ਨਸ਼ਿਆਂ ਖ਼ਿਲਾਫ਼ ਕਦਮ

ਪਿਛਲੇ 2 ਦਹਾਕਿਆਂ ਤੋਂ ਪੰਜਾਬ ਅੰਦਰ ਸਮਾਜਿਕ ਅਤੇ ਸਿਆਸੀ ਤੌਰ ਉੱਤੇ ਵੱਡੀ ਮੁੱਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਨਸ਼ਿਆਂ ਦੇ ਫੈਲਾਅ ਦੀ ਸਮੱਸਿਆ ਰਿਹਾ ਹੈ। ਬਹੁਤ ਸਾਰੀਆਂ ਪੰਚਾਇਤਾਂ ਨੇ ਸਮੇਂ ਸਮੇਂ ਆਪਣੇ ਪਿੰਡਾਂ ਵਿਚੋਂ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ, ਪੁਲੀਸ ਅਤੇ ਮਾਫ਼ੀਆ ਦੀ ਮਿਲੀਭੁਗਤ ਕਰ ਕੇ ਇਹ ਉੱਦਮ ਸਫ਼ਲ ਨਹੀਂ ਹੋਏ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਪੰਚਾਇਤ ਨੇ ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿੰਡ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਦੇ ਇਲਾਜ ਦਾ ਖਰਚ ਪੰਚਾਇਤ ਵੱਲੋਂ ਉਠਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਦਾ ਗ਼ਿਲਾ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਕਥਿਤ ਪਛਾਣ ਹੋਣ ਦੇ ਬਾਵਜੂਦ ਪੁਲੀਸ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਰਹੀ ਹੈ। ਚਿੱਟਾ ਪੁਲੀਸ ਅਤੇ ਨਸ਼ੇ ਦੇ ਵਪਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਵਿਕਦਾ ਹੈ। ਪੰਚਾਇਤ ਨੇ ਨਸ਼ੇ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਅਹਿਦ ਕੀਤਾ ਹੈ।

2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਸ਼ਿਆਂ ਦਾ ਫੈਲਾਉ ਵੱਡੇ ਮੁੱਦੇ ਵਜੋਂ ਸਾਹਮਣੇ ਆਇਆ ਸੀ। ਤਤਕਾਲੀਨ ਸਰਕਾਰ ਨੇ ਵੱਡੇ ਪੈਮਾਨੇ ਉੱਤੇ ਪਰਚੇ ਦਰਜ ਕਰ ਕੇ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ ਪਰ ਉਨ੍ਹਾਂ ਵਿਚ ਜ਼ਿਆਦਾਤਰ ਨਸ਼ਾ ਕਰਨ ਵਾਲੇ ਗ੍ਰਿਫ਼ਤਾਰ ਹੋਏ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਤਸਕਰਾਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਵੱਡੇ ਤਸਕਰ ਜਾਂ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਨਾ ਫੜੇ ਜਾਣ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਹਾਲ ਹੀ ਵਿਚ ਪੀਜੀਆਈ ਦੇ ਸਰਵੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਹਰ ਸੱਤਵਾਂ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ। ਇਨ੍ਹਾਂ ਅੰਕੜਿਆਂ ਵਿਚ ਸ਼ਰਾਬ ਅਤੇ ਤਮਾਕੂ ਦੀ ਵਰਤੋਂ ਕਰਨ ਵਾਲੇ ਵੀ ਸ਼ਾਮਿਲ ਹਨ। ਇਨ੍ਹਾਂ ਵਿਚ 22 ਲੱਖ ਸ਼ਰਾਬ, 16 ਲੱਖ ਤਮਾਕੂ ਅਤੇ ਦੋ ਲੱਖ ਚਿੱਟੇ ਅਤੇ ਅਜਿਹੇ ਹੋਰ ਨਸ਼ਿਆਂ ਦੇ ਸੇਵਨ ਕਰਨ ਵਾਲੇ ਵਿਅਕਤੀ ਦੱਸੇ ਗਏ ਹਨ। ਸ਼ਰਾਬ ਅਤੇ ਤਮਾਕੂ ਸਿਗਰਟ ਨੂੰ ਤਾਂ ਇਕ ਤਰ੍ਹਾਂ ਨਾਲ ਸਮਾਜਿਕ ਮਾਨਤਾ ਮਿਲੀ ਹੋਈ ਹੈ। ਸਭ ਤੋਂ ਵੱਧ ਜ਼ਰੂਰਤ ਚਿੱਟੇ ਅਤੇ ਹੋਰ ਖ਼ਤਰਨਾਕ ਨਸ਼ਿਆਂ ਦੀ ਚੇਨ ਤੋੜਨ ਦੇ ਮਾਮਲੇ ਬਾਰੇ ਠੋਸ ਰਣਨੀਤੀ ਬਣਾਉਣ ਦੀ ਹੈ। ਇਸ ਵਾਸਤੇ ਸਿਆਸਤਦਾਨਾਂ, ਪੁਲੀਸ ਅਤੇ ਤਸਕਰਾਂ ਦੇ ਗੱਠਜੋੜ ਨੂੰ ਤੋੜਨ, ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਬਣਾਉਣ ਅਤੇ ਨਸ਼ਾ ਛੱਡਣ ਵਾਲਿਆਂ ਦੇ ਮੁੜ ਵਸੇਬੇ ਦਾ ਬੰਦੋਬਸਤ ਕਰਨ ਦੇ ਪੱਖਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਇਸ ਵਾਸਤੇ ਸਰਕਾਰ, ਗ਼ੈਰ-ਸਰਕਾਰੀ ਜਥੇਬੰਦੀਆਂ ਅਤੇ ਖ਼ਾਸ ਤੌਰ ਉੱਤੇ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਵਰਗੀਆਂ ਸਥਾਨਕ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ ਹੈ।

Leave a Reply

Your email address will not be published. Required fields are marked *