ਡਾਕਟਰ ਅਤੇ ਮਰੀਜ਼ ਦਰਮਿਆਨ ਆਪਸੀ ਬੇਭਰੋਸਗੀ ਦੀ ਦਰਾਰ ਕਿਉਂ?

ਡਾ. ਗਗਨਦੀਪ ਸ਼ੇਰਗਿਲ

ਮਰੀਜ਼ ਅਤੇ ਡਾਕਟਰ ਵਿਚਕਾਰ ਆਪਸੀ ਭਰੋਸਾ, ਉਨ੍ਹਾਂ ਦੇ ਰਿਸ਼ਤੇ ਦੀ ਬੁਨਿਆਦ ਹੈ। ਇਸੇ ਬੁਨਿਆਦ ਉੱਪਰ ਉਹ ਦੋਵੇਂ ਮਰੀਜ਼ ਦੇ ਤੰਦਰੁਸਤ ਹੋਣ ਤੱਕ ਦਾ ਸਾਂਝਾ ਟੀਚਾ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਹ ਆਪਸੀ ਭਰੋਸਾ ਮਜ਼ਬੂਤ ਹੁੰਦਾ ਹੈ ਤਾਂ ਇਹ ਟੀਚਾ ਜਲਦ ਪੂਰਾ ਹੋ ਜਾਂਦਾ ਹੈ ਅਤੇ ਜੇਕਰ ਇਸ ਦੀ ਘਾਟ ਰਹਿੰਦੀ ਹੈ ਤਾਂ ਇਹ ਟੀਚਾ ਵੀ ਪੂਰਾ ਨਹੀਂ ਹੁੰਦਾ। ਮਰੀਜ਼ ਦਾ ਭਰੋਸਾ ਜਿੱਤਣ ਵਾਲੇ ਡਾਕਟਰ ਮਰੀਜ਼ ਦੇ ਤਨ ਦੇ ਨਾਲ-ਨਾਲ ਮਰੀਜ਼ ਦੇ ਮਨ ਨੂੰ ਠੀਕ ਕਰਨ ਦੀ ਕਾਬਲੀਅਤ ਰੱਖਦੇ ਹਨ। ਡਾਕਟਰੀ ਉਹ ਕਲਾ ਹੈ, ਜਿਸਦਾ ਜਾਦੂ ਡਾਕਟਰ-ਮਰੀਜ਼ ਦੇ ਆਪਸੀ ਭਰੋਸੇ ਵਿੱਚ ਸਮੋਇਆ ਹੋਇਆ ਹੈ।

2018 ਵਿੱਚ ਭਾਰਤ ਦੇ 8 ਪ੍ਰਮੁੱਖ ਸ਼ਹਿਰਾਂ ਦੇ 2 ਲੱਖ ਤੋਂ ਵੱਧ ਵਸਨੀਕਾਂ ਉੱਤੇ ਕੀਤੇ ਗਏ ਗੋਕੀ ਨਾਮਕ ਸੰਸਥਾ ਦੇ ਸਰਵੇ ਮੁਤਾਬਕ 92.3 ਫ਼ੀਸਦ ਭਾਰਤੀ ਭਾਰਤ ਦੇ ਸਿਹਤ ਢਾਂਚੇ ’ਤੇ ਭਰੋਸਾ ਨਹੀਂ ਕਰਦੇ। ਸਰਵੇ ਅਨੁਸਾਰ 74 ਫ਼ੀਸਦ ਲੋਕ ਹਸਪਤਾਲਾਂ ਉੱਪਰ, 62.8 ਦਵਾਈ ਬਣਾਉਣ ਵਾਲੀਆਂ ਕੰਪਨੀਆਂ ਉੱਪਰ, 50.6 ਫ਼ੀਸਦ ਡਾਕਟਰਾਂ ਉੱਤੇ ਅਤੇ 46.1 ਫ਼ੀਸਦ ਲੋਕ ਟੈਸਟ ਕਰਨ ਵਾਲੀਆਂ ਲੈਬੋਰਟਰੀਆਂ ਉੱਪਰ ਭਰੋਸਾ ਨਹੀਂ ਜਤਾਉਂਦੇ। 2019 ਵਿੱਚ ਇਹੀ ਅੰਕੜਾਂ ਵੱਧਦਾ-ਵੱਧਦਾ 96.5 ਫ਼ੀਸਦ ਤੱਕ ਪਹੁੰਚ ਗਿਆ। ਸਿਹਤ ਢਾਂਚੇ ਵਿੱਚ ਪਾਰਦਰਸ਼ਤਾ ਦੀ ਘਾਟ ਅਤੇ ਹਸਪਤਾਲਾਂ ਵੱਲੋਂ ਅਣਗਹਿਲੀ ਇਸ ਬੇਭਰੋਸਗੀ ਦੇ ਦੋ ਸਭ ਤੋਂ ਵੱਡੇ ਕਾਰਨ ਦੱਸੇ ਗਏ ਹਨ।

