ਚੀਕ

ਬਿੰਦਰ ਸਿੰਘ ਖੁੱਡੀ ਕਲਾਂ

‘‘ਆਹ ਵੇਖ ਬਾਪੂ, ਆਪਣੀ ਜ਼ਮੀਨ ਵੀ ਸੜਕ ’ਚ ਆ ਗਈ,’’ ਅਖ਼ਬਾਰ ’ਚ ਆਇਆ ਸਰਕਾਰ ਵੱਲੋਂ ਜ਼ਮੀਨ ਪ੍ਰਾਪਤ ਕਰਨ ਦਾ ਇਸ਼ਤਿਹਾਰ ਵਿਖਾਉਂਦਾ ਬਲਵੀਰ ਬੋਲਿਆ।

‘‘ਉਏ ਕੀ ਕਹੀਂ ਜਾਨੈ ਤੂੰ? ਸ਼ੁਭ ਸ਼ੁਭ ਬੋਲ। ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ। ਐਂ ਕਿਵੇਂ ਸਰਕਾਰ ਨੂੰ ਦੇ ਦੇਵਾਂਗੇ ਜ਼ਮੀਨ। ਜ਼ਮੀਨ ਦੇਣ ਨਾਲੋਂ ਤਾਂ ਮਰਨਾ ਮਨਜੂਰ ਆ। ਤੈਨੂੰ ਕੀ ਪਤਾ ਬਜ਼ੁਰਗਾਂ ਨੇ ਕਿਵੇਂ ਨਰਕ ਭਰ ਕੇ ਬਣਾਈ ਆ ਇਹ ਜ਼ਮੀਨ।’’ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਕਰਨ ਦੀ ਗੱਲ ਸੁਣ ਕੇ ਜਿਵੇਂ ਪ੍ਰਤਾਪ ਸਿਹੁੰ ਦੀ ਤਾਂ ਚੀਕ ਹੀ ਨਿਕਲ ਗਈ।

‘‘ਓ ਬਾਪੂ, ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰ। ਸਰਕਾਰ ਨੇ ਕੋਈ ਮੁਫ਼ਤ ਥੋੜ੍ਹਾ ਲੈਣੀ ਆ ਜ਼ਮੀਨ। ਅਗਲਿਆਂ ਨੇ ਪੈਸੇ ਦੇਣੇ ਆ ਤੇ ਜ਼ਮੀਨ ਲੈਣੀ ਆ,’’ ਬਲਵੀਰ ਨੇ ਆਪਣੀ ਗੱਲ ਹੋਰ ਸਪੱਸ਼ਟ ਕੀਤੀ।

‘‘ਉਏ ਉਹ ਤਾਂ ਮੈਨੂੰ ਵੀ ਪਤਾ ਬਈ ਜ਼ਮੀਨ ਮੁਫ਼ਤ ਨਹੀਂ ਲੈਣੀ ਸਰਕਾਰ ਨੇ, ਪਰ ਆਪਣੀ ਜ਼ਮੀਨ ਛੱਡਣਾ ਤਾਂ ਮਰਨ ਬਰਾਬਰ ਈ ਹੁੰਦਾ। ਪੈਸੇ ਨਾਲ ਮਾਂ ਵਰਗੀ ਜ਼ਮੀਨ ਵੇਚਣ ਨਾਲੋਂ ਤਾਂ ਬੰਦਾ ਮਰਿਆ ਈ ਚੰਗਾ ਹੁੰਦਾ,’’ ਪ੍ਰਤਾਪ ਸਿਹੁੰ ਨੇ ਆਪਣੀ ਦਲੀਲ ਦਿੱਤੀ।

‘‘ਤੈਨੂੰ ਕੀ ਪਤਾ ਇਹ ਜ਼ਮੀਨ ਕਿਵੇਂ ਬਣਾਈ ਆ। ਤੂੰ ਤਾਂ ਬਣੀ ਬਣਾਈ ਦਾ ਮਾਲਕ ਬਣ ਗਿਆ। ਤੇਰਾ ਦਾਦਾ ਦੱਸਦਾ ਹੁੰਦਾ ਸੀ ਕਿ ਮੁਰੱਬਾਬੰਦੀ ਵੇਲੇ ਵੀ ਇਹ ਜ਼ਮੀਨ ਪਿੰਡ ਦੇ ਨੰਬਰਦਾਰ ਆਪਣੇ ਹਿੱਸੇ ਪਵਾਉਣ ਨੂੰ ਫਿਰਦੇ ਸੀ। ਇਹ ਜ਼ਮੀਨ ਤਾਂ ਪਿਤਾ ਜੀ ਨੇ ਅਫ਼ਸਰਾਂ ਤੱਕ ਪਹੁੰਚ ਕਰ ਕੇ ਮਸਾਂ ਬਚਾਈ ਸੀ। ਅਖੇ ਹੁਣ ਸਰਕਾਰ ਰੋਕਣ ਨੂੰ ਫਿਰਦੀ ਆ,’’ ਪ੍ਰਤਾਪ ਸਿਹੁੰ ਦਾ ਗੁੱਸਾ ਵਧਦਾ ਹੀ ਜਾ ਰਿਹਾ ਸੀ।

‘‘ਤੁਸੀਂ ਕਿਉਂ ਪਿਉ ਪੁੱਤ ਨੇ ਜਾਬੜਾਂ ਦਾ ਭੇੜ ਪਾਇਐ? ਜਦੋਂ ਰੋਕਣਗੇ ਵੇਖੀ ਜਾਊ। ਇਨ੍ਹਾਂ ਸਰਕਾਰਾਂ ਦਾ ਕੀ ਆ ਸੌ ਵਾਰੀ ਸਕੀਮਾਂ ਬਣਾਉਂਦੀਆਂ ਨੇ ਸੌ ਵਾਰੀ ਢਾਹੁੰਦੀਆਂ ਨੇ,’’ ਚੁੱਲਾ ਚੌਂਕਾ ਕਰਦੀ ਸਿੰਦਰ ਨੇ ਵੀ ਗੱਲਬਾਤ ’ਚ ਐਂਟਰੀ ਮਾਰੀ।

