ਐਗਜ਼ਿਟ ਪੋਲ
ਉੱਤਰ ਪ੍ਰਦੇਸ਼ ਅੰਦਰ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਤੋਂ ਤੁਰੰਤ ਬਾਅਦ ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਨੇ ਪਾਰਟੀਆਂ ਅਤੇ ਉਮੀਦਵਾਰਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਪੰਜਾਬ ਅੰਦਰ ‘ਆਪ’ ਅਤੇ ਦੂਸਰੇ ਚਾਰ ਰਾਜਾਂ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਦੇ ਅੰਕੜੇ ਸਾਹਮਣੇ ਆ ਰਹੇ ਹਨ। ਪੰਜਾਬ ਬਾਰੇ ਏਬੀਪੀ-ਸੀ ਵੋਟਰਜ਼ ਸਰਵੇ ਜਿਸ ਵਿਚ ‘ਆਪ’ ਨੂੰ 51 ਤੋਂ 61 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ, ਤੋਂ ਬਿਨਾਂ ਬਾਕੀ ਸਾਰੇ ਅਨੁਮਾਨ ‘ਆਪ’ ਨੂੰ ਸਪੱਸ਼ਟ ਬਹੁਮਤ ਅਤੇ ਕਈ ‘ਆਪ’ ਦੀ ਹਨੇਰੀ ਚੱਲਣ ਦੇ ਰੁਝਾਨ ਪ੍ਰਗਟ ਕਰ ਰਹੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਚਾਣਕਿਆ- ਨਿਊਜ਼-24 ਨੇ ‘ਆਪ’ ਦੀਆਂ ਸੀਟਾਂ 100 ਤੱਕ ਹੋਣ ਦਾ ਅਨੁਮਾਨ ਲਗਾਇਆ ਹੈ। ਇੰਡੀਆ ਟੂਡੇ-ਐਕਸਿਸ ਅਨੁਸਾਰ ‘ਆਪ’ ਨੂੰ 76 ਤੋਂ 90 ਸੀਟਾਂ ਮਿਲਣ ਦਾ ਅਨੁਮਾਨ ਹੈ। ਸਾਰੇ ਐਗਜ਼ਿਟ ਪੋਲ ਕਾਂਗਰਸ ਦੇ ਦੂਸਰੇ ਅਤੇ ਅਕਾਲੀ ਦਲ ਦੇ ਪਿਛਲੀਆ ਚੋਣਾਂ ਦੀ ਤਰ੍ਹਾਂ ਤੀਸਰੇ ਸਥਾਨ ਉੱਤੇ ਰਹਿਣ ਦੀ ਕਹਾਣੀ ਦੱਸ ਰਹੇ ਹਨ।
ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਅਤੇ ਇਕ ਸਾਲ ਤੋਂ ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਦੇ ਅਸਰ ਕਾਰਨ ਉੱਤਰ ਪ੍ਰਦੇਸ਼ ਦੀਆਂ ਚੋਣਾਂ ਉੱਤੇ ਸਭ ਦੀ ਨਜ਼ਰ ਹੈ। ਐਗਜ਼ਿਟ ਪੋਲਾਂ ਮੁਤਾਬਿਕ ਭਾਜਪਾ ਭਾਵੇਂ ਪਹਿਲਾਂ ਜਿੰਨੀਆਂ ਸੀਟਾਂ ਤਾਂ ਨਹੀਂ ਲਿਜਾ ਰਹੀ ਪਰ ਜੇ ਇਹ ਪੋਲ ਸਰਵੇ ਠੀਕ ਨਿਕਲਦੇ ਹਨ ਤਾਂ ਭਾਜਪਾ ਸਪੱਸ਼ਟ ਬਹੁਮਤ ਨਾਲ ਯੂਪੀ ਵਿਚ ਦੂਸਰੀ ਵਾਰ ਸਰਕਾਰ ਬਣਾ ਰਹੀ ਹੈ। ਸਮਾਜਵਾਦੀ ਪਾਰਟੀ ਦੂਸਰੇ ਨੰਬਰ ’ਤੇ ਹੈ; ਇੱਥੇ ਵੀ ‘ਆਪ’ ਦਾ ਖਾਤਾ ਚੰਗੇ ਤਰੀਕੇ ਨਾਲ ਖੁੱਲ੍ਹਣ ਦਾ ਅਨੁਮਾਨ ਹੈ। ਉੱਤਰਾਖੰਡ ਵਿਚ ਭਾਜਪਾ ਨੂੰ ਲਗਾਤਾਰ ਮੁੱਖ ਮੰਤਰੀ ਬਦਲਣੇ ਪਏ ਪਰ ਇਸ ਦੇ ਬਾਵਜੂਦ ਭਾਜਪਾ ਅਤੇ ਕਾਂਗਰਸ ਦਰਮਿਆਨ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ। ਬਹੁਤੇ ਐਗਜ਼ਿਟ ਪੋਲ ਭਾਜਪਾ ਦਾ ਹੱਥ ਉੱਪਰ ਦੱਸ ਰਹੇ ਹਨ। ਬਹੁਤੇ ਅਨੁਮਾਨਾਂ ਅਨੁਸਾਰ ਗੋਆ ਵਿਚ ਵੀ ਭਾਜਪਾ ਸਰਕਾਰ ਬਣਾਉਂਦੀ ਦਿਖਾਈ ਦੇ ਰਹੀ ਹੈ ਪਰ ਕੁਝ ਅਨੁਮਾਨ ਕਾਂਗਰਸ ਦੇ ਹੱਕ ਵਿਚ ਵੀ ਹਨ। ਮਨੀਪੁਰ ਵਿਚ ਵੀ ਭਾਜਪਾ ਹੀ ਦੁਬਾਰਾ ਸਰਕਾਰ ਬਣਾਏਗੀ। ਪੰਜਾਬ ਵਿਚ ਭਾਜਪਾ ਅਤੇ ਉਸ ਦੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀਆਂ ਧਿਰਾਂ ਵੀ ਕੋਈ ਵੱਡਾ ਮਾਅਰਕਾ ਮਾਰਦੀਆਂ ਦਿਖਾਈ ਨਹੀਂ ਦੇ ਰਹੀਆਂ। ਇਕ ਐਗਜ਼ਿਟ ਪੋਲ ਤੋਂ ਬਿਨਾਂ ਬਾਕੀ ਇਨ੍ਹਾਂ ਪਾਰਟੀਆਂ ਨੂੰ ਇਕ ਸੀਟ ਤੋਂ ਲੈ ਕੇ 7 ਤੱਕ ਹੀ ਸੀਟਾਂ ਦੇ ਰਹੇ ਹਨ।
ਐਗਜ਼ਿਟ ਪੋਲਾਂ ਦੀ ਗੱਲ ਮੰਨੀ ਜਾਵੇ ਤਾਂ ਪੰਜਾਬ ’ਚ ਰਵਾਇਤੀ ਪਾਰਟੀਆਂ ਨੂੰ ਹਰ ਹੀਲੇ ਹਰਾਉਣ ਦੇ ਲਈ ਬਦਲਾਅ ਦੀ ਮਾਨਸਿਕਤਾ ਨੇ ਵੱਡੀ ਭੂਮਿਕਾ ਨਿਭਾਈ ਹੈ। ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਾਢੇ ਚਾਰ ਸਾਲ ਦੀ ਸਥਾਪਤੀ ਵਿਰੋਧੀ ਭਾਵਨਾ ਨੂੰ ਇਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਰਿਸ਼ਤੇਦਾਰ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਕਾਰਨ ਉਸ ਦਾ ਪ੍ਰਭਾਵ ਮੱਧਮ ਪਿਆ। ਕਾਂਗਰਸ ਦਾ ਅੰਦਰੂਨੀ ਵਿਵਾਦ ਹੱਲ ਕਰਨ ’ਚ ਵੀ ਦੇਰੀ ਹੁੰਦੀ ਰਹੀ। ਅਕਾਲੀ ਦਲ ਨੇ ਲੰਮਾ ਸਮਾਂ ਪਹਿਲਾਂ ਚੋਣ ਮੁਹਿੰਮ ਵਿੱਢ ਕੇ ਅਤੇ ਉਮੀਦਵਾਰਾਂ ਦਾ ਐਲਾਨ ਕਰਕੇ ਜਿੱਤ ਵੱਲ ਗੰਭੀਰ ਕੋਸ਼ਿਸ਼ ਕੀਤੀ ਪਰ ਪਾਰਟੀ ਦੇ ਪੰਥਕ ਤੇ ਕਿਸਾਨ-ਪੱਖੀ ਅਕਸ ਨੂੰ ਲੱਗੇ ਧੱਕੇ ਦੀ ਭਰਪਾਈ ਕਰਨ ਵਿਚ ਸਫ਼ਲਤਾ ਮਿਲਦੀ ਦਿਖਾਈ ਨਹੀਂ ਦਿੱਤੀ। ਸਭ ਨੂੰ 10 ਮਾਰਚ ਦਾ ਇੰਤਜ਼ਾਰ ਰਹੇਗਾ।