ਸ਼ਹੀਦ ਲਛਮਣ ਸਿੰਘ ਧਾਰੋਵਾਲੀ

ਬਹਾਦਰ ਸਿੰਘ ਗੋਸਲ

ਲਛਮਣ ਸਿੰਘ ਧਾਰੋਵਾਲੀ ਦਾ ਜਨਮ 16 ਭਾਦੋਂ 1885 ਈ: ਨੂੰ ਪਿੰਡ ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੇਹਰ ਸਿੰਘ ਅਤੇ ਮਾਤਾ ਦਾ ਨਾਂ ਮਾਤਾ ਹਰ ਕੌਰ ਸੀ। 1892 ਵਿੱਚ ਸਾਰਾ ਪਰਿਵਾਰ ਸ਼ੇਖੂਪੁਰਾ ਜਾ ਵਸਿਆ। ਭਾਈ ਲਛਮਣ ਸਿੰਘ ਬਚਪਨ ਤੋਂ ਹੀ ਬੜੇ ਦਲੇਰ ਅਤੇ ਨਿਡਰ ਸਨ। ਜਵਾਨੀ ਵਿੱਚ ਉਨ੍ਹਾਂ ਨੂੰ ਕੁਸ਼ਤੀ, ਕਬੱਡੀ ਅਤੇ ਘੋੜ ਸਵਾਰੀ ਦਾ ਸ਼ੌਕ ਸੀ। 1901 ਵਿਚ ਉਨ੍ਹਾਂ ਦਾ ਵਿਆਹ ਬੰਡਾਲਾ ਚੱਕ ਨੰ: 64 ਵਿਚ ਭਾਈ ਬੁੱਧ ਸਿੰਘ ਦੀ ਬੇਟੀ ਬੀਬੀ ਇੰਦਰ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਇਕ ਬੇਟੇ ਨੇ ਜਨਮ ਹੋਇਆ ਪਰ ਉਹ ਬੇਟਾ ਅੱਠ ਮਹੀਨੇ ਦਾ ਹੋ ਕੇ ਗੁਜ਼ਰ ਗਿਆ। ਉਨ੍ਹਾਂ ਨੇ ਗੁਰਮਤਿ ਵਿਦਿਆ ਪ੍ਰਾਪਤ ਕੀਤੀ ਅਤੇ ਜ਼ਿਆਦਾ ਝੁਕਾਅ ਸਮਾਜ ਸੇਵਾ ਵੱਲ ਰਿਹਾ। ਬੱਚਿਆਂ ਦੀ ਸਿੱਖਿਆ ਅਤੇ ਇਸਤਰੀ ਜੀਵਨ ਸੁਧਾਰਾਂ ਵੱਲ ਉਨ੍ਹਾਂ ਨੇ ਵਿਸ਼ੇਸ਼ ਧਿਆਨ ਦਿੱਤਾ।

1920 ਵਿਚ ਜਦੋਂ ਮਹੰਤ ਨਰਾਇਣ ਦਾਸ/ਮਹੰਤ ਨਰੈਣੂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਪਵਿੱਤਰ ਥਾਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਿੰਘਾਂ ਨੇ ਪ੍ਰਕਾਸ਼ ਅਸਥਾਨ ਮਹੰਤ ਤੋਂ ਮੁਕਤ ਕਰਵਾਉਣ ਲਈ ਜਥੇ ਭੇਜਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਉਨ੍ਹਾਂ ਦੇ ਯਤਨਾਂ ਸਦਕਾ ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਜਥੇ ਭੇਜਣ ਦਾ ਪ੍ਰੋਗਰਾਮ ਬਣਾਇਆ ਅਤੇ ਇਸ ਦੇ ਸਾਰੇ ਪ੍ਰਬੰਧ ਲਈ ਤੇਜਾ ਸਿੰਘ ਸਮੁੰਦਰੀ, ਬੂਟਾ ਸਿੰਘ, ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। 19 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਨੇ ਇਲਾਕੇ ਦੀ ਸੰਗਤ ਨੂੰ ਨਨਕਾਣਾ ਸਾਹਿਬ ਜਥੇ ਭੇਜਣ ਦੀਆਂ ਸੂਚਨਾਵਾਂ ਭੇਜ ਦਿੱਤੀਆਂ। ਇਸ ਜਥੇ ਵਿੱਚ ਸ਼ਾਮਲ ਹੋਣ ਲਈ ਭਾਈ ਲਛਮਣ ਸਿੰਘ ਦੀ ਪਤਨੀ ਵੀ ਤਿਆਰ ਹੋ ਗਈ। ਇਸ ਤਰ੍ਹਾਂ ਕੁੱਲ 23 ਸਿੰਘਾਂ ਅਤੇ ਤਿੰਨ ਬੀਬੀਆਂ ਦਾ ਜਥਾ ਰਾਤ ਨੂੰ ਪਿੰਡ ਧਾਰੋਵਾਲੀ ਤੋਂ ਰਵਾਨਾ ਹੋਇਆ।

ਪ੍ਰਕਾਸ਼ ਅਸਥਾਨ ਗੁਰਦੁਆਰਾ ਸਾਹਿਬ ਪਹੁੰਚ ਕੇ ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਜ ਗਏ ਅਤੇ ਬਾਕੀ ਸਿੰਘ ਹੇਠਾਂ ਬੈਠ ਗਏ। ਉਸ ਸਮੇਂ ਮਹੰਤ ਨਰੈਣੂ ਦੇ ਕਹਿਣ ’ਤੇ ਸਿੰਘਾਂ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਸਾਰੇ ਸਿੰਘ ਸ਼ਹੀਦ ਹੋ ਗੲੇ। ਜਥੇਦਾਰ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਲਹੂ-ਲੁਹਾਣ ਹੋ ਗਏ। ਫਿਰ ਜ਼ਖਮੀ ਹੋਏ ਭਾਈ ਲਛਮਣ ਸਿੰਘ ਨੂੰ ਕੇਸਾਂ ਤੋਂ ਫੜ੍ਹ ਕੇ ਬਾਹਰ ਲਿਆਂਦਾ ਗਿਆ ਅਤੇ ਛਵੀ ਨਾਲ ਉਨ੍ਹਾਂ ਦਾ ਸਿਰ ਵੱਢ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਧੜ ’ਤੇ ਮਿੱਟੀ ਦਾ ਤੇਲ ਪਾ ਕੇ ਜੰਡ ਥੱਲੇ ਅੱਗੇ ਲਗਾ ਦਿੱਤੀ। ਇਹ ਘਟਨਾ 21 ਫਰਵਰੀ 1921ਈ: ਨੂੰ ਵਾਪਰੀ। ਭਾਈ ਲਛਮਣ ਸਿੰਘ ਦੀ ਯਾਦ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਧਰਪੁਰ ’ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

Leave a Reply

Your email address will not be published. Required fields are marked *