‘‘ਮਾਂ, ਸਰਕਾਰਾਂ ਚਾਹੇ ਹਜ਼ਾਰ ਵਾਰੀ ਸਕੀਮਾਂ ਬਣਾਉਣ ਤੇ ਹਜ਼ਾਰ ਵਾਰੀ ਢਾਹੁਣ। ਪਰ ਅਖੀਰ ਨੂੰ ਕਦੇ ਨਾ ਕਦੇ ਸਰਕਾਰਾਂ ਵੱਲੋਂ ਚਲਾਈ ਫਾਈਲ ਆਪਣੀ ਮੰਜ਼ਿਲ ’ਤੇ ਪਹੁੰਚਦੀ ਜ਼ਰੂਰ ਆ। ਨਾਲੇ ਲੇਟ ਲਤੀਫ਼ੀ ਤਾਂ ਸਾਡੇ ਸਰਕਾਰੀ ਸਿਸਟਮ ਦਾ ਅਟੁੱਟ ਅੰਗ ਆ,’’ ਬਲਵੀਰ ਨੇ ਸਰਕਾਰੀ ਸਿਸਟਮ ’ਤੇ ਤਨਜ਼ ਕਸਿਆ।

‘‘ਹਾਂ ਬਈ ਪ੍ਰਤਾਪ ਸਿੰਹਾਂ ਘਰੇ ਈ ਓ? ਕੱਲ੍ਹ ਨੂੰ ਸਵੇਰੇ ਅੱਠ ਕੁ ਵਜੇ ਖੱਤੀ ਵਾਲੇ ਖੇਤ ਅਫ਼ਸਰ ਆਉਣਗੇ। ਕੋਈ ਮਿਣਤੀ ਗਿਣਤੀ ਕਰਨੀ ਆ ਸੜਕ ਬਣਾਉਣ ਲਈ।’’ ਬੀਰੇ ਚੌਕੀਦਾਰ ਨੇ ਗੇਟ ਖੜਕਾਉਂਦਿਆਂ ਸੁਨੇਹਾ ਦਿੱਤਾ।

‘‘ਗੱਲ ਸੁਣ ਚੌਂਕੀਦਾਰਾ! ਆਪਣੇ ਅਫ਼ਸਰਾਂ ਨੂੰ ਕਹਿ ਦੇ ਜਾ ਕੇ ਬਈ ਐਂ ਨੀ ਉਹ ਸਾਡੀ ਜ਼ਮੀਨ ਦੀ ਮਿਣਤੀ ਗਿਣਤੀ ਕਰ ਸਕਦੇ। ਜ਼ਮੀਨ ਤਾਂ ਮਾਂ ਐ ਮਾਂ ਮੇਰੀ। ਮੈਂ ਮਰਨੀ ਮਰ ਜੂੰ ਪਰ ਜ਼ਮੀਨ ਨਹੀਂ ਛੱਡਦਾ। ਮੇਰਾ ਸੁਨੇਹਾ ਲਾ ਦੇ ਜਾ ਕੇ ਅਫ਼ਸਰਾਂ ਨੂੰ ਬਈ ਉਨ੍ਹਾਂ ਦੀ ਤਾਂ ਨਾਂਹ ਐ ਜ਼ਮੀਨ ਦੇਣ ਤੋਂ,’’ ਪ੍ਰਤਾਪ ਸਿਹੁੰ ਜਿਵੇਂ ਸਾਰਾ ਗੁੱਸਾ ਚੌਕੀਦਾਰ ’ਤੇ ਹੀ ਕੱਢ ਦੇਣਾ ਚਾਹੁੰਦਾ ਸੀ।

‘‘ਸਰਦਾਰਾ, ਅਸੀਂ ਤਾਂ ਸੁਨੇਹਾ ਲਾਉਣ ਆਲੇ ਨੌਕਰ ਆਂ। ਆਉਣਾ ਜਾਂ ਨਾ ਆਉਣਾ ਜਾਂ ਜ਼ਮੀਨ ਦੇਣੀ ਜਾਂ ਨਾ ਦੇਣੀ ਥੋਡੀ ਮਰਜ਼ੀ ਆ। ਜਾਂ ਫਿਰ ਇਹ ਸਰਕਾਰ ਨੇ ਵੇਖਣਾ ਬਈ ਕੀ ਕਰਨਾ ਕੀ ਨਹੀਂ!’’ ਸੁਨੇਹਾ ਲਗਾ ਕੇ ਮੁੜਦਾ ਚੌਕੀਦਾਰ ਬੋਲਿਆ।

