ਛੱਲਾ ਮੁੜਕੇ ਨਹੀਂ ਆਇਆ…? [ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)]

ਦੱਸਿਆ ਜਾਂਦਾ ਏ ਕਿ ਕਾਫ਼ੀ ਸਮਾਂ ਪਹਿਲਾਂ ਜਦ ਦਰਿਆਵਾਂ/ਨਦੀਆਂ ‘ਤੇ ਪੁਲ ਨਹੀਂ ਸਨ । ਉਸ ਵੇਲੇ ਦਰਿਆਵਾਂ ਤੇ ਨਦੀਆਂ ਦੇ ਕਿਨਾਰਿਆਂ ਉੱਤੇ ਪਾਣੀ ਦੇ ਵਹਾਅ , ਨਦੀ ਜਾਂ ਦਰਿਆ ਦੇ ਪਾੜ ਅਤੇ ਡੂੰਘਾਈ ਨੂੰ ਮਿਣ ਮਾਪ ਕੇ ਪੱਤਨ ਬਣਾਏ ਜਾਂਦੇ ਸਨ ਤਾਂ ਕਿ ਆਰ ਪਾਰ ਜਾਣ ਵਾਲਿਆਂ ਰਾਹੀਗੀਰਾਂ ਨੂੰ ਥੋੜੀ ਜਿਹੀ ਫ਼ੀਸ ਲੈ ਕੇ ਬੇੜੀ ਰਾਹੀਂ ਇਕ ਕੰਢੇ ਤੋਂ ਦੂਜੇ ਕੰਢੇ ਤੱਕ ਪਹੁੰਚਾਇਆ ਜਾ ਸਕੇ । ਅਜਿਹਾ ਕਾਰਜ ਡੂੰਘੇ ਪਾਣੀਆਂ ਦੇ ਚੰਗੇ ਤਾਰੂ ਕਰਿਆ ਕਰਦੇ ਸਨ ਜੋ ਬਾਅਦ ਵਿੱਚ ਉਹਨਾਂ ਪੱਤਨਾ ਉੱਤੇ ਬੇੜੀਆਂ ਪਾ ਕੇ ਮਲਾਹ ਬਣ ਜਾਂਦੇ ਸਨ । ਬੇੜੀ ਚਲਾਉਣ ਵਾਲਿਆਂ ਨੂੰ ਉਸ ਸਮੇ ਮਲਾਹ ਕਿਹਾ ਜਾਂਦਾ ਸੀ । ਇਹ ਉਹ ਲੋਕ ਹੁੰਦੇ ਸਨ ਜਿਹਨਾਂ ਨੂੰ ਬਾਰਾਂ ਪੱਤਨਾਂ ਦੇ ਤਾਰੂ ਵੀ ਕਿਹਾ ਜਾਂਦਾ ਸੀ । ਮਲਾਹ ਬਹੁਤ ਹੁਸ਼ਿਆਰ ਹੁੰਦੇ ਸਨ, ਵਾਹ ਲੱਗਦਿਆਂ ਬੇੜੀ ਨੂੰ ਹਰ ਮੁਸ਼ਕਲ ਵਿਚ ਪੱਤਨ ‘ਤੇ ਲਗਾ ਹੀ ਦਿੰਦੇ ਸਨ ।

ਗੱਲ ਸ਼ਾਇਦ ਜੇਹਲਮ ਦਰਿਆ ਦੇ ਇਕ ਪੱਤਨ ਦੀ ਹੈ ਜਿੱਥੇ ਜੱਲਾ ਨਾਮ ਦਾ ਇਕ ਮਲਾਹ ਆਪਣੀ ਰੋਜੀ ਰੋਟੀ ਦਾ ਜੁਗਾੜ ਕਰਨ ਵਾਸਤੇ ਬੇੜੀ ਚਲਾਉਂਦਾ ਸੀ । ਉਸ ਦਾ ਇਕ ਬਾਰਾਂ ਕੁ ਸਾਲਾਂ ਦਾ ਮੁੰਡਾ ਸੀ ਜਿਸ ਦਾ ਨਾਮ “ਛੱਲਾ” ਸੀ । ਛੋਟਾ ਹੋਣ ਕਰਕੇ ਛੱਲੇ ਦਾ ਪਿਓ ਉਸ ਨੂੰ ਬੇੜੀ ਚਲਾਉਣ ਦੀ ਸਿੱਖਿਆ ਦੇਣ ਵਾਸਤੇ ਆਪਣੇ ਨਾਲ ਪੱਤਨ ‘ਤੇ ਜ਼ਰੂਰ ਲੈ ਤਾਂ ਜਰੂਰ ਜਾਂਦਾ ਪਰ ਬੇੜੀ ਦਾ ਚੱਪੂ ਉਸ ਦੇ ਹੱਥ ਅਜੇ ਕਦੇ ਵੀ ਨਹੀਂ ਫੜਾਉਂਦਾ ਸੀ ।

