਾਈ ਹੈ ਕਿ ਗੁੱਸਾ ਕਦੇ ਵੀ ਨਾਜਾਇਜ਼ ਨਹੀਂ ਹੁੰਦਾ। ਗੁੱਸੇ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਨਸ਼ੇ ਜਾਂ ਖੁਦਕੁਸ਼ੀ, ਗੁੱਸਾ ਜਾਂ ਏਡਜ਼ ਆਦਿ ਦਾ ਵਿਸ਼ਾਣੂ ਉਮਰ ਦੀ ਆਮਦ ਕਾਰਨ ਨਹੀਂ ਹੈ। ਇਹ ਮੰਨ ਲਿਆ ਕਿ 65 ਫੀਸਦੀ ਨੌਜਵਾਨ ਨਸ਼ਾ ਕਰਦੇ ਹਨ ਜਾਂ ਵੱਡੀ ਗਿਣਤੀ ਵਿੱਚ ਨੌਜਵਾਨ ਉਦਾਸੀ ਜਾਂ ਬੇਚੈਨੀ ਦੀ ਅਵਸਥਾ ਵਿੱਚ ਹਨ। ਇਸ ਕਾਰਨ ਉਹ ਖੁਦਕੁਸ਼ੀ ਵੱਲ ਵਧਦੇ ਹਨ, ਪਰ ਫਿਰ ਵੀ 35 ਫੀਸਦੀ ਨੌਜਵਾਨ ਹਨ ਜੋ ਨਸ਼ਾ ਨਹੀਂ ਕਰਦੇ। ਇਨ੍ਹਾਂ ਵਿੱਚੋਂ ਵੀ ਕਾਫ਼ੀ ਨੌਜਵਾਨ ਉਦਾਸ ਜਾਂ ਨਿਰਾਸ਼ ਨਹੀਂ ਹਨ। ਉਹ ਖੁਦਕੁਸ਼ੀ ਬਾਰੇ ਵੀ ਨਹੀਂ ਸੋਚਦੇ। ਕਈ ਨੌਜਵਾਨ ਆਈ.ਆਈ.ਟੀ., ਮੈਨੇਜਮੈਂਟ, ਡਾਕਟਰੀ ਅਤੇ ਇੰਜੀਨੀਅਰਿੰਗ ਵਿੱਚ ਮੱਲਾਂ ਮਾਰਦੇ ਹਨ ਤੇ ਵੱਡੀਆਂ ਤੇ ਨਾਮੀ ਕੰਪਨੀਆਂ ਵਿੱਚ ਵੱਡੇ ਅਹੁਦੇ ਸੰਭਾਲ ਰਹੇ ਹਨ।

ਜੇਕਰ ਇਸ ਉਮਰ ਦੀ ਮਾਨਸਿਕਤਾ ਦੀ ਗੱਲ ਕਰੀਏ ਤਾਂ ਇਹ ਉਮਰ ਸੁਪਨੇ ਲੈਣ ਅਤੇ ਤਜਰਬੇ ਕਰਨ ਦੀ ਹੈ। ਉਨ੍ਹਾਂ ਨੂੰ ਸੁਪਨੇ ਲੈਣੇ ਵੀ ਆਉਂਦੇ ਹਨ। ਉਨ੍ਹਾਂ ਨੂੰ ਇਹ ਸੁਪਨੇ ਪੂਰੇ ਵੀ ਕਰਨੇ ਆਉਂਦੇ ਹਨ। ਜਿੱਥੇ ਕਿਤੇ ਇਹ ਸੁਪਨੇ ਪੂਰੇ ਨਹੀਂ ਹੁੰਦੇ, ਉੱਥੇ ਉਨ੍ਹਾਂ ਦੇ ਆਲੇ ਦੁਆਲੇ ਦਾ ਮਾਹੌਲ ਅੜਿੱਕਾ ਬਣਦਾ ਹੈ। ਪਰਿਵਾਰ ਦੀ ਕੋਈ ਮਜਬੂਰੀ ਹੋ ਸਕਦੀ ਹੈ, ਪਰ ਦੇਸ਼ ਨੂੰ ਇਨ੍ਹਾਂ ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਦਾ ਰਾਹ ਖੋਲ੍ਹਣਾ ਚਾਹੀਦਾ ਹੈ, ਪਰ ਬਹੁਤ ਹੱਦ ਤੱਕ ਇਹ ਹੀ ਅੜਿੱਕਾ ਬਣਦਾ ਹੈ।