‘‘ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ। ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਪਿੰਡ ਵਿੱਚੋਂ ਦੀ ਕੱਢੀ ਜਾ ਰਹੀ ਨਵੀਂ ਸੜਕ ਵਾਸਤੇ ਧੱਕੇ ਨਾਲ ਜ਼ਮੀਨਾਂ ਲੈਣ ਦਾ ਵਿਰੋਧ ਕਰਨ ਵਾਸਤੇ ਧਰਮਸ਼ਾਲਾ ’ਚ ਇਕੱਠ ਰੱਖਿਆ ਗਿਐ। ਜਿਹੜੇ ਜਿਹੜੇ ਘਰਾਂ ਦੀ ਜ਼ਮੀਨ ਆਉਂਦੀ ਆ ਉਨ੍ਹਾਂ ਸਭ ਨੂੰ ਬੇਨਤੀ ਆ ਕਿ ਅੱਜ ਹੀ ਦਸ ਵਜੇ ਧਰਮਸ਼ਾਲਾ ਵਿਚ ਪਹੁੰਚੋ।’’ ਗੁਰਦੁਆਰੇ ਦੇ ਗ੍ਰੰਥੀ ਸਿੰਘ ਵੱਲੋਂ ਕੀਤੀ ਬੇਨਤੀ ਸੁਣਦਿਆਂ ਪ੍ਰਤਾਪ ਸਿਹੁੰ ਨੇ ਧਰਮਸ਼ਾਲਾ ਵੱਲ ਚਾਲੇ ਪਾ ਦਿੱਤੇ।

‘‘ਕਿਵੇਂ ਪ੍ਰਤਾਪਿਆ ਹੁਣ ਤਾਂ ਫਿਰ ਜ਼ਮੀਨ ਜਮ੍ਹਾਂ ਸੜਕ ’ਤੇ ਆ ਲੱਗੂ। ਪਤੰਦਰਾ ਐਵੇਂ ਲੋਕਾਂ ਨਾਲ ਰਾਹ ਪਿੱਛੇ ਲੜਦਾ ਫਿਰਦਾ ਸੀ।’’ ਸੱਥ ਵਿਚੋਂ ਲੰਘਦੇ ਪ੍ਰਤਾਪ ਸਿਹੁੰ ਨੂੰ ਉੱਥੇ ਬੈਠੇ ਬੰਦਿਆਂ ਨੇ ਮਿੱਠੀ ਮਸ਼ਕਰੀ ਕੀਤੀ।

‘‘ਕੋਈ ਨੀ ਸਰਕਾਰਾਂ ਤਾਂ ਦਵੱਲਣੀਆਂ ਆਉਂਦੀਆਂ ਨੇ ਸਾਨੂੰ। ਫ਼ਿਕਰ ਨਾ ਕਰੋ। ਐਂ ਨੀ ਜ਼ਮੀਨ ਦੇਣ ਵਾਲੇ ਅਸੀਂ।’’ ਪ੍ਰਤਾਪ ਸਿਹੁੰ ਨੇ ਠੋਕਵਾਂ ਜਵਾਬ ਦਿੱਤਾ।

‘‘ਤਾਇਆ ਅਸੀਂ ਤਾਂ ਥੋਡੇ ਨਾਲ ਈ ਆਂ। ਸਰਕਾਰਾਂ ਦਾ ਕੀ ਆ ਅੱਜ ਸੜਕ ਬਣਾਉਣ ਲਈ ਥੋਡੀ ਜ਼ਮੀਨ ਖੋਹਦੀਆਂ ਨੇ, ਕੱਲ੍ਹ ਨੂੰ ਕਿਸੇ ਹੋਰ ਕੰਮ ਲਈ ਸਾਡੀ ਖੋਹਣ ਦਾ ਐਲਾਨ ਕਰ ਦੇਣਗੀਆਂ।’’ ਪ੍ਰਤਾਪ ਸਿਹੁੰ ਦੇ ਨਾਲ ਹੀ ਧਰਮਸ਼ਾਲਾ ਵੱਲ ਤੁਰਦਾ ਭਿੰਦਾ ਮਾਸਟਰ ਬੋਲਿਆ।

‘‘ਭਤੀਜ ਗੱਲ ਤਾਂ ਸਮਝ ਦੀ ਆ। ਇਨ੍ਹਾਂ ਲੋਕਾਂ ਨੂੰ ਇਹ ਨੀ ਪਤਾ ਬਈ ਸਰਕਾਰਾਂ ਨੇ ਭਾਈਆਂ ਭਾਈਆਂ ਨੂੰ ਆਪਸ ’ਚ ਲੜਾ ਕੇ ਆਪਣੇ ਮਕਸਦ ਪੂਰੇ ਕਰਨੇ ਹੁੰਦੇ ਨੇ। ਤਾਇਆ ਅਸਲ ’ਚ ਜੀਹਤੇ ਪੈਂਦੀ ਆ ਨਾ ਉਸੇ ਨੂੰ ਪਤਾ ਹੁੰਦਾ। ਬਾਕੀ ਤਾਂ ਸਭ ਸੁਆਦ ਲੈਂਦੇ ਨੇ। ਦੂਜੇ ’ਤੇ ਪਈ ਵੇਲੇ ਇਹ ਭੁੱਲ ਜਾਂਦੇ ਨੇ ਬਈ ਕਦੇ ਸਾਡੇ ’ਤੇ ਵੀ ਪਊ ਇਹ।’’ ਗੱਲਬਾਤ ਕਰਦੇ ਪ੍ਰਤਾਪ ਸਿਹੁੰ ਅਤੇ ਮਾਸਟਰ ਧਰਮਸ਼ਾਲਾ ਵਿੱਚ ਪਹੁੰਚ ਗਏ।

