ਘਰੇਲੂ ਹਿੰਸਾ: ਅਣਮਨੁੱਖੀ ਵਰਤਾਰਾ

ਕੰਵਲਜੀਤ ਕੌਰ ਗਿੱਲ

ਘਰੇਲੂ ਹਿੰਸਾ ਪਿੱਤਰਸੱਤਾ ਦੇ ਵਰਤਾਰੇ ਦਾ ਸਿੱਟਾ ਹੈ। ਵਿਕਸਤ ਮੁਲਕਾਂ ਨੇ ਸਖ਼ਤ ਕਾਨੂੰਨ ਬਣਾ ਅਤੇ ਲੋਕਾਂ ਨੂੰ ਸਿੱਖਿਅਤ ਕਰ ਕੇ ਇਸ ਉੱਤੇ ਕਾਫ਼ੀ ਹੱਦ ਤਕ ਕਾਬੂ ਪਾ ਲਿਆ ਪਰ ਸਾਡੇ ਮੁਲਕ ਵਿੱਚ ਇਹ ਬੁਰਾਈ ਹਾਲੇ ਵੀ ਵਿਆਪਕ ਪੱਧਰ ’ਤੇ ਮੌਜੂਦ ਹੈ। ਸਾਂਝੀਆਂ ਕੋਸ਼ਿਸ਼ਾਂ ਸਦਕਾ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।

ਮਾਰਚ 2022 ਵਿੱਚ ਆਈ ਕੌਮੀ ਪਰਿਵਾਰਕ ਸਿਹਤ ਸਰਵੇਖਣ-5 (2019-21) ਦੀ ਰਿਪੋਰਟ ਦੇ ਅਧਿਆਇ 15 ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੇ ਅੰਕੜੇ ਦਰਜ ਕੀਤੇ ਗਏ। ਇਨ੍ਹਾਂ ਅੰਕੜਿਆਂ ਅਨੁਸਾਰ ਘਰੇਲੂ ਹਿੰਸਾ ਦੀਆਂ ਘਟਨਾਵਾਂ ਪਿਛਲੇ ਪੰਜ ਸਾਲਾਂ ਦੌਰਾਨ ਘਟੀਆਂ ਹਨ। ਜੇਕਰ ਇਹੀ ਰੁਝਾਨ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਜਲਦੀ ਹੀ ਅਸੀਂ ਮਰਦ ਔਰਤ ਵਿਚਾਲੇ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਸਾਕਾਰ ਹੋਣ ਦੀ ਉਮੀਦ ਰੱਖ ਸਕਦੇ ਹਾਂ। ਘਰੇਲੂ ਹਿੰਸਾ ਘਰ ਦੇ ਮਰਦ (ਪਤੀ) ਵੱਲੋਂ ਔਰਤ (ਪਤਨੀ) ਉੱਪਰ ਹੋ ਰਹੀ ਸਰੀਰਕ, ਜਿਨਸੀ ਜਾਂ/ਅਤੇ ਭਾਵਨਾਤਮਿਕ ਹੋ ਸਕਦੀ ਹੈ ਜਿਸ ਦਾ ਪੀੜਤ ’ਤੇ ਮਾਨਸਿਕ ਅਤੇ ਮਨੋਵਿਗਿਆਨਕ ਪ੍ਰਭਾਵ ਪੈਂਦਾ ਹੈ। ਇਸ ਦੀ ਵਿਸਤ੍ਰਿਤ ਪਰਿਭਾਸ਼ਾ ਲਈ ਜਾਵੇ ਤਾਂ ਘਰ ਦੇ ਕਿਸੇ ਵੀ ਜੀਅ ਵੱਲੋਂ ਦੂਸਰਿਆਂ ਉੱਪਰ ਹੋ ਰਹੀ ਕਿਸੇ ਵੀ ਪ੍ਰਕਾਰ ਦੀ ਜ਼ਿਆਦਤੀ ਨੂੰ ਘਰੇਲੂ ਹਿੰਸਾ ਕਿਹਾ ਜਾਵੇਗਾ ਭਾਵੇਂ ਉਹ ਮਾਂ, ਧੀ, ਭੈਣ ਜਾਂ ਬਜ਼ੁਰਗਾਂ ਉੱਪਰ ਹੋਵੇ ਤੇ ਭਾਵੇਂ ਔਰਤ ਵੱਲੋਂ ਹੀ ਆਪਣੇ ਪਤੀ, ਨੂੰਹ ਜਾਂ ਸੱਸ ਪ੍ਰਤੀ ਹੋਵੇ। ਇੱਥੇ ਪਤੀ ਵੱਲੋਂ ਪਤਨੀ ਉੱਪਰ ਹੁੰਦੀ ਹਿੰਸਾ ਬਾਰੇ ਵਿਚਾਰ ਕਰਾਂਗੇ।