ਇਸ ਦਾ ਕਾਰਨ ਹੈ ਕਿ ਦੇਸ਼ ਕੋਲ ਨੌਜਵਾਨਾਂ ਦੀ ਊਰਜਾ ਪਛਾਣਨ ਅਤੇ ਉਸ ਦਾ ਸਹੀ ਉਪਯੋਗ ਕਰਨ ਦੀ ਦ੍ਰਿਸ਼ਟੀ ਨਹੀਂ ਹੈ। ਇਸ ਕਾਰਨ ਦੇਸ਼ ਦੇ ਹਾਲਾਤ ਇੱਕ ਵਧੀਆ ਸ਼ਖ਼ਸੀਅਤ ਵਾਲੇ ਨੌਜਵਾਨ ਨੂੰ ਭੀੜ ਵਿੱਚ ਬਦਲ ਦਿੰਦੇ ਹਨ। ਇਸ ਉਮਰ ਬਾਰੇ ਇੱਕ ਸਮਝ ਬਣਾਈ ਤੇ ਪ੍ਰਚਾਰੀ ਗਈ ਹੈ ਕਿ ਇਸ ਉਮਰ ਵਿੱਚ ਜੋਸ਼ ਹੁੰਦਾ ਹੈ, ਹੋਸ਼ ਨਹੀਂ। ਮੰਨ ਲਿਆ ਕਿ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਹੁੰਦੀ, ਫਿਰ ਇਨ੍ਹਾਂ ਵਿੱਚੋਂ ਕਈ ਆਪਣੇ ਕਾਰਜਾਂ/ਕੋਰਸਾਂ ਵਿੱਚ ਅਗਲੀਆਂ ਥਾਵਾਂ ’ਤੇ ਕਿਵੇਂ ਪਹੁੰਚਦੇ ਹਨ? ਦਰਅਸਲ, ਉਨ੍ਹਾਂ ਦੇ ਜੋਸ਼ ਨੂੰ ਹੁਲੜਬਾਜ਼ੀ ਤੇ ਹਿੰਸਾ ਵਿੱਚ ਬਦਲਣ ਦਾ ਰਾਹ ਸੌਖਾ ਹੁੰਦਾ ਹੈ। ਨੌਜਵਾਨਾਂ ਦੇ ਜੋਸ਼ ਜਾਂ ਗੁੱਸੇ ਦਾ ਵੱਡਾ ਕਾਰਨ ਇਨ੍ਹਾਂ ਦੀ ਮਨੋਸਥਿਤੀ ਨੂੰ ਸਮਝਣ ਲਈ ਸੰਵਾਦ ਦੀ ਘਾਟ ਹੈ। ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਇਸ ਉਮਰ ਦੀ ਖਾਸੀਅਤ ਨਵੀਂ ਸੋਚ ਅਤੇ ਨਵੇਂ ਤਜਰਬੇ ਅਜਿਹੇ ਹੁੰਦੇ ਹਨ ਜੋ ਪੁਰਾਣੀ ਚੱਲਦੀ ਆ ਰਹੀ ਵਿਵਸਥਾ ਵਿੱਚ ਬਦਲਾਅ ਕਰਨ ਦੇ ਹੁੰਦੇ ਹਨ। ਦੂਜੇ ਪਾਸੇ ਸਮਾਜ ਦੇ ਵੱਡੇ ਵਡੇਰੇ, ਮਾਪੇ, ਰਾਜਨੇਤਾ ਜਾਂ ਅਧਿਆਪਕ ਵੀ ਵਿਵਸਥਾ ਨੂੰ ਹੂਬਹੂ ਰੱਖਣ ਦੇ ਚਾਹਵਾਨ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਬਰਦਾਸ਼ਤ ਨਹੀਂ ਹੁੰਦਾ।

