ਪਲੈਨਟ ਬੀ ਦੀ ਭਾਲ ਵਿੱਚ ਮਨੁੱਖ

ਡਾ. ਹਰਜੀਤ ਕੌਰ

ਬ੍ਰਹਿਮੰਡ ਵਿੱਚ ਹੁਣ ਤੱਕ ਜੇਕਰ ਕਿਸੇ ਗ੍ਰਹਿ ’ਤੇ ਜ਼ਿੰਦਗੀ ਦੀ ਮੌਜੂਦਗੀ ਦੇ ਸਬੂਤ ਹਨ ਤਾਂ ਉਹ ਸਿਰਫ਼ ਪ੍ਰਿਥਵੀ ਹੈ। ਧਰਤੀ ’ਤੇ ਜੀਵਨ ਸੰਭਵ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਾਰਨ ਪ੍ਰਿਥਵੀ ਦੇ ਵਾਯੂਮੰਡਲ ਅਤੇ ਵਾਤਾਵਰਣ ਨੂੰ ਮੰਨਿਆ ਜਾਂਦਾ ਹੈ। ਪ੍ਰਿਥਵੀ ’ਤੇ ਮੌਜੂਦ ਵਾਯੂਮੰਡਲ ਅਤੇ ਵਾਤਾਵਰਣ ਜੀਵਨ ਪ੍ਰਤੀ ਅਨੁਕੂਲ ਹੋਣ ਕਾਰਨ ਇੱਥੇ ਕਰੋੜਾਂ ਪ੍ਰਜਾਤੀਆਂ ਦੇ ਜੀਵ-ਜੰਤੂ ਅਤੇ ਬਨਸਪਤੀ ਵਿਕਸਤ ਹੋਈ ਹੈ। ਇਸੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਕਾਰਨ ਅਨੇਕਾਂ ਜੀਵ ਪ੍ਰਜਾਤੀਆਂ ਪ੍ਰਿਥਵੀ ਤੋਂ ਲੋਪ ਹੋ ਚੁੱਕੀਆਂ ਹਨ ਅਤੇ ਕਈ ਇਸ ਕਗਾਰ ’ਤੇ ਪੁੱਜ ਗਈਆਂ ਹਨ।

ਵਾਤਾਵਰਣ ਵਿੱਚ ਦਿਨ-ਬ-ਦਿਨ ਆ ਰਹੇ ਨਿਘਾਰ ਨੂੰ ਲੈ ਕੇ ਦੁਨੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਹੁਤ ਸਾਰੇ ਵਾਤਾਵਰਣ ਪ੍ਰੇਮੀ ਅਤੇ ਕਾਰਕੁੰਨ ਲੰਬੇ ਸਮੇਂ ਤੋਂ ਵਾਤਾਵਰਣ ਨੂੰ ਸੰਭਾਲਣ ਅਤੇ ਬਚਾਉਣ ਲਈ ਸੰਘਰਸ਼ ਵੀ ਕਰ ਰਹੇ ਹਨ। ਵਾਤਾਵਰਣ ਸੰਬੰਧੀ ਚੇਤਨਾ ਦੇ ਨਤੀਜੇ ਵਜੋਂ 1972 ਵਿੱਚ ਸੰਯੁਕਤ ਰਾਸ਼ਟਰ ਸਭਾ ਵੱਲੋਂ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਅਹਿਦ ਲਿਆ ਗਿਆ ਤਾਂ ਕਿ ਇਸ ਵਿਸ਼ੇ ’ਤੇ ਪ੍ਰਿਥਵੀ ਵਾਸੀਆਂ ਨੂੰ ਸੰਵੇਦਨਸ਼ੀਲ ਕੀਤਾ ਜਾ ਸਕੇ। ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਕੌਮਾਂਤਰੀ ਪੱਧਰ ’ਤੇ ਸੈਮੀਨਾਰ, ਲੈਕਚਰ, ਕਾਨਫਰੰਸਾਂ ਆਦਿ ਕਰਵਾਈਆਂ ਜਾਂਦੀਆਂ ਹਨ, ਪਰ ਉਸ ਤੋਂ ਬਾਅਦ ਫੇਰ ਲਾਪਰਵਾਹੀ ਵਾਲਾ ਰਵੱਈਆ ਅਪਣਾ ਲਿਆ ਜਾਂਦਾ ਹੈ ਅਤੇ ਅਸੀਂ ਇਸ ਤਰ੍ਹਾਂ ਵਿਵਹਾਰ ਕਰਨ ਲੱਗਦੇ ਹਾਂ ਜਿਵੇਂ ਕੋਈ ਸਮੱਸਿਆ ਹੈ ਹੀ ਨਹੀਂ।

ਚਰਚਾ ਦਾ ਵਿਸ਼ਾ ਇਹ ਹੈ ਕਿ ਵਾਤਾਵਰਣ ਵਿੱਚ ਇੰਨੀਆਂ ਵੱਡੀਆਂ ਤਬਦੀਲੀਆਂ ਦਾ ਜ਼ਿੰਮੇਵਾਰ ਕੌਣ ਹੈ। ਪ੍ਰਿਥਵੀ ’ਤੇ ਸਭ ਤੋਂ ਜ਼ਿਆਦਾ ਬੁੱਧੀਮਾਨ ਪ੍ਰਾਣੀ ਮਨੁੱਖ ਹੈ ਅਤੇ ਇਸ ਨਾਤੇ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਾਕੀ ਪ੍ਰਾਣੀਆਂ ਦੀ ਹੋਂਦ ਅਤੇ ਸਥਿਰਤਾ ਬਾਰੇ ਵੀ ਸੁਚੇਤ ਰਹੇ। ਅਸਲ ਵਿੱਚ ਅਸੀਂ ਇਸ ਦੇ ਬਿਲਕੁਲ ਉਲਟ ਰਵੱਈਆ ਅਪਣਾਇਆ ਹੈ। ਮਨੁੱਖ ਨੇ ਸਾਰੇ ਕੁਦਰਤੀ ਸੀਮਿਤ ਸ੍ਰੋਤਾਂ ਦੀ ਇਸ ਕਦਰ ਅੰਨ੍ਹੇਵਾਹ ਵਰਤੋਂ ਕੀਤੀ ਕਿ ਦੂਜੇ ਪ੍ਰਾਣੀਆਂ ਦੀ ਗੱਲ ਤਾਂ ਛੱਡੋ ਅਸੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਸੰਜੀਦਗੀ ਨਾਲ ਨਹੀਂ ਸੋਚਿਆ। ਇਹ ਬਹੁਤ ਗੰਭੀਰ ਅਤੇ ਡੂੰਘੀ ਸਮੱਸਿਆ ਹੈ ਪਰ ਇਸ ਦਾ ਹੱਲ ਕਿਤੇ ਨਜ਼ਰ ਨਹੀਂ ਆ ਰਿਹਾ।

ਮਨੁੱਖ ਵਿਕਾਸ ਦੀ ਦੌੜ ਵਿੱਚ ਇੰਨਾ ਗੁਆਚ ਚੁੱਕਾ ਹੈ ਕਿ ਪ੍ਰਿਥਵੀ ਦੇ ਸੀਮਿਤ ਸ੍ਰੋਤ ਕਿਸ ਤਰ੍ਹਾਂ ਖ਼ਤਮ ਹੋਣ ਵਾਲੇ ਸਤਰ ’ਤੇ ਪਹੁੰਚ ਗਏ ਹਨ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਸਮਾਂ ਹੀ ਨਹੀਂ ਮਿਲਿਆ। ਦੁੱਖ ਇਸ ਗੱਲ ਦਾ ਵੀ ਹੈ ਕਿ ਮਨੁੱਖ ਇਹ ਬੇਪਰਵਾਹੀਆਂ ਸਭ ਕੁਝ ਤੋਂ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਕਰ ਰਿਹਾ ਹੈ। ਆਪਣੇ ਵਿਕਾਸ ਦੀ ਪ੍ਰਕਿਰਿਆ ਦੌਰਾਨ ਮਨੁੱਖ ਨੇ ਬ੍ਰਹਿਮੰਡ, ਪ੍ਰਿਥਵੀ ਅਤੇ ਪ੍ਰਿਥਵੀ ’ਤੇ ਮਿਲਣ ਵਾਲੇ ਸ੍ਰੋਤਾਂ ਆਦਿ ਬਾਰੇ ਲੱਖਾਂ ਤੱਥਾਂ ਦਾ ਪਤਾ ਲਗਾਇਆ ਹੈ। ਅਸੀਂ ਇਸ ਗੱਲ ਤੋਂ ਵੀ ਭਲੀਭਾਂਤ ਜਾਣੂੰ ਹਾਂ ਕਿ ਪ੍ਰਿਥਵੀ ’ਤੇ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਅਤੇ ਇਸ ਨੂੰ ਸਫਲਤਾਪੂਰਵਕ ਬਰਕਰਾਰ ਰੱਖਣ ਵਾਲੇ ਕਿਹੜੇ ਕਾਰਕ ਹਨ ਪਰ ਇਨ੍ਹਾਂ ਕਾਰਕਾਂ ਨੂੰ ਕਿਸ ਤਰੀਕੇ ਨਾਲ ਅਨੁਕੂਲ ਪ੍ਰਸਥਿਤੀਆਂ ਵਿੱਚ ਰੱਖਣਾ ਹੈ, ਇਹ ਕਦੇ ਮਨੁੱਖ ਲਈ ਤਰਜੀਹ ਵਾਲਾ ਵਿਸ਼ਾ ਬਣ ਹੀ ਨਹੀਂ ਸਕਿਆ।