ਡਾਕਟਰਾਂ ਦਾ ਮਰੀਜ਼ ਨਾਲ ਘੱਟ ਸਮਾਂ ਗੱਲਬਾਤ, ਡਾਕਟਰ ਵੱਲੋਂ ਗੱਲ ਧਿਆਨ ਨਾਲ ਨਾ ਸੁਣਨਾ, ਮਰੀਜ਼ ਦੀ ਗੱਲ ਦਾ ਵਿਚਾਰ ਨਾ ਕਰਨਾ ਜਾਂ ਉਸ ਤੋਂ ਉਸ ਦੀ ਰਾਇ ਨਾ ਪੁੱਛਣਾ, ਮਰੀਜ਼ ਨੂੰ ਉਸ ਦੇ ਇਲਾਜ ਵਿੱਚ ਹਿੱਸੇਦਾਰ ਨਾ ਬਣਾਉਣਾ, ਮਰੀਜ਼ ਦੀ ਗੱਲ ਕੱਟਣਾ, ਸਮਾਜ ਵਿੱਚ ਡਾਕਟਰਾਂ ਦੇ ਲਾਲਚਪੁਣੇ ਬਾਰੇ ਆਮ ਧਾਰਨਾ ਆਦਿ ਕਾਰਨਾਂ ਕਰਕੇ ਮਰੀਜ਼ਾਂ ਦਾ ਡਾਕਟਰ ਉੱਪਰ ਭਰੋਸਾ ਨਹੀਂ ਬੱਝ ਪਾਉਂਦਾ। ਸਾਫ਼ ਕਿਹਾ ਜਾਵੇ ਤਾਂ ਤਕਰੀਬਨ ਹਰ ਮਰੀਜ਼ ਨੂੰ ਤਕਰੀਬਨ ਹਰ ਡਾਕਟਰ ਇੱਕ “ਕਸਾਈ ਅਤੇ ਲੁਟੇਰਾ” ਨਜ਼ਰ ਆਉਂਦਾ ਹੈ।