ਇਕ ਦਿਨ ਜੱਲੇ ਦੀ ਸਿਹਤ ਖ਼ਰਾਬ ਸੀ ਤੇ ਖ਼ਰਾਬ ਸਿਹਤ ਦੇ ਬਾਵਜੂਦ ਅਗਲੇ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਾਸਤੇ ਉਹ ਆਪਣੇ ਪੁੱਤਰ ਛੱਲੇ ਨੂੰ ਪੱਤਨ ‘ਤੇ ਨਾਲ ਹੀ ਲੈ ਗਿਆ । ਅਜੇ ਪੱਤਨ ‘ਤੇ ਪਹੁੰਚਿਆਂ ਕੁੱਜ ਪਲ ਹੀ ਹੋਏ ਸਨ ਕਿ ਰਾਹੀਗੀਰਾਂ ਦਾ ਇਕ ਟੋਲਾ ਜੇਹਲਮ ਦਰਿਆ ਪਾਰ ਕਰਨ ਵਾਸਤੇ ਉੱਥੇ ਆ ਪਹੁੰਚਾ । ਰਾਹੀਗੀਰਾਂ ਨੇ ਦੇਖਿਆ ਕਿ ਮਲਾਹ ਦੀ ਸਿਹਤ ਠੀਕ ਨਹੀਂ, ਇਸ ਦਾ ਤਾਂ ਦਮੇ ਨਾਲ ਹੀ ਸ਼ਾਹ ਵਾਪਸ ਨਹੀ ਮੁੜਦਾ , ਇਹ ਕਿਸ਼ਤੀ ਦਰਿਆ ਚ ਠੇਲ੍ਹ ਕੇ ਸਾਨੂੰ ਦੂਜੇ ਪਾਰ ਕਿਵੇਂ ਪਹੁੰਚਾਵੇਗਾ , ਸੋ ਉਹਨਾਂ ਥੋੜੀ ਦੇਰ ਵਿਚਾਰ ਕਰਨ ਤੋ ਬਾਅਦ ਜੱਲੇ ਮਲਾਹ ਨੂੰ ਕਿਹਾ ਕਿ ਜੇਕਰ ਉਹ ਆਪਣੇ ਪੁੱਤਰ “ਛੱਲੇ” ਨੂੰ ਬੇੜੀ ਦੇ ਕੇ ਸਾਡੇ ਨਾਲ ਭੇਜ ਦੇਵੇ ਤਾਂ ਅਸੀਂ ਉਸਦੀ ਹਰ ਮੱਦਦ ਕਰਾਂਗੇ ਤੇ ਦੂਜੇ ਪਾਰ ਲੱਗ ਜਾਵਾਂਗੇ ਤੇ ਫਿਰ ਛੱਲਾ ਉਸੇ ਲੀਹੇ ਵਾਪਸ ਪਰਤ ਆਵੇਗਾ ।