‘‘ਆ ਜਾਣ ਦਿਓ ਸਾਰਿਆਂ ਨੂੰ। ਆਪਣੇ ਪਿੰਡ ਦੀ ਜ਼ਮੀਨ ਸਾਰੇ ਪਿੰਡਾਂ ਤੋਂ ਵੱਧ ਰੋਕੀ ਜਾ ਰਹੀ ਆ। ਮਾਲ ਮਹਿਕਮੇ ਵਾਲੇ ਦੱਸਦੇ ਸੀ ਬਈ ਤਕਰੀਬਨ ਸੌ ਘਰਾਂ ਦੀ ਢਾਈ ਸੌ ਏਕੜ ਜ਼ਮੀਨ ਸੜਕ ’ਚ ਆ ਰਹੀ ਆ। ਕਿਸੇ ਦੀ ਘੱਟ ਤੇ ਕਿਸੇ ਦੀ ਵੱਧ।’’ ਧਰਮਸ਼ਾਲਾ ’ਚ ਪਹਿਲਾਂ ਹੀ ਖੜ੍ਹਾ ਨਿਰਭੈ ਨੰਬਰਦਾਰ ਬੋਲਿਆ।

‘‘ਵੇਖੋ ਬਈ ਭਰਾਵੋ! ਪਹਿਲੀ ਗੱਲ ਤਾਂ ਇਸ ਨਵੀਂ ਸੜਕ ਦੀ ਜ਼ਰੂਰਤ ਈ ਕੋਈ ਨਹੀਂ। ਇਹ ਤਾਂ ਸਿਰਫ਼ ਤੇ ਸਿਰਫ਼ ਸਾਡਾ ਉਜਾੜਾ ਕਰਨ ਵਾਲੀ ਗੱਲ ਆ ਸਰਕਾਰ ਦੀ।’’

‘‘ਨਾਲੇ ਹੋਰ ਸੁਣੋ ਨਵੀਂ ਗੱਲ ਦੱਸਾਂ ਥੋਨੂੰ। ਸੁਣਨ ’ਚ ਆਇਐ ਬਈ ਇਹ ਸੜਕ ਤਾਂ ਬਣਨੀ ਵੀ ਸੱਤ ਸੱਤ ਫੁੱਟ ਉੱਚੀ ਆ। ਆਪਣੇ ਵਰਗਿਆਂ ਨੂੰ ਤਾਂ ਇਸ ’ਤੇ ਚੜ੍ਹਨ ਦੀ ਵੀ ਇਜਾਜ਼ਤ ਨਹੀਂ ਹੋਣੀ।’’

‘‘ਇਹ ’ਤੇ ਚੜ੍ਹ ਕੇ ਕਰੇਂਗਾ ਕੀ ਭਰਾਵਾ? ਸੌ ਕਿਲੋਮੀਟਰ ’ਤੇ ਰਸਤਾ ਮਿਲਣਾ ਇਸ ਸੜਕ ’ਤੇ। ਇੱਕ ਵਾਰੀ ਸੜਕ ’ਤੇ ਚੜ੍ਹਿਆ ਬੰਦਾ ਸੌ ਕਿਲੋਮੀਟਰ ’ਤੇ ਜਾ ਕੇ ਉਤਰੂ।’’

‘‘ਉਏ ਯਾਰ ਇਹ ਸੜਕ ਮੇਰੇ ਤੇਰੇ ਵਰਗਿਆਂ ਲਈ ਕਾਹਨੂੰ ਆ। ਇਹ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਯਾਰੀਆਂ ਪੂਰਦੀ ਆ ਸਰਕਾਰ। ਉਨ੍ਹਾਂ ਦੇ ਟਰਾਲੇ ਚਲਾਉਣੇ ਨੇ ਇਸ ਸੜਕ ’ਤੇ।’’

ਇਕੱਠੇ ਹੋਏ ਜ਼ਮੀਨ ਮਾਲਕ ਆਪੋ ਆਪਣੀ ਸਮਝ ਅਨੁਸਾਰ ਬਹਿਸ ’ਚ ਹਿੱਸਾ ਲੈ ਰਹੇ ਸਨ।

‘‘ਚਲੋ ਯਾਰ ਕੁਛ ਵੀ ਹੋਵੇ ਪਰ ਇੱਕ ਗੱਲ ਤਾਂ ਪੱਕੀ ਆ ਬਈ ਆਪਣੀ ਜ਼ਮੀਨ ਸਰਕਾਰ ਨੇ ਰੋਕਣੀ ਆ। ਆਪਣਾ ਮੁੱਦਾ ਤਾਂ ਇਹ ਆ ਬਈ ਆਪਾਂ ਕਰਨਾ ਕਿਵੇਂ ਆ? ਜ਼ਮੀਨ ਦੇਣੀ ਆਂ ਜਾਂ ਫਿਰ ਸੰਘਰਸ਼ ਕਰਕੇ ਜ਼ਮੀਨ ਬਚਾਉਣੀ ਆ?’’ ਬਹਿਸ ਨੂੰ ਸਮੇਟਦਾ ਮੀਤਾ ਬੋਲਿਆ।

‘‘ਮੀਤਿਆ ਯਾਰ, ਤੂੰ ਵੀ ਕਮਾਲ ਕਰੀ ਜਾਨੈਂ। ਜ਼ਮੀਨ ਭਲਾਂ ਕਿਵੇਂ ਦੇ ਦੇਵਾਂਗੇ ਆਪਾਂ? ਵੇਖੋ ਭਰਾਵੋ ਮੈਂ ਤਾਂ ਜ਼ਮੀਨ ਕਿਸੇ ਨੂੰ ਦੇ ਨੀ ਸਕਦਾ। ਜਿੱਦਣ ਦਾ ਚੌਕੀਦਾਰ ਸੁਨੇਹਾ ਲਾ ਕੇ ਗਿਆ ਮਿਣਤੀ ਗਿਣਤੀ ਦਾ ਆਪਣੀ ਤਾਂ ਰੋਟੀ ਛੁੱਟੀ ਪਈ ਆ। ਆਪਾਂ ਨੂੰ ਤਾਂ ਮਰਨਾ ਮਨਜ਼ੂਰ ਆ ਪਰ ਜਮੀਨ ਨੀ ਦੇਣੀ ਕਿਸੇ ਵੀ ਕੀਮਤ ’ਤੇ।’’