ਦੂਜੇ ਪਾਸੇ ਮਰੀਜ਼ਾਂ ਵੱਲੋ ਡਾਕਟਰਾਂ ਉੱਪਰ ਸਿੱਧੇ-ਅਸਿੱਧੇ ਹਮਲੇ, ਉਨ੍ਹਾਂ ਖ਼ਿਲਾਫ਼ ਵੱਧ ਰਹੇ ਮੁਕੱਦਮੇ ਅਤੇ ਸ਼ਿਕਾਇਤਾਂ ਨੇ ਡਾਕਟਰਾਂ ਵਿੱਚ ਮਰੀਜ਼ਾਂ ਪ੍ਰਤੀ ਭਰੋਸਾ ਘਟਾ ਦਿੱਤਾ ਹੈ। ਮਰੀਜ਼ਾਂ ਦੀਆਂ ਬੇਲੋੜੀਆਂ ਅਤੇ ਗੈਰਵਾਜਿਬ ਉਮੀਦਾਂ, ਬਿਮਾਰੀ ਸਬੰਧੀ ਸਹੀ ਜਾਣਕਾਰੀ (ਸਹੀ ਹਿਸਟਰੀ) ਨਾ ਦੇਣਾ, ਹਿਸਟਰੀ ਲੁਕੋਣਾ ਜਾਂ ਗਲਤ ਹਿਸਟਰੀ ਦੇਣ ਵਰਗੇ ਕੁਝ ਹੋਰ ਕਾਰਨ ਵੀ ਇਸ ਭਰੋਸੇ ਨੂੰ ਘੱਟ ਕਰਦੇ ਹਨ। ਭਾਰਤ ਵਿੱਚ 80 ਫ਼ੀਸਦ ਤੋਂ ਜ਼ਿਆਦਾ ਡਾਕਟਰਾਂ ਉੱਪਰ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਸਿੱਧੇ-ਅਸਿੱਧੇ ਹਮਲੇ ਹੁੰਦੇ ਹਨ। ਇਹ ਇੱਕ ਭਿਆਨਕ ਸਥਿਤੀ ਹੈ। ਅਮਰੀਕਾ ਵਿੱਚ 65 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ-ਪਹਿਲਾਂ 41 ਫ਼ੀਸਦ ਸਾਈਕੈਟਰਿਸਟਾਂ, 85 ਫ਼ੀਸਦ ਸਰਜਨਾਂ ਅਤੇ 99 ਫ਼ੀਸਦ ਮੈਡੀਸਨ ਦੇ ਡਾਕਟਰਾਂ ਉੱਪਰ ਘੱਟੋ-ਘੱਟ ਇੱਕ ਮੁਕੱਦਮਾ ਕਿਸੇ ਨਾ ਕਿਸੇ ਮਰੀਜ਼ ਵੱਲੋਂ ਕਰ ਦਿੱਤਾ ਜਾਂਦਾ ਹੈ। ਇੱਥੇ ਵੀ ਜੇਕਰ ਸਾਫ-ਸਾਫ਼ ਕਹਿਣਾ ਹੋਵੇ ਤਾਂ ਤਕਰੀਬਨ ਹਰ ਡਾਕਟਰ ਨੂੰ ਤਕਰੀਬਨ ਹਰ ਮਰੀਜ਼ ਇੱਕ “ਭਵਿੱਖ ਦਾ ਸ਼ਿਕਾਇਤਕਰਤਾ” ਦਿਖਦਾ ਹੈ। ਉਪਰੋਕਤ ਸਭ ਅੰਕੜੇ ਗੈਰ ਸਰਕਾਰੀ ਜਾਂ ਗੈਰ ਭਾਰਤੀ ਹਨ। ਭਾਰਤ ਸਰਕਾਰ ਕੋਲ ਇਸ ਸਬੰਧੀ ਕੋਈ ਅੰਕੜੇ ਉਪਲਬੱਧ ਨਹੀਂ ਹਨ। ਭਾਰਤ ਸਰਕਾਰ ਕੋਲ ਅਕਸਰ ਹੀ ਅੰਕੜੇ ਉਪਲਬੱਧ ਨਹੀਂ ਹੁੰਦੇ, ਜਿਵੇਂ ਕਰੋਨਾ ਦੌਰਾਨ ਆਕਸੀਜਨ ਦੀ ਥੋੜ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਕੜਾ, ਲੌਕਡਾਊਨ ਦੌਰਾਨ ਪਰਵਾਸੀਆਂ ਦੀਆਂ ਮੌਤਾਂ ਦਾ ਅੰਕੜਾ, ਦਸਤੀ ਮੈਲਾ ਢੋਣ ਵਾਲਿਆਂ ਦੀ ਗਿਣਤੀ ਦਾ ਅੰਕੜਾ, ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਗਿਣਤੀ ਜਾਂ ਕਰੋਨਾ ਮਹਾਮਾਰੀ ਦੌਰਾਨ ਜਾਨ ਗਵਾ ਬੈਠਣ ਵਾਲੇ ਸਿਹਤ ਕਰਮੀਆਂ ਦੀ ਮੌਤ ਸਬੰਧੀ ਕੋਈ ਵੀ ਅੰਕੜਾ ਸਰਕਾਰ ਕੋਲ ਨਹੀਂ ਹੈ। ਖੈਰ ਮੁੱਦੇ ਵੱਲ ਵਾਪਸ ਆਉਂਦੇ ਹਾਂ।

ਮਰੀਜ਼ ਹਿੰਸਕ ਤੇ ਸ਼ਿਕਾਇਤੀ ਕਿਉਂ ਹੁੰਦੇ ਜਾ ਰਹੇ ਹਨ? ਡਾਕਟਰ ਲਾਲਚੀ ਅਤੇ ਕਾਹਲੇ ਕਿਉਂ ਹੋ ਰਹੇ ਹਨ? ਉਨ੍ਹਾਂ ਦਾ ਆਪਸੀ ਰਿਸ਼ਤਾ ਕਿਉਂ ਤਾਰ-ਤਾਰ ਹੁੰਦਾ ਜਾ ਰਿਹਾ ਹੈ ? ਇਹ ਗੰਭੀਰ ਪ੍ਰਸ਼ਨ ਹਨ, ਜਿਸ ਦੀ ਅਸਲ ਜੜ੍ਹ ਮੁਨਾਫ਼ਾ ਕੇਂਦਰਿਤ ਸਰਮਾਏਦਾਰੀ ਸਿਹਤ ਢਾਂਚਾ ਹੈ। ਥੋੜ੍ਹੀ ਪੜਤੋਲ ਉਪਰੰਤ ਇਹ ਬਿਲਕੁਲ ਸਾਫ਼ ਹੋ ਜਾਂਦਾ ਹੈ।