ਜੱਲੇ ਨੇ ਇਸ ਤਰਾਂ ਕਰਨੋ ਨਾਂਹ ਨੁੱਕਰ ਕੀਤੀ ਤੇ ਰਾਹੀਗੀਰਾ ਨੇ ਅੱਗੋਂ ਜੱਲੇ ਨੂੰ ਕਿਹਾ ਕਿ ਬਾਰਾਂ ਸਾਲ ਦੀ ਉਮਰ ਛੋਟੀ ਨਹੀਂ ਹੁੰਦੀ ਨਾਲੇ ਮਲਾਹ ਦੇ ਪੁੱਤਰ ਨੇ ਅੱਗੇ ਜਾ ਕੇ ਮਲਾਹ ਹੀ ਬਣਨਾ ਹੈ , ਦਰਿਆ ਵੀ ਕੋਈ ਬਹੁਤਾ ਚੜਿ੍ਹਾ ਹੋਇਆ ਨਹੀਂ ਹੈ, ਇਸ ਵਾਸਤੇ ਆਪਣੇ ਪੁੱਤਰ ਨੂੰ ਮੌਕਾ ਜਰੂਰ ਦੇਵੇ । ਜੱਲਾ ਮਲਾਹ ਰਾਹੀਗੀਰਾਂ ਦੀ ਗੱਲ ਮੰਨ ਗਿਆ ਤੇ ਉਸ ਨੇ ਆਪਣੇ ਲਾਡਸੇ ਪੁੱਰਰ ਜੱਲੇ ਦੇ ਹੱਥ ਬੇੜੀ ਦੀ ਕਮਾਂਡ ਫੜਾ ਦਿੱਤੀ । ਹੁਣ ਦੱਸਦੇ ਹਨ ਕਿ ਛੱਲਾ ਰਾਹੀਗੀਰਾਂ ਨੂੰ ਤਾਂ ਅਗਲੇ ਪਾਰ ਵਾਲੇ ਪੱਤਣ ਸਹੀ ਸਲਾਮਤ ਲੈ ‘ਤੇ ਜਰੂਰ ਗਿਆ ਪਰ ਮੁੜਦਿਆ ਵਕਤ ਜੇਹਲਮ ਦਰਿਆ ਇਕਦਮ ਬਹੁਤ ਚੜ੍ਹ ਗਿਆ ਸੀ ਤੇ ਦਰਿਆ ਦਾ ਪਾਣੀ ਸ਼ੂਕਦਾ ਹੋਇਆ ਖੜੱਪੇ ਸੱਪ ਵਾਂਗ ਫੁੰਕਾਰੇ ਮਾਰਦਾ ਬੜੀ ਤੇਜੀ ਨਾਲ ਅਗੇ ਵਧ ਰਿਹਾ ਸੀ । ਜੱਲੇ ਮਸਾਰ ਦਾ ਪੁੱਤਰ ਬੇੜੀ ਸੰਭਾਲ ਨਾ ਸਕਿਆ ਜਿਸ ਕਾਰਨ ਸਮੇਤ ਬੇੜੀ ਪਾਣੀ ਦੇ ਵਹਾਅ ਦੀ ਲਪੇਟ ਚ ਵਹਿ ਗਿਆ । ਆਪਣੇ ਇਕਲੋਤੇ ਪੁੱਤਰ ਦੇ ਸਦਮੇ ਚ ਜੱਲਾ ਮਲਾਹ ਪਾਗਲ ਹੋ ਗਿਆ ਤੇ ਉਸ ਨੇ ਆਪਣੇ ਪੁੱਤਰ ਦੇ ਅਸਹਿ ਵਿਥੋੜੇ ਚ ਜੋ ਰੁਦਨ ਕੀਤੇ ਤੇ ਵੈਣ ਪਾਏ , ਉਹਨਾ ਨੂੰ ਕਲਮਬੱਧ ਕਰਕੇ ਛੱਲਾ ਨਾਮ ਦਾ ਗੀਤ ਬਣਿਆ ਜਿਸ ਨੂੰ ਬਹੁਤ ਸਾਰੇ ਕਲਾਕਾਰਾ ਰਾਗੀਆਂ, ਢਾਡੀਆ, ਅਲਗੋਜਿਆ ਤੇ ਚਿਮਟੇ ਵਾਲਿਆ ਸਮੇਡ ਹੋਰ ਬਹੁਤ ਸਾਰੇ ਗਾਇਕਾਂ ਨੇ ਗਾਇਆ ਜਿਸ ਕਾਰਨ ਛੱਲਾ ਇਕ ਲੋਕਗੀਤ ਬਣਕੇ ਸਦਾਬਹਾਰ ਹੋ ਗਿਆ । ਇਸ ਗੀਤ ਦੇ ਵਿਚ ਬਹੁਤ ਸਾਰੀਆ ਲੋਕ ਹਕੀਕਤਾ ਹਨ ਪਰ ਸਾਰ ਏਹੀ ਹੈ ਕਿ ਛੱਲਾ ਵਾਪਸ ਨਹੀ ਆਇਆ ।