‘‘ਸਰ, ਜ਼ਮੀਨ ਦੀ ਮਿਣਤੀ ਤਾਂ ਅੱਗੇ ਪਾਉਣੀ ਪਊ ਆਪਾਂ ਨੂੰ। ਜ਼ਮੀਨਾਂ ਦੇ ਮਾਲਕ ਜ਼ਮੀਨ ਨਹੀਂ ਦੇਣੀ ਚਾਹੁੰਦੇ। ਉਨ੍ਹਾਂ ਨੇ ਮਿਣਤੀ ਦੌਰਾਨ ਸੰਘਰਸ਼ ਦਾ ਐਲਾਨ ਕਰ ਦਿੱਤਾ ਅੱਜ ਪਿੰਡ ’ਚ ਇਕੱਠ ਕਰਕੇ।’’ ਮਾਲ ਵਿਭਾਗ ਦੇ ਅਧਿਕਾਰੀ ਨੇ ਜ਼ਮੀਨ ਗ੍ਰਹਿਣ ਅਧਿਕਾਰੀ ਨੂੰ ਫੋਨ ਕੀਤਾ।

‘‘ਕੋਈ ਗੱਲ ਨੀ ਤੁਸੀਂ ਕੁਝ ਦਿਨਾਂ ਲਈ ਮਿਣਤੀ ਦਾ ਪ੍ਰੋਗਰਾਮ ਰੋਕ ਦਿਓ ਅਤੇ ਜ਼ਮੀਨ ਮਾਲਕਾਂ ਨਾਲ ਲਗਾਤਾਰ ਸੰਪਰਕ ’ਚ ਰਹੋ।’’ ਸੰਖੇਪ ਜਵਾਬ ਦਿੰਦਿਆਂ ਅਧਿਕਾਰੀ ਨੇ ਫੋਨ ਕੱਟ ਦਿੱਤਾ।

‘‘ਪ੍ਰਤਾਪ ਸਿੰਹਾਂ! ਆਹ ਅਫਸਰਾਂ ਨੇ ਗੱਲ ਕਰਨੀ ਆ ਥੋਡੇ ਨਾਲ ਕੋਈ।’’ ਚੌਕੀਦਾਰ ਨੇ ਗੇਟ ਖੜਕਾਇਆ।

‘‘ਹਾਂ ਜੀ ਦੱਸੋ ਕੀ ਗੱਲ ਕਰਨੀ ਆ? ਜੇਕਰ ਗੱਲ ਜ਼ਮੀਨ ਬਾਰੇ ਕਰਨੀ ਆ ਤਾਂ ਮੇਰੀ ਨਾਂਹ ਆ। ਹੋਰ ਚਾਹ ਪਾਣੀ ਦੀ ਸੇਵਾ ਦੱਸੋ।’’ ਗੇਟ ਤੋਂ ਹੀ ਅਫ਼ਸਰਾਂ ਦੀ ਵਾਪਸੀ ਕਰਦਾ ਪ੍ਰਤਾਪ ਸਿਹੁੰ ਬੋਲਿਆ।

ਆਪਸ ਵਿੱਚ ਘੁਸਰ ਮੁਸਰ ਕਰ ਚੌਕੀਦਾਰ ਨਾਲ ਆਏ ਅਧਿਕਾਰੀਆਂ ਨੇ ਵਾਪਸੀ ਕਰਨੀ ਹੀ ਬਿਹਤਰ ਸਮਝੀ।

‘‘ਪ੍ਰਤਾਪ ਸਿੰਹਾਂ! ਆਹ ਅਫ਼ਸਰ ਆਏ ਨੇ ਥੋਡੇ ਨਾਲ ਜ਼ਮੀਨ ਬਾਰੇ ਗੱਲਬਾਤ ਕਰਨ।’’ ਚੌਕੀਦਾਰ ਨੇ ਕੁਝ ਦਿਨਾਂ ਬਾਅਦ ਮੁੜ ਆ ਬੂਹਾ ਖੜਕਾਇਆ।

‘‘ਹਾਂ ਵੀ ਚੌਕੀਦਾਰਾ ਮੈਨੂੰ ਲੱਗਦਾ ਤੈਨੂੰ ਤੇ ਤੇਰੇ ਅਫ਼ਸਰਾਂ ਨੂੰ ਮੇਰੀ ਕਹੀ ਸਮਝ ਨੀ ਪੈਂਦੀ ਬਈ ਅਸੀਂ ਮਰ ਜਾਵਾਂਗੇ ਪਰ ਜ਼ਮੀਨ ਕਿਸੇ ਵੀ ਕੀਮਤ ’ਤੇ ਨਹੀਂ ਛੱਡਾਂਗੇ।’’ ਪ੍ਰਤਾਪ ਸਿਹੁੰ ਨੇ ਪਹਿਲਾਂ ਨਾਲੋਂ ਵੀ ਰੁੱਖਾ ਜਵਾਬ ਦਿੱਤਾ।

‘‘ਸਰਦਾਰ ਸਾਬ੍ਹ! ਪਾਣੀ ਤਾਂ ਪਿਲਾਓ। ਨਾਲੇ ਜ਼ਮੀਨ ਥੋਡੀ ਆ। ਸਰਕਾਰ ਨੂੰ ਦੇਣਾ ਜਾਂ ਨਾ ਦੇਣਾ ਤੁਹਾਡੀ ਮਰਜ਼ੀ ਆ। ਆਪਾਂ ਬੈਠ ਕੇ ਗੱਲ ਤਾਂ ਕਰ ਸਕਦੇ ਆਂ।’’ ਪ੍ਰਤਾਪ ਸਿਹੁੰ ਦੇ ਘਰ ’ਚ ਦਾਖਲ ਹੁੰਦਾ ਅਧਿਕਾਰੀ ਆਪਣੀ ਗੱਲ ਕਹਿ ਰਿਹਾ ਸੀ।

