ਅਕਾਲੀ ਫੂਲਾ ਸਿੰਘ

ਬਲਜੀਤ ਕੌਰ 

ਤੇਰੇ ਜੈਸਿਆਂ ਨਮਕ ਹਲਾਲ ਮਰ, ਸਾਡਾ ਮੁਲਕ ਪੰਜਾਬ ਆਬਾਦ ਕੀਤਾ। – ਕਾਦਰਯਾਰ

ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਡਮੁੱਲਾ ਯੋਗਦਾਨ ਪਾਇਆ ਸੀ। ਬਾਬਾ ਫੂਲਾ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ   ਦੇਹਲਾ ਸੀਹਾਂ (ਪੁਰਾਣਾ ਦੇਹਲਾ) ਵਿੱਚ 14 ਜਨਵਰੀ 1761 ਨੂੰ ਈਸ਼ਰ ਸਿੰਘ ਅਤੇ ਹਰ ਕੌਰ ਦੇ ਘਰ ਹੋਇਆ। ਚਾਹੇ ਇਤਿਹਾਸਕ ਤੌਰ ’ਤੇ ਪਿੰਡ ਦੇਹਲਾ ਅਣਗੌਲਿਆ ਹੀ ਨਜ਼ਰ ਆ ਰਿਹਾ ਹੈ, ਫਿਰ ਵੀ ਇੱਥੋਂ ਦੇ ਬਾਸ਼ਿੰਦਿਆਂ ਨੂੰ ਇਸ ਮਹਾਨ ਜਰਨੈਲ ਦੇ ਜਨਮ ਅਸਥਾਨ ਦੇ ਵਾਸੀ ਹੋਣ ਦਾ ਮਾਣ ਹੈ।   

ਬਾਬਾ ਫੂਲਾ ਸਿੰਘ ਦੇ ਪਿਤਾ ਈਸ਼ਰ ਸਿੰਘ ਵੱਡੇ ਘੱਲੂਘਾਰੇ ਦੀ ਜੰਗ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਜਦੋਂ ਉਹ ਸੱਤ ਸਾਲ ਦੇ ਹੋਏ ਤਾਂ ਉਨ੍ਹਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ। ਮਾਤਾ ਦੇ ਦੇਹਾਂਤ ਮਗਰੋਂ ਪਿਤਾ ਦੇ ਦੋਸਤ ਜਥੇਦਾਰ ਨਰੈਣ ਸਿੰਘ (ਨੈਣਾ ਸਿੰਘ) ਨੇ ਅਕਾਲੀ ਫੂਲਾ ਸਿੰਘ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਨੇ ਨੈਣਾ ਸਿੰਘ ਦੀ ਦੇਖ-ਰੇਖ ਹੇਠ ਹੀ ਘੋੜ-ਸਵਾਰੀ, ਨਿਸ਼ਾਨੇਬਾਜ਼ੀ ਵਿਚ ਨਿਪੁੰਨਤਾ ਹਾਸਲ ਕਰ ਕੇ ਨਿਹੰਗ ਸਿੰਘਾਂ ਦਾ ਬਾਣਾ ਗ੍ਰਹਿਣ ਕਰ ਲਿਆ। ਨਰੈਣ ਸਿੰਘ ਦੀ ਮੌਤ ਤੋਂ ਬਾਅਦ ਬਾਬਾ ਅਕਾਲੀ ਫੂਲਾ ਸਿੰਘ ਤਰਨ ਤਾਰਨ ਤੋਂ ਅੰਮ੍ਰਿਤਸਰ ਰਹਿਣ ਲੱਗ ਪਏ। ਉਸ ਸਮੇਂ ਸਿੱਖ ਮਿਸਲਾਂ ਵਿਚਾਲੇ ਅੰਦਰੂਨੀ ਝਗੜੇ ਚੱਲ ਰਹੇ ਸਨ, ਜਿਸ ਸਬੰਧੀ ਮਹਾਰਾਜਾ ਰਣਜੀਤ ਸਿੰਘ ਕਾਫੀ ਫਿਕਰਮੰਦ ਸਨ| ਅਕਾਲੀ ਫੂਲਾ ਸਿੰਘ ਨੇ ਸਿੱਖ ਮਿਸਲਾਂ ਦਾ ਇਹ ਅੰਦਰੂਨੀ ਝਗੜਾ ਖ਼ਤਮ ਕਰਵਾ ਦਿੱਤਾ। ਪੰਜਾਬ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਸਿਆਣਪ ਤੋ ਪ੍ਰਭਾਵਿਤ ਹੋਏ। ਉਨ੍ਹਾਂ ਦਾ ਬਾਬਾ ਫੂਲਾ ਸਿੰਘ ਨਾਲ ਕਾਫੀ ਪਿਆਰ ਪੈ ਗਿਆ। ਮਹਾਰਾਜਾ ਨੇ ਅਕਾਲ    ਨਾਮ ਦੀ ਰੈਜੀਮੈਂਟ ਬਣਾ ਕੇ ਬਾਬਾ ਜੀ ਨੂੰ ਉਸ ਦਾ ਜਰਨੈਲ ਬਣਾ ਦਿੱਤਾ, ਜਿੱਥੇ ਬਾਬਾ ਫੂਲਾ ਸਿੰਘ ਨੇ ਬਿਨਾਂ ਤਨਖਾਹ ਤੋਂ ਕੰਮ ਕੀਤਾ। 

ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮੁਹਿੰਮਾਂ ਵਿਚ ਹਮੇਸ਼ਾਂ ਸਹਾਇਤਾ ਕੀਤੀ। ਮੁਲਤਾਨ ਦੀ ਜੰਗ ਵੇਲੇ ਮਹਾਰਾਜਾ    ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਮਦਦ  ਲੈਣ ਲਈ ਬੇਨਤੀ ਕੀਤੀ, ਜਿਸ ’ਤੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜ-ਸਵਾਰਾਂ ਨੂੰ ਲੈ ਕੇ ਮੁਲਤਾਨ ’ਤੇ ਚੜ੍ਹਾਈ ਕੀਤੀ। ਕਿਲ੍ਹੇ ਦੀ ਕੰਧ ਪਾੜ ਕੇ ਆਪਣੇ ਘੋੜ-ਸਵਾਰ ਯੋਧੇ ਲੈ ਕੇ ਉਹ ਕਿਲ੍ਹੇ ਅੰਦਰ ਦਾਖਲ ਹੋਏ ਅਤੇ ਆਪਣੀ ਤਲਵਾਰ ਦੇ ਬਲ ’ਤੇ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਸੱਥਰ ਵਿਛਾ ਦਿੱਤੇ। ਨਵਾਬ ਤੇ ਉਸ ਦੇ ਪੁੱਤਰਾਂ ਨੂੰ ਮਾਰ ਕੇ ਕਿਲ੍ਹਾ ਫ਼ਤਹਿ ਕਰ ਲਿਆ। 

ਜੀਂਦ ਦਾ ਮਹਾਰਾਜਾ ਅੰਗਰੇਜ਼ਾਂ ਤੋਂ ਨਾਰਾਜ਼ ਹੋ ਕੇ ਅਕਾਲੀ ਫੂਲਾ ਸਿੰਘ ਕੋਲ ਆ ਗਿਆ। ਅੰਗਰੇਜ਼ਾਂ ਨੇ ਜੀਂਦ ਦੇ ਰਾਜੇ ਨੂੰ ਕੱਢਣ ਲਈ ਬਾਬਾ ਜੀ ’ਤੇ ਜ਼ੋਰ ਪਾਇਆ ਪਰ ਉਹ ਨਾ ਮੰਨੇ। ਮਗਰੋਂ ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰ ਸਾਹਿਬ ਮੋੜਨ ਲਈ ਕਿਹਾ ਗਿਆ। ਜਦੋਂ ਦੀਵਾਨ ਮਾਖੋਵਾਲ ਪਹੁੰਚਿਆ ਤਾਂ ਸਿੱਖ ਫ਼ੌਜ ਨੇ ਬਾਬਾ ਫੂਲਾ ਸਿੰਘ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ। ਨਵਾਬ ਮਾਲੇਰਕੋਟਲਾ ਅਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਨੇ  ਵੀ ਉਨ੍ਹਾਂ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਉਹ ਅਕਾਲੀ ਫੂਲਾ ਸਿੰਘ ਨੂੰ ਅੰਮ੍ਰਿਤਸਰ ਲੈ ਆਏ। ਬਾਬਾ ਫੂਲਾ ਸਿੰਘ ਨੇ ਕਸ਼ਮੀਰ, ਪਿਸ਼ਾਵਰ ਤੇ ਨੌਸ਼ਹਿਰੇ ਦੇ ਯੁੱਧਾਂ ਵਿਚ ਸ਼ਾਮਲ ਹੋ ਕੇ ਸਿੱਖ ਰਾਜ ਦੀ ਉਸਾਰੀ ਵਿਚ ਵੱਡਮੁੱਲਾ ਯੋਗਦਾਨ ਪਾਇਆ। 