ਮੌਜੂਦਾ ਮੁਨਾਫ਼ਾ ਕੇਂਦਰਿਤ ਸਰਮਾਏਦਾਰੀ ਸਿਹਤ ਢਾਂਚੇ ਦੇ ਸਰਕਾਰੀ ਹਸਪਤਾਲਾਂ ਵਿੱਚ ਆਮ ਕਰਕੇ ਗਰੀਬ ਲੋਕ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਲਗਾਤਾਰ ਨਿਘਰ ਰਹੀਆਂ ਹਨ। ਇਸ ਨੁਕਸਦਾਰ ਢਾਂਚੇ ਵਿੱਚ 23 ਫ਼ੀਸਦ ਬਿਮਾਰ ਭਾਰਤੀ ਆਪਣਾ ਉੱਕਾ ਹੀ ਇਲਾਜ ਨਹੀਂ ਕਰਵਾ ਪਾਉਂਦੇ। ਭਾਰਤ ਵਿੱਚ ਹਰ ਸਾਲ ਤਕਰੀਬਨ 24 ਲੱਖ ਉਹ ਮਰੀਜ਼ ਇਲਾਜ ਖੁਣੋ ਮਰ ਜਾਂਦੇ ਹਨ, ਜੋ ਕਿ ਸੌਖੇ ਹੀ ਠੀਕ ਹੋ ਸਕਦੇ ਹਨ। ਹਰ ਸਾਲ 7 ਫ਼ੀਸਦ ਭਾਰਤੀ ਆਪਣਾ ਇਲਾਜ ਕਰਵਾਉਂਦੇ ਹੋਏ ਗਰੀਬੀ ਰੇਖਾ ਤੋਂ ਥੱਲੇ ਜਾ ਡਿੱਗਦੇ ਹਨ। ਇਹ ਲਗਪਗ 55 ਲੱਖ ਬੰਦੇ ਦਾ ਅੰਕੜਾ ਕੋਰੀਆ ਦੀ ਕੁੱਲ ਜਨਸੰਖਿਆ ਤੋਂ ਵੀ ਵਧੇਰੇ ਹੈ। ਭਾਰਤ ਸਰਕਾਰ ਆਪਣੇ ਕੁੱਲ ਜੀਡੀਪੀ ’ਚੋਂ ਸਿਰਫ 1.2 ਫ਼ੀਸਦ ਹੀ ਸਿਹਤ ਸੇਵਾਵਾਂ ਲਈ ਖ਼ਰਚ ਕਰਦੀ ਹੈ, ਜੋ ਕਿ ਦੁਨੀਆਂ ਵਿੱਚ ਸਭ ਤੋਂ ਅਖੀਰਲੇ ਪਾਏਦਾਨਾਂ ਉੱਪਰ ਹੈ। ਭਾਰਤ ਦੇ ਗੁਆਂਢੀ ਮੁਲਕ ਜਿਵੇਂ ਸ੍ਰੀ ਲੰਕਾ (1.6 ਫ਼ੀਸਦ), ਨੇਪਾਲ (1.7 ਫ਼ੀਸਦ), ਭੂਟਾਨ (2.5 ਫ਼ੀਸਦ), ਥਾਈਲੈਂਡ (2.9 ਫ਼ੀਸਦ) ਅਤੇ ਮਾਲਦੀਵਜ਼ (9.4 ਫ਼ੀਸਦ) ਇਸ ਸਬੰਧੀ ਭਾਰਤ ਤੋਂ ਮੋਹਰੀ ਹਨ। ਹਰ ਭਾਰਤੀ ਆਪਣੀ ਜੇਬ ’ਚੋਂ ਆਪਣੀ ਬਿਮਾਰੀ ਲਈ ਹੋਏ ਖਰਚ ਦਾ 67 ਫ਼ੀਸਦ ਪੈਸਾ ਆਪਣੀ ਜੇਬ ’ਚੋਂ ਪਾਉਂਦਾ ਹੈ, ਜੋ ਕਿ ਸਾਰੀ ਦੁਨੀਆਂ ’ਚੋਂ ਸਭ ਤੋਂ ਵੱਧ ਹੈ। ਕੁੱਲ ਦੁਨੀਆਂ ਦਾ ਇਹ ਔਸਤਨ ਅੰਕੜਾਂ 18.2 ਫ਼ੀਸਦ ਹੈ।

