ਵਿਸ਼ਵ ਪੰਜਾਬੀ ਖੇਡਾਂ ਵੀ ਹੋਣ

ਪੰਜਾਬੀਆਂ ਲਈ ਇਹ ਬੜੀ ਅਹਿਮ ਖ਼ਬਰ ਹੈ ਕਿ ਚਾਰ ਮੁਲਕਾਂ ਦੇ ਚਾਰ ਪੰਜਾਬੀ ਪਹਿਲਵਾਨ ਇਕੱਠੇ ਰਾਸ਼ਟਰਮੰਡਲ ਖੇਡਾਂ ਦੇ ਵਿਕਟਰੀ ਸਟੈਂਡ ’ਤੇ ਚੜ੍ਹੇ ਹਨ। 125 ਕਿਲੋ ਵਜ਼ਨ ਵਰਗ ਦਾ ਗੋਲਡ ਮੈਡਲ ਕੈਨੇਡਾ ਦੇ ਅਮਰਬੀਰ ਸਿੰਘ ਢੇਸੀ ਨੇ ਜਿੱਤਿਆ ਹੈ, ਸਿਲਵਰ ਮੈਡਲ ਪਾਕਿਸਤਾਨ ਦੇ ਜ਼ਮਾਨ ਅਨਵਰ ਨੇ ਅਤੇ ਕਾਂਸੀ ਦਾ ਮੈਡਲ ਭਾਰਤ ਦੇ ਮੋਹਿਤ ਗਰੇਵਾਲ ਤੇ ਇੰਗਲੈਂਡ ਦੇ ਮਨਧੀਰ ਸਿੰਘ ਕੂਨਰ ਨੇ ਜਿੱਤੇ ਹਨ। ਹੁਣ ਜਦੋਂ ਕੁਸ਼ਤੀ ਵਿੱਚ ਸਿਖਰਲੇ ਵਜ਼ਨ ਦੇ ਚਾਰੇ ਮੈਡਲ ਪੰਜਾਬੀ ਪਹਿਲਵਾਨਾਂ ਦੇ ਗਲੀਂ ਪਏ ਹਨ ਤਾਂ ਮੈਨੂੰ ਮੁੜ ‘ਪੰਜਾਬੀ ਓਲੰਪਿਕਸ’ ਦਾ ਚੇਤਾ ਆ ਗਿਆ ਹੈ। 2001 ਵਿੱਚ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਸਮੇਂ ਪੰਜਾਬੀਆਂ ਦੀਆਂ ਖੇਡਾਂ ਬਾਰੇ ਪਰਚਾ ਪੜ੍ਹਦਿਆਂ ਮੈਂ ‘ਪੰਜਾਬੀ ਓਲੰਪਿਕਸ’ ਦਾ ਵਿਚਾਰ ਪੇਸ਼ ਕੀਤਾ ਸੀ ਜਿਸ ਦਾ ਪਾਕਿਸਤਾਨ ਦੇ ਮੀਡੀਆ ਨੇ ਵਿਸ਼ੇਸ਼ ਨੋਟਿਸ ਲਿਆ ਸੀ।

ਉਸ ਤੋਂ ਚਾਰ ਸਾਲ ਬਾਅਦ ਪਟਿਆਲਾ ਵਿੱਚ ਇੰਡੋ-ਪਾਕਿ ਪੰਜਾਬ ਖੇਡਾਂ-2004 ਸ਼ੁਰੂ ਹੋ ਗਈਆਂ ਸਨ। ਇੰਡੋ-ਪਾਕਿ ਪੰਜਾਬ ਖੇਡਾਂ-2005 ਲਾਹੌਰ ਵਿੱਚ ਹੋਣੀਆਂ ਸਨ, ਪਰ ਕਸ਼ਮੀਰ ਵਿੱਚ ਆਏ ਭੂਚਾਲ ਕਾਰਨ ਮੁਲਤਵੀ ਹੋ ਗਈਆਂ ਸਨ ਜੋ ਹੁਣ ਤੱਕ ਨਹੀਂ ਹੋ ਸਕੀਆਂ। 2010 ਵਿੱਚ ਪੰਜਾਬ ਸਰਕਾਰ ਵੱਲੋਂ ਨੌਂ ਮੁਲਕਾਂ ਦੀਆਂ ਕਬੱਡੀ ਟੀਮਾਂ ਦਾ ਕਬੱਡੀ ਵਰਲਡ ਕੱਪ ਪੰਜਾਬ ਦੇ ਅੱਠ ਸ਼ਹਿਰਾਂ ਵਿੱਚ ਕਰਵਾਇਆ ਗਿਆ ਸੀ। ਉਸ ਦੀ ਪੰਜਾਬੀ ਕੁਮੈਂਟਰੀ ਨੇ ਕੁਲ ਦੁਨੀਆ ਵਿੱਚ ਵਸਦੇ ਪੰਜਾਬੀਆਂ ਦੇ ਰੋਮ-ਰੋਮ ਵਿੱਚ ਝਰਨਾਹਟਾਂ ਛੇੜ ਦਿੱਤੀਆਂ ਸਨ।

