ਅਕਾਲੀ ਦਲ ਦਾ ਸੰਕਟ

ਮੰਗਲਵਾਰ ਸ਼੍ਰੋਮਣੀ ਅਕਾਲੀ ਦਲ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਭਰੀ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਬਣਾਈ ਇਕਬਾਲ ਸਿੰਘ ਝੂੰਦਾਂ ਕਮੇਟੀ ਦੀ ਰਿਪੋਰਟ ਉੱਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਹਿਲੀ ਵਾਰ ਵਿਚਾਰ ਚਰਚਾ ਕੀਤੀ ਗਈ। ਬਾਅਦ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਝੂੰਦਾ ਕਮੇਟੀ ਦੀ ਰਿਪੋਰਟ ਉੱਤੇ ਅਮਲ ਕਰਨ ਉੱਤੇ ਸਹਿਮਤੀ ਬਣੀ ਹੈ ਪਰ ਅੱਗੋਂ ਹੋਰ ਆਗੂਆਂ ਅਤੇ ਦਾਨਿਸ਼ਵਰਾਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਹਨ। ਜਾਣਕਾਰੀ ਅਨੁਸਾਰ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੁਖੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੇ ਸੌ ਤੋਂ ਜ਼ਿਆਦਾ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਕਾਰਕੁਨਾਂ ਨਾਲ ਮੀਟਿੰਗ ਕਰਕੇ ਇਮਾਨਦਾਰੀ ਅਤੇ ਨਿੱਡਰਤਾ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਰਿਪੋਰਟ ਪਾਰਟੀ ਨੂੰ ਸੌਂਪੀ ਹੈ। ਪੰਜਾਬ ਦੇ ਲੋਕ ਅਤੇ ਪਾਰਟੀ ਕਾਰਕੁਨ ਅਕਾਲੀ ਦਲ ਦੇ ਮੁੜ ਉਭਾਰ ਦੀ ਇੱਛਾ ਰੱਖਦੇ ਹਨ ਪਰ ਕਮੇਟੀ ਦੀਆਂ ਸਿਫਾਰਿਸ਼ਾਂ ਮੰਨਣ ਤੋਂ ਬਿਨਾ ਇਹ ਸੰਭਵ ਨਹੀਂ ਲੱਗਦਾ।

ਸ਼੍ਰੋਮਣੀ ਅਕਾਲੀ ਦਲ ਇਸ ਖ਼ਿੱਤੇ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਘੱਟਗਿਣਤੀ ਨਾਲ ਸਬੰਧਿਤ ਹੋਣ ਕਰਕੇ ਖੇਤਰੀ ਮੁੱਦਿਆਂ ਵਾਸਤੇ ਇਸ ਦੀ ਜ਼ਰੂਰਤ ਪਾਰਟੀ ਤੋਂ ਬਾਹਰ ਵੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਪਿਛਲੇ ਸਮੇਂ ਵਿਚ ਪਾਰਟੀ ਅਤੇ ਹੋਰ ਪੰਥਕ ਸੰਸਥਾਵਾਂ ਉੱਤੇ ਪਰਿਵਾਰਕ ਜਕੜ ਨੇ ਜਮਹੂਰੀ ਅਮਲ ਨੂੰ ਠੇਸ ਪਹੁੰਚਾਈ ਹੈ। ਇਸੇ ਕਰਕੇ ਪੰਜਾਬੀ ਸੂਬੇ ਦੀ ਮੰਗ ਤੇ ਪੰਜਾਬ ਦੇ ਪਾਣੀਆਂ ਲਈ ਅਤੇ ਐਮਰਜੈਂਸੀ ਵਿਰੁੱਧ ਮੋਰਚੇ ਲਗਾਉਣ ਵਾਲੀ ਪਾਰਟੀ ਦੇ ਪਤਨ ਨੂੰ ਵੇਖ ਕੇ ਲੋਕਾਂ ਵਿਚ ਨਿਰਾਸ਼ਾ ਵਧ ਰਹੀ ਹੈ। ਜਾਣਕਾਰੀ ਅਨੁਸਾਰ ਝੂੰਦਾਂ ਕਮੇਟੀ ਨੇ ਸਰਬਸੰਮਤੀ ਨਾਲ ਸਮੁੱਚੀ ਆਗੂ ਟੀਮ ਤਬਦੀਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਪਾਰਟੀ ਦੇ ਢਾਂਚੇ ਨੂੰ ਜਮਹੂਰੀ ਲੀਹਾਂ ਉੱਤੇ ਮੁੜ ਉਸਾਰਨ ਲਈ ਚੋਣ ਪ੍ਰਣਾਲੀ ਸ਼ੁਰੂ ਕਰਨ ਵਰਗੀਆਂ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਕਈ ਮੈਂਬਰਾਂ ਨੇ ਰਿਪੋਰਟ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਿਫ਼ਾਰਿਸ਼ਾਂ ਲਾਗੂ ਕਰਨ ਦੇ ਪੱਖ ਵਿਚ ਦਲੀਲਾਂ ਵੀ ਦਿੱਤੀਆਂ।

ਪਿਛਲੇ ਦਿਨਾਂ ਤੋਂ ਅਕਾਲੀ ਦਲ ਦੇ ਅੰਦਰ ਬੇਚੈਨੀ ਦਾ ਆਲਮ ਹੈ। ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਦੀ ਜ਼ਮਾਨਤ ਜਬਤ ਹੋ ਜਾਣ ਪਿੱਛੋਂ ਪਾਰਟੀ ਕਾਡਰ ਅੰਦਰ ਨਿਰਾਸ਼ਾ ਹੋਰ ਵੀ ਪ੍ਰਬਲ ਹੋਈ ਹੈ। ਝੂੰਦਾਂ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੇ ਤਿੰਨ ਮੈਂਬਰੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨੂੰ ਪਾਰਟੀ ਦੇ ਫ਼ੈਸਲੇ ਮੁਤਾਬਿਕ ਵੋਟ ਨਾ ਪਾ ਕੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਉਸ ਤੋਂ ਬਾਅਦ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਅੰਦਰ ਤਬਦੀਲੀ ਦੀ ਮੰਗ ਨੂੰ ਉਭਾਰਿਆ ਹੈ। ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਪਾਰਟੀ ਦੇ ਅੰਦਰ ਅਤੇ ਬਾਹਰ ਭਰੋਸਾ ਬਹਾਲ ਕਰਨ ਦੀ ਹੈ। ਲੋਕਾਂ ਦਾ ਵਿਸ਼ਵਾਸ ਪੰਥਕ ਅਤੇ ਪੰਜਾਬ ਦੇ ਮਾਮਲਿਆਂ ਵਿਚ ਹੋਈਆਂ ਗ਼ਲਤੀਆਂ ਦੀ ਖਿਮਾ ਜਾਚਨਾ ਅਤੇ ਪਾਰਟੀ ਨੂੰ ਜਮਹੂਰੀ ਕਦਰਾਂ-ਕੀਮਤਾਂ ਉੱਤੇ ਆਧਾਰਿਤ ਸਿਆਸਤ ਵੱਲ ਮੋੜਾ ਦੇਣ ਨਾਲ ਹੀ ਬਹਾਲ ਹੋ ਸਕਦਾ ਹੈ। ਆਉਣ ਵਾਲਾ ਸਮਾਂ ਪਾਰਟੀ ਦੀ ਆਗੂ ਟੀਮ ਲਈ ਪ੍ਰੀਖਿਆ ਦਾ ਸਮਾਂ ਹੈ।

Leave a Reply

Your email address will not be published. Required fields are marked *