ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲ

ਪ੍ਰੋ. ਕੁਲਵੰਤ ਸਿੰਘ ਔਜਲਾ

ਮੇਰੇ ਘਰ ਦੇ ਸਾਹਮਣੇ ਵੱਡਾ ਪਾਰਕ ਹੈ। ਪਾਰਕ ਦੇ ਆਲੇ-ਦੁਆਲੇ ਲਗਪਗ ਤੀਹ ਘਰ ਹਨ। ਤੀਹ ਘਰਾਂ ਵਿਚੋਂ ਤਕਰੀਬਨ ਸੋਲਾਂ ਘਰਾਂ ਦੇ ਮੈਂਬਰ ਪਰਵਾਸ ਕਰ ਚੁੱਕੇ ਹਨ ਅਤੇ ਉਨ੍ਹਾਂ ਘਰਾਂ ਵਿਚ ਸਾਂਭ-ਸੰਭਾਲ ਲਈ ਕਿਰਾਏਦਾਰ ਰਹਿ ਰਹੇ ਹਨ। ਘਰ ਵਾਲਿਆਂ ਵਿਚੋਂ ਕੋਈ ਇਕ ਅੱਧ ਜੀਅ ਸਾਲ ਦੋ ਸਾਲ ਬਾਅਦ ਆਉਂਦਾ ਹੈ ਅਤੇ ਕੁਝ ਦਿਨ ਰਹਿ ਕੇ ਚਲਾ ਜਾਂਦਾ ਹੈ। ਜਦੋਂ ਕਲੋਨੀ ਵਸੀ ਤਾਂ ਇਨ੍ਹਾਂ ਘਰਾਂ ਵਿਚ ਖ਼ੂਬ ਰੌਣਕਾਂ ਸਨ। ਪਾਰਕ ਵਿਚ ਬੱਚੇ ਖੇਡਦੇ, ਲੜਦੇ ਤੇ ਸ਼ੋਰ ਕਰਦੇ। ਘਰਾਂ ਵਿਚ ਹੁਣ ਬੱਚਿਆਂ ਦੀ ਭਰਮਾਰ ਨਹੀਂ। ਵਿਰਲੇ ਵਿਰਲੇ ਘਰਾਂ ਵਿਚ ਇੱਕ ਜਾਂ ਦੋ ਬੱਚੇ ਹਨ ਜੋ ਇਕੱਲੇ ਰਹਿ ਰਹਿ ਸੁੰਗੜ ਗਏ ਲੱਗਦੇ ਹਨ। ਸਾਡਾ ਪੋਤਰਾ ਆਇਆ। ਮੈਂ ਉਸ ਨੂੰ ਖਿਡਾਉਣ ਲਈ ਪਾਰਕ ਵੱਲ ਲੈ ਕੇ ਜਾ ਰਿਹਾ ਸਾਂ। ਉਹ ਖ਼ੂਬ ਸ਼ਰਾਰਤਾਂ ਕਰ ਰਿਹਾ ਸੀ। ਉਸ ਨੂੰ ਨੱਚਦੇ ਟੱਪਦੇ ਨੂੰ ਦੇਖ ਕੇ ਇਕ ਘਰ ਵਿਚ ਕਿਰਾਏਦਾਰ ਵਜੋਂ ਰਹਿ ਰਹੀ ਔਰਤ ਨੇ ਆਖਿਆ, ‘‘ਸ਼ੁਕਰ ਹੈ ਕੋਈ ਬੱਚਾ ਸ਼ਰਾਰਤਾਂ ਕਰਦਾ ਤੇ ਸ਼ੋਰ ਮਚਾਉਂਦਾ ਇਸ ੲੇਰੀਏ ’ਚ ਨਜ਼ਰ ਆਇਆ।’’ ਉਸ ਨੇ ਬੱਚੇ ਨੂੰ ਪਿਆਰ ਕੀਤਾ, ਅੰਦਰੋਂ ਚਾਕਲੇਟ ਲਿਆ ਕੇ ਦਿੱਤਾ ਅਤੇ ਕਿੰਨਾ ਚਿਰ ਸਾਨੂੰ ਦਾਦੇ ਪੋਤੇ ਨੂੰ ਖੇਡਦਿਆਂ ਦੇਖ-ਦੇਖ ਖੀਵੀ ਹੁੰਦੀ ਰਹੀ।