ਅਸੀਂ ਨੌਜਵਾਨਾਂ ਤੋਂ ਉਸ ਸਭ ਦੀ ਉਮੀਦ ਕਰਦੇ ਹਾਂ, ਜੋ ਅਸੀਂ ਉਨ੍ਹਾਂ ਨੂੰ ਪੜ੍ਹਾਇਆ ਜਾਂ ਸਮਝਾਇਆ ਹੀ ਨਹੀਂ। ਨੌਜਵਾਨ ਦੀ ਸਵਾਲ ਕਰਨ ਦੀ ਆਦਤ, ਉਸ ਦੇ ਕੁਦਰਤੀ ਵਿਕਾਸ ਦਾ ਹਿੱਸਾ ਹੈ। ਉਹ ਹਰ ਵਰਤਾਰੇ ਨੂੰ ਸਮਝਦਾ ਹੈ ਤੇ ਵਿਸ਼ਲੇਸ਼ਣੀ ਬੁੱਧੀ ’ਤੇ ਪਰਖਦਾ ਹੈ। ਉਸ ਦੀ ਨਜ਼ਰ ਵਿੱਚ ਹਰ ਵਿਵਹਾਰ, ਚਾਹੇ ਮਾਪਿਆਂ ਦਾ ਤੇ ਚਾਹੇ ਰਾਜਨੇਤਾਵਾਂ ਦਾ, ਬਿਨਾਂ ਚੀਰ ਫਾੜ ਦੇ ਨਹੀਂ ਲੰਘਦਾ। ਉਹ ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਵੀ ਫ਼ਰਕ ਦੇਖਦੇ ਹਨ ਤੇ ਫਿਰ ਆਲੋਚਨਾ ਕਰਦੇ ਹਨ, ਜੋ ਮਾਪਿਆਂ/ ਰਾਜਨੇਤਾਵਾਂ ਨੂੰ ਬਰਦਾਸ਼ਤ ਨਹੀਂ ਹੁੰਦੀ।

ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਜੋ 15 ਤੋਂ 35 ਸਾਲ ਤੱਕ ਦਾ ਹੈ, ਉਹ ਦੇਸ਼/ਪਰਿਵਾਰ ਦੀ ਸਭ ਤੋਂ ਖਾਸ ਪੂੰਜੀ ਹੁੰਦੀ ਹੈ ਜੋ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਹੁੰਦੀ ਹੈ। ਸਾਡੇ ਕੋਲ ਉਸ ਬਾਰੇ ਕੋਈ ਯੋਜਨਾ ਨਹੀਂ ਹੈ ਕਿ ਇਨ੍ਹਾਂ ਦੀ ਤਾਕਤ ਨੂੰ ਕਿੱਧਰ ਵਰਤਿਆ ਜਾਵੇ। ਸਾਲ 2014 ਵਿੱਚ ਯੁਵਾ ਨੀਤੀ ਬਣਾਈ ਗਈ ਸੀ। ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਇਹ ਜਿਵੇਂ ਕਿਸੇ ਦੇ ਦਬਾਅ ਹੇਠ ਬਣਾਈ ਗਈ ਹੋਵੇ। ਜੇਕਰ ਤੁਸੀਂ ਯੁਵਾ ਨੀਤੀ ’ਤੇ ਨਜ਼ਰ ਮਾਰੋਗੇ ਤਾਂ ਦੇਖੋਗੇ ਕਿ ਸਕੂਲਾਂ/ਕਾਲਜਾਂ ਵਿੱਚ ਨੌਜਵਾਨਾਂ ਸਬੰਧੀ ਚੱਲ ਰਹੇ ਪ੍ਰੋਗਰਾਮ ਜਿਵੇਂ ਕਿ ਐੱਨ.ਸੀ.ਸੀ., ਐੱਨ.ਐੱਸ.ਐੱਸ., ਸਕਾਊਟ ਤੇ ਗਾਇਡ ਜਾਂ ਪੇਂਡੂ ਪੱਧਰ ’ਤੇ ਚੱਲ ਰਹੇ ਨਹਿਰੂ ਯੁਵਾ ਕੇਂਦਰ, ਸ਼ਹਿਰਾਂ ਵਿੱਚ ਯੁਵਾ ਹੋਸਟਲ ਆਦਿ ਸਭ ਨੂੰ ਇੱਕ ਕਿਤਾਬ ਵਿੱਚ ਇਕੱਠਾ ਕਰਕੇ, ਇਨ੍ਹਾਂ ਸਾਰੇ ਪ੍ਰੋਗਰਾਮਾਂ ’ਤੇ ਖਰਚ ਹੋ ਰਹੇ ਪੈਸੇ ਨੂੰ ਜੋੜ ਕੇ, ਬਾਹਰ ਭੂਮਿਕਾ ਲਿਖ ਕੇ ਜਿਲਦ ਚੜ੍ਹਾ ਦਿੱਤੀ ਗਈ ਹੈ। ਇਸ ਦੇ ਅਗਲੇ ਪੰਨੇ ’ਤੇ ‘ਕੌਮੀ ਯੁਵਾ ਨੀਤੀ’ ਦਾ ਸਿਰਲੇਖ ਲਿਖ ਦਿੱਤਾ ਗਿਆ ਹੈ। ਇਸ ਯੁਵਾ ਨੀਤੀ ਵਿੱਚ ਨਵੀਂ ਸਦੀ ਦੀਆਂ ਨਿਵੇਕਲੀਆਂ ਆਸਾਂ, ਇੱਛਾਵਾਂ ਅਤੇ ਨੌਜਵਾਨਾਂ ਦੇ ਸੁਪਨਿਆਂ ਬਾਰੇ ਕੋਈ ਗੱਲ ਨਹੀਂ ਹੈ। ਇਸ ਉਮਰ ਦੀ ਕੀ ਮਨੋਵਿਗਿਆਨਕ ਲੋੜ ਹੈ? ਇਸ ਦੀ ਪਛਾਣ, ਪ੍ਰਵਾਨਗੀ, ਪਿਆਰ ਅਤੇ ਪਰਵਾਹ ਕਰਨੀ ਜ਼ਰੂਰੀ ਹੈ। ਇਨ੍ਹਾਂ ਪੱਖਾਂ ਨੂੰ ਅੱਖਾਂ ਤੋਂ ਓਹਲੇ ਕਰਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ।

ਨੌਜਵਾਨਾਂ ਪ੍ਰਤੀ ਚਿੰਤਤ ਕੁਝ ਕੁ ਸਵੈਸੇਵੀ ਜਥੇਬੰਦੀਆਂ ਜਾਂ ਸਰਕਾਰੀ ਅਦਾਰੇ ਅਕਸਰ ਇਹ ਕਹਿੰਦੇ ਹਨ ਕਿ ਅਸੀਂ ਨੌਜਵਾਨਾਂ ਲਈ ਕੰਮ ਕਰਦੇ ਹਾਂ। ਉਨ੍ਹਾਂ ਦਾ ਇਹ ਪ੍ਰਗਟਾਵਾ ਠੀਕ ਨਹੀਂ ਹੈ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਅਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਕੰਮ ਕਰ ਰਹੇ ਹਾਂ। ਸਮਾਜ ਵਿੱਚ ਕੀਤੇ ਜਾ ਰਹੇ ਕੰਮ ਨੂੰ ਉਲੀਕਣ ਤੋਂ ਲੈ ਕੇ ਸਿਰੇ ਚੜ੍ਹਾਉਣ ਤੱਕ ਹਰ ਪੱਧਰ ’ਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਜੇਕਰ ਉਨ੍ਹਾਂ ਨੂੰ ਹਾਰ ਤੇ ਜਿੱਤ, ਸਫਲਤਾ ਤੇ ਅਸਫਲਤਾ ਦਾ ਹਿੱਸਾ ਬਣਾ ਕੇ ਤੁਰਿਆ ਜਾਵੇਗਾ ਤਾਂ ਅਸੀਂ ਚੰਗੇ ਭਵਿੱਖ ਦੀ ਕਲਪਨਾ ਸਹਿਜੇ ਹੀ ਕਰ ਸਕਦੇ ਹਾਂ।

Leave a Reply

Your email address will not be published. Required fields are marked *