ਇਸ ਗਿਆਨ ਪ੍ਰਾਪਤੀ ਅਤੇ ਵਿਕਾਸ ਦੀ ਪ੍ਰਕਿਰਿਆ ਦੌਰਾਨ ਮਨੁੱਖ ਪੂੰਜੀਵਾਦ ਅਤੇ ਉਦਯੋਗਵਾਦ ਵੱਲ ਧੱਕਿਆ ਗਿਆ ਜੋ ਅਜਿਹੀ ਦਲਦਲ ਹੋ ਨਿੱਬੜਿਆ ਹੈ ਕਿ ਅਸੀਂ ਇਸ ਵਿੱਚੋਂ ਨਿਕਲ ਹੀ ਨਹੀਂ ਰਹੇ। ਉੱਘੇ ਅਰਥ-ਸ਼ਾਸਤਰੀ ਜਾਹਨ ਸੇਅ ਦੇ ਨਿਯਮ ਮੁਤਾਬਿਕ ਉਤਪਾਦਨ ਆਪਣੀ ਮੰਗ ਆਪ ਪੈਦਾ ਕਰਦਾ ਹੈ। ਇਸੇ ਨਿਯਮ ਦਾ ਲਾਭ ਉਠਾਉਂਦਿਆਂ ਉਦਯੋਗਪਤੀਆਂ ਨੇ ਬੇਲੋੜੀਆਂ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਅਣਮੋਲ ਅਤੇ ਦੁਰਲੱਭ ਕੁਦਰਤੀ ਸ੍ਰੋਤ ਖ਼ਤਮ ਹੁੰਦੇ ਗਏ। ਲਾਭ ਕਮਾਉਣ ਦੇ ਉਦੇਸ਼ ਸਾਹਮਣੇ ਕੁਦਰਤ ਨੂੰ ਬਚਾਉਣ ਦਾ ਉਦੇਸ਼ ਕਮਜ਼ੋਰ ਪੈ ਗਿਆ। ਮਨੁੱਖ ਨੇ ਲਾਭ ਕਮਾਉਣ ਦੇ ਲਾਲਚ ਵਿੱਚ ਆ ਕੇ ਸਾਰੇ ਬਹੁ-ਕੀਮਤੀ ਅਤੇ ਸੀਮਿਤ ਸ੍ਰੋਤਾਂ ਜਿਵੇਂ ਪਾਣੀ, ਹਵਾ, ਕੁਦਰਤੀ ਸੋਮੇ ਆਦਿ ਨੂੰ ਇਸ ਤਰੀਕੇ ਅੰਨ੍ਹੇਵਾਹ ਖਰਚ ਕੀਤਾ ਹੈ ਕਿ ਮਨੁੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਿਆਦਾ ਸਮਾਂ ਪ੍ਰਿਥਵੀ ’ਤੇ ਬਚ ਨਹੀਂ ਸਕਣਗੀਆਂ।