ਤੀਹਾਂ ਵਿਚੋਂ ਚਾਰ ਘਰ ਪੂਰੇ ਜੀਆਂ ਨਾਲ ਰਹਿੰਦੇ ਹਨ। ਬਾਕੀ ਦਸ ਘਰਾਂ ਵਿਚ ਦੋ-ਦੋ ਜੀਆਂ ਦਾ ਵਾਸਾ ਹੈ। ਬੱਚੇ ਵੱਡੇ ਹੋ ਕੇ ਨੌਕਰੀਆਂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਚਲੇ ਗਏ ਹਨ ਅਤੇ ਛੁੱਟੀਆਂ ਵਿਚ ਕਦੇ ਕਦਾਈਂ ਆਪਣੇ ਬਿਰਧ ਮਾਂ-ਬਾਪ ਨੂੰ ਮਿਲਣ ਲਈ ਆਉਂਦੇ ਹਨ। ਇਨ੍ਹਾਂ ਦੋ-ਦੋ ਜੀਆਂ ਵਾਲੇ ਘਰਾਂ ਵਿਚ ਅਨੁਸ਼ਾਸਿਤ ਤੇ ਨਿਸ਼ਚਿਤ ਜੇਹੀ ਰੂਟੀਨ ਪੱਸਰੀ ਰਹਿੰਦੀ ਹੈ। ਥੋੜ੍ਹੀ ਜਿਹੀ ਸੈਰ, ਸੰਜਮ ਭਰਪੂਰ ਖਾਣ ਪੀਣ, ਪਰਹੇਜ਼ ਤੇ ਅੰਦਰੂਨੀ ਖ਼ੁਦਮੁਖ਼ਤਿਆਰੀ। ਪਾਰਕ ਵਿਚ ਕੁਝ ਬਿਰਧ ਲੋਕ ਬੈਠਦੇ ਨੇ, ਚਰਚਾ ਕਰਦੇ ਨੇ ਤੇ ਸਮੇਂ ਸਿਰ ਘਰਾਂ ਵਿਚ ਸੁਰੱਖਿਅਤ ਹੋ ਜਾਂਦੇ ਨੇ। ਪਾਰਕ ਵਿਚ ਵੱਡੇ ਰੁੱਖ ਨਜ਼ਰ ਆਉਂਦੇ ਹਨ, ਪਰ ਫੁੱਲਾਂ ਦੀ ਘਾਟ ਰੜਕਦੀ ਹੈ। ਫੁੱਲਾਂ ਤੇ ਫੁੱਲਾਂ ਵਰਗੇ ਬੱਚਿਆਂ ਤੋਂ ਬਿਨਾਂ ਜੀਵੀ ਜਾ ਰਿਹਾ ਆਲਾ-ਦੁਆਲਾ ਬਹੁਤਾ ਸਮਾਜਿਕ ਤੇ ਸਹਿਯੋਗੀ ਨਹੀਂ ਹੈ। ਬੱਚੇ ਆਮ ਤੌਰ ’ਤੇ ਘਰਾਂ ਵਿਚ ਹੀ ਖਿਡੌਣਿਆਂ, ਖੇਡਾਂ ਤੇ ਖਾਣਿਆਂ ਨਾਲ ਪਰਚੇ ਰਹਿੰਦੇ ਹਨ। ਇਕ ਦੂਜੇ ਨੂੰ ਮਿਲਣ-ਗਿਲਣ, ਚਾਹ ਦਾ ਕੱਪ ਸਾਂਝਾ ਕਰਨ ਅਤੇ ਕਦੇ-ਕਦੇ ਫ਼ੁਰਸਤ ਨੂੰ ਮਾਣਨ ਦੀ ਕੋਈ ਰਵਾਇਤ ਨਹੀਂ। ਖ਼ੁਸ਼ੀਆਂ ਤੇ ਗ਼ਮੀਆਂ ਮੌਕੇ ਰਸਮ ਜਾਂ ਰਵਾਇਤ ਵਜੋਂ ਇਕੱਤਰ ਹੋਣ ਦੀ ਭੇਡਚਾਲ ਹਰ ਘਰ ਨਿਭਾਉਂਦਾ ਹੈ। ਚਾਰਦੀਵਾਰੀਆਂ ਵਿਚ ਕੀ ਵਾਪਰ ਰਿਹਾ ਹੈ ਇਸ ਬਾਰੇ ਇਨ੍ਹਾਂ ਘਰਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ। ਇਕ ਦੂਜੇ ਨੂੰ ਹੈਲੋ ਕਹਿਣ ਤੋਂ ਅਗਾਂਹ ਦਾ ਸਫ਼ਰ ਬਹੁਤੇ ਘਰ ਨਹੀਂ ਕਰਦੇ। ਸਾਡੇ ਘਰ ਤੋਂ ਛੇ ਸੱਤ ਘਰਾਂ ਦੀ ਵਿੱਥ ’ਤੇ ਰਹਿ ਰਿਹਾ ਮੇਰਾ ਪੜ੍ਹਨ ਵੇਲੇ ਦਾ ਇਕ ਦੋਸਤ ਵਿਦੇਸ਼ੋਂ ਕੁਝ ਦਿਨਾਂ ਲਈ ਆਇਆ। ਮੈਂ ਦੋ ਵਾਰੀ ਉਸ ਨੂੰ ਮਿਲਣ ਲਈ ਗਿਆ, ਪਰ ਉਸ ਨੂੰ ਏਨੀ ਫ਼ੁਰਸਤ ਨਹੀਂ ਮਿਲੀ ਕਿ ਅਸੀਂ ਕੁਝ ਚਿਰ ਇਕੱਠੇ ਬਹਿ ਕੇ ਗੱਪ-ਸ਼ੱਪ ਕਰ ਸਕੀਏ। ਜਾਂਦੇ-ਜਾਂਦੇ ਮਿਲਿਆ ਤਾਂ ਕਹਿਣ ਲੱਗਾ, ‘‘ਮਿਲਣਾ ਸੀ ਭਰਾ ਜੀ, ਪਰ ਕੰਮਾਂ ਨੇ ਵਿਹਲ ਹੀ ਨਹੀਂ ਦਿੱਤੀ।’’ ਕਦੇ-ਕਦੇ ਸੋਚਦਾਂ ਹਾਂ ਦਿਲ ਦੀਆਂ ਗੱਲਾਂ ਕਰਨ ਲਈ ਹੁਣ ਕਿੱਥੇ ਜਾਈਏ? ਲਗਦਾ ਦਿਲਾਂ ਦੇ ਨਾਲ-ਨਾਲ ਘਰਾਂ ਦੀਆਂ ਨਾੜਾਂ ਵੀ ਸੁੰਗੜ ਗਈਆਂ ਹਨ।

ਜ਼ਿਆਦਾ ਜੀਆਂ ਵਾਲੇ ਘਰਾਂ ਵਿਚੋਂ ਇਕ ਘਰ ਵਿਚ ਚੌਥੀ ਪੀੜ੍ਹੀ ਵੀ ਪਰਵੇਸ਼ ਕਰ ਗਈ ਹੈ, ਪਰ ਕੋਈ ਵੀ ਬੱਚਾ ਐਸਾ ਨਜ਼ਰ ਨਹੀਂ ਆਇਆ ਜਿਸ ਨੇ ਖੇਡਾਂ, ਪੜ੍ਹਾਈ ਜਾਂ ਕਲਾ ਦੇ ਖੇਤਰ ਵਿਚ ਵਿਕੋਲਿਤਰੀ ਪਛਾਣ ਬਣਾਈ ਹੋਵੇ। ਜੇ ਕੋਈ ਬੱਚਾ ਤਰੱਕੀ ਕਰ ਵੀ ਗਿਆ ਤਾਂ ਆਲੇ-ਦੁਆਲੇ ਨੂੰ ਇਲਮ ਨਹੀਂ। ਜ਼ਿੰਦਗੀ ਦਾ ਬਹੁਤਾ ਮੇਲ-ਮਿਲਾਪ ਜਾਂ ਵਰਤ ਵਰਤਾਰਾ ਫੇਸਬੁੱਕ ਜਾਂ ਵੱਟਸਐਪ ਵਰਗੇ ਔਜ਼ਾਰਾਂ ਸਹਾਰੇ ਚੱਲ ਰਿਹਾ ਹੈ। ਦਿਲੀ ਸਾਂਝ ਮਨਫ਼ੀ ਹੈ, ਪਰ ਫੇਸਬੁੱਕ ਫਰੈਂਡਸ਼ਿਪ ਅਣਗਿਣਤ ਹੈ। ਬੱਚਿਆਂ ਕੋਲ ਡੌਲੇ ਬਣਾਉਣ ਤੇ ਗਿਟਾਰ ਸਿੱਖਣ ਦਾ ਵਕਤ ਹੈ, ਪਰ ਬਿਰਧ ਜੀਆਂ ਲਈ ਹਉਕਾ ਵੀ ਨਹੀਂ। ਬਹੁਤੇ ਜੀਆਂ ਵਾਲੇ ਇਕ ਘਰ ਨੇ ਘਰ ਦੇ ਬਿਰਧ ਮੁਖੀ ਦੀ ਦੇਖ-ਭਾਲ ਲਈ ਨੌਕਰ ਰੱਖਿਆ ਹੋਇਆ ਹੈ। ਨੌਕਰ ਆਪਣਿਆਂ ਵਾਂਗ ਉਸ ਦੀ ਸੇਵਾ ਕਰਦਾ ਹੈ। ਖਵਾਉਂਦਾ ਹੈ, ਨਹਾਉਂਦਾ ਹੈ ਅਤੇ ਸਵਾਉਂਦਾ ਹੈ। ਦੇਖ-ਦੇਖ ਮਨ ਕਈ ਵੇਰ ਉਦਾਸ ਹੋ ਜਾਂਦਾ ਹੈ। ਖ਼ਿਆਲ ਆਉਂਦਾ ਕਿਤੇ ਸਾਡੇ ਨਾਲ ਵੀ ਇੰਜ ਨਾ ਵਾਪਰੇ। ਹਰ ਘਰ ਸਹੂਲਤੀ ਹੋਣਾ ਲੋਚਦਾ। ਹਰ ਘਰ ਚਾਹੁੰਦਾ ਮੇਰੀ ਰੋਜ਼ਮੱਰਾ ਜ਼ਿੰਦਗੀ ਵਿਚ ਵਿਘਨ ਨਾ ਪਏ। ਘਰ ਧੜਕਣਾ ਨਹੀਂ, ਬਤੀਤ ਹੋਣਾ ਚਾਹੁੰਦੇ ਨੇ। ਜਿਨ੍ਹਾਂ ਨੇ ਘਰ ਬਣਾਏ ਉਨ੍ਹਾਂ ਦੀ ਹੋਂਦ ਤੇ ਹਾਲਾਤ ਤੋਂ ਬੇਖ਼ਬਰ ਹਨ ਘਰ। ਚਾਵਾਂ ਨਾਲ ਕਰਜ਼ੇ ਲੈ-ਲੈ ਕੇ ਘਰ ਬਣਾਏ। ਤੰਗੀਆਂ ਝੱਲੀਆਂ। ਬੱਚਿਆਂ ਨੂੰ ਉੱਡਣ ਜੋਗੇ ਬਣਾਇਆ। ਮਾਲੀ ਨੂੰ ਬਾਗ਼ ਹੀ ਨਾ ਪਛਾਣੇ, ਇਸ ਤੋਂ ਵੱਡੀ ਬੇਰੁਖ਼ੀ ਹੋਰ ਕੀ ਹੋ ਸਕਦੀ ਹੈ। ਮੋਹਖੋਰੇ ਮਿੱਤਰ ਮਰਹੂਮ ਡਾ. ਰਣਧੀਰ ਸਿੰਘ ਚੰਦ ਦਾ ਸ਼ਿਅਰ ਚੇਤੇ ਆ ਗਿਆ:

ਅੰਦਰੋਂ ਬਾਹਰੋਂ ਸਾੜਨ ਲੱਗੀ ਆਪਣੀ ਰੇਤ,

ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲ।

ਕੁਝ ਇਕ ਬਚੇ ਖੁਚੇ ਦਰਿਆਵਾਂ ਵਰਗੇ ਲੋਕਾਂ ਨੂੰ ਇਕਾਂਤਵਾਸ (ਆਈਸੋਲੇਟ) ਹੋ ਰਹੇ ਆਲੇ-ਦੁਆਲੇ ਦਾ ਫ਼ਿਕਰ ਹੈ। ਆਈਸੋਲੇਟਡ ਵਾਰਡਾਂ ਵਰਗਾ ਵਰਤਾਰਾ ਸਿਰਫ਼ ਮੇਰੇ ਘਰ ਦੇ ਆਲੇ-ਦੁਆਲੇ ਤੀਕ ਸੀਮਤ ਨਹੀਂ। ਲਗਪਗ ਸਾਰੀਆਂ ਕਲੋਨੀਆਂ, ਅਸਟੇਟਾਂ, ਐਵੇਨਿਊਜ਼ ਤੇ ਟਾਊਨਾਂ ਵਿਚ ਇਹ ਵਰਤਾਰਾ ਅੰਦਰੂਨੀ ਵਾਇਰਸ ਵਾਂਗੂ ਘਰ ਕਰ ਗਿਆ ਹੈ। ਕਿੱਥੋਂ ਆਇਆ ਕਰੋਨਾ ਦਾ ਇਹ ਆਈਸੋਲੇਟਿਡ ਵਾਇਰਸ? ਜਦੋਂ ਅਸੀਂ ਨਵੇਂ-ਨਵੇਂ ਕਲੋਨੀ ਵਿਚ ਆਏ ਤਾਂ ਹਰ ਪਾਸੇ ਉਸਾਰੀ ਹੋ ਰਹੀ ਸੀ। ਬਹੁਤੇ ਲੋਕ ਪਿੰਡਾਂ ਤੋਂ ਆਏ ਸਨ। ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ। ਸਲਾਹਾਂ ਮਸ਼ਵਰੇ ਕਰਦੇ। ਹੌਲੀ-ਹੌਲੀ ਧਾਰਮਿਕ ਤੇ ਸਭਿਆਚਾਰਕ ਭਾਈਚਾਰਾ ਉਸਰਿਆ। ਸਭਿਆਚਾਰਕ ਸਮਾਗਮ ਹੋਏ। ਕਵੀ ਦਰਬਾਰ ਆਯੋਜਿਤ ਕੀਤੇ ਗਏ। ਕੀਰਤਨ ਹੁੰਦੇ। ਕਿਤਾਬਾਂ ਦੀਆਂ ਸਟਾਲਾਂ ਲੱਗਦੀਆਂ। ਦੇਖਦੇ-ਦੇਖਦੇ ਸਾਰਾ ਕੁਝ ਸਿਆਸਤ ਦੀ ਭੇਟ ਚੜ੍ਹ ਗਿਆ। ਤਿੰਨ ਹਿੱਸਿਆਂ ਵਿਚ ਕਲੋਨੀ ਤੇ ਦੋ ਹਿੱਸਿਆਂ ਵਿਚ ਗੁਰਦੁਆਰਾ ਵੰਡਿਆ ਗਿਆ। ਸਿਆਸੀ ਕਤਾਰਬੰਦੀ ਨੇ ਕਲੋਨੀ ਦੀ ਸਿਰਜਣਾਤਮਿਕ ਤੇ ਸਭਿਆਚਾਰਕ ਫ਼ਿਜ਼ਾ ਦੂਸ਼ਿਤ ਕਰ ਦਿੱਤੀ। ਹਰ ਕੋਈ ਕੰਮਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਹਉਂ ਵਿਚ ਲੀਨ ਹੋ ਗਿਆ। ਬੰਦਿਆਂ ਦੇ ਆਕਾਰ ਵੱਡੇ ਹੁੰਦੇ ਗਏ ਅਤੇ ਸੁਪਨਿਆਂ ਦੇ ਅੰਬਰ ਸੁੰਗੜਦੇ ਗਏ। ਪੁਰਾਣੇ ਲੋਕ ਵਾੜ ਵਿਚ ਫਸੇ ਬਿੱਲੇ ਵਾਂਗੂ ਏਧਰ ਉਧਰ ਝਾਕੀ ਜਾ ਰਹੇ ਹਨ ਅਤੇ ਨਵੀਂ ਪਨੀਰੀ ਘਰਾਂ ਨੂੰ ਅਲਵਿਦਾ ਕਹਿ ਗਈ ਹੈ। ਪਾਰਕ ਬੇਚੈਨ ਹਨ, ਦਰੱਖਤ ਉਦਾਸ ਹਨ। ਘਰਾਂ ਨੂੰ ਦਰੱਖਤਾਂ, ਫੁੱਲਾਂ ਤੇ ਫੁਹਾਰਿਆਂ ਦੀ ਭਾਸ਼ਾ ਭੁੱਲ ਗਈ ਹੈ। ਅਜਿਹੇ ਮਾਹੌਲ ਵਿਚੋਂ ਇਕ ਕਵਿਤਾ ਜਨਮੀ:

ਨਿਰਮੋਹ ਹੋਈ ਕਿਤਾਬ ਦਾ ਕੈਸਾ ਇਹ ਅਧਿਆਏ,

ਬੇਵਤਨੀ ਨੂੰ ਤਾਂਘਦੇ ਢਿੱਡੋਂ ਜੰਮੇ ਜਾਏ।

ਰਾਂਝੇ ਮਿਰਜ਼ੇ ਸੱਸੀਆਂ ਹਿਜਰਤ ਦੇ ਤ੍ਰਿਹਾੲੇ,

ਦਰਦ ਤੇਰਾ ਪੰਜਾਬ ਸਿਆਂ ਕਿੱਦਾਂ ਕੋਈ ਫਿਲਮਾਏ।

ਦੇਖਣ ਨੂੰ ਦਰਦ ਨਜ਼ਰ ਨਹੀਂ ਆਉਂਦਾ। ਨਜ਼ਰ ਤਾਂ ਵੱਡੀਆਂ ਕੋਠੀਆਂ, ਉੱਚਤਮ ਕਾਰਾਂ ਤੇ ਦੋ ਮਾਰਗੀ ਸੜਕਾਂ ਆਉਂਦੀਆਂ ਹਨ। ਦਰਦ ਨਾੜਾਂ ਵਿਚ ਹੁੰਦਾ। ਜੇ ਨਾੜਾਂ ਨਾ ਪਿਘਲਣ ਤਾਂ ਦਰਦ ਬਾਹਰ ਨਹੀਂ ਆਉਂਦਾ। ਦਰਦ ਬੇਜ਼ੁਬਾਨ ਹੋ ਜਾਵੇ ਤਾਂ ਇਕਾਂਤਵਾਸ ਵਿਚ ਚਲਿਆ ਜਾਂਦਾ। ਦਰਦ ਨੂੰ ਬੋਲਣਾ ਚਾਹੀਦਾ। ਦਰਦ ਨੂੰ ਫੁੱਟਣਾ ਚਾਹੀਦਾ। ਦਰਦ ਜੰਮ ਜਾਵੇ ਤਾਂ ਭਾਸ਼ਾਵਾਂ ਤੇ ਕੌਮਾਂ ਭਟਕ ਜਾਂਦੀਆਂ ਹਨ। ਕਲਮਾਂ ਨੂੰ ਦਰਦ ਫਰੋਲਣਾ ਚਾਹੀਦਾ ਹੈ। ਕਲਮਾਂ ਬਿਨਾਂ ਕਲੋਨੀਆਂ ਖੰਡਰਾਤ ਹੋ ਜਾਣਗੀਆਂ। ਕਲਮਾਂ ਬਿਨਾਂ ਕੌਮਾਂ ਅਤੀਤ ਬਣ ਕੇ ਰਹਿ ਜਾਣਗੀਆਂ। ਇਕਾਂਤਵਾਸ ਦੇ ਦਿਨਾਂ ਵਿਚ ਇਕ ਦੋਸਤ ਦਾ ਫੋਨ ਆਇਆ, ‘‘ਕੀ ਕਰਦੇ ਰਹਿੰਦੇ ਹੋ?’’ ਮੈਂ ਆਖਿਆ, ‘‘ਪੜ੍ਹਦਾ ਰਹਿੰਦਾ ਹਾਂ ਤੇ ਲਿਖਦਾ ਰਹਿੰਦਾ ਹਾਂ।’’ ਉਸ ਆਖਿਆ, ‘‘ਮੇਰੇ ਘਰ ਕੋਈ ਕਿਤਾਬ ਹੀ ਨਹੀਂ।’’ ਮੈਂ ਚੁੱਪ ਹੋ ਗਿਆ। ਕੌਣ ਕਿਤਾਬ ਘਰ ਲੈ ਕੇ ਆਵੇ? ਜੀਆਂ ਅਨੁਸਾਰ ਕਾਰਾਂ ਹਨ। ਸਜਾਵਟੀ ਸੋਫ਼ੇ ਹਨ। ਵੱਡੇ ਟੀ.ਵੀ. ਹਨ, ਪਰ ਕਿਤਾਬ ਇਕ ਵੀ ਨਹੀਂ। ਅਸੀਂ ਕੁਝ ਦੋਸਤਾਂ ਨੇ ਸਲਾਹ ਕਰ ਕੇ ਗੁਰਦੁਆਰੇ ਵਿਚ ਲਾਇਬ੍ਰੇਰੀ ਸਥਾਪਿਤ ਕੀਤੀ। ਦਾਨ ਵੀ ਮਿਲ ਗਿਆ। ਚੰਗੀਆਂ ਕਿਤਾਬਾਂ ਵੀ ਖ਼ਰੀਦ ਕੇ ਲਿਆਂਦੀਆਂ, ਪਰ ਪੜ੍ਹਨ ਵਾਲੇ ਨਹੀਂ ਆਏ। ਲਾਇਬ੍ਰੇਰੀ ਦਾ ਸੁਪਨਾ ਸਮਾਪਤ ਹੋ ਗਿਆ। ਸੁਪਨੇ ਮਰਨੇ ਨਹੀਂ ਚਾਹੀਦੇ। ਸੁਪਨੇ ਮਰਨ ਨਾਲ ਘਰਾਂ ਨੇ ਮਰ ਜਾਣਾ ਹੁੰਦਾ ਹੈ। ਜਿਊਂਦੇ ਰਹਿਣ ਲਈ ਸੁਪਨਿਆਂ ਵਰਗੇ ਕਾਰਜ ਜ਼ਰੂਰੀ ਹਨ। ਸੁਪਨੇ ਹੋਣ ਤਾਂ ਸਰੀਰ ਸਜੀਵ ਰਹਿੰਦਾ। ਬੁਢਾਪਾ ਤੰਦਰੁਸਤਾਂ ਵਾਂਗੂ ਬੀਤਦਾ ਹੈ। ਮੇਰੇ ਸ਼ਹਿਰ ਵਿਚ ਮੇਰੇ ਤਿੰਨ ਬਜ਼ੁਰਗ ਦੋਸਤ ਹਨ ਜੋ ਪਚਾਸੀਆਂ ਤੋਂ ਉਪਰ ਹਨ। ਮੰਨੇ ਹੋਏ ਸਰਜਨ ਡਾ. ਹਰੀ ਸਿੰਘ ਨੇ ਆਪਣੇ ਕਿੱਤੇ ਤੋਂ ਸੇਵਾਮੁਕਤੀ ਲਈ ਅਤੇ ਸੰਸਾਰ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਬੋਲੀ ਵਿਚ ਅਨੁਵਾਦ ਕਰਨ ਦਾ ਇਸ਼ਕ ਸਹੇੜ ਲਿਆ। ਪੰਜਾਬੀ ਘੱਟ ਆਉਂਦੀ ਸੀ। ਮੇਰੇ ਵਰਗੇ ਲੋਕਾਂ ਦੀ ਸਹਾਇਤਾ ਲਈ। ਅੰਗਰੇਜ਼ੀ ਦੀਆਂ ਅੱਠ ਸ਼ਾਹਕਾਰ ਕਿਤਾਬਾਂ ਪੰਜਾਬੀ ਵਿਚ ਉਲਥਾ ਦਿੱਤੀਆਂ। ਸਰਜਨ ਤੋਂ ਸਾਹਿਤਕਾਰ ਬਣਨ ਦਾ ਸੁਪਨਾ, ਬੁਢਾਪੇ ਲਈ ਵਰਦਾਨ ਵਰਗਾ ਹੋ ਨਿਬੜਿਆ। ਬਿਰਧ ਸਰੀਰ ਵਿਚੋਂ ਸੇਕ, ਸ਼ਿੱਦਤ ਤੇ ਸਰਗਮ ਊਰਜਿਤ ਹੋ ਗਈ। ਅਸੀਂ ਅੱਖਰ ਮੰਚ ਵੱਲੋਂ ਰਲ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਆਖਿਆ, ‘‘ਇਹ ਦੁਨੀਆਂ ਦਾ ਸਭ ਤੋਂ ਵੱਡਾ ਸਨਮਾਨ ਹੈ ਜਿਸ ਨੇ ਮੇਰੇ ਬੁਢਾਪੇ ਨੂੰ ਉਮਰ ਦਿੱਤੀ ਹੈ।’’ ਦੂਸਰੇ ਹਨ ਪਚਾਨਵੇਂ ਸਾਲ ਦੇ ਪ੍ਰਿੰਸੀਪਲ ਵਰਿਆਮ ਸਿੰਘ। ਗਣਿਤ ਸ਼ਾਸ਼ਤਰੀ। ਪੜ੍ਹੀਆਂ ਲਿਖੀਆਂ ਧੀਆਂ ਦੀ ਪ੍ਰੇਰਨਾ ਨਾਲ ਆਪਣੀ ਸਵੈ-ਜੀਵਨੀ ਦਾ ਪਹਿਲਾ ਭਾਗ ਲਿਖਿਆ। ਬੱਚਿਆਂ ਸਵੈ-ਜੀਵਨੀ ਦਾ ਰਿਲੀਜ਼ ਸਮਾਗਮ ਕੀਤਾ। ਮੈਂ ਆਖਿਆ ਕਿ ਇਹ ਕਿਤਾਬ ਸਹਿਜ, ਸਿਰੜ ਤੇ ਸੰਘਰਸ਼ ਨਾਲ ਕਮਾਈ ਜ਼ਿੰਦਗੀ ਦਾ ਔਸ਼ਧੀਨਾਮਾ ਹੈ। ਘਰ ਵਿਚ ਕਿਤਾਬਾਂ ਜੰਮਣ ਤਾਂ ਘਰ ਖ਼ੁਆਬਾਂ ਤੇ ਖ਼ਿਆਲਾਂ ਨਾਲ ਭਰ ਜਾਂਦੇ ਹਨ। ਬੱਚਿਆਂ ਅੰਦਰ ਸਨੇਹ ਤੇ ਸਤਿਕਾਰ ਉਪਜਦਾ ਹੈ। ਤੀਸਰੇ ਦੋਸਤ ਹਨ ਸ਼ਾਇਰ ਹਰਫੂਲ ਸਿੰਘ। ਸ਼ਾਇਰੀ ਵਰਗੀ ਜ਼ਿੰਦਗੀ ਤੇ ਸ਼ਾਇਰਾਨਾ ਅੰਦਾਜ਼। ਆਪਣਾ ਚੌਰਾਸੀਵਾਂ ਜਨਮ ਦਿਨ ਮਨਾਇਆ ਸੰਗੀਤ ਦੀ ਮਹਿਫ਼ਿਲ ਸਜਾ ਕੇ। ਮਹਿਫ਼ਿਲ ਵਿਚ ਹਰਫੂਲ ਦੇ ਗੀਤਾਂ ਤੇ ਗ਼ਜ਼ਲਾਂ ਦੀ ਐਲਬਮ ਰਿਲੀਜ਼ ਹੋਈ। ਬਿਮਾਰ ਸਰੀਰ ਨੂੰ ਤੰਦਰੁਸਤੀ ਮਿਲੀ।