ਪੰਜਾਬੀ ਲੋਕ ਹੁਣ ਪੰਜ ਦਰਿਆਵਾਂ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹੇ। ਇਹ ਕੁਲ ਦੁਨੀਆ ਵਿੱਚ ਪਸਰ ਗਏ ਹਨ। ਅਜਿਹੇ ਸੌ ਤੋਂ ਵੱਧ ਮੁਲਕ ਹਨ ਜਿਨ੍ਹਾਂ ਵਿੱਚ ਥੋੜ੍ਹੇ ਬਹੁਤੇ ਪੰਜਾਬੀ ਵੀ ਵਸਦੇ ਹਨ। ਪਿਛਲੇ ਸੌ ਸਾਲਾਂ ਤੋਂ ਪੰਜਾਬੀਆਂ ਦਾ ਵਧਦਾ ਪਰਵਾਸ ਹੁਣ ਗਲੋਬਲ ਵਾਸਾ ਹੋ ਗਿਆ ਹੈ ਤੇ ਪੰਜਾਬੀ ਗਲੋਬਲ ਭਾਸ਼ਾ ਬਣ ਗਈ ਹੈ। ਪੰਜਾਬੀ ਹੁਣ ਪੰਜ ਦਰਿਆਵਾਂ ਦੀ ਭਾਸ਼ਾ ਨਹੀਂ ਰਹੀ ਬਲਕਿ ਸੱਤ ਸਮੁੰਦਰਾਂ ਦੀ ਜ਼ੁਬਾਨ ਜਾਣੀ ਜਾਣ ਲੱਗੀ ਹੈ। ਜਿਨ੍ਹਾਂ ਮੁਲਕਾਂ ਵਿੱਚ ਪੰਜਾਬੀ ਲੋਕ ਅਜੇ ਤੱਕ ਨਹੀਂ ਜਾ ਸਕੇ, ਹੋਰ ਕੁਝ ਸਾਲਾਂ ਤੱਕ ਉੱਥੇ ਵੀ ਚਲੇ ਜਾਣਗੇ ਕਿਉਂਕਿ ਪੰਜਾਬੀਆਂ ਵਿੱਚ ਪਰਦੇਸੀਂ ਜਾਣ ਦੀ ਪ੍ਰਬਲ ਲੋਚਾ ਹੈ। ਉਹ ਤਾਂ ਜਹਾਜ਼ ਦੇ ਪਹੀਆਂ ’ਤੇ ਬੈਠ ਕੇ ਜਾਣ ਲਈ ਵੀ ਤਿਆਰ ਹਨ!

ਪੰਜਾਬੀ ਜਿੱਥੇ ਗਏ ਹਨ, ਉੱਥੇ ਆਪਣਾ ਸੱਭਿਆਚਾਰ ਵੀ ਲੈ ਕੇ ਗਏ ਹਨ ਜਿਸ ਵਿੱਚ ਉਨ੍ਹਾਂ ਦੀਆਂ ਖੇਡਾਂ ਵੀ ਸ਼ਾਮਲ ਹਨ। ਅਜਿਹੇ ਅਨੇਕਾਂ ਮੁਲਕ ਹਨ ਜਿਨ੍ਹਾਂ ਵਿੱਚ ਪੰਜਾਬੀ ਖੇਡ ਮੇਲੇ ਲੱਗਣ ਲੱਗ ਪਏ ਹਨ। ਪੰਜਾਬ ਦੀ ਧਰਤੀ ਤੋਂ ਦੂਜੇ ਪਾਸੇ ਅਮਰੀਕਾ ਦੀ ਧਰਤੀ ਉਤੇ ਦਰਜਨਾਂ ਪੰਜਾਬੀ ਖੇਡ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚੋਂ ਨਿਊਯਾਰਕ, ਸ਼ਿਕਾਗੋ, ਸਿਆਟਲ, ਸਿਨਸਿਨਾਟੀ, ਡੇਟਨ, ਡਿਟਰਾਇਟ, ਸੈਲਮਾ, ਸੈਕਰਾਮੈਂਟੋ, ਸਾਂ ਹੋਜ਼ੇ ਤੇ ਹੇਵਰਡ ਦੇ ਖੇਡ ਮੇਲੇ ਮੈਂ ਆਪਣੀ ਅੱਖੀਂ ਵੇਖੇ ਹਨ। ਕੈਨੇਡਾ, ਇੰਗਲੈਂਡ, ਇਟਲੀ, ਆਸਟਰੇਲੀਆ, ਨਿਊਜ਼ੀਲੈਂਡ, ਨਾਰਵੇ, ਸਪੇਨ, ਜਰਮਨੀ, ਬੈਲਜੀਅਮ, ਹਾਲੈਂਡ, ਆਸਟਰੀਆ, ਮਲਾਇਆ, ਸਿੰਗਾਪੁਰ, ਹਾਂਗਕਾਂਗ, ਅਰਬ ਤੇ ਅਫ਼ਰੀਕੀ ਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ਦੀਆਂ ਰਿਪੋਰਟਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਭਾਰਤ ਤੇ ਪਾਕਿਸਤਾਨ ਤੋਂ ਬਾਹਰ ਸੌ ਕੁ ਪੰਜਾਬੀ ਖੇਡ ਮੇਲੇ ਲੱਗਦੇ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਪੁਸਤਕ ‘ਮੇਲੇ ਕਬੱਡੀ ਦੇ’ ਵਿੱਚ ਵੀ ਕੀਤਾ ਹੈ।