ਹੁਣ ਤੱਕ ਉਕਤ ਛੱਲਾ ਗਾਉਣ ਵਾਲਿਆ ਚ ਢਾਡੀ ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸ਼ੌਂਕੀ ਭਜਲਾਂ ਵਾਲਾ, ਸ਼ੋਹਣ ਸਿੰਘ ਸੀਤਲ, ਚਾਂਦੀ ਰਾਮ ਅਲਗੋਜਿਆ ਵਾਲਾ ਆਦਿ ਬੜੇ ਨਾਮਚੀਨ ਗਾਇਕਾਵਾਂ ਦੇ ਨਾਮ ਸ਼ਾਮਿਲ ਹਨ । ਇਹਨਾ ਤੌ ਬਾਅਦ ਵਿਚ ਪਾਕਿਸਤੀਨੀ ਗਾਇਕ ਆਰਿਫ ਲੁਹਾਰ, ਬੁਸ਼ਰਾ ਸਦੀਕ ਅਤੇ ਖਾਨ ਸਾਹਿਬ ਦੇ ਨਾਮ ਮੋਹਰਲੀ ਸਫ ਚ ਆਉਦੇ ਹਨ ਜਦ ਕਿ ਚੜ੍ਹਦੇ ਪੰਜਾਬ ਵਿਚੋਂ ਗੁਰਦਾਸ ਮਾਨ ਦਾ ਨਾਮ ਸਭ ਤੋਂ ਉਪਰ ਹੈ ਬੇਸ਼ਕ ਬੱਹੂ ਮਾਨ, ਲੰਵਰ ਗਰੇਨਾਲ ਤੇ ਅਮਰਿੰਦਰ ਗਿੱਲ ਨੇ ਵੀ ਇਸ ਨੂੰ ਨਵੀਂ ਰੰਗਣ ਦੇ ਆਪੋ ਆਪਣੇ ਰੰਗ ਵਿੱਚ ਗਾਇਆ , ਕੰਵਰ ਗਰੇਵਾਲ ਨੇ ਛੱਲੇ ਨੂੰ ਸੂਫੀ ਰੰਗਣ ਚ ਪੇਸ਼ ਕੀਤਾ ਜਦ ਕਿ ਬੱਬੂ ਮਾਨ ਤੇ ਅਮਰਿੰਦਰ ਗਿਲ ਨੇ ਇਸ ਨੂੰ ਸਿੰਬਲ ਵਜੋ ਵਰਤਕੇ ਅਜੋਕੀ ਨੌਜਵਾਨੀ ਦੀ ਮਾਨਸਿਕ ਹਾਲਤ ਨੂੰ ਵਰਨਣ ਕਰਨ ਵਾਸਤੇ ਵਰਤਿਆਂ । ਮੁੱਕਦੀ ਗੱਲ ਇਹ ਕਿ ਜੱਲੇ ਮਲਾਹ ਦਾ ਪੁੱਤਰ ਛੋਟੀ ਉਮਰੇ ਪਿਓ ਦੀ ਡੰਗੋਰੀ ਬਣਨ ਦੀ ਕੋਸ਼ਿਸ਼ ਕਰਦਾ ਤੁਰ ਗਿਆ ਜਾਞ ਦਰਿਆ ਚ ਰੁੜ੍ਹ ਗਿਆ ਤੇ ਅੱਜ ਦੇ ਇਕੀਵੀਂ ਸਦੀ ਦੇ ਪੰਜਾਬੀ ਪੁੱਤਰ ਆਪਣੀ ਹੋਂਦ ਵਾਸਤੇ ਕਿਹੜੀਆਂ ਪ੍ਰਸਥਿਤੀਆਂ ਨਾਲ ਦੋ ਚਾਰ ਹੋ ਕੇ ਮਾਂ ਪਿਓ ਤੋ ਦੂਰ ਜਾ ਰਹੇ ਹਨ , ਇਸ ਦਾ ਵਰਨਣ ਕੱਲ੍ਹ ਕਰਾਂਗਾ ।

ਚੱਲਦਾ ….

Leave a Reply

Your email address will not be published. Required fields are marked *