ਭਾਰਤ ਵਿੱਚ ਤਕਰੀਬਨ 19 ਲੱਖ ਹਸਪਤਾਲ ਬੈੱਡ ਹਨ। ਮਤਲਬ 1.4 ਬੈੱਡ/1000 ਵਿਅਕਤੀ। ਚੀਨ ਵਿੱਚ ਇਹ ਗਿਣਤੀ 4/1000 ਅਤੇ ਸ੍ਰੀ ਲੰਕਾ ਵਿੱਚ 3/1000 ਅਤੇ ਥਾਈਲੈਂਡ ਵਿੱਚ 2/1000 ਹੈ। ਇੱਥੇ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ 19 ਲੱਖ ’ਚੋਂ 60 ਫ਼ੀਸਦ ਬੈੱਡ ਨਿੱਜੀ ਖੇਤਰ ਵਿੱਚ ਹਨ। ਇਸੇ ਤਰ੍ਹਾਂ ਕੁੱਲ 11.54 ਐਲੋਪੈਥਿਕ ਡਾਕਟਰਾਂ ਵਿੱਚੋ 81 ਫ਼ੀਸਦ ਡਾਕਟਰ, ਤਕਰੀਬਨ 30 ਲੱਖ ’ਚੋਂ 80 ਫ਼ੀਸਦ ਨਰਸਾਂ ਅਤੇ 11.25 ਲੱਖ ਫਾਰਮਾਸਿਸਟਾਂ ’ਚੋਂ 80 ਫ਼ੀਸਦ ਤੋਂ ਜ਼ਿਆਦਾ ਪ੍ਰਾਈਵੇਟ ਖੇਤਰ ਵਿੱਚ ਕੰਮ ਕਰ ਰਹੇ ਹਨ। ਕੁੱਲ ’ਚੋਂ 58 ਫ਼ੀਸਦ ਹਸਪਤਾਲ ਵੀ ਨਿੱਜੀ ਖੇਤਰ ਵਿੱਚ ਹੀ ਹਨ। ਜੇਕਰ ਇਹ ਸਭ ਕੱਢ ਦੇਈਏ ਤਾਂ ਆਮ ਬੰਦੇ ਦੇ ਸਰਕਾਰੀ ਢਾਂਚੇ ਦੀਆਂ ਚੂਲਾਂ ਹਿੱਲੀਆਂ ਨਜ਼ਰ ਆਉਂਦੀਆਂ ਹਨ। ਇਸ ਮੌਕੇ ਭਾਰਤ ਵਿੱਚ 23 ਫ਼ੀਸਦ ਸਬ-ਸੈਂਟਰਾਂ, 28 ਫ਼ੀਸਦ ਮੁੱਢਲੇ ਸਿਹਤ ਕੇਂਦਰਾਂ ਅਤੇ 37 ਫ਼ੀਸਦ ਕਮਿਊਨਿਟੀ ਹੈਲਥ ਸੈਂਟਰਾਂ ਦੀ ਘਾਟ ਹੈ। ਭਾਰਤ ਸਰਕਾਰ ਦੇ ਖ਼ੁਦ ਦੇ ਬਣਾਏ ਪੈਮਾਨਿਆ ਅਨੁਸਾਰ ਸਿਰਫ਼ 11 ਫ਼ੀਸਦ ਸਬ-ਸੈਂਟਰ, 13 ਫ਼ੀਸਦ ਪਬਲਿਕ ਹੈਲਥ ਸੈਂਟਰ ਅਤੇ ਸਿਰਫ਼ 16 ਫ਼ੀਸਦ ਕਮਿਊਨਿਟੀ ਹੈਲਥ ਸੈਂਟਰ ਹੀ ਪੈਮਾਨਾ- ਪੂਰਤੀ ਕਰਦੇ ਹਨ।