ਇੰਡੋ-ਪਾਕਿ ਪੰਜਾਬ ਖੇਡਾਂ ਕਰਾਉਣ ਵਿੱਚ ਅਕਸਰ ਸਿਆਸੀ ਕਾਰਨ ਅੜਿੱਕਾ ਬਣਦੇ ਰਹੇ ਹਨ ਜਿਵੇਂ ਭਾਰਤ-ਪਾਕਿ ਕ੍ਰਿਕਟ ਤੇ ਹਾਕੀ ਦੀਆਂ ਖੇਡਾਂ ਲਈ ਕਈ ਸਾਲ ਮੁੰਬਈ ਦਾ ਦਹਿਸ਼ਤੀ ਕਾਂਡ ਅੜਿੱਕਾ ਬਣਿਆ ਰਿਹਾ। ਇੱਕੀਵੀਂ ਸਦੀ ਮੰਗ ਕਰਦੀ ਹੈ ਕਿ ਓਲੰਪਿਕ ਖੇਡਾਂ ਦੀ ਤਰਜ਼ ’ਤੇ ਹਰ ਚਾਰ ਸਾਲ ਬਾਅਦ ‘ਵਿਸ਼ਵ ਪੰਜਾਬੀ ਖੇਡਾਂ’ ਕਰਾਉਣ ਦੇ ਵਿਚਾਰ ਉਤੇ ਗੌਰ ਕੀਤਾ ਜਾਵੇ। ਇਨ੍ਹਾਂ ਖੇਡਾਂ ਵਿੱਚ ਕੁਲ ਦੁਨੀਆ ਵਿੱਚ ਵਸਦੇ ਪੰਜਾਬੀ ਮੂਲ ਦੇ ਖਿਡਾਰੀ ਭਾਗ ਲੈਣ। ਜਾਤ ਪਾਤ, ਧਰਮ, ਮੁਲਕ ਤੇ ਊਚ ਨੀਚ ਦਾ ਕੋਈ ਵਿਤਕਰਾ ਨਾ ਹੋਵੇ। ‘ਵਿਸ਼ਵ ਪੰਜਾਬੀ ਖੇਡਾਂ’ ਦੇ ਸੰਚਾਰ ਦੀ ਭਾਸ਼ਾ ਪੰਜਾਬੀ ਤੇ ਅੰਗਰੇਜ਼ੀ ਹੋਵੇ ਜਿਵੇਂ ਕਬੱਡੀ ਦੇ ਵਰਲਡ ਕੱਪ ਦੀ ਸੀ। ਉਹ ਖੇਡਾਂ ਪੰਜਾਬੀ ਸੱਭਿਆਚਾਰ ਨਾਲ ਓਤ-ਪੋਤ ਹੋਣ ਤੇ ਉਨ੍ਹਾਂ ਵਿੱਚ ਪੰਜਾਬ ਦੀਆਂ ਦੇਸੀ ਖੇਡਾਂ ਵੀ ਸ਼ਾਮਲ ਕੀਤੀਆਂ ਜਾਣ ਜਿਵੇਂ ਕਬੱਡੀ, ਕੁਸ਼ਤੀ, ਰੱਸਾਕਸ਼ੀ, ਗਤਕਾ ਤੇ ਨੇਜ਼ਾਬਾਜ਼ੀ ਆਦਿ। ਓਲੰਪਿਕ ਖੇਡਾਂ ਵਾਲੀਆਂ ਆਧੁਨਿਕ ਖੇਡਾਂ ਵੀ ਸ਼ਾਮਲ ਹੋਣ। ਵੱਖ ਵੱਖ ਮੁਲਕਾਂ ਵਿੱਚ ਵੱਸਦੇ ਪੰਜਾਬੀ ਆਪੋ ਆਪਣੇ ਮੁਲਕਾਂ ਵੱਲੋਂ ਜਾਂ ਆਜ਼ਾਦ ਤੌਰ ’ਤੇ ਖੇਡਾਂ ਵਿੱਚ ਭਾਗ ਲੈ ਸਕਣ। ਇਹਦੇ ਨਾਲ ਪੰਜਾਬੀਅਤ ਦੀ ਸਾਂਝ ਹੋਰ ਮਜ਼ਬੂਤ ਹੋਵੇਗੀ ਤੇ ਪੰਜਾਬੀ ਕੌਮ ਵਿਸ਼ਵ ਪੱਧਰ ’ਤੇ ਆਪਣੀ ਹੋਂਦ ਦਰਸਾ ਸਕੇਗੀ। ਪੰਜਾਬੀਅਤ ਦਾ ਜਜ਼ਬਾ ਪ੍ਰਫੁੱਲਿਤ ਹੋਣ ਨਾਲ ਸੌੜੀਆਂ ਫਿਰਕੂ ਸੋਚਾਂ ਨੂੰ ਢਾਹ ਲੱਗੇਗੀ।