ਔਰਤ ਵਿਰੁੱਧ ਹਿੰਸਾ ਦੇ ਖ਼ਾਤਮੇ ਸਬੰਧੀ ਯੂ.ਐੱਨ. ਕਮਿਸ਼ਨ ਦੇ ਐਲਾਨਨਾਮੇ (1993) ਦੇ ਆਰਟੀਕਲ 1 ਤਹਿਤ ਮਰਦ ਵੱਲੋਂ ਕੀਤੇ ਗਏ ਕਿਸੇ ਵੀ ਪ੍ਰਕਾਰ ਦੇ ਕਾਰਜ ਜਿਸ ਨਾਲ ਔਰਤ ਨੂੰ ਸਰੀਰਕ, ਜਿਨਸੀ, ਭਾਵਨਾਤਮਿਕ ਜਾਂ ਮਾਨਸਿਕ ਪੀੜਾ ਹੋਵੇ ਜਾਂ ਹੋਣ ਦਾ ਡਰ ਹੋਵੇ, ਨੂੰ ਔਰਤ ਵਿਰੁੱਧ ਹੋ ਰਹੀ ਹਿੰਸਾ ਕਿਹਾ ਜਾਵੇਗਾ। ਔਰਤ ਵਿਰੁੱਧ ਹਿੰਸਾ ਨੂੰ ਉਸ ਦੇ ਮੁੱਢਲੇ ਮਨੁੱਖੀ ਅਧਿਕਾਰਾਂ  ਦੀ ਉਲੰਘਣਾ ਕਰਨ ਬਰਾਬਰ ਕਿਹਾ ਗਿਆ ਹੈ। ਜਿਹੜੇ ਘਰਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ ਉੱਥੇ ਪਤਨੀ ਉੱਪਰ ਹੱਥ ਚੁੱਕਣਾ ਆਮ ਵਰਤਾਰਾ ਹੈ। ਇਸ ਤੋਂ ਇਲਾਵਾ ਹੱਥ-ਬਾਂਹ ਮਰੋੜ ਦੇਣਾ, ਮੁੱਕਾ ਮਾਰਨਾ, ਵਾਲ ਖਿੱਚਣੇ, ਜੋ ਚੀਜ਼ ਸਾਹਮਣੇ ਦਿਸੇ ਚੁੱਕ ਕੇ ਉਸ ਉੱਪਰ ਸੁੱਟਣਾ, ਗਲਾ ਘੁੱਟਣ ਦੀ ਕੋਸ਼ਿਸ਼ ਕਰਨੀ, ਸਾੜਨ ਦੀ ਕੋਸ਼ਿਸ਼ ਕਰਨੀ, ਚਾਕੂ, ਪਿਸਤੌਲ ਜਾਂ ਕਿਸੇ ਹੋਰ ਹਥਿਆਰ ਨਾਲ ਮਾਰਨ ਦੀ ਧਮਕੀ ਦੇਣਾ ਆਦਿ ਸਭ ਕੁਝ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਯਤਨ ਹੁੰਦੇ ਹਨ। ਨਤੀਜੇ ਵਜੋਂ ਔਰਤ ਦਾ ਹੱਥ ਪੈਰ ਜਾਂ ਹੋਰ ਕੋਈ ਹੱਡੀ ਆਦਿ ਟੁੱਟ ਜਾਂਦੀ ਹੈ, ਅੱਖ ’ਤੇ ਸੱਟ ਵੱਜ ਸਕਦੀ ਹੈ ਜਾਂ ਸਰੀਰ ਉੱਪਰ ਜ਼ਖ਼ਮ ਹੋ ਜਾਂਦੇ ਹਨ। ਜਦੋਂ ਪਤੀ ਆਪਣੀ ਪਤਨੀ ਨੂੰ ਉਸ ਦੀ ਮਰਜ਼ੀ ਖ਼ਿਲਾਫ਼, ਗ਼ੈਰ-ਕੁਦਰਤੀ ਢੰਗ ਨਾਲ  ਜਿਨਸੀ ਸੰਬੰਧ ਵਾਸਤੇ ਮਜਬੂਰ ਕਰਦਾ ਹੈ ਤਾਂ ਇਸ ਨੂੰ ਜਿਨਸੀ ਹਿੰਸਾ ਕਿਹਾ ਜਾਂਦਾ ਹੈ। ਇਹ ਕੰਮ ਆਮ ਤੌਰ ’ਤੇ ਮਾਨਸਿਕ ਤੌਰ ’ਤੇ ਬਿਮਾਰ, ਸ਼ਰਾਬੀ-ਕਬਾਬੀ ਜਾਂ ਨਸ਼ੇੜੀ ਪਤੀ ਹੀ ਕਰਦੇ ਹਨ ਜਾਂ ਉਹ ਕਿਸੇ ਹੀਣ ਭਾਵਨਾ ਤੋਂ ਪ੍ਰਭਾਵਿਤ ਹੋ ਸਕਦੇ ਹਨ। ਘਰੇਲੂ ਹਿੰਸਾ ਦਾ ਹੋਰ ਵੀ ਗੰਭੀਰ ਰੂਪ ਭਾਵਨਾਤਮਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨਾ ਜਾਂ ਦੁਰ-ਵਿਵਹਾਰ ਕਰਨਾ ਹੈ। ਦੂਸਰੇ ਜੀਆਂ ਸਾਹਮਣੇ ਉਸ ਜਾਂ ਉਸ ਦੇ ਮਾਪਿਆਂ ਬਾਰੇ ਭੱਦੀ ਸ਼ਬਦਾਵਲੀ ਵਰਤਣਾ, ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨਾ, ਨਜ਼ਦੀਕੀ ਰਿਸ਼ਤੇਦਾਰ ਨੂੰ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ ਹਿੰਸਾ ਹੈ। ਇਹੋ ਜਿਹੇ ਵਰਤਾਰੇ ਨਾਲ ਔਰਤ ਦਾ ਮਨੋਬਲ ਡੋਲਦਾ ਹੈ, ਆਤਮ-ਵਿਸ਼ਵਾਸ ਨੂੰ ਠੇਸ ਪਹੁੰਚਦੀ ਹੈ। ਹੀਣ ਭਾਵਨਾ ਦੀ ਸ਼ਿਕਾਰ ਔਰਤ ਦੀ ਘਰ ਦੇ ਕੰਮ-ਕਾਜ ਕਰਨ ਦੀ ਸਮਰੱਥਾ ਉੱਪਰ ਮਾੜਾ ਅਸਰ ਪੈਂਦਾ ਹੈ। ਘਰ ਵਿੱਚ ਬੱਚੇ ਆਪਣੀ ਮਾਂ ਉੱਪਰ ਹੋ ਰਹੀ ਜ਼ਿਆਦਤੀ ਕਾਰਨ ਸਹਿਮ ਜਾਂਦੇ ਹਨ ਤੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਵੀ ਪ੍ਰਭਾਵਿਤ ਹੁੰਦੀ ਹੈ। ਆਰਥਿਕ ਸ਼ੋਸ਼ਣ ਵੇਲੇ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ, ਜਦੋਂ ਘਰ ਦਾ ਜ਼ਰੂਰੀ ਖ਼ਰਚਾ ਕਰਨ ਵੇਲੇ ਵੀ ਉਸ ਨੂੰ ਪਤੀ ਜਾਂ ਘਰ ਦੇ ਬਜ਼ੁਰਗਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ। ਵਿੱਤੀ ਸਾਧਨਾਂ ਤੋਂ ਵਿਰਵੀ ਔਰਤ ਪੈਸੇ ਪੈਸੇ ਦੀ ਮੁਥਾਜ ਹੋ ਨਿਬੜਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ ਘਰੇਲੂ ਹਿੰਸਾ ਦੀਆਂ ਘਟਨਾਵਾਂ 2015-16 ਦੀਆਂ 31 ਫ਼ੀਸਦੀ ਤੋਂ ਘਟ ਕੇ 2019-21 ਵਿੱਚ 29 ਫ਼ੀਸਦੀ ਹੋ ਗਈਆਂ ਹਨ। ਘਟਨਾਵਾਂ ਵਿੱਚ ਗਿਰਾਵਟ ਭਾਵੇਂ 2 ਫ਼ੀਸਦੀ ਦੀ ਹੈ ਪਰ ਰੁਝਾਨ ਆਪਣੇ ਆਪ ਵਿੱਚ ਕਾਬਿਲ-ਏ-ਤਾਰੀਫ਼ ਹੈ। ਤਾਜ਼ਾ ਅੰਕੜੇ ਚੌਦਾਂ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਬਾਰੇ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਪੰਜਾਬ (20.5 ਫ਼ੀਸਦੀ ਤੋਂ ਘਟ ਕੇ 11.6 ਫ਼ੀਸਦੀ), ਹਰਿਆਣਾ (32 ਫ਼ੀਸਦੀ ਤੋਂ 18.2 ਫ਼ੀਸਦੀ), ਚੰਡੀਗੜ੍ਹ (22.5 ਫ਼ੀਸਦੀ ਤੋਂ 9.7 ਫ਼ੀਸਦੀ) ਅਤੇ ਰਾਜਸਥਾਨ (25.4 ਫ਼ੀਸਦੀ ਤੋਂ 24.1 ਫ਼ੀਸਦੀ) ਵਰਣਨ ਯੋਗ ਹਨ। ਸਮੁੱਚੇ ਭਾਰਤ ਦੇ ਸੰਦਰਭ ਵਿੱਚ ਬਿਹਾਰ, ਉੱਤਰ ਪ੍ਰਦੇਸ਼ ,ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਉੜੀਸਾ ਵਿੱਚ ਇਹ ਘਟਨਾਵਾਂ ਦੇਸ਼ ਦੀ ਔਸਤ ਦਰ (32 ਫ਼ੀਸਦੀ) ਤੋਂ ਜ਼ਿਆਦਾ ਹੁੰਦੀਆਂ ਹਨ। ਉਧਰ ਕਰਨਾਟਕ, ਪੁਡੂਚੇਰੀ ਅਤੇ ਤਾਮਿਲਨਾਡੂ ਵਿੱਚ ਸਭ ਤੋਂ ਵਧੇਰੇ ਘਰੇਲੂ ਹਿੰਸਾ ਦੇ ਕੇਸ ਰਿਪੋਰਟ ਕੀਤੇ ਗਏ। ਉੱਤਰ ਪੂਰਬੀ ਸੂਬਿਆਂ ਦੇ ਕੁਝ ਜ਼ਿਲ੍ਹਿਆਂ ਵਿੱਚ ਔਰਤ ਪ੍ਰਧਾਨ ਪਰਿਵਾਰ ਹਨ ਤੇ ਮਰਦ-ਔਰਤ ਵਿਚਾਲੇ ਨਾਬਰਾਬਰੀ ਘੱਟ ਹੋਣ ਕਾਰਨ ਮੇਘਾਲਿਆ, ਮਿਜ਼ੋਰਾਮ, ਨਾਗਾਲੈਂਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਘਰੇਲੂ ਹਿੰਸਾ ਨਾਂ-ਮਾਤਰ ਹੈ। ਉੱਤਰੀ ਭਾਰਤ ਦੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦੱਖਣ ਵਿੱਚ ਕੇਰਲਾ ਦੀ ਉਦਾਹਰਣ ਦਿੱਤੀ ਜਾਂਦੀ ਹੈ ਜਿੱਥੇ ਔਰਤ ਪ੍ਰਤੀ ਸੁਚਾਰੂ ਨਜ਼ਰੀਆ ਹੋਣ ਕਾਰਨ ਘਰੇਲੂ ਹਿੰਸਾ ਘੱਟ ਹੈ।