ਇੱਕ ਭਾਰਤੀ ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰ ਆਪਣੀ ਛੇ ਘੰਟੇ ਦੀ ਓ.ਪੀ.ਡੀ. ਵਿੱਚ ਬਿਨਾ ਕਿਸੇ ਚਾਹ ਪਾਣੀ ਦੀ ਬਰੇਕ ਦੇ ਤਕਰੀਬਨ 250 ਮਰੀਜ਼ ਦੇਖਦਾ ਹੈ। ਇੰਝ ਉਹ ਹਰ ਮਰੀਜ਼ ਨੂੰ 1.44 ਮਿੰਟ ਦਿੰਦਾ ਹੈ। ਇਸੇ ਡੂਢ ਮਿੰਟ ਵਿੱਚ ਹੀ ਉਸ ਨੇ ਮਰੀਜ਼ ਦੀ ਹਿਸਟਰੀ ਲੈਣੀ ਹੈ, ਮੁਆਇਨਾ ਕਰਨਾ ਹੈ, ਟੈਸਟ ਲਿਖਣੇ ਹਨ, ਟੈਸਟ ਦੇਖਣੇ ਹਨ, ਬਿਮਾਰੀ ਫੜਨੀ ਹੈ ਅਤੇ ਉਸਦੀ ਦਵਾਈ ਦੇਣੀ ਹੈ। ਉਧਰ ਇੰਗਲੈਂਡ ਵਿੱਚ ਇੱਕ ਡਾਕਟਰ, ਕਾਫੀ- ਲੰਚ ਬਰੇਕ ਲੈਂਦਾ ਹੋਇਆ, ਪਹਿਲਾ ਅਪੁਆਇੰਟਮੈਂਟ ਲਏ 25 ਮਰੀਜ਼ ਦੇਖਦਾ ਹੈ। ਇਸ ਤਰ੍ਹਾਂ ਉਹ ਆਪਣੇ ਹਰ ਮਰੀਜ਼ ਨੂੰ ਘੱਟੋ-ਘੱਟ 15 ਮਿੰਟ ਸਕੂਨ ਅਤੇ ਮੁਕੰਮਲ ਤਰੀਕਾ ਨਾਲ ਦੇਖਦਾ ਹੈ। ਫਿਰ, ਭਾਰਤੀ ਸਰਕਾਰੀ ਡਾਕਟਰ ਅੱਜ ਓ.ਪੀ.ਡੀ ਵਿੱਚ, ਕੱਲ ਕੋਰਟ-ਕਚਿਹਰੀ ’ਚ, ਪਰਸੋਂ ਐਂਮਰਜੈਂਸੀ ਡਿਊਟੀ ’ਤੇ, ਚੌਥੇ ਕਿਸੇ ਵੀਆਈਪੀ ਸਾਬ ਨੂੰ ਰਿਸੀਵ ਕਰਨ ਲਈ ਐਂਬੂਲੈਂਸ ’ਚ, ਪੰਜਵੇਂ ਆਪਣੇ ਕਿਸੇ ਸੀਨੀਅਰ ਦੇ ਕਹਿਣ ’ਤੇ ਕਿਸੇ ਵੱਡੇ ਅਫਸਰ ਦੇ ਘਰੇ ਵਗਾਰ ਪਗਾਉਣ, ਛੇਵੇਂ ਦਿਨ ਕਿਸੇ ਫਿਜ਼ੂਲ ਸ਼ਿਕਾਇਤ ਦੀ ਪੜਤਾਲ ਜਾਂ ਪੇਸ਼ੀ ਉਤੇ ਅਤੇ ਸੱਤਵੇਂ ਦਿਨ ਛੁੱਟੀ ’ਤੇ ਹੁੰਦਾ ਹੈ।