ਅਕਾਲੀ ਫੂਲਾ ਸਿੰਘ ਵੱਲੋਂ ਲੜੀ ਗਈ ਨੌਸ਼ਹਿਰੇ ਦੀ ਲੜਾਈ ਆਖਰੀ ਲੜਾਈ ਸੀ। ਨੌਸ਼ਿਹਰਾ ਦੀ ਲੜਾਈ ਵੀ ਬਾਕੀ ਲੜਾਈਆਂ ਵਾਂਗੂ ਉਨ੍ਹਾਂ ਦੀ ਸੂਰਬੀਰਤਾ ਕਰ ਕੇ ਜਿੱਤੀ ਗਈ ਸੀ। ਇਸ ਲੜਾਈ ਦੀ ਜਿੱਤ ਦਾ ਝੰਡਾ ਲਹਿਰਾਉਂਦਿਆਂ ਜ਼ਖ਼ਮੀ ਹੋਣ ਮਗਰੋਂ 14 ਮਾਰਚ 1823 ਨੂੰ ਉਹ ਸ਼ਹੀਦ ਹੋ ਗਏ।  ਸਿੱਖ ਇਤਿਹਾਸ ਵਿੱਚ ਅਕਾਲੀ ਫੂਲਾ ਸਿੰਘ ਤੋਂ ਵੱਧ ਸੂਰਬੀਰ, ਧਾਰਮਿਕ ਤੌਰ ’ਤੇ ਪ੍ਰਪੱਕ ਅਤੇ ਨਿਡਰ ਜਰਨੈਲ ਕੋਈ ਵਿਰਲਾ ਹੀ ਨਜ਼ਰ ਆਉਂਦਾ ਹੈ। ਬਾਬਾ ਫੂਲਾ ਸਿੰਘ ਨਿਰਭੈ, ਅਣਖੀਲੇ ਅਤੇ ਨਿਧੜਕ ਸਿੱਖ ਜਰਨੈਲ ਸਨ, ਜਿਸ ਦਾ ਇਤਿਹਾਸ ਗਵਾਹ ਹੈ ਕਿ ਉਹ ਮਰਿਯਾਦਾ ਦੇ ਉਲਟ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਦੇ ਸਨ। ਇਸੇ ਉੱਪਰ ਪਹਿਰਾ ਦਿੰਦੇ ਹੋਏ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਹੁੰਦਿਆਂ ਸਮੇਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ| ਉਹ ਸਿੱਖ ਮਰਿਯਾਦਾ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਬਰਾਬਰ ਦੀ ਸਜ਼ਾ ਦਿੰਦੇ ਸਨ। ਉਨ੍ਹਾਂ ਦੀ ਵੀਰਤਾ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੇ ਲੰਡੇ ਦਰਿਆ ਦੇ ਕੰਢੇ (ਪਾਕਸਿਤਾਨ) ਸਿੱਖ ਅਕਾਲੀ ਫੂਲਾ ਸਿੰਘ ਦੀ ਯਾਦਗਰ ਵੀ ਬਣਵਾਈ ਹੈ। 

ਅੰਮ੍ਰਿਤਸਰ ਵਿੱਚ ਜਿਸ ਸਥਾਨ ’ਤੇ ਅਕਾਲੀ ਫੂਲਾ ਸਿੰਘ ਜੀ ਰਹੇ, ਉਥੇ ਉਨ੍ਹਾਂ ਦੀ ਯਾਦ ਵਿਚ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ ਬਣਿਆ ਹੋਇਆ ਹੈ। ਇਥੇ ਛਾਉਣੀ ਨਿਹੰਗ ਸਿੰਘਾਂ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ 96 ਕਰੋੜੀ ਬੁੱਢਾ ਦਲ ਕੋਲ ਹੈ। ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 14 ਮਾਰਚ ਨੂੰ ਪਿੰਡ ਦੇਹਲਾ ਸੀਹਾਂ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸ਼ਹੀਦੀ ਸਮਾਗਮ 10 ਤੋਂ 14 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਲਾਨਾ ਸ਼ਹੀਦੀ ਸਮਾਗਮ ਦੌਰਾਨ ਨਗਰ ਕੀਰਤਨ ਸਜਾਏ ਜਾਣਗੇ। ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖਸੀਅਤਾਂ, ਰਾਗੀ, ਢਾਡੀ ਅਤੇ ਕਥਾਵਾਚਕ ਹਾਜ਼ਰੀ ਭਰ ਕੇ ਅਕਾਲੀ ਫੂਲਾ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ। 

Leave a Reply

Your email address will not be published. Required fields are marked *