ਸਿੱਖਿਆ, ਰੁਜ਼ਗਾਰ, ਪਰਿਵਾਰਕ ਢਾਂਚਾ ਅਤੇ ਧਰਮ ਤੋਂ ਇਲਾਵਾ ਆਮਦਨ ਪੱਧਰ, ਜਾਤ ਬਰਾਦਰੀ ਆਦਿ ਵੀ ਇਸ ਵਰਤਾਰੇ ਨੂੰ ਪ੍ਰਭਾਵਿਤ ਕਰਦੇ ਹਨ। ਸਿੱਖਿਅਤ ਪਰਿਵਾਰਾਂ ਵਿੱਚ ਖ਼ਾਸ ਤੌਰ ’ਤੇ ਜਿੱਥੇ ਔਰਤ ਪੜ੍ਹੀ ਲਿਖੀ ਹੈ ਉੱਥੇ ਮਾਰ ਕੁਟਾਈ ਦੀਆਂ ਘਟਨਾਵਾਂ ਘੱਟ ਹੁੰਦੀਆਂ ਹਨ। ਦਿਹਾੜੀ ਜਾਂ ਨਕਦ ਅਦਾਇਗੀ ’ਤੇ ਕੰਮ ਕਰਦੀਆਂ ਜਾਂ ਆਮ ਤੌਰ ’ਤੇ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਔਰਤਾਂ ਘਰੇਲੂ ਹਿੰਸਾ ਦੀਆਂ ਵੱਧ ਸ਼ਿਕਾਰ ਹਨ। ਗ਼ਰੀਬ, ਸ਼ਰਾਬੀ ਜਾਂ ਨਸ਼ੇੜੀ ਪਤੀ ਵੱਲੋਂ ਪੈਸੇ ਦੀ ਖ਼ਾਤਰ ਉਨ੍ਹਾਂ ਦੀ ਮਾਰ-ਕੁੱਟ ਕੀਤੀ ਜਾਂਦੀ ਹੈ। ਸੰਯੁਕਤ ਪਰਿਵਾਰਾਂ ਵਿੱਚ ਜਿੱਥੇ ਬਜ਼ੁਰਗ ਨਾਲ ਰਹਿ ਰਹੇ ਹਨ, ਉੱਥੇ ਪਤੀ-ਪਤਨੀ ਬੋਲ ਬੁਲਾਰਾ ਭਾਵੇਂ ਕਰ ਲੈਣ ਪਰ ਲੜਾਈ ਦੀ ਨੌਬਤ ਘੱਟ ਹੀ ਆਉਂਦੀ ਹੈ। ਇਸੇ ਰਿਪੋਰਟ ਵਿੱਚ ਦਰਜ ਧਰਮ ਆਧਾਰਿਤ ਘਰੇਲੂ ਹਿੰਸਾ ਬਾਰੇ ਅੰਕੜੇ ਦੱਸਦੇ ਹਨ ਕਿ ਇਸ ਪ੍ਰਕਾਰ ਦੀਆਂ ਸਭ ਤੋਂ ਵੱਧ ਘਟਨਾਵਾਂ (30 ਫ਼ੀਸਦੀ) ਹਿੰਦੂ ਪਰਿਵਾਰਾਂ ਵਿੱਚ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿੱਚ ਜਾਤ-ਪਾਤ ਅਤੇ ਮੰਨੂ ਸਿਮ੍ਰਿਤੀ ਦੀ ਵਿਚਾਰਧਾਰਾ ਜ਼ਿਆਦਾ ਭਾਰੂ ਹੈ। ਤਕਰੀਬਨ 26 ਫ਼ੀਸਦੀ ਮੁਸਲਮਾਨ ਅਤੇ 23 ਫ਼ੀਸਦੀ ਇਸਾਈ ਪਰਿਵਾਰਾਂ  ਵਿੱਚ ਘਰੇਲੂ ਹਿੰਸਾ ਦੇ ਕੇਸ ਰਿਪੋਰਟ ਕੀਤੇ ਗਏ ਹਨ। ਸਭ ਤੋਂ ਘੱਟ ਕੇਸ (11 ਫ਼ੀਸਦੀ) ਸਿੱਖ ਪਰਿਵਾਰਾਂ ਦੇ ਹਨ ਕਿਉਂਕਿ ਸਿੱਖ     ਧਰਮ ਅਨੁਸਾਰ ਔਰਤ ਨੂੰ ਮੰਦਾ/ਮਾੜਾ ਨਹੀਂ ਕਿਹਾ     ਜਾ ਸਕਦਾ।

ਘਰੇਲੂ ਹਿੰਸਾ ਅਸਲ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਪਿੱਤਰ ਸੱਤਾ ਅਤੇ ਔਰਤ ਪ੍ਰਤੀ ਨਾਬਰਾਬਰੀ ਵਾਲੀ ਪਿਛਾਂਹਖਿੱਚੂ ਸੋਚ ਦਾ ਹੀ ਨਤੀਜਾ ਹੈ। ਮਰਦਾਵੀਂ ਧੌਂਸ ਬਰਕਰਾਰ ਰੱਖਣ ਲਈ ਔਰਤ ਨੂੰ ਨੀਵੇਂਪਣ ਦਾ ਅਹਿਸਾਸ ਕਰਾਇਆ ਜਾਂਦਾ ਹੈ। ਕਈ ਵਾਰੀ ਪਰਿਵਾਰ ਵਿੱਚ ਘੱਟੋ ਘੱਟ ਇੱਕ ਪੁੱਤਰ ਦੀ ਚਾਹਤ ਨਾ ਪੂਰੀ ਹੋਣਾ ਵੀ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਜਿਸ ਦੀ ਕਸੂਰਵਾਰ ਵੀ ਔਰਤ ਨੂੰ ਹੀ ਠਹਿਰਾਇਆ ਜਾਂਦਾ ਹੈ। ਘਰੇਲੂ ਹਿੰਸਾ ਦੇ ਕਾਰਨ ਅਤੇ ਕਾਰਕ ਭਾਵੇਂ ਕੋਈ ਹੋਣ, ਇਹ ਨਿੰਦਣ ਯੋਗ ਕਾਰਾ ਹੈ। ਇਸ ਦੇ ਥੋੜ੍ਹਚਿਰੇ ਪ੍ਰਭਾਵ ਸੱਟ ਫੇਟ ਆਦਿ ਲੱਗਣਾ ਹਨ ਪਰ ਦੀਰਘਕਾਲੀ ਪ੍ਰਭਾਵ ਬਹੁਤ ਮਾੜੇ ਹੁੰਦੇ ਹਨ। ਔਰਤ ਦੀ ਮਾਨਸਿਕ ਸਿਹਤ ਵਿੱਚ ਸਦਾ ਲਈ ਵਿਗਾੜ ਆਉਣਾ, ਡਿਪਰੈਸ਼ਨ ਜਾਂ ਬੇਲੋੜੀ ਉਤੇਜਨਾ ਵਿੱਚ ਰਹਿਣਾ, ਸਵੈ-ਮਾਣ ਵਿੱਚ  ਗਿਰਾਵਟ, ਹੀਣ ਭਾਵਨਾ ਦੀ ਸ਼ਿਕਾਰ, ਆਤਮਹੱਤਿਆ ਦੀ ਪ੍ਰਵਿਰਤੀ  ਆਦਿ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਕਰਵਾਉਣ ਨੂੰ ਨਾ ਕਦੇ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਨਾ ਹੀ ਇਸ ਬਾਰੇ ਪਰਿਵਾਰ ਵਾਲੇ ਫ਼ਿਕਰਮੰਦ ਹੁੰਦੇ ਹਨ।

ਜਿੱਥੇ ਕਿਤੇ ਵੀ ਔਰਤਾਂ ਵਿੱਚ ਥੋੜ੍ਹੀ ਬਹੁਤ ਜਾਗ੍ਰਿਤੀ ਆਈ ਹੈ, ਉਹ ਆਪਣੇ ਮੁੱਢਲੇ ਅਧਿਕਾਰਾਂ ਪ੍ਰਤੀ ਸੁਚੇਤ ਹੋਈਆਂ ਹਨ। ਉਹ ਸਿੱਖਿਆ ਪ੍ਰਾਪਤ ਕਰ ਕੇ ਰੁਜ਼ਗਾਰ ਮੰਡੀ ਵਿੱਚ ਦਾਖਲ ਹੋ ਰਹੀਆਂ ਹਨ, ਟਰੇਡ ਯੂਨੀਅਨਾਂ, ਐਸੋਸੀਏਸ਼ਨਾਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਿੱਚ ਬਰਾਬਰ ਸ਼ਮੂਲੀਅਤ ਕਰਦਿਆਂ ਆਪਣੇ ਹੱਕਾਂ ਬਾਰੇ ਆਵਾਜ਼ ਉਠਾਉਂਦੀਆਂ ਹਨ। ਅਜਿਹੇ ਮਾਹੌਲ ਅਤੇ ਥਾਵਾਂ ਵਿੱਚ ਪਰਿਵਾਰਕ ਹਿੰਸਾ ਦੀਆਂ ਘਟਨਾਵਾਂ ਵਿੱਚ ਗਿਰਾਵਟ ਆਈ ਹੈ। ਨਵੰਬਰ 2020 ਤੋਂ ਬਾਅਦ ਸਾਲ ਭਰ ਚੱਲੇ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਰਪੂਰ ਸ਼ਮੂਲੀਅਤ ਰਹੀ ਜਿਸ ਨੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਹਰਿਆਣਾ ਆਦਿ ਵਿੱਚ ਔਰਤਾਂ ਪ੍ਰਤੀ ਪੁਰਾਤਨ ਨਜ਼ਰੀਏ ਵਿੱਚ ਗੁਣਾਤਮਕ ਤਬਦੀਲੀ ਲਿਆਂਦੀ। ਇਉਂ ਹੀ ਜਿੱਥੇ ਕਿਤੇ ਵੀ ਔਰਤਾਂ ਦੇ ਹੋਰ ਸੰਗਠਨ ਕਾਰਜਸ਼ੀਲ ਹਨ ਉੱਥੇ ਘਰੇਲੂ ਹਿੰਸਾ ਘੱਟ ਹੈ।

ਘਰੇਲੂ ਹਿੰਸਾ ਵਿਰੁੱਧ ਸੁਰੱਖਿਆ (2005) ਦੇ ਕਾਨੂੰਨ ਦੀ ਧਾਰਾ 498 ਏ ਅਨੁਸਾਰ ਜੇਕਰ ਔਰਤ ਘਰੇਲੂ ਹਿੰਸਾ ਸਬੰਧੀ ਪੁਲੀਸ ਨੂੰ ਸ਼ਿਕਾਇਤ ਕਰਦੀ ਹੈ ਤਾਂ ਪਤੀ ਨੂੰ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸ ਕਾਨੂੰਨ ਦਾ ਸਹਾਰਾ ਬਹੁਤ ਘੱਟ ਲਿਆ ਜਾਂਦਾ ਹੈ। ਇਕ ਤਾਂ ਇਸ ਕਾਨੂੰਨੀ ਕਾਰਵਾਈ ਦਾ ਔਰਤਾਂ ਨੂੰ ਗਿਆਨ ਹੀ ਨਹੀਂ। ਦੂਜਾ, ਇਸ ਵਿੱਚ ਆਉਂਦੀਆਂ ਔਕੜਾਂ ਕਾਰਨ ਉਹ ਥਾਣੇ ਜਾਣ ਤੋਂ ਗੁਰੇਜ਼ ਕਰਦੀਆਂ ਹਨ। ਸਮਾਜਿਕ ਤੌਰ ’ਤੇ ਵੀ ਪੀੜਤ ਔਰਤ ਪ੍ਰਤੀ ਸਾਡਾ ਨਜ਼ਰੀਆ ਕੋਈ ਬਹੁਤਾ ਸੁਹਿਰਦ ਨਹੀਂ ਹੁੰਦਾ, ਖ਼ਾਸ ਤੌਰ ’ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਇਸ ਦੀ ਜ਼ਿੰਮੇਵਾਰ ਵੀ ਔਰਤ ਨੂੰ ਹੀ ਠਹਿਰਾਇਆ ਜਾਂਦਾ ਹੈ। ਪਰਿਵਾਰਕ ‘ਇੱਜ਼ਤ’ ਬਣਾਈ ਰੱਖਣ ਵਾਸਤੇ ਔਰਤ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹੋ ਜਿਹੇ 12-13 ਫ਼ੀਸਦੀ ਮਾਮਲਿਆਂ ਵਿੱਚ ਹੀ ਕੋਈ ਮਦਦ ਲਈ ਜਾਂਦੀ ਹੈ ਅਤੇ ਇਹੀ ਕੇਸ ਦਰਜ ਹੁੰਦੇ ਹਨ।  ਸੰਸਥਾਗਤ ਸਰੋਤਾਂ ਜਿਨ੍ਹਾਂ ਵਿੱਚ ਪੁਲੀਸ ਸਭ ਤੋਂ ਮਹੱਤਵਪੂਰਨ ਰੋਲ ਨਿਭਾ ਸਕਦੀ ਹੈ, ਕੋਲ ਸਿਰਫ਼ 9 ਫ਼ੀਸਦੀ ਕੇਸ ਹੀ ਮਦਦ ਵਾਸਤੇ ਜਾਂਦੇ ਹਨ।