ਮਨੁੱਖ ਅਤਿ ਬੁੱਧੀਮਾਨ ਹੋਣ ਦੇ ਬਾਵਜੂਦ ਆਪਣੀਆਂ ਗ਼ਲਤੀਆਂ ਨੂੰ ਦੇਖ ਹੀ ਨਹੀਂ ਸਕਿਆ ਅਤੇ ਹਰ ਪਾਸਿਓਂ ਵਾਤਾਵਰਣ ਨੂੰ ਪਲੀਤ ਕਰਨ ਵਿੱਚ ਲੱਗਿਆ ਹੋਇਆ ਹੈ। ਅਜੋਕੇ ਸਮੇਂ ਵਿੱਚ ਹਰ ਪ੍ਰਕਾਰ ਦਾ ਪ੍ਰਦੂਸ਼ਣ ਸਿਖਰ ’ਤੇ ਹੈ ਭਾਵੇਂ ਹਵਾ ਦੀ ਗੱਲ ਕਰੋ ਜਾਂ ਪਾਣੀ ਦੀ। ਹਰ ਰੋਜ਼ ਅਖ਼ਬਾਰਾਂ ਵਿੱਚ ਇਨ੍ਹਾਂ ਵਿਸ਼ਿਆਂ ’ਤੇ ਦਿਲ-ਕੰਬਾਊ ਰਿਪੋਰਟਾਂ ਛਪਦੀਆਂ ਹਨ, ਪਰ ਅਸਰ ਕਿਸੇ ਵਰਗ ’ਤੇ ਨਹੀਂ ਹੈ। ਫੈਕਟਰੀਆਂ ਵਿੱਚੋਂ ਰੋਜ਼ਾਨਾ ਕਰੋੜਾਂ ਲਿਟਰ ਜ਼ਹਿਰੀਲਾ ਪਾਣੀ ਨਦੀਆਂ ਅਤੇ ਦਰਿਆਵਾਂ ਵਿੱਚ ਛੱਡਿਆ ਜਾਂਦਾ ਹੈ ਜੋ ਪਾਣੀ ਵਿਚਲੀ ਬਨਸਪਤੀ ਅਤੇ ਜੀਵਾਂ ਲਈ ਜਾਨਲੇਵਾ ਹੈ। ਫੈਕਟਰੀਆਂ ਵਿੱਚ ਚਲਦੀ ਉਤਪਾਦਨ ਪ੍ਰਕਿਰਿਆ ਦੌਰਾਨ ਨਿਕਲਦਾ ਬੇਹਿਸਾਬਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇੱਕ ਨਵੀਂ ਰਿਪੋਰਟ ਮੁਤਾਬਿਕ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿੱਚ ਰਹਿਣ ਵਾਲੇ ਮਨੁੱਖ ਦੀ ਔਸਤ ਉਮਰ ਪੰਜ ਸਾਲ ਤੱਕ ਘਟ ਰਹੀ ਹੈ ਅਤੇ ਇਹ ਅੰਕੜਾ ਵਿਸ਼ਵ ਪੱਧਰ ’ਤੇ ਲਗਭਗ ਢਾਈ ਸਾਲ ਹੈ।

ਪ੍ਰਿਥਵੀ ਦੇ ਜਲ, ਥਲ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਪਲਾਸਟਿਕ ਇੱਕ ਵੱਡਾ ਕਾਰਨ ਹੈ। ਪਲਾਸਟਿਕ ਦੀ ਖੋਜ ਕਰਨ ਤੋਂ ਬਾਅਦ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਭਵਿੱਖ ਵਿੱਚ ਪਲਾਸਟਿਕ ਪੂਰੀ ਪ੍ਰਿਥਵੀ ਲਈ ਘਾਤਕ ਪਦਾਰਥ ਬਣ ਜਾਵੇਗਾ। ਇਸ ਨਾਲ ਪ੍ਰਿਥਵੀ ਉੱਪਰ ਮਨੁੱਖ ਅਤੇ ਹੋਰ ਜਲੀ-ਥਲੀ ਜੀਵਾਂ ਲਈ ਜ਼ਿੰਦਗੀ ਬਹੁਤ ਮੁਸ਼ਕਿਲ ਬਣ ਗਈ ਹੈ ਕਿਉਂਕਿ ਪਲਾਸਟਿਕ ਦਾ ਨਿਪਟਾਰਾ ਕਰਨਾ ਇੱਕ ਚੁਣੌਤੀ ਬਣ ਗਿਆ ਹੈ। ਪਾਣੀ ਅਤੇ ਧਰਤੀ ਦਾ ਪਲਾਸਟਿਕ ਨਾਲ ਬੁਰੀ ਤਰ੍ਹਾਂ ਸਾਹ ਘੁੱਟਿਆ ਜਾ ਚੁੱਕਾ ਹੈ। ਬਹੁਤ ਸਾਰੇ ਜੀਵਾਂ ਦੀ ਮੌਤ ਦੇ ਜ਼ਿੰਮੇਵਾਰ ਪਲਾਸਟਿਕ ਤੋਂ ਬਣੇ ਹੋਏ ਉਤਪਾਦ ਹਨ ਜਿਵੇਂ ਲਿਫ਼ਾਫ਼ੇ, ਗਲਾਸ, ਸਟਰਾਅ ਆਦਿ।