ਸ਼ਾਇਰੀ, ਸੰਗੀਤ ਤੇ ਸੁਪਨੇ ਸਰੀਰਾਂ ਨੂੰ ਸਿਹਤਮੰਦ ਬਣਾਉਂਦੇ ਹਨ। ਚੰਗੀਆਂ ਉਦਾਹਰਣਾਂ ਦੀ ਲੋੜ ਹੈ। ਮੁੱਲਵਾਨ ਉਦਾਹਰਣਾਂ ਨਾਲ ਨਵੀਆਂ ਉਮੰਗਾਂ ਤੇ ਉਮੀਦਾਂ ਜਾਗਦੀਆਂ ਹਨ। ਜ਼ਿੰਦਗੀ ਦਾ ਸਫ਼ਰ ਚੰਗਾ ਗੁਜ਼ਰਦਾ ਹੈ। ਘਰ ਇਕਾਂਤਵਾਸ ਦੇ ਵਾਰਡ ਬਣਨ ਤੋਂ ਬਚੇ ਰਹਿੰਦੇ ਹਨ। ਜਿਊਣ ਲਈ ਕੁਝ ਚੰਗੇ ਸੁਪਨੇ ਤੇ ਸਬੱਬ ਸਿਰਜ ਲੈਣੇ ਚਾਹੀਦੇ ਹਨ। ਆਦਰਸ਼, ਅਰਮਾਨ ਤੇ ਆਦਤਾਂ ਖ਼ੁਆਬਾਂ ਨਾਲ ਲਬਰੇਜ਼ ਹੋਣ ਤਾਂ ਸਾਹ ਸੌਖੇ ਚਲਦੇ ਹਨ, ਲੈਅ ਡੋਲਦੀ ਨਹੀਂ।