ਘਰੇਲੂ ਹਿੰਸਾ ਦੇ ਵਰਤਾਰੇ ਨੂੰ ਠੱਲ੍ਹ ਪਾਉਣ ਵਾਸਤੇ ਜ਼ਰੂਰੀ ਹੈ ਕਿ ਇਸ ਵਿਰੁੱਧ ਬਣੇ ਕਾਨੂੰਨ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ। ਔਰਤਾਂ ਨੂੰ ਵਿਆਪਕ ਪੱਧਰ ’ਤੇ ਜਥੇਬੰਦ ਹੋਣ ਦੀ ਜ਼ਰੂਰਤ ਹੈ, ਖ਼ਾਸਕਰ ਅਸੰਗਠਿਤ ਖੇਤਰ ਵਿੱਚ। ਔਰਤ ਜਥੇਬੰਦੀਆਂ ਨੂੰ ਔਰਤਾਂ  ਨੂੰ ਇਸ ਪ੍ਰਤੀ ਸੁਚੇਤ ਤੇ ਜਾਗਰੂਕ ਕਰਨਾ ਚਾਹੀਦਾ ਹੈ। ਜਿਨ੍ਹਾਂ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਗਿਰਾਵਟ ਆਈ ਹੈ ਉਨ੍ਹਾਂ ਦੇ ਕਾਰਕਾਂ ਜਾਂ ਮਾਡਲ ਨੂੰ ਅਪਣਾਇਆ ਜਾਵੇ, ਔਰਤ ਪ੍ਰਤੀ ਮੰਦੀ ਸੋਚ ਨੂੰ ਬਦਲਿਆ ਜਾਵੇ ਅਤੇ ਉਸ ਦੀ ਸਿੱਖਿਆ ਤੇ ਸਿਹਤ ਵੱਲ ਬਣਦੀ ਤਵੱਜੋ ਦਿੱਤੀ ਜਾਵੇ। ਔਰਤਾਂ ਦੀ ਰੁਜ਼ਗਾਰ ਵਿੱਚ ਘਟ ਰਹੀ ਸ਼ਮੂਲੀਅਤ  ਨੂੰ ਰੋਕ ਕੇ ਇਸ ਨੂੰ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰ ਔਰਤ ਆਤਮ-ਨਿਰਭਰ ਹੋ ਸਕੇ। ਇੱਥੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁੱਤਰਾਂ ਅਤੇ ਘਰ ਦੇ ਮਰਦਾਂ ਨੂੰ ਜਾਗਰੂਕ ਹੋ ਚੁੱਕੀਆਂ ਔਰਤਾਂ ਨਾਲ ਵਿਚਰਨ ਦੀ ਤਹਿਜ਼ੀਬ ਦੇਣ। ਪਿੱਤਰਸੱਤਾ ਵਾਲੇ ਨਾ-ਬਰਾਬਰੀ ਵਾਲੇ ਸਮਾਜ ਵਿੱਚ ਔਰਤ ਪ੍ਰਤੀ ਪੁਰਾਤਨ ਸੋਚ ਵਾਲਾ ਨਜ਼ਰੀਆ  ਕਿ “ਔਰਤ ਮਰਦ ਦੇ ਮੁਕਾਬਲੇ ਸਰੀਰਕ ਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੁੰਦੀ ਹੈ, ਦੂਜੇ ਦਰਜੇ ਦੀ ਨਾਗਰਿਕ ਹੈ, ਮਰਦ ਦੇ ਅਧੀਨ ਰਹਿਣਾ ਹੀ ਉਸ ਦਾ ਧਰਮ ਹੈ’’ ਆਦਿ, ਬਦਲਣਾ ਹੋਵੇਗਾ। ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਮਿਲ-ਜੁਲ ਕੇ ਪਰਿਵਾਰ ਚਲਾਉਣ ਵਿੱਚ ਹੀ ਸਿਆਣਪ ਹੈ।

Leave a Reply

Your email address will not be published. Required fields are marked *