ਸੜਕਾਂ ’ਤੇ ਚਲਦੇ ਅਨੇਕਾਂ ਵਾਹਨ ਰਹਿੰਦੀ-ਖੂੰਹਦੀ ਕਸਰ ਪੂਰੀ ਕਰਦੇ ਹਨ। ਇੱਕ ਲੰਮੇ ਅਰਸੇ ਤੋਂ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਘੱਟ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਜਦੋਂ ਪੈਟਰੋਲੀਅਮ ਉਤਪਾਦਾਂ ਦੇ ਭੰਡਾਰ ਪ੍ਰਿਥਵੀ ਹੇਠੋਂ ਖ਼ਤਮ ਹੋਣ ਕਿਨਾਰੇ ਹਨ ਤਾਂ ਇਲੈਕਟ੍ਰਾਨਿਕ ਵਾਹਨ ਜਾਂ ਸੀ.ਐੱਨ.ਜੀ. ਨਾਲ ਚੱਲਣ ਵਾਲੇ ਵਾਹਨਾਂ ਸੰਬੰਧੀ ਖੋਜ ਤੇਜ਼ ਹੋਈ ਹੈ। ਇਹ ਗੱਲ ਆਮ ਵਿਅਕਤੀ ਦੀ ਸਮਝ ਤੋਂ ਬਾਹਰ ਹੈ ਕਿ ਇਹ ਧਿਆਨ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ ਪੈਟਰੋਲੀਅਮ ਉਤਪਾਦਾਂ ਦੇ ਭੰਡਾਰ ਖ਼ਤਮ ਹੋ ਰਹੇ ਹਨ ਜਾਂ ਇਸ ਲਈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਅਸੀਂ ਵਾਤਾਵਰਣ ਲਈ ਇੰਨੇ ਹੀ ਸੰਜੀਦਾ ਹੁੰਦੇ ਤਾਂ ਵਿਕਾਸ ਦੇ ਨਾਂ ’ਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨਾ ਕੀਤੀ ਜਾਂਦੀ, ਫੈਕਟਰੀਆਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਤੱਤਾਂ ਦੀ ਰੋਕਥਾਮ ਲਈ ਉਸਾਰੂ ਅਤੇ ਪ੍ਰਭਾਵੀ ਕਦਮ ਚੁੱਕੇ ਜਾਂਦੇ ਅਤੇ ਜੋ ਸੰਸਥਾਵਾਂ ਅਤੇ ਨਿਯਮ ਇਸ ਉਦੇਸ਼ ਲਈ ਬਣੇ ਹਨ, ਉਸ ਉਦੇਸ਼ ਦੀ ਪ੍ਰਾਪਤੀ ਲਈ ਕੰਮ ਵੀ ਕਰਦੇੇ।

ਪ੍ਰਿਥਵੀ ਦੀ ਇਸ ਤਰਸਯੋਗ ਅਤੇ ਤ੍ਰਾਸਦੀ ਵਾਲੀ ਸਥਿਤੀ ਦਾ ਫ਼ਾਇਦਾ ਉਠਾਉਣ ਲਈ ਵੀ ਕੁਝ ਕੰਪਨੀਆਂ ਇੱਕ ਨਵੀਂ ਤਜਵੀਜ਼ ਲੈ ਕੇ ਪ੍ਰਭਾਵਸ਼ਾਲੀ ਸਰਕਾਰਾਂ ਦੇ ਸਨਮੁਖ ਹਨ। ਇਸ ਤਜਵੀਜ਼ ਮੁਤਾਬਿਕ ਅਸੀਂ ਲੱਖਾਂ ਅਰਬ ਡਾਲਰ ਖਰਚ ਕੇ ਕਿਸੇ ਦੂਜੇ ਗ੍ਰਹਿ ਭਾਵ ਪਲੈਨਟ ਬੀ ’ਤੇ ਜੀਵਨ ਦੀ ਸੰਭਾਵਨਾ ਦੀ ਖੋਜ ਕਰ ਰਹੇ ਹਾਂ। ਪ੍ਰਿਥਵੀ ਨੂੰ ਬਚਾਉਣ ਲਈ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਕੋਲ ਸਿਰਫ਼ ਗੱਲਾਂ, ਭਰੋਸੇ ਅਤੇ ਮਤੇ ਪਾਸ ਕਰਨ ਵਰਗੀਆਂ ਕਾਰਵਾਈਆਂ ਹੀ ਰਹਿ ਗਈਆਂ ਹਨ ਅਤੇ ਦੂਜੇ ਗ੍ਰਹਿ ਦੀ ਖੋਜ ਲਈ ਲੱਖਾਂ ਡਾਲਰ। ਅਜਿਹੇ ਰਾਕੇਟ, ਸੈਟੇਲਾਈਟ ਬਣਾਏ ਜਾ ਰਹੇ ਹਨ ਜਿਨ੍ਹਾਂ ਦੀ ਮਦਦ ਨਾਲ ਮਨੁੱਖਾਂ ਨੂੰ ਪ੍ਰਿਥਵੀ ਤੋਂ ਦੂਜੇ ਗ੍ਰਹਿ ’ਤੇ ਪਹੁੰਚਾਇਆ ਜਾ ਸਕੇ। ਇਸ ਖੋਜ ਵਿੱਚ ਜੇਕਰ ਉਦਯੋਗਪਤੀ ਨਿਵੇਸ਼ ਕਰ ਰਹੇ ਹਨ ਤਾਂ ਇਸ ਦਾ ਮਤਲਬ ਸਪੱਸ਼ਟ ਹੈ ਕਿ ਇਹ ਖੋਜ ਲਾਭ ਕਮਾਉਣ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਸਿਰਫ਼ ਧਨੀ ਲੋਕ ਹੀ ਇਸ ਪਰਵਾਸ ਨੂੰ ਆਰਥਿਕ ਤੌਰ ’ਤੇ ਬਰਦਾਸ਼ਤ ਕਰ ਸਕਣਗੇ, ਬਾਕੀ ਆਬਾਦੀ ਦਾ ਕੀ ਹੋਵੇਗਾ? ਕੀ ਉਨ੍ਹਾਂ ਨੂੰ ਪ੍ਰਿਥਵੀ ’ਤੇ ਹੀ ਪ੍ਰਿਥਵੀ ਦੀ ਤਰ੍ਹਾਂ ਖ਼ਤਮ ਹੋਣ ਲਈ ਛੱਡ ਦਿੱਤਾ ਜਾਵੇਗਾ?