‘‘ਪਾਣੀ ਛੱਡ ਤਾਂ ਚਾਹ ਪੀ ਲਵੋ। ਪਰ ਜ਼ਮੀਨ ਵਾਲੀ ਗੱਲ ਗਲਤ ਆ ਥੋਡੀ। ਇਹ ਨੀ ਮੈਨੂੰ ਮਨਜ਼ੂਰ ਕਿਸੇ ਵੀ ਕੀਮਤ ’ਤੇ।’’ ਅਧਿਕਾਰੀਆਂ ਨੂੰ ਕਮਰੇ ’ਚ ਬਿਠਾਉਂਦਾ ਪ੍ਰਤਾਪ ਸਿਹੁੰ ਬੋਲਿਆ।

‘‘ਪ੍ਰਤਾਪ ਸਿਹੁੰ ਜੀ ਬਾਕੀ ਪਰਿਵਾਰ ਨੂੰ ਵੀ ਬੁਲਾ ਲਓ,’’ ਚਾਹ ਦਾ ਕੱਪ ਮੇਜ਼ ’ਤੇ ਰੱਖਦਾ ਅਧਿਕਾਰੀ ਬੋਲਿਆ।

‘‘ਪਰਿਵਾਰ ਕਿਹੜਾ ਵੱਡਾ ਜੀ ਆਪਣਾ। ਮੈਂ ਆ ਇੱਕ ਬੇਟਾ ਤੇ ਉਹਦੀ ਮੰਮੀ। ਤਿੰਨ ਤਾਂ ਜਣੇ ਆਂ,’’ ਪ੍ਰਤਾਪ ਸਿਹੁੰ ਨੇ ਪੁੱਤਰ ਬਲਵੀਰ ਅਤੇ ਪਤਨੀ ਸਿੰਦਰ ਨੂੰ ਵੀ ਕਮਰੇ ’ਚ ਆਉਣ ਲਈ ਆਵਾਜ਼ ਮਾਰੀ।

‘‘ਵੇਖੋ ਸਰਦਾਰ ਜੀ ਸਰਕਾਰ ਜੋ ਸਕੀਮ ਬਣਾਉਂਦੀ ਆ ਉਹ ਕਦੇ ਵੀ ਵਾਪਸ ਨੀ ਹੁੰਦੀ। ਹਾਂ ਉਸ ਵਿੱਚ ਫੇਰਬਦਲ ਜ਼ਰੂਰ ਹੋ ਜਾਂਦਾ ਹੁੰਦਾ। ਜ਼ਮੀਨ ਲੈਣ ਬਦਲੇ ਸਰਕਾਰ ਨੇ ਥੋਨੂੰ ਆਮ ਰੇਟ ਨਾਲੋਂ ਦੁੱਗਣਾ ਰੇਟ ਦੇਣਾ। ਜ਼ਮੀਨ ’ਚ ਕੋਈ ਉਸਾਰੀ ਜਾਂ ਬੋਰ ਮੋਟਰ ਵਗੈਰਾ ਹੋਵੇ ਤਾਂ ਉਸ ਦਾ ਖਰਚਾ ਵੱਖਰਾ ਦੇਣਾ। ਦੁੱਗਣੇ ਰੇਟ ’ਤੇ ਜ਼ਮੀਨ ਵੇਚ ਕੇ ਤੁਸੀਂ ਇਸ ਤੋਂ ਦੁੱਗਣੀ ਜ਼ਮੀਨ ਕਿਤੇ ਵੀ ਬਣਾ ਸਕਦੇ ਓ। ਨਾਲੇ ਜਿਹੜੀ ਜ਼ਮੀਨ ਬਚੂਗੀ ਸੜਕ ’ਤੇ ਲੱਗਣ ਕਰਕੇ ਉਸ ਦੀ ਕੀਮਤ ਵੀ ਲਗਭਗ ਦੁੱਗਣੀ ਹੀ ਹੋ ਜਾਣੀ ਆ। ਮੈਂ ਤੁਹਾਨੂੰ ਦੱਸਿਆ ਨਾ ਬਈ ਸਰਕਾਰ ਦੀ ਸਕੀਮ ਖਤਮ ਨਹੀਂ ਹੋਇਆ ਕਰਦੀ ਕਦੇ ਵੀ। ਹਾਂ ਅਦਲ ਬਦਲ ਜ਼ਰੂਰ ਹੋ ਸਕਦਾ ਹੁੰਦਾ। ਜੇਕਰ ਤੁਸੀਂ ਨਾਂਹ ’ਤੇ ਅੜੇ ਰਹੇ ਤਾਂ ਅਸੀਂ ਦੁੱਗਣੀ ਤੋਂ ਵੀ ਜ਼ਿਆਦਾ ਕੀਮਤ ’ਤੇ ਜ਼ਮੀਨ ਗ੍ਰਹਿਣ ਕਰਨ ਲਈ ਸੜਕ ਤੁਹਾਡੀ ਜ਼ਮੀਨ ਦੀ ਬਜਾਏ ਕਿਸੇ ਹੋਰ ਦੀ ਜ਼ਮੀਨ ਵਿਚਦੀ ਕੱਢ ਦੇਵਾਂਗੇ। ਹਾਂ ਜੇਕਰ ਤੁਸੀਂ ਚਾਹੋ ਤਾਂ ਮੈਂ ਰੇਟ ਵਿੱਚ ਉੱਨੀ ਇੱਕੀ ਦਾ ਵਾਧਾ ਹੋਰ ਵੀ ਕਰ ਸਕਦਾ ਹਾਂ।’’ ਅਧਿਕਾਰੀ ਨੇ ਸਾਰੇ ਪੱਤੇ ਖੋਲ੍ਹੇ।