ਇਨ੍ਹਾਂ ਖੇਡਾਂ ਲਈ ਪਹਿਲਾ ਸਥਾਨ ਲਾਹੌਰ, ਲੁਧਿਆਣਾ, ਲੰਡਨ, ਮੈਲਬੌਰਨ, ਅਮਰੀਕਾ ਜਾਂ ਕੈਨੇਡਾ ਦਾ ਕੋਈ ਵੀ ਸ਼ਹਿਰ ਹੋ ਸਕਦੈ। ਚਾਰ ਸਾਲਾਂ ਬਾਅਦ ਇਹ ਖੇਡਾਂ ਬਦਲਵੇਂ ਦੇਸ਼ ਵਿੱਚ ਹੋਣ ਜਿਵੇਂ ਓਲੰਪਿਕ, ਏਸ਼ੀਅਨ ਤੇ ਕਾਮਨਵੈਲਥ ਖੇਡਾਂ ਹੁੰਦੀਆਂ ਹਨ। ਪਹਿਲਾਂ ਇਹ ਸੀਮਤ ਪੱਧਰ ’ਤੇ ਸ਼ੁਰੂ ਕਰ ਕੇ ਸਮੇਂ ਨਾਲ ਵਧਾਈਆਂ ਜਾ ਸਕਦੀਆਂ ਹਨ। ਏਥਨਜ਼ ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਕੇਵਲ 14 ਮੁਲਕਾਂ ਦੇ ਸਿਰਫ਼ 200 ਖਿਡਾਰੀ ਹੀ ਸ਼ਾਮਲ ਹੋਏ ਸਨ ਤੇ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਵੀ 11 ਦੇਸ਼ਾਂ ਦੇ 489 ਖਿਡਾਰੀਆਂ ਨੇ ਹੀ ਭਾਗ ਲਿਆ ਸੀ। ਅੱਜ ਉਨ੍ਹਾਂ ਖੇਡਾਂ ਵਿੱਚ ਸੈਂਕੜੇ ਮੁਲਕ ਤੇ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ‘ਵਿਸ਼ਵ ਪੰਜਾਬੀ ਖੇਡਾਂ’ ਦਾ ਵਿਚਾਰ ਬੇਸ਼ੱਕ ਹਾਲ ਦੀ ਘੜੀ ਸੁਪਨਾ ਲੱਗਦਾ ਹੈ, ਪਰ ਸੁਪਨੇ ਹੀ ਸਮੇਂ ਨਾਲ ਸਾਕਾਰ ਹੁੰਦੇ ਹਨ। ਕਦੇ ਕਬੱਡੀ ਦੇ ਵਰਲਡ ਕੱਪ ਦਾ ਸੁਪਨਾ ਹੀ ਲਿਆ ਸੀ ਜੋ 2010 ਵਿੱਚ ਸਾਕਾਰ ਹੋ ਗਿਆ ਸੀ। ਉਮੀਦ ਹੈ ਖੇਡਾਂ ਨਾਲ ਜੁੜੇ ਪੰਜਾਬੀ ਖੇਡ ਪ੍ਰੇਮੀ, ਖਿਡਾਰੀ, ਖੇਡ ਪ੍ਰਮੋਟਰ ਤੇ ਖੇਡ ਅਧਿਕਾਰੀ ‘ਵਿਸ਼ਵ ਪੰਜਾਬੀ ਖੇਡਾਂ’ ਦੇ ਵਿਚਾਰ ਉਤੇ ਗ਼ੌਰ ਕਰਨਗੇ।

Leave a Reply

Your email address will not be published. Required fields are marked *