ਅੱਜਕੱਲ੍ਹ ਮੇਰਾ ਬਹੁਤਾ ਸਮਾਂ ਨਿੱਕੇ ਜਿਹੇ ਪੋਤਰੇ ਨਾਲ ਬੀਤਦਾ ਹੈ। ਤਾਕਤ ਤੇ ਤੰਦਰੁਸਤੀ ਦੇ ਅਹਿਸਾਸ ਮਿਲਦੇ ਹਨ ਉਸ ਨਾਲ ਖੇਡ ਕੇ। ਬੱਚੇ ਹੋ ਜਾਈਦਾ। ਕਾਵਿਕਤਾ ਸਿੰਮਦੀ ਹੈ। ਵਕਤ ਸੁਖਾਵਾਂ ਲੱਗਦਾ ਹੈ। ਨਵੇਂ-ਨਵੇਂ ਖ਼ੁਆਬ ਤੇ ਖ਼ਿਆਲ ਜਨਮਦੇ ਹਨ। ਬੱਚੇ ਹੋਣ ਤਾਂ ਘਰਾਂ ਦੇ ਸਵਾਸ ਸੁਪਨਈ ਹੋ ਜਾਂਦੇ ਹਨ। ਬੱਚਿਆਂ ਬਿਨਾਂ ਘਰ ਕਾਹਦੇ? ਪੋਤਰੇ ਦੇ ਤੀਸਰੇ ਜਨਮ ਦਿਨ ਮੌਕੇ ਇਕ ਕਵਿਤਾ ਆਈ:

ਤੋੜ ਤੋੜ ਬੁਰਕੀਆਂ ਜਦ ਬੱਚੇ ਨੂੰ ਖਵਾਈਦਾ,

ਸੱਚ ਜਾਣੋ ਬੱਚੇ ਨਾਲ ਬੱਚਾ ਬਣ ਜਾਈਦਾ।

ਖ਼ੌਰੇ ਕਿੰਨਾ ਮੋਹ ਹੁੰਦਾ ਨਿੱਕੇ ਜੇਹੇ ਨਾਦਾਨ ਵਿਚ,

ਖ਼ਾਬ ਤੇ ਰਬਾਬ ਹੁੰਦੇ ਤੋਤਲੀ ਜ਼ੁਬਾਨ ਵਿਚ।

ਆਓ ਇਕਾਂਤਵਾਸ ਵਿਚੋਂ ਬਾਹਰ ਆਈਏ। ਘਰਾਂ ਨੂੰ ਪਤਝੜੀ ਪਰਵਾਸ ਤੋਂ ਬਚਾਈਏ ਅਤੇ ਧੜਕਣਾਂ ਵਿਚ ਗੁਲਮੋਹਰ ਤੇ ਅਮਲਤਾਸ ਦੇ ਫੁੱਲਾਂ ਵਰਗੇ ਸੁਪਨਸ਼ੀਲ ਬਿਰਖ਼ ਉਗਾਈਏ।

Leave a Reply

Your email address will not be published. Required fields are marked *