‘‘ਚਲੋ ਠੀਕ ਆ ਜੀ ਅਸੀਂ ਸੋਚ ਕੇ ਦੱਸਦੇ ਹਾਂ।’’

‘‘ਜਲਦੀ ਦੱਸਣਾ ਇੱਕ ਦੋ ਦਿਨ ਵਿੱਚ ਹੀ।’’

ਜ਼ਮੀਨ ਗ੍ਰਹਿਣ ਅਧਿਕਾਰੀ ਇੱਕ ਤੋਂ ਬਾਅਦ ਇੱਕ ਸਾਰੇ ਜ਼ਮੀਨ ਮਾਲਕਾਂ ਦੇ ਘਰ ਜਾ ਕੇ ‘‘ਚਲੋ ਜੀ ਠੀਕ ਆ ਸੋਚ ਕੇ ਦੱਸਦੇ ਆਂ’’ ਦਾ ਸਾਕਾਰਾਤਮਕ ਵਾਅਦਾ ਲੈਂਦਾ ਆਪਣੀ ਮੰਜ਼ਿਲ ਵੱਲ ਬਾਖ਼ੂਬੀ ਵਧਦਾ ਗਿਆ।

‘‘ਹਾਂ ਬਈ ਪ੍ਰਤਾਪ ਸਿੰਹਾਂ! ਅਫ਼ਸਰਾਂ ਦਾ ਸੁਨੇਹਾ ਆਇਆ ਸੀ ਕਹਿੰਦੇ ਪਤਾ ਕਰੋ ਕੀ ਵਿਚਾਰ ਆ ਥੋਡਾ?’’ ਚੌਕੀਦਾਰ ਨੇ ਤੀਜੇ ਦਿਨ ਫਿਰ ਆ ਬੂਹਾ ਖੜਕਾਇਆ।

‘‘ਚੌਕੀਦਾਰਾਂ ਅੰਦਰ ਈ ਆ ਜਾ। ਯਾਰ ਤੂੰ ਕਿਹੜਾ ਬਿਗਾਨਾ ਸਾਨੂੰ?’’

ਪ੍ਰਤਾਪ ਸਿਹੁੰ ਨੇ ਚੌਕੀਦਾਰ ਨੂੰ ਕਮਰੇ ’ਚ ਬਿਠਾ ਪੁੱਤਰ ਅਤੇ ਪਤਨੀ ਨੂੰ ਵੀ ਆਵਾਜ਼ ਮਾਰ ਲਈ।

‘‘ਹਾਂ ਬਈ ਦੱਸੋਂ ਫਿਰ ਕਿਵੇਂ ਕਰੀਏ? ਚੌਕੀਦਾਰ ਤਾਂ ਆਪਣੀ ਹਾਂ ਜਾਂ ਨਾਂਹ ਪੁੱਛਣ ਆਇਐ ਅਫ਼ਸਰਾਂ ਦਾ ਭੇਜਿਆ। ਚੌਕੀਦਾਰਾ ਤੂੰ ਹੀ ਰਾਹ ਪਾ ਦੇ ਕੋਈ ਗੱਲ ਯਾਰ। ਬਾਕੀ ਘਰ ਕਿਵੇਂ ਕਰ ਰਹੇ ਨੇ?’’

‘‘ਪ੍ਰਤਾਪ ਸਿੰਹਾਂ ਐਨਾ ਮੁੱਲ ਭਲਾ ਕੌਣ ਛੱਡਦੈ? ਬਾਕੀ ਤੂੰਂ ਸਿਆਣਾ। ਮੈਥੋਂ ਹੁਣ ਸਾਰਾ ਕੁਝ ਤਾਂ ਨੀ ਕਹਾਏਂਗਾ।’’

‘‘ਹਾਂ ਬਈ ਤੁਸੀਂ ਵੀ ਦੱਸੋ ਆਪਣੀ ਰਾਇ?’’ ਪ੍ਰਤਾਪ ਸਿਹੁੰ ਨੇ ਪੁੱਤਰ ਅਤੇ ਪਤਨੀ ਨੂੰ ਪੁੱਛਿਆ।

‘‘ਬਾਪੂ ਬਾਹਲਾ ਨੀ ਸੋਚੀਦਾ। ਚਾਰ ਪੈਸੇ ਸੋਹਣੇ ਵੱਟੇ ਜਾਂਦੇ ਆ। ਨਾਲੇ ਜ਼ਮੀਨ ਵਧੂ। ਨਾਲੇ ਸੋਹਣੀ ਕੋਠੀ ਪਾ ਲਵਾਂਗੇ। ਮੋਟਰਸਾਈਕਲ ’ਤੇ ਧੱਕੇ ਖਾਂਦੇ ਫਿਰਦੇ ਆਂ, ਕੋਈ ਕਾਰ ਕੂਰ ਲਈ ਜਾਊ ਨਾਲੇ।’’ ਬਲਵੀਰ ਨੇ ਦਿਲ ਦੀ ਗੱਲ ਕਹੀ।

‘‘ਮੁੰਡਾ ਠੀਕ ਈ ਤਾਂ ਕਹਿੰਦਾ ਫੇਰ। ਹੁਣ ਹੋਰ ਦੱਸ ਤੈਨੂੰ ਕੀ ਚਾਹੀਦਾ?’’ ਸਿੰਦਰ ਨੇ ਬਲਵੀਰ ਦੀ ਸੁਰ ’ਚ ਸੁਰ ਮਿਲਾਈ।