ਪ੍ਰਿਥਵੀ ਨੂੰ ਮਾਂ ਮੰਨਣ ਵਾਲਾ ਮਨੁੱਖ ਹੁਣ ਬੇਮੁੱਖ ਹੋ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਜੇਕਰ ਹੁਣ ਤੱਕ ਸੌਰ ਮੰਡਲ ਦੇ ਕਿਸੇ ਗ੍ਰਹਿ ’ਤੇ ਜੀਵਨ ਦੀ ਸੰਭਾਵਨਾ ਨਹੀਂ ਹੈ ਤਾਂ ਹੁਣ ਕਿਵੇਂ ਪੈਦਾ ਕੀਤੀ ਜਾਵੇਗੀ? ਕੀ ਪ੍ਰਿਥਵੀ ਦੀਆਂ ਜੀਵਨ ਅਨੁਕੂਲ ਪ੍ਰਸਥਿਤੀਆਂ ਜਿਵੇਂ ਕਿ ਸੌਰਮੰਡਲ ਵਿੱਚ ਸੂਰਜ ਤੋਂ ਨਿਸ਼ਚਿਤ ਦੂਰੀ, ਇੱਕ ਵਿਸ਼ੇਸ਼ ਬਣਤਰ ਵਾਲਾ ਵਾਯੂਮੰਡਲ, ਗੈਸਾਂ ਦੀ ਨਿਸ਼ਚਿਤ ਮਾਤਰਾ ਵਿੱਚ ਹੋਂਦ ਅਤੇ ਅਨੇਕਾਂ ਹੋਰ ਤੱਥ, ਇਨ੍ਹਾਂ ਨੂੰ ਕਿਵੇਂ ਦੂਜੇ ਗ੍ਰਹਿ ’ਤੇ ਬਣਾਵਟੀ ਰੂਪ ਵਿੱਚ ਪੈਦਾ ਕੀਤਾ ਜਾ ਸਕੇਗਾ? ਬਾਕੀ ਗ੍ਰਹਿ ਅਤਿ ਠੰਢੇ ਜਾਂ ਅਤਿ ਗਰਮ ਹਨ ਜਿਸ ਕਾਰਨ ਕਿਸੇ ਵੀ ਰੂਪ ਵਿੱਚ ਜੀਵਨ ਵਿਕਸਿਤ ਨਹੀਂ ਹੋ ਸਕਦਾ। ਪ੍ਰਿਥਵੀ ’ਤੇ ਜੀਵਨ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਹਰੇਕ ਜੀਵ ਦੀ ਇਸ ਸ੍ਰਿਸ਼ਟੀ ਦੀ ਹੋਂਦ ਵਿੱਚ ਇੱਕ ਖ਼ਾਸ ਭੂਮਿਕਾ ਹੈ ਅਤੇ ਇੱਕ ਛੋਟੇ ਜਿਹੇ ਜੀਵ ਦੀ ਅਣਹੋਂਦ ਵੀ ਮਨੁੱਖੀ ਜੀਵਨ ਲਈ ਖ਼ਤਰਾ ਬਣ ਸਕਦੀ ਹੈ। ਦੂਜੇ ਗ੍ਰਹਿ ’ਤੇ ਸਾਰੇ ਜੀਵਾਂ ਨੂੰ ਕਿਵੇਂ ਲਿਜਾਇਆ ਜਾ ਸਕੇਗਾ? ਉਨ੍ਹਾਂ ਦੇ ਜੀਵਨ ਦੇ ਵਿਕਾਸ ਲਈ ਪ੍ਰਬੰਧ ਕਿਵੇਂ ਕੀਤੇ ਜਾ ਸਕਣਗੇ? ਪਲੈਨਟ ਬੀ ਦੇ ਚੱਕਰ ਵਿੱਚ ਅਸੀਂ ਆਪਣੀ ਪ੍ਰਿਥਵੀ ’ਤੇ ਧਿਆਨ ਦੇਣਾ ਹੀ ਛੱਡ ਦਿੱਤਾ ਹੈ। ਇਹ ਪਲੈਨਟ ਬੀ ਅਸਲ ਵਿੱਚ ਸੰਭਵ ਹੋ ਵੀ ਸਕੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਨਿਸ਼ਚਿਤ ਰੂਪ ਵਿੱਚ ਕਹੀ ਜਾ ਸਕਦੀ ਹੈ ਕਿ ਪਲੈਨਟ ਬੀ ਤੋਂ ਬਾਅਦ ਪਲੈਨਟ ਸੀ ਦੀ ਤਿਆਰੀ ਵੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਕਰਨ ਵਾਲਾ ਕੰਮ ਤਾਂ ਅਸੀਂ ਪ੍ਰਿਥਵੀ ’ਤੇ ਵੀ ਨਹੀਂ ਕੀਤਾ ਤੇ ਸੁਭਾਵਿਕ ਤੌਰ ’ਤੇ ਪਲੈਨਟ ਬੀ ’ਤੇ ਵੀ ਨਹੀਂ ਕਰਾਂਗੇ ਭਾਵ ਆਪਣੇ ਗ੍ਰਹਿ ਦੀ ਸਾਂਭ-ਸੰਭਾਲ।

Leave a Reply

Your email address will not be published. Required fields are marked *