ਸਦੀਆਂ ਤੋਂ ਰਾਜੇਰਜਵਾੜਿਆਂ, ਫੇਰ ਗੋਰੇ-ਅੰਗਰੇਜ਼ਾਂ ਤੋਂ ਬਾਅਦ ਹੁਣ ਕਾਲੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਂ ਰਹੀ ਭਾਰਤ ਦੀ 80 ਫ਼ੀਸਦ ਗਰੀਬ ਜਨਤਾ ਅਜੇ ਵੀ ਅਗਿਆਨ ਦੇ ਹਨ੍ਹੇਰੇ ਹੇਠ ਜਿਉਂ ਰਹੀ ਹੈ। ਉਨ੍ਹਾਂ ਵਿੱਚ ਇਨੀ ਚੇਤਨਾ ਹੀ ਨਹੀਂ ਪੈਦਾ ਹੋਣ ਦਿੱਤੀ ਗਈ ਕਿ ਉਹ ਆਪਣੇ ਡਾਕਟਰ ਨਾਲ ਹਲੀਮੀ, ਸਾਫ਼ ਗੋਈ ਅਤੇ ਖੁੱਲ੍ਹ ਕੇ ਗੱਲ ਕਰ ਸਕਣ। ਉੱਧਰ ਡੇਢ ਦੋ ਮਿੰਟਾਂ ਵਿੱਚ ਡਾਕਟਰ ਵੀ ਕਿੰਨੇ ਕੁ ਮਰੀਜ਼ਾਂ ਦੇ ਟੂਟੀ ਲਾ ਕੇ ਉਨ੍ਹਾਂ ਦਾ ਭਰੋਸਾ ਜਿੱਤ ਲਵੇਗਾ। ਮੌਜੂਦਾ ਢਾਂਚੇ ਵਿੱਚ ਕਰੋੜਾਂ ਰੁਪਏ ਖਰਚ ਕੇ ਬਣ ਰਹੇ ਡਾਕਟਰ ਇੱਕ ਖ਼ਾਸ ਕਿਸਮ ਦੇ ਸੁਪੀਰੀਓਰਟੀ ਕੰਪਲੈਕਸ ਦਾ ਸ਼ਿਕਾਰ ਹਨ, ਜਿਸ ਕਰਕੇ ਉਹ ਮਰੀਜ਼ਾਂ ਨਾਲ ਨਿਖੜੇ ਰਹਿੰਦੇ ਹਨ। ਇਹ ਢਾਂਚਾ ਡਾਕਟਰਾਂ ਨੂੰ ਲਾਲਚੀ ਅਤੇ ਕਮਿਸ਼ਨਖੋਰੀ ਵੱਲ ਧੱਕਦਾ ਹੈ। ਡਾਕਟਰਾਂ, ਨਰਸਾਂ, ਟੈਕਨੀਸ਼ੀਅਨਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਘਾਟ ਅਤੇ ਦਵਾ-ਬੂਟੀ ਦੀ ਥੁੜ੍ਹ ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਏ ਸਿਹਤ ਢਾਂਚੇ ਵਿੱਚ ਮਰੀਜ਼ ਦਾ ਵਿਸ਼ਵਾਸ ਬਣੇ ਤਾਂ ਬਣੇ ਕਿਵੇਂ ? ਬਸ ਇਹ ਮੂਲ ਗੰਭੀਰ ਅਤੇ ਗੁੰਝਲਦਾਰ ਸਵਾਲ ਹੈ।

ਟੀਬੀ ਦੇ ਮਰੀਜ਼ ਨੂੰ ਸਿਰਫ ਖੰਘ ਦੀ ਦਵਾਈ ਠੀਕ ਨਹੀਂ ਕਰ ਸਕਦੀ, ਬਲਕਿ ਉਸ ਨੂੰ ਅਸਲ ਮਰਜ਼ (ਟੀ.ਬੀ) ਦੀ ਕੌੜੀ ਦਵਾਈ ਹੀ ਤੰਦਰੁਸਤ ਕਰ ਸਕਦੀ ਹੈ। ਠੀਕ ਓਵੇਂ ਮਰੀਜ਼ ਅਤੇ ਡਾਕਟਰ ਦੇ ਭਰੋਸੇ ਨੂੰ ਮੁੜ ਸੁਰਜੀਤ ਕਰ ਲਈ ਘੁਣ ਖਾਧੇ ਇਸ ਮੁਨਾਫ਼ਾ ਕੇਂਦਰਿਤ ਸਰਮਾਏਦਾਰੀ ਸਿਹਤ ਢਾਂਚੇ ਨੂੰ ਮੁੱਢੋਂ ਹੀ ਬਦਲ ਦੇਣ ਤੋਂ ਬਿਨਾਂ ਇਸ ਸਮੱਸਿਆ ਦਾ ਕੋਈ ਦੂਜਾ ਹੱਲ ਨਜ਼ਰ ਨਹੀਂ ਆਉਂਦਾ।

Leave a Reply

Your email address will not be published. Required fields are marked *