‘‘ਤੁਸੀਂ ਬੜੀ ਆਸਾਨੀ ਨਾਲ ਕਹਿਤਾ ਸਾਰਾ ਕੁਝ। ਪਰ ਮੇਰੇ ਅੰਦਰੋਂ ਤਾਂ ਰੁੱਗ ਭਰਿਆ ਜਾਂਦਾ ਜ਼ਮੀਨ ਵੇਚਣ ਦਾ ਨਾਂ ਸੁਣ। ਯਾਰ ਮਾਂ ਸਮਾਨ ਹੁੰਦੀ ਆ ਜ਼ਮੀਨ।’’ ਪ੍ਰਤਾਪ ਦਾ ਮਨ ਹਾਲੇ ਵੀ ਡੋਲ ਰਿਹਾ ਸੀ।

‘‘ਬਾਪੂ, ਮਾਂ ਤਾਂ ਮੁੱਢ ਕਦੀਮ ਤੋਂ ਹੀ ਖ਼ੁਦ ਕੁਰਬਾਨੀ ਦੇ ਕੇ ਬੱਚਿਆਂ ਦੀ ਜੂਨ ਸੁਖਾਲੀ ਕਰਦੀ ਆਈ ਆ। ਫਿਰ ਓਹੀ ਕੰਮ ਆਪਣੀ ਜ਼ਮੀਨ ਮਾਂ ਕਰਨ ਜਾ ਰਹੀ ਆ। ਨਾਲੇ ਆਪਾਂ ਕਿਹੜਾ ਵੈਲ ਐਬ ’ਚ ਵੇਚ ਰਹੇ ਹਾਂ। ਨਾਲੇ ਜੇ ਆਪਾਂ ਨਾ ਵੇਚੀ ਤਾਂ ਕੋਈ ਹੋਰ ਆਢੀ ਗੁਆਂਢੀ ਲੈ ਜੂ ਲਾਹਾ। ਫੇਰ ਝਾਕੇਂਗਾ ਬਿਟਰ ਬਿਟਰ।’’

‘‘ਚਲੋ ਫੇਰ ਜਿਵੇਂ ਥੋਡੀ ਮਰਜ਼ੀ ਆ।’’ ਕਹਿ ਪ੍ਰਤਾਪ ਸਿਹੁੰ ਨੇ ਜ਼ਮੀਨ ਦੇਣ ਦੀ ਸਹਿਮਤੀ ਭਰ ਚੌਕੀਦਾਰ ਨੂੰ ਤੋਰ ਦਿੱਤਾ।

ਸੜਕ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਬੁਰਜੀਆਂ ਲਗਾ ਦਿੱਤੀਆਂ ਗਈਆਂ। ਪ੍ਰਤਾਪ ਸਿਹੁੰ ਦੀ ਦੋ ਏਕੜ ਜ਼ਮੀਨ, ਟਿਊਬਵੈੱਲ ਅਤੇ ਤੂੜੀ ਵਾਲਾ ਕੋਠਾ ਸੜਕ ਲਈ ਨਿਸ਼ਾਨਦੇਹ ਕੀਤੀ ਜ਼ਮੀਨ ’ਚ ਆ ਗਏ।

ਸਰਕਾਰ ਵੱਲੋਂ ਸਾਰਾ ਹਿਸਾਬ ਕਿਤਾਬ ਕਰ ਜ਼ਮੀਨ ਮਾਲਕਾਂ ਦੇ ਖਾਤਿਆਂ ’ਚ ਪੈਸੇ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।

‘‘ਪ੍ਰਤਾਪ ਸਿੰਹਾਂ ਅਫ਼ਸਰਾਂ ਦਾ ਫੋਨ ਆਇਆ ਸੀ। ਕਹਿੰਦੇ ਖਾਤਾ ਚੈੱਕ ਕਰ ਲਿਓ। ਦੋ ਏਕੜ ਜ਼ਮੀਨ, ਟਿਊਬਵੈੱਲ ਅਤੇ ਤੂੜੀ ਵਾਲੇ ਕੋਠੇ ਦੇ ਸਾਰੇ ਪੈਸੇ ਪਾ ਦਿੱਤੇ ਨੇ।’’ ਚੌਕੀਦਾਰ ਨੇ ਅਫ਼ਸਰਾਂ ਦਾ ਸੁਨੇਹਾ ਲਗਾਇਆ।

‘‘ਚੌਕੀਦਾਰਾ, ਖਾਤਾ ਤਾਂ ਪਤੰਦਰਾਂ ਨੇ ਨੱਕੋ ਨੱਕ ਈ ਭਰਤਾ। ਬਲਵੀਰ ਨੇ ਘਰੇ ਈ ਚੈੱਕ ਕਰ ਲਿਆ ਸੀ ਖਾਤਾ। ਨਾਲੇ ਤੇਰੇ ਅਫ਼ਸਰਾਂ ਨੂੰ ਕਹਿ ਦੇ ਵੀ ਹੁਣ ਤਾਂ ਜੇ ਸੜਕ ਹੋਰ ਚੌੜੀ ਕਰਨੀ ਆ ਹੋਰ ਕਰ ਲੈਣ।’’ ਪ੍ਰਤਾਪ ਸਿਹੁੰ ਖ਼ੁਸ਼ੀ ’ਚ ਚੀਕ ਮਾਰਦਾ ਬੋਲਿਆ।

Leave a Reply

Your email address will not be published. Required fields are marked *